ਕੀ ਤੁਸੀਂ ਜਾਣਦੇ ਹੋ?
ਪਹਿਲੀ ਸਦੀ ਦੌਰਾਨ ਮੰਦਰ ਵਿਚ ਜਿਨ੍ਹਾਂ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਉਨ੍ਹਾਂ ਦਾ ਖ਼ੂਨ ਕਿੱਥੇ ਜਾਂਦਾ ਸੀ?
ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਪੁਜਾਰੀ ਹਰ ਸਾਲ ਵੇਦੀ ʼਤੇ ਲੱਖਾਂ ਹੀ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ। ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਜੋਸੀਫ਼ਸ ਦਾ ਕਹਿਣਾ ਹੈ ਕਿ ਪਸਾਹ ਦੇ ਦਿਨ 2 ਲੱਖ 50 ਹਜ਼ਾਰ ਤੋਂ ਵੀ ਜ਼ਿਆਦਾ ਭੇਡੂਆਂ ਦੀਆਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। ਜ਼ਾਹਰ ਹੈ ਕਿ ਕਾਫ਼ੀ ਸਾਰਾ ਖ਼ੂਨ ਡੋਲ੍ਹਿਆ ਜਾਂਦਾ ਸੀ। (ਲੇਵੀ. 1:10, 11; ਗਿਣ. 28:16, 19) ਫਿਰ ਇੰਨਾ ਸਾਰਾ ਖ਼ੂਨ ਕਿੱਥੇ ਜਾਂਦਾ ਸੀ?
ਜਦੋਂ ਪੁਰਾਤੱਤਵ-ਵਿਗਿਆਨੀਆਂ ਨੇ ਹੇਰੋਦੇਸ ਦੁਆਰਾ ਬਣਵਾਏ ਮੰਦਰ ਦੇ ਆਲੇ-ਦੁਆਲੇ ਖੁਦਾਈ ਕੀਤੀ, ਤਾਂ ਉਨ੍ਹਾਂ ਨੂੰ ਕਈ ਸਾਰੀਆਂ ਨਾਲੀਆਂ ਮਿਲੀਆਂ ਜੋ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ। ਇਹ ਨਾਲੀਆਂ 70 ਈਸਵੀ ਵਿਚ ਮੰਦਰ ਦੇ ਨਾਸ਼ ਹੋਣ ਤਕ ਵਰਤੀਆਂ ਜਾ ਰਹੀਆਂ ਸਨ। ਜ਼ਾਹਰ ਹੈ ਕਿ ਵੇਦੀ ʼਤੇ ਜੋ ਖ਼ੂਨ ਡੋਲ੍ਹਿਆ ਜਾਂਦਾ ਸੀ, ਉਹ ਇਨ੍ਹਾਂ ਨਾਲੀਆਂ ਰਾਹੀਂ ਬਾਹਰ ਨਿਕਲ ਜਾਂਦਾ ਸੀ।
ਨਾਲੀਆਂ ਦੀ ਇਸ ਵਿਵਸਥਾ ਬਾਰੇ ਦੋ ਗੱਲਾਂ ʼਤੇ ਧਿਆਨ ਦਿਓ:
ਵੇਦੀ ਦੇ ਹੇਠਾਂ ਮਘੋਰੇ: ਵੇਦੀ ਲਈ ਨਾਲੀਆਂ ਦੀ ਜੋ ਵਿਵਸਥਾ ਸੀ, ਉਸ ਬਾਰੇ ਮਿਸ਼ਨਾa ਵਿਚ ਸਮਝਾਇਆ ਗਿਆ ਹੈ। ਇਸ ਵਿਚ ਲਿਖਿਆ ਹੈ: “ਵੇਦੀ ਦੇ ਦੱਖਣੀ-ਪੱਛਮੀ ਕਿਨਾਰੇ ʼਤੇ ਦੋ ਮਘੋਰੇ ਹੁੰਦੇ ਸਨ . . . ਵੇਦੀ ਦੇ ਪੱਛਮ ਤੇ ਦੱਖਣ ਵੱਲ ਜੋ ਖ਼ੂਨ ਡੋਲ੍ਹਿਆ ਜਾਂਦਾ ਸੀ ਅਤੇ ਵੇਦੀ ਨੂੰ ਸਾਫ਼ ਕਰਨ ਲਈ ਵਰਤਿਆ ਗਿਆ ਪਾਣੀ ਇਨ੍ਹਾਂ ਮਘੋਰਿਆਂ ਤੋਂ ਹੋ ਕੇ ਕਿਦਰੋਨ ਘਾਟੀ ਵਿਚਲੇ ਨਾਲੇ ਵਿਚ ਚਲਾ ਜਾਂਦਾ ਸੀ।”
ਪੁਰਾਤੱਤਵ-ਵਿਗਿਆਨੀਆਂ ਨੂੰ ਖੁਦਾਈ ਕਰਦਿਆਂ ਜੋ ਸਬੂਤ ਮਿਲੇ ਹਨ, ਉਸ ਕਰਕੇ ਵੀ ਉਹ ਮੰਨਦੇ ਹਨ ਕਿ ਪੁਰਾਣੇ ਜ਼ਮਾਨੇ ਵਿਚ ਵੇਦੀ ਕੋਲ “ਮਘੋਰੇ” ਹੁੰਦੇ ਸਨ। ਯਹੂਦੀਆਂ ਦੇ ਇਤਿਹਾਸ ʼਤੇ ਲਿਖੀ ਇਕ ਕਿਤਾਬ ਵਿਚ ਵੀ ਦੱਸਿਆ ਗਿਆ ਹੈ ਕਿ ਮੰਦਰ ਕੋਲ “ਕਈ ਸਾਰੀਆਂ ਨਾਲੀਆਂ ਦੀ ਵਿਵਸਥਾ” ਦੇ ਸਬੂਤ ਮਿਲੇ ਹਨ। ਉਸ ਵਿਚ ਲਿਖਿਆ ਹੈ: “ਮੰਦਰ ਵਿਚ ਵਰਤਿਆ ਪਾਣੀ ਅਤੇ ਬਲ਼ੀ ਚੜ੍ਹਾਏ ਗਏ ਜਾਨਵਰਾਂ ਦਾ ਖ਼ੂਨ ਇਨ੍ਹਾਂ ਨਾਲੀਆਂ ਰਾਹੀਂ ਵਹਿ ਕੇ ਨਿਕਲਦਾ ਹੋਣਾ।”
ਕਾਫ਼ੀ ਸਾਰੇ ਪਾਣੀ ਦਾ ਪ੍ਰਬੰਧ: ਪੁਜਾਰੀਆਂ ਨੂੰ ਕਾਫ਼ੀ ਸਾਰੇ ਪਾਣੀ ਦੀ ਲੋੜ ਹੁੰਦੀ ਸੀ ਤਾਂ ਜੋ ਉਹ ਵੇਦੀ ਅਤੇ ਨਾਲੀਆਂ ਨੂੰ ਸਾਫ਼ ਰੱਖ ਸਕਣ। ਇਹ ਜ਼ਰੂਰੀ ਕੰਮ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਸ਼ਹਿਰ ਤੋਂ ਸਾਫ਼ ਪਾਣੀ ਮਿਲਦਾ ਸੀ। ਕਿਵੇਂ? ਵੇਦੀ ਤਕ ਪਾਣੀ ਪਹੁੰਚਾਉਣ ਲਈ ਨਹਿਰਾਂ, ਚਸ਼ਮੇ, ਕੁੰਡ ਤੇ ਤਲਾਬ ਵੀ ਸਨ। ਪੁਰਾਤੱਤਵ-ਵਿਗਿਆਨੀ ਜੋਸਫ਼ ਪੈਟਰਿਕ ਨੇ ਕਿਹਾ: “ਇਸ ਮੰਦਰ ਤਕ ਪਾਣੀ ਪਹੁੰਚਾਉਣ, ਮੰਦਰ ਨੂੰ ਸਾਫ਼ ਕਰਨ ਅਤੇ ਪਾਣੀ ਨੂੰ ਕੱਢਣ ਲਈ ਜੋ ਵਧੀਆ ਵਿਵਸਥਾ ਕੀਤੀ ਗਈ ਸੀ, ਉਹ ਉਸ ਜ਼ਮਾਨੇ ਵਿਚ ਕਿਸੇ ਹੋਰ ਮੰਦਰ ਵਿਚ ਨਹੀਂ ਕੀਤੀ ਗਈ ਸੀ।”
[ਫੁਟਨੋਟ]
a ਤੀਸਰੀ ਸਦੀ ਦੀ ਸ਼ੁਰੂਆਤ ਵਿਚ ਲਿਖੀ ਇਸ ਕਿਤਾਬ ਵਿਚ ਯਹੂਦੀ ਨੂੰ ਜ਼ਬਾਨੀ ਤੌਰ ਤੇ ਦਿੱਤੇ ਕਾਨੂੰਨ ਲਿਖੇ ਗਏ ਹਨ।