ਬਾਗ਼ ਦਾ ਸਾਡਾ ਸ਼ੌਕ
ਕੀਤੁਸੀਂ ਸ਼ੋਰ-ਸ਼ਰਾਬੇ ਅਤੇ ਜੀਵਨ ਦੀ ਤੇਜ਼ ਰਫ਼ਤਾਰ ਤੋਂ ਬਚਣ ਲਈ ਕਿਸੇ ਸੁੰਦਰ ਬਾਗ਼ ਦੀ ਸ਼ਾਂਤੀ ਦਾ ਸੁਆਗਤ ਕਰਦੇ ਹੋ? ਕੀ ਤੁਸੀਂ ਹਰੇ ਘਾਹ ਦੇ ਮੈਦਾਨ, ਫੁੱਲ, ਛਾਂਦਾਰ ਦਰਖ਼ਤਾਂ, ਅਤੇ ਸਰੋਵਰ ਵਾਲੇ ਸ਼ਾਂਤ ਬਗ਼ੀਚਿਆਂ ਦੇ ਵਾਤਾਵਰਣ ਵਿਚ ਆਪਣੇ ਪਰਿਵਾਰ ਦੇ ਨਾਲ ਪਿਕਨਿਕ ਲਈ ਜਾਂ ਇਕ ਮਿੱਤਰ ਦੇ ਨਾਲ ਸੈਰ ਕਰਨ ਲਈ ਜਾਣਾ ਜ਼ਿਆਦਾ ਪਸੰਦ ਕਰਦੇ ਹੋ? ਜੀ ਹਾਂ, ਬਾਗ਼ ਕਿੰਨਾ ਹੀ ਚੈਨ ਦੇਣ ਵਾਲਾ, ਤਾਜ਼ਗੀਦਾਇਕ, ਸ਼ਾਂਤਮਈ, ਅਤੇ ਇੱਥੋਂ ਤਕ ਕਿ ਉਪਚਾਰਕ ਵੀ ਹੈ!
ਭਾਵੇਂ ਕੁਝ ਲੋਕ, ਸ਼ਾਇਦ ਵਕਤ ਦੀ ਕਮੀ ਦੇ ਕਾਰਨ, ਬਾਗ਼ਬਾਨੀ ਕਰਨ ਤੋਂ ਕਤਰਾਉਂਦੇ ਹਨ, ਅਸੀਂ ਸਾਰੇ ਹੀ ਬਾਗ਼ ਦੇ ਰੰਗਾਂ, ਖ਼ੁਸ਼ਬੂਆਂ, ਆਵਾਜ਼ਾਂ, ਅਤੇ ਫਲਾਂ ਦਾ ਆਨੰਦ ਮਾਣਦੇ ਹਾਂ। ਟੋਮਸ ਜੈਫਰਸਨ—ਆਰਕੀਟੈਕਟ, ਵਿਗਿਆਨੀ, ਵਕੀਲ, ਆਵਿਸ਼ਕਾਰਕ, ਅਤੇ ਯੂ. ਐੱਸ. ਰਾਸ਼ਟਰਪਤੀ—ਬਾਗ਼ ਦਾ ਸ਼ੌਕ ਰੱਖਦਾ ਸੀ। ਉਸ ਨੇ ਲਿਖਿਆ: “ਮੇਰੇ ਲਈ ਕੋਈ ਕੰਮ ਇੰਨਾ ਆਨੰਦਦਾਇਕ ਨਹੀਂ ਹੈ ਜਿੰਨੀ ਕਿ ਭੂਮੀ ਦੀ ਵਾਹੀ। . . . ਮੈਂ ਹੁਣ ਵੀ ਬਾਗ਼ ਨਾਲ ਅਤਿ ਪਿਆਰ ਕਰਦਾ ਹਾਂ। ਭਾਵੇਂ ਮੈਂ ਬਿਰਧ ਹਾਂ, ਪਰ ਮੈਂ ਇਕ ਜਵਾਨ ਮਾਲੀ ਹਾਂ।”
ਅਨੇਕ ਲੋਕ ਉਸ ਵਰਗਾ ਦ੍ਰਿਸ਼ਟੀਕੋਣ ਰੱਖਦੇ ਹਨ। ਹਰ ਸਾਲ ਲੱਖਾਂ ਹੀ ਸੈਲਾਨੀ ਸੰਸਾਰ ਦੇ ਪ੍ਰਸਿੱਧ ਬਾਗ਼ਾਂ ਨੂੰ ਜਾਂਦੇ ਹਨ—ਇੰਗਲੈਂਡ ਵਿਚ, ਕਿਊ ਗਾਡਨਜ਼ (ਰਾਇਲ ਬਟੈਨਿਕ ਗਾਡਨਜ਼); ਕੀਓਟੋ, ਜਪਾਨ, ਦੇ ਬਾਗ਼; ਫ਼ਰਾਂਸ ਵਿਚ, ਵਾਸਾਈ ਦੇ ਰਾਜਮਹਿਲ ਦੇ ਬਾਗ਼; ਪੈਨਸਿਲਵੇਨੀਆ, ਯੂ. ਐੱਸ. ਏ. ਵਿਚ, ਲੌਂਗਵੁਡ ਗਾਡਨਜ਼, ਇਤਿਆਦਿ। ਅਨੇਕ ਦੇਸ਼ਾਂ ਵਿਚ ਅਜਿਹੇ ਸ਼ਹਿਰੀ ਇਲਾਕੇ ਵੀ ਹੁੰਦੇ ਹਨ ਜਿੱਥੇ ਦਰਖ਼ਤਾਂ ਵਾਲੇ ਰਸਤਿਆਂ ਉੱਤੇ ਸਥਿਤ ਘਰ, ਝਾੜੀਆਂ, ਦਰਖ਼ਤਾਂ, ਅਤੇ ਰੰਗ-ਬਰੰਗੇ ਫੁੱਲਾਂ ਨਾਲ ਘੇਰੇ ਹੋਏ ਹੁੰਦੇ ਹਨ—ਇਕ ਛੋਟੇ ਜਿਹੇ ਪਰਾਦੀਸ ਵਾਂਗ।
ਬਾਗ਼ ਸਿਹਤ ਨੂੰ ਵਧਾ ਸਕਦੇ ਹਨ
ਇਹ ਦੇਖਿਆ ਗਿਆ ਹੈ ਕਿ ਜਦੋਂ ਮਾਨਵ ਕੁਦਰਤ ਦੇ ਨਾਲ ਸੰਪਰਕ ਰੱਖਦੇ ਹਨ, ਭਾਵੇਂ ਕਿ ਸੰਪਰਕ ਕੇਵਲ ਖਿੜਕੀ ਰਾਹੀਂ ਫੁੱਲਾਂ, ਦਰਖ਼ਤਾਂ, ਝਾੜੀਆਂ, ਅਤੇ ਪੰਛੀਆਂ ਨੂੰ ਦੇਖਣ ਤੋਂ ਕੁਝ ਵੱਧ ਨਾ ਹੋਵੇ, ਉਨ੍ਹਾਂ ਦੀ ਸਿਹਤ ਬਿਹਤਰ ਹੋ ਸਕਦੀ ਹੈ। ਇਸ ਗੱਲ ਨੇ ਇਕ ਨਿਊਯਾਰਕ ਸਿਟੀ ਹਸਪਤਾਲ ਨੂੰ ਆਪਣੀ ਛੱਤ ਉੱਤੇ ਇਕ ਬਾਗ਼ ਲਾਉਣ ਲਈ ਪ੍ਰੇਰਿਤ ਕੀਤਾ। ਇਸ ਦਾ “ਵੱਡੀ ਖ਼ੁਸ਼ੀ ਨਾਲ ਸੁਆਗਤ ਕੀਤਾ ਗਿਆ” ਸੀ, ਇਕ ਹਸਪਤਾਲ ਅਧਿਕਾਰੀ ਨੇ ਕਿਹਾ। “ਇਹ ਮਰੀਜ਼ਾਂ ਅਤੇ ਸਟਾਫ਼ ਦੋਹਾਂ ਦਾ ਮਨੋਬਲ ਵਧਾਉਂਦਾ ਹੈ। . . . ਅਸੀਂ ਇਸ ਵਿਚ ਕਈ ਉਪਚਾਰਕ ਸੰਭਾਵਨਾਵਾਂ ਦੇਖਦੇ ਹਾਂ।” ਵਾਕਈ, ਅਧਿਐਨ ਪ੍ਰਦਰਸ਼ਿਤ ਕਰਦੇ ਹਨ ਕਿ ਆਪਣੀਆਂ ਗਿਆਨ-ਇੰਦਰੀਆਂ ਰਾਹੀਂ ਕੁਦਰਤ ਦਾ ਆਨੰਦ ਮਾਣਨ ਦੁਆਰਾ ਲੋਕ ਸਰੀਰਕ, ਮਾਨਸਿਕ, ਅਤੇ ਭਾਵਾਤਮਕ ਤੌਰ ਤੇ ਲਾਭ ਉਠਾ ਸਕਦੇ ਹਨ।
ਇਸ ਦੇ ਇਲਾਵਾ, ਇਕ ਵਿਅਕਤੀ ਜੋ ਅਧਿਆਤਮਿਕ ਰੁਝਾਨ ਰੱਖਦਾ ਹੈ, ਸ਼ਾਇਦ ਉਦੋਂ ਪਰਮੇਸ਼ੁਰ ਦੇ ਹੋਰ ਨਜ਼ਦੀਕ ਮਹਿਸੂਸ ਕਰੇ ਜਦੋਂ ਉਹ ਆਪਣੇ ਚਾਰੇ ਪਾਸੇ ਉਸ ਦੀ ਕਾਰੀਗਰੀ ਦੇਖਦਾ ਹੈ। ਬਾਗ਼ ਦਾ ਇਹ ਪਹਿਲੂ, ਧਰਤੀ ਉੱਤੇ ਉਸ ਪਹਿਲੇ ਬਾਗ਼, ਅਦਨ ਦੇ ਬਾਗ਼ ਵਿਚ ਦੇਖਿਆ ਜਾ ਸਕਦਾ ਹੈ ਜਿੱਥੇ ਪਰਮੇਸ਼ੁਰ ਨੇ ਪਹਿਲੀ ਵਾਰ ਮਾਨਵ ਨਾਲ ਸੰਚਾਰ ਕੀਤਾ ਸੀ।—ਉਤਪਤ 2:15-17; 3:8.
ਬਾਗ਼ ਦਾ ਸ਼ੌਕ ਵਿਸ਼ਵ-ਵਿਆਪੀ ਹੈ। ਅਤੇ, ਜਿਵੇਂ ਅਸੀਂ ਦੇਖਾਂਗੇ, ਇਹ ਗੱਲ ਅਰਥਭਰਪੂਰ ਹੈ। ਖ਼ੈਰ, ਇਸ ਵਿਸ਼ੇਸ਼ਤਾ ਉੱਤੇ ਚਰਚਾ ਕਰਨ ਤੋਂ ਪਹਿਲਾਂ, ਇਹ ਦੇਖਣ ਲਈ ਕਿ ਸਾਰਿਆਂ ਲੋਕਾਂ ਦੇ ਦਿਲਾਂ ਵਿਚ ਪਰਾਦੀਸ ਲਈ ਤਾਂਘ ਦਰਅਸਲ ਕਿੰਨੀ ਡੂੰਘੀ ਹੈ, ਅਸੀਂ ਤੁਹਾਨੂੰ ਇਤਿਹਾਸ ਦੇ ਕੁਝ ਬਾਗ਼ਾਂ ਦੀ “ਸੈਰ ਕਰਨ” ਦਾ ਸੱਦਾ ਦਿੰਦੇ ਹਾਂ।