ਪ੍ਰਸ਼ਨ ਡੱਬੀ
◼ ਕਲੀਸਿਯਾ ਦੀ ਮਦਦ ਵਾਸਤੇ ਚੰਦਾ ਇਕੱਠਾ ਕਰਨ ਲਈ ਕੀ ਸੇਲ ਲਾਉਣੀ ਜਾਂ ਕੋਈ ਪ੍ਰੋਗ੍ਰਾਮ ਕਰਨਾ ਸਹੀ ਹੋਵੇਗਾ?
ਧਾਰਮਿਕ ਸੰਸਥਾਵਾਂ ਚੰਦਾ ਇਕੱਠਾ ਕਰਨ ਲਈ ਖਾਣ-ਪੀਣ ਦੀਆਂ ਚੀਜ਼ਾਂ ਬਣਾ ਕੇ ਵੇਚਦੀਆਂ ਹਨ, ਆਮ ਵਰਤੋਂ ਦੀਆਂ ਚੀਜ਼ਾਂ ਦੀ ਸੇਲ ਲਾਉਂਦੀਆਂ ਹਨ ਜਾਂ ਤਿਉਹਾਰ ਵਗੈਰਾ ਮਨਾਉਣ ਦਾ ਪ੍ਰਬੰਧ ਕਰਦੀਆਂ ਹਨ। ਕੁਝ ਲੋਕ ਸ਼ਾਇਦ ਸੋਚਣ ਕਿ ਇਹ ਤਾਂ ਭਲਾ ਕੰਮ ਹੈ। ਪਰ ਇਸ ਤਰ੍ਹਾਂ ਕਰ ਕੇ ਅਸੀਂ ਲੋਕਾਂ ਨੂੰ ਚੰਦਾ ਦੇਣ ਵਾਸਤੇ ਬੇਨਤੀ ਕਰ ਰਹੇ ਹੋਵਾਂਗੇ। ਯਹੋਵਾਹ ਦੇ ਗਵਾਹ ਇਸ ਤਰੀਕੇ ਨਾਲ ਆਰਥਿਕ ਮਦਦ ਨਹੀਂ ਭਾਲਦੇ।
ਜ਼ਾਯੰਸ ਵਾਚ ਟਾਵਰ ਰਸਾਲੇ ਦੇ ਅਗਸਤ 1879 ਦੇ ਅੰਕ ਵਿਚ ਗਿਰਜਿਆਂ ਵਾਂਗ ਚੰਦਾ ਨਾ ਮੰਗਣ ਬਾਰੇ ਕਿਹਾ ਗਿਆ ਸੀ: “ਸਾਨੂੰ ਵਿਸ਼ਵਾਸ ਹੈ ਕਿ ‘ਜ਼ਾਯੰਸ ਵਾਚ ਟਾਵਰ’ ਉੱਤੇ ਯਹੋਵਾਹ ਦੀ ਮਿਹਰ ਹੈ, ਇਸ ਲਈ ਇਹ ਮਦਦ ਵਾਸਤੇ ਕਿਸੇ ਮਨੁੱਖ ਤੋਂ ਭੀਖ ਨਹੀਂ ਮੰਗੇਗਾ ਜਾਂ ਉਸ ਅੱਗੇ ਹੱਥ ਨਹੀਂ ਫੈਲਾਏਗਾ। ਜਦ ਪਰਮੇਸ਼ੁਰ ਜੋ ਕਹਿੰਦਾ ਹੈ ਕਿ ‘ਪਹਾੜਾਂ ਦਾ ਸਾਰਾ ਸੋਨਾ ਤੇ ਚਾਂਦੀ ਮੇਰੀ ਹੈ,’ ਜ਼ਰੂਰੀ ਫੰਡ ਨਾ ਦੇ ਸਕਿਆ, ਤਾਂ ਅਸੀਂ ਸਮਝਾਂਗੇ ਕਿ ਹੁਣ ਇਸ ਪ੍ਰਕਾਸ਼ਨ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ।”
ਅਸੀਂ ਬਾਈਬਲ ਦੇ ਇਸ ਸਿਧਾਂਤ ਤੇ ਚੱਲਦੇ ਰਹਾਂਗੇ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰ. 9:7) ਕਿੰਗਡਮ ਹਾਲ ਵਿਚ ਦਾਨ-ਪੇਟੀਆਂ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕੋਈ ਵੀ ਆਪਣੀ ਇੱਛਾ ਨਾਲ ਦਾਨ ਪਾ ਸਕਦਾ ਹੈ। (2 ਰਾਜਿ. 12:9) ਅਸੀਂ ਕਿਸੇ ਤੋਂ ਚੰਦਾ ਨਹੀਂ ਮੰਗਦੇ ਤੇ ਨਾ ਹੀ ਬਦਲੇ ਵਿਚ ਕੁਝ ਮਿਲਣ ਦੀ ਆਸ ਨਾਲ ਅਸੀਂ ਦਾਨ ਦਿੰਦੇ ਹਾਂ।