ਪ੍ਰਚਾਰ ਦੌਰਾਨ ਬਾਈਬਲ ਦੇ ਹਵਾਲੇ ਕਦੋਂ ਪੜ੍ਹਨੇ ਹਨ ਅਤੇ ਸਾਹਿੱਤ ਕਿਵੇਂ ਪੇਸ਼ ਕਰਨਾ ਹੈ?
ਬਾਈਬਲ ਨੇ ਲੱਖਾਂ ਜ਼ਿੰਦਗੀਆਂ ਨੂੰ ਸੁਧਾਰਿਆ ਹੈ। ਸਾਡੀਆਂ ਗੱਲਾਂ ਦਾ ਦੂਜਿਆਂ ਉੱਤੇ ਉੱਨਾ ਅਸਰ ਨਹੀਂ ਪੈਂਦਾ ਜਿੰਨਾ ਬਾਈਬਲ ਦੀਆਂ ਗੱਲਾਂ ਦਾ ਪੈਂਦਾ ਹੈ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਹੈ। (ਇਬ. 4:12) ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਵੱਲੋਂ ਸੰਦੇਸ਼ ਨਹੀਂ ਦਿੰਦੇ, ਸਗੋਂ ਇਹ ਪਰਮੇਸ਼ੁਰ ਦੇ ਬਚਨ ਵਿੱਚੋਂ ਹੈ। ਕਈ ਲੋਕ ਮਸੀਹੀਆਂ ਨੂੰ ਚੰਗਾ ਨਹੀਂ ਸਮਝਦੇ, ਪਰ ਉਹ ਬਾਈਬਲ ਪ੍ਰਤੀ ਸ਼ਰਧਾ ਰੱਖਦੇ ਹਨ। ਇਸ ਲਈ ਬਾਈਬਲ ਵਿੱਚੋਂ ਹਵਾਲੇ ਪੜ੍ਹ ਕੇ ਸੁਣਾਉਣੇ ਚੰਗੀ ਗੱਲ ਹੈ।
ਪਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦੇ ਹਾਂ ਜਿੱਥੇ ਬਾਈਬਲ ਦੇ ਸੰਦੇਸ਼ ਦਾ ਵਿਰੋਧ ਕੀਤਾ ਜਾਂਦਾ ਹੈ ਜਾਂ ਸਾਡੇ ਪ੍ਰਚਾਰ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਅਜਿਹੀ ਹਾਲਤ ਵਿਚ ਸਾਨੂੰ ਪਹਿਲਾਂ ਪਤਾ ਲਗਾਉਣ ਦੀ ਲੋੜ ਹੈ ਕਿ ਘਰ-ਸੁਆਮੀ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਰੱਖਦਾ ਹੈ ਜਾਂ ਨਹੀਂ। ਨਹੀਂ ਤਾਂ ਝੱਟ ਬਾਈਬਲ ਕੱਢ ਕੇ ਉਸ ਨੂੰ ਪੜ੍ਹ ਕੇ ਸੁਣਾਉਣ ਨਾਲ ਉਹ ਭੜਕ ਉੱਠੇਗਾ ਅਤੇ ਸਾਡਾ ਸੰਦੇਸ਼ ਨਹੀਂ ਸੁਣੇਗਾ। (ਮੱਤੀ 10:11) ਕਿਉਂਕਿ ਬਾਈਬਲ ਦੇਖਦੇ ਸਾਰ ਹੀ ਉਹ ਦੇ ਮਨ ਵਿਚ ਸਾਡੇ ਬਾਰੇ ਗ਼ਲਤ ਰਾਇ ਪੈਦਾ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਸਾਨੂੰ ਪੌਲੁਸ ਰਸੂਲ ਦੀ ਨਕਲ ਕਰਨੀ ਚਾਹੀਦੀ ਹੈ। ਅਥੇਨੈ ਵਿਚ ਅਰਿਯੁਪਗੁਸ ਵਿਖੇ ਯੂਨਾਨੀਆਂ ਨਾਲ ਗੱਲ ਕਰਦੇ ਹੋਏ ਉਸ ਨੇ ਤੁਰੰਤ ਪਰਮੇਸ਼ੁਰ ਦੇ ਬਚਨ ਦਾ ਹਵਾਲਾ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਚੀਜ਼ਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੂੰ ਉਹ ਜਾਣਦੇ ਸਨ ਤੇ ਮੰਨਦੇ ਸਨ। ਫਿਰ ਬੜੀ ਸਮਝਦਾਰੀ ਨਾਲ ਉਸ ਨੇ ਗੱਲ ਸਿਰਜਣਹਾਰ ਤੇ ਉਸ ਦੇ ਮਕਸਦ ਵੱਲ ਮੋੜ ਲਈ।—ਰਸੂ. 17:22-31.
ਇਸੇ ਤਰ੍ਹਾਂ, ਅਜਿਹੇ ਕਿਸੇ ਵਿਸ਼ੇ ʼਤੇ ਗੱਲ ਕਰੋ ਜਿਸ ਵਿਚ ਲੋਕਾਂ ਦੀ ਦਿਲਚਸਪੀ ਹੋਵੇ। ਗੱਲ ਸ਼ੁਰੂ ਹੋ ਜਾਣ ਤੋਂ ਬਾਅਦ ਸਮਝਦਾਰੀ ਨਾਲ ਹੌਲੀ-ਹੌਲੀ ਇਸ ਨੂੰ ਰਾਜ ਦੇ ਸੰਦੇਸ਼ ਵੱਲ ਲੈ ਜਾਓ। ਜਦੋਂ ਤੁਸੀਂ ਪਹਿਲੀ ਵਾਰ ਸ਼ਬਦ ‘ਪਰਮੇਸ਼ੁਰ,’ ‘ਸਿਰਜਣਹਾਰ’ ਜਾਂ ਹੋਰ ਇਹੋ ਜਿਹੇ ਸ਼ਬਦ ਵਰਤਦੇ ਹੋ, ਤਾਂ ਦੇਖੋ ਕਿ ਵਿਅਕਤੀ ਦੀ ਕੀ ਪ੍ਰਤਿਕ੍ਰਿਆ ਹੈ। ਇਨ੍ਹਾਂ ਸ਼ਬਦਾਂ ਤੋਂ ਉਸ ਨੂੰ ਅੰਦਾਜ਼ਾ ਹੋਵੇਗਾ ਕਿ ਗੱਲਬਾਤ ਅਧਿਆਤਮਿਕ ਵਿਸ਼ਿਆਂ ਬਾਰੇ ਹੈ। ਜੇ ਲੱਗਦਾ ਹੈ ਕਿ ਉਹ ਰੱਬ ਬਾਰੇ ਗੱਲ ਕਰਨੀ ਚਾਹੁੰਦਾ ਹੈ, ਤਾਂ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਉਸ ਨੂੰ ਵਿਸ਼ੇ ਨਾਲ ਸੰਬੰਧਿਤ ਬਾਈਬਲ ਵਿੱਚੋਂ ਇਕ ਹਵਾਲਾ ਪੜ੍ਹ ਕੇ ਸੁਣਾਉਣਾ ਚਾਹੁੰਦੇ ਹੋ। ਪਰ ਜੇ ਤੁਹਾਨੂੰ ਲੱਗਦਾ ਹੈ ਕਿ “ਬਾਈਬਲ” ਸ਼ਬਦ ਸੁਣ ਕੇ ਉਹ ਗੱਲ ਨਹੀਂ ਸੁਣੇਗਾ, ਤਾਂ ਤੁਸੀਂ “ਪਵਿੱਤਰ ਲਿਖਤਾਂ” “ਪੁਰਾਣੇ ਗ੍ਰੰਥ” ਵਰਗੇ ਸ਼ਬਦ ਵਰਤ ਸਕਦੇ ਹੋ। ਜਾਂ ਤੁਸੀਂ ਪੜ੍ਹਨ ਦੀ ਬਜਾਇ ਹਵਾਲੇ ਨੂੰ ਆਪਣੇ ਸ਼ਬਦਾਂ ਵਿਚ ਦੱਸ ਸਕਦੇ ਹੋ। ਕਈ ਵਾਰ ਕੁਝ ਗੱਲਾਂ ਨਾ ਕਹਿਣ ਵਿਚ ਹੀ ਸਮਝਦਾਰੀ ਹੁੰਦੀ ਹੈ। (ਯੂਹੰ. 16:12) ਦੂਜੇ ਪਾਸੇ, ਜੇ ਲੱਗਦਾ ਹੈ ਕਿ ਵਿਅਕਤੀ ਦੀ ਬਾਈਬਲ ਪ੍ਰਤੀ ਸ਼ਰਧਾ ਹੈ ਤੇ ਉਹ ਗੱਲ ਸੁਣਨ ਲਈ ਤਿਆਰ ਹੈ, ਤਾਂ ਸਾਨੂੰ ਬਾਈਬਲ ਵਿੱਚੋਂ ਹਵਾਲੇ ਪੜ੍ਹਨ ਤੋਂ ਝਿਜਕਣਾ ਨਹੀਂ ਚਾਹੀਦਾ।—ਯੂਹੰ. 10:27.
ਸਾਹਿੱਤ ਪੇਸ਼ ਕਰਨ ਬਾਰੇ ਕੀ? ਸਾਡਾ ਸਾਹਿੱਤ ਪੜ੍ਹ ਕੇ ਕਈ ਲੋਕਾਂ ਵਿਚ ਰਾਜ ਬਾਰੇ ਜਾਣਨ ਦੀ ਦਿਲਚਸਪੀ ਪੈਦਾ ਹੋਈ ਹੈ। ਪਰ ਸਾਹਿੱਤ ਪੇਸ਼ ਕਰਨ ਲੱਗਿਆਂ ਵੀ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਕੁਝ ਲੋਕਾਂ ਦੇ ਮਨ ਵਿਚ ਇਹ ਗ਼ਲਤਫ਼ਹਿਮੀ ਆ ਸਕਦੀ ਹੈ ਕਿ ਅਸੀਂ ਸਾਹਿੱਤ ਵੰਡ ਕੇ ਦੂਜਿਆਂ ਦਾ ਧਰਮ ਬਦਲਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਸਾਹਿੱਤ ਦੇਵਾਂਗੇ ਜੋ ਇਸ ਨੂੰ ਪੜ੍ਹ ਕੇ ਫ਼ਾਇਦਾ ਲੈਣਾ ਚਾਹੁਣਗੇ। ਇਸ ਲਈ, ਲੋਕਾਂ ਦੇ ਰਵੱਈਏ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਅਸੀਂ ਪ੍ਰਚਾਰ ਦੌਰਾਨ ਬਾਈਬਲ ਅਤੇ ਸਾਹਿੱਤ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕੀਏ।—ਕਹਾ. 1:5, 7ਅ.