ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਾਉਂਦਿਆਂ ਲੋੜ ਅਨੁਸਾਰ ਫੇਰ-ਬਦਲ ਕਰ ਰਹੇ ਹੋ?
1 ਪਰਮੇਸ਼ੁਰ ਨੇ ਸਾਨੂੰ ਪ੍ਰਚਾਰ ਕਰਨ ਦਾ ਪਵਿੱਤਰ ਕੰਮ ਸੌਂਪਿਆ ਹੈ। ਕਿੰਨਾ ਚੰਗਾ ਹੋਵੇਗਾ ਕਿ ਅਸੀਂ ਉਸ ਦੇ ਬਚਨ ਵਿਚ ਪਾਏ ਜਾਂਦੇ ਤਜਰਬਿਆਂ ਅਤੇ ਉਸ ਦੀ ਬੁੱਧ ʼਤੇ ਗੌਰ ਕਰ ਕੇ ਪ੍ਰਚਾਰ ਕਰਨ ਦੇ ਆਪਣੇ ਤਰੀਕਿਆਂ ਵਿਚ ਫੇਰ-ਬਦਲ ਕਰਨਾ ਸਿੱਖੀਏ। ਰਸੂਲਾਂ ਦੇ ਕਰਤੱਬ ਤੋਂ ਅਸੀਂ ਸਿਰਫ਼ ਇਹੀ ਨਹੀਂ ਸਿੱਖਦੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਕਿੱਦਾਂ ਨਿਭਾਈ ਸੀ, ਪਰ ਇਹ ਵੀ ਸਿੱਖਦੇ ਹਾਂ ਕਿ ਉਨ੍ਹਾਂ ਨੇ ਇਸ ਕੰਮ ਵਿਚ ਸਮਝਦਾਰੀ ਕਿਵੇਂ ਵਰਤੀ। (ਮੱਤੀ 28:19, 20) ਮਿਸਾਲ ਲਈ, ਜਦੋਂ ਹਾਲਾਤ ਵਿਗੜ ਗਏ ਸਨ, ਤਾਂ ਪੌਲੁਸ ਇਕੋਨਿਯੁਮ ਦਾ ਇਲਾਕਾ ਛੱਡ ਕੇ ਕਿਤੇ ਹੋਰ ਪ੍ਰਚਾਰ ਕਰਨ ਚਲਾ ਗਿਆ ਸੀ। (ਰਸੂ. 14:5, 6) ਪੌਲੁਸ ਤੇ ਉਸ ਦੇ ਸਾਥੀਆਂ ਨੇ ਲੋੜ ਪੈਣ ʼਤੇ ਖ਼ੁਸ਼ ਖ਼ਬਰੀ ਸੁਣਾਉਣ ਦੇ ਵੱਖੋ-ਵੱਖਰੇ ਤਰੀਕੇ ਅਪਣਾਏ ਸਨ। (ਰਸੂ. 16:13) ਭਾਵੇਂ ਅਸੀਂ ਵਿਰੋਧੀਆਂ ਤੋਂ ਨਹੀਂ ਡਰਦੇ ਤੇ ਯਹੋਵਾਹ ਦੀ ਆਗਿਆ ਹਮੇਸ਼ਾ ਮੰਨਦੇ ਰਹਾਂਗੇ, ਫਿਰ ਵੀ ਲੋੜ ਪੈਣ ʼਤੇ ਸਾਨੂੰ ਆਪਣੇ ਗਵਾਹੀ ਦੇਣ ਦੇ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ। (ਫ਼ਿਲਿ. 1:28; ਰਸੂ. 5:29) ਕੀ ਅਸੀਂ ਅਜਿਹੀ ਸਮਝਦਾਰੀ ਵਰਤ ਰਹੇ ਹਾਂ?
2 ਹਾਲ ਹੀ ਦੇ ਸਮੇਂ ਵਿਚ ਕੁਝ ਇਲਾਕਿਆਂ ਵਿਚ ਵਾਪਰੀਆਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੱਚੀ ਭਗਤੀ ਦੇ ਦੁਸ਼ਮਣ ਹਾਲੇ ਵੀ ਸਾਡਾ ਵਿਰੋਧ ਕਰ ਰਹੇ ਹਨ। ਭਾਵੇਂ ਧਾਰਮਿਕ ਕੱਟੜਪੰਥੀਆਂ ਦੇ ਕਈ ਮੰਤਵ ਹੋ ਸਕਦੇ ਹਨ, ਪਰ ਸ਼ਤਾਨ ਅਜਿਹੇ ਬੰਦਿਆਂ ਨੂੰ ਵਰਤ ਕੇ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ। ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿਚ ਸਾਡੇ ਬਾਰੇ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ ਜਿਸ ਕਰਕੇ ਉਹ ਖ਼ੁਸ਼ ਖ਼ਬਰੀ ਸੁਣਨ ਤੋਂ ਇਨਕਾਰ ਕਰਦੇ ਹਨ। ਅਫ਼ਸੁਸ ਸ਼ਹਿਰ ਵਿਚ ਪੌਲੁਸ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। (ਰਸੂ. 19:23-28) ਲੋਕ ਭਾਵੇਂ ਜੋ ਮਰਜ਼ੀ ਚਾਲਾਂ ਚਲਣ, ਸਾਨੂੰ ਫਿਰ ਵੀ ਯਹੋਵਾਹ ਦੇ ਨਾਂ ਅਤੇ ਉਸ ਦੇ ਮਕਸਦਾਂ ਦਾ ਐਲਾਨ ਕਰਦੇ ਰਹਿਣਾ ਚਾਹੀਦਾ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਪ੍ਰਚਾਰ ਕਰਨ ਦੇ ਆਪਣੇ ਤੌਰ-ਤਰੀਕਿਆਂ ਵਿਚ ਫੇਰ-ਬਦਲ ਵੀ ਕਰਨਾ ਚਾਹੀਦਾ ਹੈ।
3 ਚੰਗੇ ਇੰਤਜ਼ਾਮ ਕਰੋ: ਪ੍ਰਚਾਰ ਸੇਵਾ ਦੇ ਗਰੁੱਪਾਂ ਦੀ ਦੇਖ-ਭਾਲ ਕਰਨ ਵਾਲੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਖੇਤਰ ਵਿਚ ਜਾਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਸਾਰੇ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂਕਿ ਵਿਰੋਧੀਆਂ ਦਾ ਬੇਲੋੜ ਧਿਆਨ ਸਾਡੇ ਵੱਲ ਨਾ ਖਿੱਚਿਆ ਜਾਵੇ। ਪਰ ਜੇ ਭਰਾ ਸੜਕ ʼਤੇ ਖੜ੍ਹ ਕੇ ਦੂਸਰੇ ਭੈਣ-ਭਰਾ ਨੂੰ ਦੱਸੇ ਕਿ ਪ੍ਰਚਾਰ ਕਿੱਥੇ-ਕਿੱਥੇ ਕਰਨ ਜਾਣਾ ਹੈ, ਤਾਂ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇਗਾ। ਇਸ ਲਈ ਚੰਗਾ ਹੋਵੇਗਾ ਜੇ ਗਰੁੱਪ ਦੀ ਦੇਖ-ਭਾਲ ਕਰਨ ਵਾਲਾ ਭਰਾ ਪਹਿਲਾਂ ਹੀ ਚੰਗੀ ਤਿਆਰੀ ਕਰ ਕੇ ਆਵੇ ਅਤੇ ਸਾਰਿਆਂ ਨੂੰ ਗਰੁੱਪ ਵਿਚ ਦੱਸੇ ਕਿ ਉਨ੍ਹਾਂ ਨੇ ਕਿੱਥੇ-ਕਿੱਥੇ ਪ੍ਰਚਾਰ ਕਰਨ ਜਾਣਾ ਹੈ।
4 ਪ੍ਰਚਾਰ ਕਰਦਿਆਂ ਸਾਨੂੰ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਪਹਿਲਾਂ ਸ਼ਾਇਦ ਅਸੀਂ ਦਲੇਰੀ ਨਾਲ ਆਪਣੀ ਪਛਾਣ ਕਰਵਾਉਂਦੇ ਸੀ ਤਾਂਕਿ ਸਾਨੂੰ ਗਵਾਹੀ ਦੇਣ ਦਾ ਮੌਕਾ ਮਿਲ ਸਕੇ। ਪਰ ਜੇ ਅਸੀਂ ਹੁਣ ਇੱਦਾਂ ਕਰੀਏ, ਤਾਂ ਸਾਡੇ ਕੰਮ ਵਿਚ ਰੁਕਾਵਟ ਪੈ ਸਕਦੀ ਹੈ ਅਤੇ ਅਸੀਂ ਆਪਣੀ ਅਤੇ ਦੂਸਰਿਆਂ ਦੀ ਜਾਨ ਵੀ ਖ਼ਤਰੇ ਵਿਚ ਪਾ ਸਕਦੇ ਹਾਂ। ਜੇ ਅਸੀਂ ਆਪਣੇ ਪ੍ਰਚਾਰ ਕਰਨ ਦੇ ਢੰਗ ਵਿਚ ਫੇਰ-ਬਦਲ ਨਾ ਕਰੀਏ, ਤਾਂ ਇਹ ਬੇਵਕੂਫ਼ੀ ਹੋਵੇਗੀ। ਗਰੁੱਪਾਂ ਨੂੰ ਛੋਟੇ ਰੱਖੋ। ਇੱਦਾਂ ਨਾ ਲੱਗੇ ਕਿ ਅਸੀਂ ਜਲੂਸ ਕੱਢਣ ਜਾ ਰਹੇ ਹਾਂ। ਪਬਲੀਸ਼ਰਾਂ ਨੂੰ ਉਨ੍ਹਾਂ ਜੋਗੀ ਟੈਰੀਟਰੀ ਦਿਓ ਅਤੇ ਜੇ ਚਾਹੋ ਉਨ੍ਹਾਂ ਨੂੰ ਦੋ-ਤਿੰਨ ਹਫ਼ਤਿਆਂ ਜੋਗੀ ਟੈਰੀਟਰੀ ਦਿੱਤੀ ਜਾ ਸਕਦੀ ਹੈ। ਉਹ ਆਪਣੇ ਸਮੇਂ ਵਿਚ ਇਸ ਨੂੰ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਆਪਣੇ ਗਰੁੱਪ ਓਵਰਸੀਅਰ ਨੂੰ ਦੱਸਦੇ ਰਹਿਣਾ ਚਾਹੀਦਾ ਕਿ ਉਨ੍ਹਾਂ ਨੇ ਕਿੰਨੀ ਕੁ ਟੈਰੀਟਰੀ ਕਰ ਲਈ ਹੈ। ਗਰੁੱਪ ਓਵਰਸੀਅਰਾਂ ਅਤੇ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈਣ ਵਾਲੇ ਸਾਰਿਆਂ ਭਰਾਵਾਂ ਨੂੰ ਲੋੜ ਪੈਣ ਤੇ ਪ੍ਰਚਾਰ ਕਰਨ ਦੇ ਢੰਗ ਵਿਚ ਫੇਰ-ਬਦਲ ਕਰਨਾ ਚਾਹੀਦਾ ਹੈ।
5 ਕੀ ਤੁਸੀਂ ਫੇਰ-ਬਦਲ ਕਰਨ ਲਈ ਤਿਆਰ ਹੋ?: ਜਿੱਥੇ ਹੋ ਸਕੇ ਉੱਥੇ ਅਸੀਂ ਘਰ-ਘਰ ਪ੍ਰਚਾਰ ਕਰ ਸਕਦੇ ਹਾਂ, ਪਰ ਕਦੀ-ਕਦੀ ਇੱਦਾਂ ਕਰਨਾ ਮੁਮਕਿਨ ਨਹੀਂ ਹੁੰਦਾ ਅਤੇ ਸਾਨੂੰ ਹੋਰ ਤਰੀਕੇ ਵਰਤਣੇ ਪੈਂਦੇ ਹਨ। ਕਈ ਇਲਾਕਿਆਂ ਵਿਚ ਗਵਾਹੀ ਦੇਣ ਦੇ ਹੋਰ ਬਿਹਤਰ ਤਰੀਕੇ ਹੋ ਸਕਦੇ ਹਨ। ਹੋਰਨਾਂ ਦੇਸ਼ਾਂ ਵਿਚ ਜਿੱਦਾਂ ਭਰਾ ਕਰਦੇ ਆਏ ਹਨ, ਸਾਨੂੰ ਵੀ ਉਨ੍ਹਾਂ ਵਾਂਗ ਸ਼ਾਇਦ ਇਕ ਗਲੀ ਵਿਚ ਇਕ ਘਰ ਕਰ ਕੇ ਦੂਸਰੀ ਗਲੀ ਜਾਂ ਇਲਾਕੇ ਵਿਚ ਚਲੇ ਜਾਣਾ ਚਾਹੀਦਾ ਹੈ। ਮੰਨਿਆ ਕਿ ਇੱਦਾਂ ਕਰਨ ਵਿਚ ਜ਼ਿਆਦਾ ਸਮਾਂ ਲੱਗੇਗਾ, ਪਰ ਹੋ ਸਕਦਾ ਹੈ ਕਿ ਇੱਦਾਂ ਕਰਨ ਨਾਲ ਸਾਡੇ ਵਿਰੋਧੀ ਘਰ-ਘਰ ਦੇ ਪ੍ਰਚਾਰ ਕਰਨ ਦੇ ਕੰਮ ਨੂੰ ਰੋਕ ਨਹੀਂ ਸਕਣਗੇ।
6 ਪ੍ਰਚਾਰ ਕਰਦਿਆਂ ਆਪਣੇ ਇਰਦ-ਗਿਰਦ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਤੁਸੀਂ ਲੋਕਾਂ ʼਤੇ ਨਜ਼ਰ ਰੱਖ ਸਕਦੇ ਹੋ ਅਤੇ ਖ਼ਤਰਿਆਂ ਤੋਂ ਬਚ ਸਕਦੇ ਹੋ। ਕਿਸੇ ਨਾਲ ਗੱਲਬਾਤ ਸ਼ੁਰੂ ਕਰਦਿਆਂ ਉਨ੍ਹਾਂ ਦੀਆਂ ਗੱਲਾਂ ਅਤੇ ਰਵੱਈਏ ਵੱਲ ਧਿਆਨ ਦਿਓ। ਇਸ ਬਾਰੇ ਸੋਚੋ ਕਿ ਤੁਸੀਂ ਘਰ-ਸੁਆਮੀ ਨਾਲ ਕੀ ਗੱਲ ਕਰੋਗੇ ਅਤੇ ਫਿਰ ਉਸ ਦਾ ਜਵਾਬ ਧਿਆਨ ਨਾਲ ਸੁਣੋ। ਇੰਜ ਕਰਨ ਨਾਲ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਉਹ ਸ਼ਾਂਤੀ ਨਾਲ ਤੁਹਾਡੀ ਗੱਲ ਸੁਣੇਗਾ ਜਾਂ ਗੁੱਸੇ ਹੋਵੇਗਾ। ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਅਸੀਂ ਆਪਣੀ ਰਾਖੀ ਕਰਾਂਗੇ। ਜੇ ਢੁਕਵਾਂ ਹੋਵੇ ਅਤੇ ਲੋਕ ਸਾਡੇ ਬਾਰੇ ਅਤੇ ਸਾਡੇ ਕੰਮ ਬਾਰੇ ਸੱਚੀ-ਮੁੱਚੀ ਜਾਣਨਾ ਚਾਹੁੰਦੇ ਹਨ, ਤਾਂ ਤੁਸੀਂ ਯਹੋਵਾਹ ਦੇ ਗਵਾਹਾਂ ਦਾ ਜਵਾਬ (ਹਿੰਦੀ) ਟ੍ਰੈਕਟ ਵਰਤ ਸਕਦੇ ਹੋ।
7 ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖੋ। ਉਹ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਦੇਵੇਗਾ ਜੇ ਤੁਸੀਂ ਉਸ ਤੋਂ ਮੰਗੋਗੇ। (ਲੂਕਾ 11:13) ਪ੍ਰਚਾਰ ਵਿਚ ਵੱਖੋ-ਵੱਖ ਢੰਗ ਵਰਤਣ ਨਾਲ ਅਸੀਂ ਪਰਮੇਸ਼ੁਰ ਦੀ ਵਧੀਆ ਮਿਸਾਲ ਉੱਤੇ ਚੱਲ ਰਹੇ ਹੋਵਾਂਗੇ। ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਕਿਸੇ ਇਕ ਗੱਲ ਤੇ ਹੀ ਨਹੀਂ ਅੜਿਆ ਰਹਿੰਦਾ। ਭਾਵੇਂ ਉਸ ਦੇ ਰਾਹ ਵਿਚ ਜੋ ਮਰਜ਼ੀ ਰੁਕਾਵਟਾਂ ਆਉਣ, ਪਰ ਉਹ ਹਮੇਸ਼ਾ ਆਪਣਾ ਮਕਸਦ ਪੂਰਾ ਕਰ ਕੇ ਹੀ ਰਹਿੰਦਾ ਹੈ।—ਯਸਾ. 55:11; ਅਫ਼.1:9-11.