ਵਿਰੋਧ ਦਾ ਸਾਮ੍ਹਣਾ ਕਰਨ ਲਈ ਨਵੇਂ ਚੇਲਿਆਂ ਨੂੰ ਤਿਆਰ ਕਰੋ
1 ਜਦੋਂ ਲੋਕ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰਦੇ ਹਨ ਅਤੇ “ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ,” ਤਾਂ ਸ਼ਤਾਨ ਉਨ੍ਹਾਂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਉਂਦਾ ਹੈ। (2 ਤਿਮੋ. 3:12) ਵਿਰੋਧ ਸ਼ਾਇਦ ਸਾਡੇ ਨਾਲ ਕੰਮ ਕਰਨ ਵਾਲੇ, ਨਾਲ ਪੜ੍ਹਨ ਵਾਲੇ ਜਾਂ ਗੁਆਂਢੀਆਂ ਵੱਲੋਂ ਆਵੇ। ਉਦੋਂ ਸਹਿਣਾ ਜ਼ਿਆਦਾ ਮੁਸ਼ਕਲ ਹੋ ਸਕਦਾ ਜਦੋਂ ਸਾਡਾ ਭਲਾ ਚਾਹੁਣ ਵਾਲੇ ਰਿਸ਼ਤੇਦਾਰ ਸਾਡਾ ਵਿਰੋਧ ਕਰਦੇ ਹਨ।—ਮੱਤੀ 10:21; ਮਰ. 3:21.
2 ਵਿਰੋਧ ਬਾਰੇ ਪਹਿਲਾਂ ਹੀ ਦੱਸਿਆ ਸੀ: ਨਵੇਂ ਚੇਲਿਆਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਲੋਕ ਉਨ੍ਹਾਂ ਦਾ ਵਿਰੋਧ ਕਰਨਗੇ ਕਿਉਂਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਯਿਸੂ ਦੇ ਸੱਚੇ ਚੇਲੇ ਹਨ। (ਯੂਹੰ. 15:20) ਕਦੀ-ਕਦੀ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤਫ਼ਹਿਮੀਆਂ ਹੁੰਦੀਆਂ ਹਨ ਜਿਸ ਕਰਕੇ ਉਹ ਉਨ੍ਹਾਂ ਨੂੰ ਸਤਾਉਂਦੇ ਹਨ। ਪਰ ਯਾਦ ਰੱਖੋ ਕਿ ਜੇ ਯਿਸੂ ਦੇ ਚੇਲੇ ਹੋਣ ਕਰਕੇ ਅਤੇ ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਤੁਹਾਡਾ ਅਪਮਾਨ ਹੁੰਦਾ ਹੈ, ਤਾਂ ਇਹ ਖ਼ੁਸ਼ੀ ਦੀ ਗੱਲ ਹੈ। (ਰਸੂ. 5:27-29, 40, 41) ਨਵੇਂ ਚੇਲਿਆਂ ਨੂੰ ਭਰੋਸਾ ਦਿਲਾਓ ਕਿ ਯਹੋਵਾਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। (ਜ਼ਬੂ. 27:10; ਮਰ. 10:29, 30) ਜੇ ਉਹ ਵਫ਼ਾਦਾਰ ਰਹਿਣਗੇ, ਤਾਂ ਉਹ ਯਹੋਵਾਹ ਦਾ ਪੱਖ ਲੈ ਕੇ ਉਸ ਨੂੰ ਆਪਣਾ ਮਾਲਕ ਮੰਨ ਰਹੇ ਹੋਣਗੇ।—ਕਹਾ. 27:11.
3 ਗਿਆਨ ਲੈਣਾ: ਆਪਣੇ ਵਿਦਿਆਰਥੀਆਂ ਨੂੰ ਸਮਝਾਓ ਕਿ ਪਰਮੇਸ਼ੁਰ ਬਾਰੇ ਗਿਆਨ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਸਤਾਹਟ ਸ਼ਤਾਨ ਦਾ ਇਕ ਔਜ਼ਾਰ ਹੈ। ਉਹ ਇਸ ਔਜ਼ਾਰ ਨੂੰ ਇਸ ਲਈ ਵਰਤਦਾ ਹੈ ਤਾਂਕਿ ਨਵੇਂ ਚੇਲਿਆਂ ਦੇ ਦਿਲਾਂ ਵਿਚ ਸੱਚਾਈ ਜੜ੍ਹ ਨਾ ਫੜ ਸਕੇ। (ਕਹਾ. 4:23; ਲੂਕਾ 8:13) ਇਸ ਲਈ ਲਾਜ਼ਮੀ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਂਦੇ ਰਹਿਣ ਤਾਂਕਿ ਉਹ ਨਿਹਚਾ ਵਿਚ ਪੱਕੇ ਹੋ ਸਕਣ।—ਜ਼ਬੂ. 1:2, 3; ਕੁਲੁ. 2:6, 7.
4 ਧੀਰਜ ਰੱਖੋ: ਕਿਸੇ ਵੀ ਅਜ਼ਮਾਇਸ਼ ਦੌਰਾਨ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। (ਲੂਕਾ 21:16-19) ਜਦੋਂ ਨਵੇਂ ਚੇਲੇ ਵਿਰੋਧ ਦਾ ਡੱਟ ਕੇ ਸਾਮ੍ਹਣਾ ਕਰਦੇ ਹਨ, ਤਾਂ ਉਨ੍ਹਾਂ ਨੂੰ ਅਤੇ ਦੂਸਰਿਆਂ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਚੱਲੇਗਾ ਕਿ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਢੇਰ ਸਾਰੀਆਂ ਬਰਕਤਾਂ ਦਿੰਦਾ ਹੈ ਜੋ ਅਜ਼ਮਾਇਸ਼ਾਂ ਨੂੰ ਸਹਿੰਦੇ ਹੋਏ ਵਫ਼ਾਦਾਰ ਰਹਿੰਦੇ ਹਨ।—ਯਾਕੂ. 1:12.
5 ਜਦੋਂ ਪੌਲੁਸ ਰਸੂਲ ਨੇ ਦੇਖਿਆ ਕਿ ਥੱਸਲੁਨੀਕਾ ਦੇ ਭੈਣਾਂ-ਭਰਾਵਾਂ ਨੇ ਸੱਚਾਈ ਵਿਚ ਕਿੰਨੀ ਤਰੱਕੀ ਕੀਤੀ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ। ਪੌਲੁਸ ਨੇ ਇਸ ਵਾਸਤੇ ਰੱਬ ਦਾ ਸ਼ੁਕਰ ਕੀਤਾ। ਇਨ੍ਹਾਂ ਵਿੱਚੋਂ ਕਈਆਂ ਨੂੰ ਉਸ ਨੇ ਖ਼ੁਦ ਸੱਚਾਈ ਵਿਚ ਲਿਆਂਦਾ ਸੀ। (2 ਥੱਸ. 1:3-5) ਸਾਨੂੰ ਵੀ ਉਹੀ ਖ਼ੁਸ਼ੀ ਮਿਲੇਗੀ ਜੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਰੋਧ ਦਾ ਸਾਮ੍ਹਣਾ ਕਰਨ ਅਤੇ ਧੀਰਜ ਰੱਖਣ ਲਈ ਤਿਆਰ ਕਰਾਂਗੇ।