ਇੰਕਾ ਨੇ ਆਪਣਾ ਸੁਨਹਿਰਾ ਸਾਮਰਾਜ ਕਿਵੇਂ ਗੁਆਇਆ
ਪੀਰੂ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਕ ਨਵਾਂ ਦਿਨ। ਬਰਫ਼ ਨਾਲ ਢਕੇ ਐਂਡੀਜ਼ ਪਹਾੜ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੀ ਹਲਕੀ ਗੁਲਾਬੀ ਰੌਸ਼ਨੀ ਨਾਲ ਰੰਗੇ ਹੋਏ ਸਨ। ਤੜਕੇ ਉੱਠਣ ਵਾਲੇ ਇੰਡੀਅਨਾਂ ਨੇ ਸੂਰਜ ਦੀ ਗਰਮੀ ਦਾ ਆਨੰਦ ਲਿਆ, ਅਤੇ 4,300 ਮੀਟਰ ਦੀ ਉਚਾਈ ਤੇ ਠੰਢੀ ਰਾਤ ਦੇ ਪਾਲੇ ਨੂੰ ਦੂਰ ਕੀਤਾ। ਹੌਲੀ-ਹੌਲੀ, ਸੂਰਜ ਦੀਆਂ ਕਿਰਨਾਂ ਨੇ ਇੰਕਾ ਸਾਮਰਾਜ ਦੀ ਰਾਜਧਾਨੀ, ਕੁਜ਼ਕੋ (ਭਾਵ “ਦੁਨੀਆਂ ਦਾ ਕੇਂਦਰ”) ਦੇ ਗੱਭੇ ਸੂਰਜ-ਦੇਵਤੇ ਦੇ ਮੰਦਰ ਨੂੰ ਘੇਰ ਲਿਆ। ਸੁਨਹਿਰੀ ਕੰਧਾਂ ਸੂਰਜ ਦੀਆਂ ਕਿਰਨਾਂ ਨਾਲ ਲਿਸ਼ਕੀਆਂ। ਮੰਦਰ ਸਾਮ੍ਹਣੇ ਇੰਕਾa ਦੇ ਬਾਗ਼ ਵਿਚ ਸੁੱਚੇ ਸੋਨੇ ਨਾਲ ਬਣੀਆਂ ਲਾਮੇ, ਵਿਕੂਨਾ, ਅਤੇ ਗਿਲਝਾਂ ਦੀਆਂ ਮੂਰਤੀਆਂ ਚਮਕੀਆਂ। ਰਾਹੀ ਆਪਣੇ ਦੇਵਤੇ, ਸੂਰਜ, ਦੀ ਪੂਜਾ ਵਿਚ ਆਕਾਸ਼ ਵੱਲ ਚੁੰਮਣ ਸੁੱਟਦੇ ਸਨ। ਉਹ ਜੀਉਂਦੇ ਹੋਣ ਅਤੇ ਸੂਰਜ-ਦੇਵਤੇ ਦੁਆਰਾ ਬਖ਼ਸ਼ੇ ਜਾਣ ਲਈ ਕਿੰਨੇ ਸ਼ੁਕਰਗੁਜ਼ਾਰ ਸਨ, ਜਿਸ ਨੂੰ ਉਹ ਆਪਣਾ ਅੰਨਦਾਤਾ ਮੰਨਦੇ ਸਨ!
ਚੌਦ੍ਹਵੀਂ ਅਤੇ ਸੋਲ੍ਹਵੀਂ ਸਦੀ ਦੇ ਦਰਮਿਆਨ, ਦੱਖਣੀ ਅਮਰੀਕਾ ਦੇ ਪੱਛਮੀ ਕਿਨਾਰੇ ਤੇ ਇਕ ਮਹਾਨ ਸੁਨਹਿਰਾ ਸਾਮਰਾਜ ਹਕੂਮਤ ਕਰਦਾ ਸੀ। ਉਸਾਰੀ ਅਤੇ ਤਕਨੀਕੀ ਮਾਹਰਾਂ ਦੇ ਅਧੀਨ, ਇੰਕਾ ਲੋਕ ਆਪਣੇ ਆਪ ਨੂੰ ਸਮਾਜਕ ਤੌਰ ਤੇ ਬਿਹਤਰ ਬਣਾਉਣ ਲਈ ਸੰਗਠਿਤ ਸਨ। ਇੰਕਾ ਦੇ ਸ਼ਾਨਦਾਰ ਸਾਮਰਾਜ ਨੇ ਆਪਣੀਆਂ ਹੱਦਾਂ ਤਕਰੀਬਨ 5,000 ਕਿਲੋਮੀਟਰ ਤਕ ਫੈਲਾਈਆਂ, ਜੋ ਵਰਤਮਾਨ-ਦਿਨ ਦੇ ਕੋਲੰਬੀਆ ਦੇ ਦੱਖਣੀ ਭਾਗ ਤੋਂ ਲੈ ਕੇ ਅਰਜਨਟੀਨਾ ਤਕ ਪਹੁੰਚਦੀਆਂ ਹਨ। ਅਸਲ ਵਿਚ, “ਇੰਕਾ ਸੋਚਦੇ ਸਨ ਕਿ ਲਗਭਗ ਸਾਰੀ ਦੁਨੀਆਂ ਉਨ੍ਹਾਂ ਦੇ ਵੱਸ ਵਿਚ ਸੀ।” (ਨੈਸ਼ਨਲ ਜੀਓਗਰਾਫਿਕ) ਉਹ ਵਿਸ਼ਵਾਸ ਕਰਦੇ ਸਨ ਕਿ ਉਨ੍ਹਾਂ ਦੇ ਸਾਮਰਾਜ ਦੀਆਂ ਹੱਦਾਂ ਤੋਂ ਪਾਰ, ਹੋਰ ਕੋਈ ਜਗ੍ਹਾ ਕਬਜ਼ਾ ਕਰਨ ਦੇ ਯੋਗ ਨਹੀਂ ਸੀ। ਲੇਕਿਨ, ਬਾਕੀ ਦੀ ਦੁਨੀਆਂ ਜਾਣਦੀ ਵੀ ਨਹੀਂ ਸੀ ਕਿ ਇਹ ਸਾਮਰਾਜ ਸੀ ਜਾਂ ਨਹੀਂ।
ਇੰਕਾ ਕੌਣ ਸਨ? ਉਨ੍ਹਾਂ ਦਾ ਆਰੰਭ ਕਿੱਥੋਂ ਹੋਇਆ?
ਇੰਕਾ ਤੋਂ ਪਹਿਲਾਂ ਕੌਣ ਸਨ?
ਪੁਰਾਤੱਤਵੀ ਲੱਭਤਾਂ ਦਿਖਾਉਂਦੀਆਂ ਹਨ ਕਿ ਇੰਕਾ ਇਸ ਮਹਾਂਦੀਪ ਦੇ ਮੁਢਲੇ ਨਿਵਾਸੀ ਨਹੀਂ ਸਨ। ਦੂਸਰੇ ਤਰੱਕੀਯਾਫਤਾ ਸਭਿਆਚਾਰ ਇਨ੍ਹਾਂ ਤੋਂ ਸੈਂਕੜਿਆਂ ਸਾਲਾਂ ਤੋਂ ਲੈ ਕੇ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸਨ। ਪੁਰਾਤੱਤਵ-ਵਿਗਿਆਨੀਆਂ ਦੁਆਰਾ ਇਹ ਲਾਮਬਾਯੇਕੇ, ਚਾਵੀਨ, ਮੋਚੀਕਾ, ਚੀਮੂ, ਅਤੇ ਟੀਆਵਾਨਾਕੋ ਸਭਿਆਚਾਰਾਂ ਵਜੋਂ ਵਰਗੀਕ੍ਰਿਤ ਕੀਤੇ ਗਏ ਹਨ।
ਇਹ ਮੁਢਲੇ ਸਮੂਹ ਕਈ ਕਿਸਮ ਦੇ ਜਾਨਵਰਾਂ ਨੂੰ ਪੂਜਦੇ ਸਨ—ਜੈਗੂਅਰ, ਬਾਘ, ਅਤੇ ਮੱਛੀਆਂ ਨੂੰ ਵੀ। ਉਨ੍ਹਾਂ ਵਿਚਕਾਰ ਪਹਾੜੀ ਦੇਵਤਿਆਂ ਲਈ ਸ਼ਰਧਾ ਵੀ ਕਾਫ਼ੀ ਆਮ ਸੀ। ਉਨ੍ਹਾਂ ਦੇ ਮਿੱਟੀ ਦੇ ਭਾਂਡਿਆਂ ਤੋਂ ਪਤਾ ਲੱਗਦਾ ਹੈ ਕਿ ਕੁਝ ਕਬੀਲੇ ਲਿੰਗ-ਪੂਜਾ ਕਰਦੇ ਸਨ। ਪੀਰੂ ਅਤੇ ਬੋਲੀਵੀਆ ਦੀ ਸਰਹੱਦ ਤੇ ਟੀਟੀਕਾਕਾ ਝੀਲ ਦੇ ਲਾਗੇ, ਇਕ ਕਬੀਲੇ ਨੇ ਮੰਦਰ ਉਸਾਰਿਆ ਜਿਸ ਵਿਚ ਲਿੰਗ-ਪ੍ਰਤੀਕ ਰੱਖੇ ਗਏ ਸਨ, ਜੋ ਪਾਚਾ-ਮਾਮਾ, ਭਾਵ “ਧਰਤੀ ਮਾਤਾ” ਤੋਂ ਚੰਗੀ ਫ਼ਸਲ ਪ੍ਰਾਪਤ ਕਰਨ ਲਈ, ਉਪਜਾਇਕਤਾ ਰਸਮਾਂ ਵਿਚ ਪੂਜੇ ਜਾਂਦੇ ਸਨ।
ਮਿਥ ਅਤੇ ਸੱਚਾਈ
ਇੰਕਾ ਲੋਕ ਲਗਭਗ ਸਾਲ 1200 ਵਿਚ ਪ੍ਰਗਟ ਹੋਏ ਸਨ। ਇਕ ਇੰਕਾ ਰਾਜਕੁਮਾਰੀ ਅਤੇ ਇਕ ਸਪੇਨੀ ਬਹਾਦਰ ਅਤੇ ਜ਼ਮੀਂਦਾਰ ਦੇ ਪੁੱਤਰ, ਬਿਰਤਾਂਤਕਾਰ ਗਾਰਥੀਲਾਸੋ ਦੇ ਲਾ ਬੇਗਾ ਦੇ ਅਨੁਸਾਰ, ਮਿਥ ਵਿਚ ਪਹਿਲਾ ਇੰਕਾ, ਮਾਂਕੋ ਕਾਪਾਕ, ਆਪਣੇ ਪਿਤਾ, ਅਥਵਾ ਸੂਰਜ-ਦੇਵਤੇ ਦੁਆਰਾ ਟੀਟੀਕਾਕਾ ਝੀਲ ਨੂੰ ਆਪਣੀ ਭੈਣ/ਲਾੜੀ ਦੇ ਨਾਲ ਧਰਤੀ ਉੱਤੇ ਭੇਜਿਆ ਗਿਆ ਸੀ, ਤਾਂਕਿ ਉਹ ਸਾਰਿਆਂ ਲੋਕਾਂ ਨੂੰ ਸੂਰਜ ਦੀ ਪੂਜਾ ਵਿਚ ਲਗਾਏ। ਅੱਜ, ਇਹ ਕਹਾਣੀ ਕੁਝ ਸਕੂਲਾਂ ਵਿਚ ਬੱਚਿਆਂ ਨੂੰ ਹਾਲੇ ਵੀ ਸੁਣਾਈ ਜਾਂਦੀ ਹੈ।
ਲੇਕਿਨ, ਮਿਥ ਤੋਂ ਇਲਾਵਾ, ਸੰਭਵ ਹੈ ਕਿ ਇੰਕਾ ਲੋਕ ਟੀਟੀਕਾਕਾ ਝੀਲ ਦੇ ਇਕ ਕਬੀਲੇ, ਅਥਵਾ ਟੀਆਵਾਨਾਕੋ ਲੋਕਾਂ, ਵਿੱਚੋਂ ਨਿਕਲੇ। ਹੌਲੀ-ਹੌਲੀ, ਫੈਲ ਰਹੇ ਸਾਮਰਾਜ ਨੇ ਜਿੱਤੇ ਹੋਏ ਕਬੀਲਿਆਂ ਦੀਆਂ ਕਈ ਬਾਤਰਤੀਬ ਕਾਰੀਗਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ, ਅਤੇ ਬਣੀਆਂ ਹੋਈਆਂ ਨਹਿਰਾਂ ਅਤੇ ਸੀੜ੍ਹੀਦਾਰ ਖੇਤਾਂ ਨੂੰ ਹੋਰ ਵਧਾਇਆ ਅਤੇ ਸੁਧਾਰਿਆ। ਵਿਸ਼ਾਲ ਇਮਾਰਤਾਂ ਖੜ੍ਹੀਆਂ ਕਰਨ ਵਿਚ ਇੰਕਾ ਲੋਕ ਮਾਹਰ ਸਨ। ਇਸ ਬਾਰੇ ਕਾਫ਼ੀ ਅਲੱਗ-ਅਲੱਗ ਵਿਚਾਰ ਹਨ ਕਿ ਉਨ੍ਹਾਂ ਦੇ ਭਵਨ-ਨਿਰਮਾਣਕਰਤਾ ਸਾਕਸਾਵਾਮਾਨ ਦੇ ਕਿਲੇ ਅਤੇ ਮੰਦਰ ਨੂੰ ਕਿਸ ਤਰ੍ਹਾਂ ਬਣਾ ਸਕੇ, ਜੋ ਕੁਜ਼ਕੋ ਸ਼ਹਿਰ ਦੇ ਉੱਪਰ ਇਕ ਉੱਚੇ ਪਠਾਰ ਤੇ ਸਥਿਤ ਹੈ। ਸੌ-ਸੌ ਟਨ ਦੀਆਂ ਇਕ-ਪੱਥਰੀ ਲਾਠਾਂ ਇਕੱਠੀਆਂ ਰੱਖੀਆਂ ਗਈਆਂ ਸਨ। ਇਨ੍ਹਾਂ ਨੂੰ ਜੋੜਨ ਲਈ ਕੋਈ ਸੀਮਿੰਟ ਨਹੀਂ ਇਸਤੇਮਾਲ ਕੀਤਾ ਗਿਆ ਸੀ। ਕੁਜ਼ਕੋ ਦੇ ਪ੍ਰਾਚੀਨ ਸ਼ਹਿਰ ਦੀਆਂ ਕੰਧਾਂ ਦੇ ਫਿਟ ਕੀਤੇ ਪੱਥਰਾਂ ਉੱਤੇ ਭੁਚਾਲਾਂ ਦਾ ਘੱਟ ਹੀ ਅਸਰ ਪਿਆ।
ਸੂਰਜ-ਦੇਵਤੇ ਦਾ ਚਮਕਦਾ ਮੰਦਰ
ਕੁਜ਼ਕੋ ਦੇ ਸ਼ਾਹੀ ਸ਼ਹਿਰ ਵਿਚ, ਇੰਕਾ ਨੇ ਮੁਲਾਇਮ ਪੱਥਰਾਂ ਦੇ ਮੰਦਰ ਵਿਚ ਸੂਰਜ ਦੀ ਪੂਜਾ ਲਈ ਇਕ ਜਾਜਕਾਈ ਦਾ ਪ੍ਰਬੰਧ ਕੀਤਾ। ਅੰਦਰਲੀਆਂ ਕੰਧਾਂ ਸੁੱਚੇ ਸੋਨੇ ਅਤੇ ਚਾਂਦੀ ਦੇ ਨਾਲ ਸਜਾਈਆਂ ਗਈਆਂ ਸਨ। ਜਾਜਕਾਈ ਦੇ ਨਾਲ-ਨਾਲ, ਖ਼ਾਸ ਆਸ਼ਰਮ ਵੀ ਬਣਾਏ ਗਏ ਸਨ, ਜਿਵੇਂ ਕਿ ਲੀਮਾ ਸ਼ਹਿਰ ਤੋਂ ਬਾਹਰ ਹੀ ਸਥਿਤ ਪਾਚਾਕਾਮਾਕ ਦੇ ਸੂਰਜ ਮੰਦਰ ਵਿਚ ਮੁੜ ਉਸਾਰਿਆ ਗਿਆ ਨਾਰੀ-ਆਸ਼ਰਮ। ਅੱਠ ਸਾਲ ਜਿੰਨੀ ਛੋਟੀ ਉਮਰ ਦੀਆਂ ਬਹੁਤ ਹੀ ਖੂਬਸੂਰਤ ਕੁਆਰੀਆਂ ਨੂੰ ‘ਸੂਰਜ ਦੀਆਂ ਕੁਆਰੀਆਂ’ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਸੀ। ਪੁਰਾਤੱਤਵੀ ਸਬੂਤ ਸੰਕੇਤ ਕਰਦਾ ਹੈ ਕਿ ਇੰਕਾ ਲੋਕ ਮਾਨਵੀ ਬਲੀਦਾਨ ਵੀ ਚੜ੍ਹਾਉਂਦੇ ਸਨ। ਉਨ੍ਹਾਂ ਨੇ ਆਪੁਸ, ਜਾਂ ਪਹਾੜੀ ਦੇਵਤਿਆਂ ਨੂੰ ਬੱਚਿਆਂ ਦੀਆਂ ਬਲੀਆਂ ਚੜ੍ਹਾਈਆਂ। ਬਰਫ਼ ਵਿਚ ਜੰਮੀਆਂ ਹੋਈਆਂ ਬੱਚਿਆਂ ਦੀਆਂ ਕਈ ਲਾਸ਼ਾਂ ਐਂਡੀਜ਼ ਦੀਆਂ ਟੀਸੀਆਂ ਉੱਤੇ ਮਿਲੀਆਂ ਹਨ।
ਭਾਵੇਂ ਕਿ ਇੰਕਾ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਕਬੀਲੇ ਲਿਖਣਾ ਨਹੀਂ ਜਾਣਦੇ ਸੀ, ਉਨ੍ਹਾਂ ਨੇ ਕੀਪੂ ਨਾਂ ਦੇ ਇਕ ਯੰਤਰ ਦੀ ਵਰਤੋਂ ਦੁਆਰਾ ਰਿਕਾਰਡ ਰੱਖਣ ਦਾ ਤਰੀਕਾ ਲੱਭਿਆ। ਇਹ “ਇਕ ਵੱਡੀ ਡੋਰੀ ਦਾ ਬਣਿਆ ਯੰਤਰ ਸੀ ਜਿਸ ਨਾਲ ਛੋਟੀਆਂ ਰੰਗ-ਬਰੰਗੀਆਂ ਡੋਰੀਆਂ ਜੋੜੀਆਂ ਅਤੇ ਗੰਢੀਆਂ ਗਈਆਂ ਸਨ” ਅਤੇ ਇਸ ਨੂੰ ਸੂਚੀਆਂ ਅਤੇ ਰਿਕਾਰਡਾਂ ਨੂੰ ਸਾਂਭਣ ਵਾਲੇ ਨਿਯੁਕਤ ਵਿਅਕਤੀਆਂ ਲਈ ਇਕ ਯਾਦਾਸ਼ਤ ਸਹਾਇਕ ਸਾਧਨ ਵਜੋਂ “ਪੀਰੂ ਦੇ ਪ੍ਰਾਚੀਨ ਲੋਕਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਸੀ।”—ਵੈਬਸਟਰਸ ਨਾਇੰਥ ਨਿਊ ਕੌਲੀਜੀਏਟ ਡਿਕਸ਼ਨਰੀ।
ਸਾਮਰਾਜ ਕਿਸ ਤਰ੍ਹਾਂ ਇਕਮੁੱਠ ਰੱਖਿਆ ਗਿਆ?
ਸਖ਼ਤ ਕਾਨੂੰਨਾਂ ਅਤੇ ਯੋਜਨਾਬੱਧ ਰਣਨੀਤੀ ਨੇ ਇੱਕੋ ਕੇਂਦਰੀ ਸਰਕਾਰ ਨੂੰ ਪਕਿਆਈ ਨਾਲ ਸਥਾਪਿਤ ਕੀਤਾ। ਪਹਿਲੀ ਮੰਗ ਇਹ ਸੀ ਕਿ ਸਾਰੇ ਲੋਕ ਇੰਕਾ ਦੀ ਕੇਚੂਆ ਭਾਸ਼ਾ ਸਿੱਖਣ। ਕਿਤਾਬ ਏਲ ਕੇਚੂਆ ਆਲ ਆਲਕਾਂਸੇ ਡੇ ਟੋਡੋਸ (ਸਾਰਿਆਂ ਦੀ ਪਹੁੰਚ ਵਿਚ ਕੇਚੂਆ) ਕਹਿੰਦੀ ਹੈ ਕਿ, “ਕੇਚੂਆ ਦੱਖਣੀ ਅਮਰੀਕਾ ਦੀਆਂ ਉਪਭਾਸ਼ਾਵਾਂ ਵਿੱਚੋਂ ਸਭ ਤੋਂ ਸਰਬਪੱਖੀ, ਸਭ ਤੋਂ ਵਿਵਿਧ, ਨਾਲੇ ਸਭ ਤੋਂ ਸੁੰਦਰ” ਮੰਨੀ ਜਾਂਦੀ ਹੈ। ਇਹ ਹਾਲੇ ਵੀ ਪੀਰੂ ਦੇ ਪਹਾੜਾਂ ਵਿਚ ਲਗਭਗ 50 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਉਨ੍ਹਾਂ ਪੰਜ ਦੇਸ਼ਾਂ ਦੇ ਹੋਰ ਲੱਖਾਂ ਲੋਕਾਂ ਦੁਆਰਾ ਵੀ ਜੋ ਇਕ ਸਮੇਂ ਤੇ ਇਸ ਸਾਮਰਾਜ ਦਾ ਹਿੱਸਾ ਹੁੰਦੇ ਸਨ। ਟੀਟੀਕਾਕਾ ਝੀਲ ਦੇ ਦੱਖਣ-ਪੂਰਬੀ ਪਾਸੇ ਦਾ ਇਕ ਸਮੂਹ ਹਾਲੇ ਵੀ ਆਈਮਰਾ ਭਾਸ਼ਾ ਬੋਲਦਾ ਹੈ, ਜੋ ਕਿ ਪੂਰਵ-ਇੰਕਾ ਸਮਿਆਂ ਦੀ ਕੇਚੂਆ ਭਾਸ਼ਾ ਤੋਂ ਆਈ ਹੈ।
ਕੇਚੂਆ ਭਾਸ਼ਾ ਦੀ ਵਰਤੋਂ ਨੇ ਕਬਜ਼ਾ ਕੀਤੇ ਹੋਏ ਲਗਭਗ 100 ਕਬੀਲਿਆਂ ਨੂੰ ਇਕਮੁੱਠ ਕੀਤਾ ਅਤੇ ਇਹ ਪਿੰਡ ਦੇ ਕੂਰਾਕਾ (ਸਰਦਾਰ) ਲਈ ਸਹਾਇਕ ਸੀ, ਜੋ ਹਰੇਕ ਸਮੂਹ ਉੱਤੇ ਰਾਜ ਕਰਦਾ ਸੀ। ਖੇਤੀ ਕਰਨ ਲਈ ਹਰੇਕ ਪਰਿਵਾਰ ਲਈ ਜ਼ਮੀਨ ਮੁਕੱਰਰ ਕੀਤੀ ਗਈ ਸੀ। ਕਬੀਲਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ, ਇੰਕਾ ਨੇ ਸਥਾਨਕ ਕਬਾਇਲੀ ਨਾਚਾਂ ਤੇ ਮੇਲਿਆਂ ਨੂੰ ਜਾਰੀ ਰਹਿਣ ਦਿੱਤਾ ਅਤੇ ਅਧੀਨ ਕੀਤੇ ਲੋਕਾਂ ਨੂੰ ਖ਼ੁਸ਼ ਰੱਖਣ ਲਈ ਨਾਟਕਾਂ ਅਤੇ ਖੇਡਾਂ ਦਾ ਇੰਤਜ਼ਾਮ ਕੀਤਾ।
ਮੀਟਾ ਕਰ
ਪੂਰੇ ਸਾਮਰਾਜ ਵਿਚ ਕੋਈ ਮੁਦਰਾ-ਪ੍ਰਬੰਧ ਨਹੀਂ ਸੀ, ਜਿਸ ਦਾ ਮਤਲਬ ਸੀ ਕਿ ਲੋਕਾਂ ਵਾਸਤੇ ਸੋਨੇ ਦੀ ਕੋਈ ਕੀਮਤ ਨਹੀਂ ਸੀ। ਸੂਰਜ ਦਾ ਲਿਸ਼ਕਾਰਾ ਦੇਣ ਕਰਕੇ ਹੀ ਇਹ ਲੋਕਾਂ ਨੂੰ ਮਨਮੋਹਕ ਲੱਗਾ। ਲੋਕਾਂ ਉੱਤੇ ਕੇਵਲ ਇੱਕੋ ਕਰ ਲਾਇਆ ਗਿਆ ਸੀ, ਅਥਵਾ ਮੀਟਾ (ਕੇਚੂਆ, “ਵਾਰੀ”), ਜੋ ਮੰਗ ਕਰਦਾ ਸੀ ਕਿ ਇੰਕਾ ਦੀਆਂ ਸੜਕਾਂ ਅਤੇ ਉਸਾਰੀ ਕੰਮਾਂ ਲਈ ਨਾਗਰਿਕ ਜਬਰੀ ਮਜ਼ਦੂਰੀ ਵਿਚ ਵਾਰੀ ਲਾਉਣ। ਇਸ ਤਰ੍ਹਾਂ ਹਜ਼ਾਰਾਂ ਹੀ ਇੰਡੀਅਨ ਕਾਮਿਆਂ ਨੂੰ ਕਾਨੂੰਨ ਅਨੁਸਾਰ ਭਰਤੀ ਕੀਤਾ ਗਿਆ ਸੀ।
ਮੀਟਾ ਕਾਮਿਆਂ ਨੂੰ ਕੰਮ ਵਿਚ ਲਗਾ ਕੇ, ਇੰਕਾ ਦੇ ਮਾਹਰ ਕਾਰੀਗਰਾਂ ਨੇ ਸੜਕਾਂ ਦਾ 24,000 ਕਿਲੋਮੀਟਰਾਂ ਤੋਂ ਜ਼ਿਆਦਾ ਲੰਬਾ ਜਾਲ ਵਿਛਾਇਆ! ਕੁਜ਼ਕੋ ਤੋਂ ਸ਼ੁਰੂ ਹੁੰਦਿਆਂ, ਸਾਮਰਾਜ ਦੀਆਂ ਦੂਰ-ਦੂਰ ਦੀਆਂ ਥਾਵਾਂ ਨੂੰ ਜੋੜਨ ਲਈ, ਇੰਕਾ ਨੇ ਪੱਥਰਾਂ ਦੀਆਂ ਬਣੀਆਂ ਸੜਕਾਂ ਦਾ ਪ੍ਰਬੰਧ ਬਣਾਇਆ। ਚਾਸਕੀ ਨਾਂ ਦੇ ਸਿੱਖਿਅਤ ਸੰਦੇਸ਼ਵਾਹਕ ਦੌੜਾਕਾਂ ਨੇ ਇਨ੍ਹਾਂ ਨੂੰ ਇਸਤੇਮਾਲ ਕੀਤਾ। ਉਹ ਲਗਭਗ ਇਕ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਬਣਾਈਆਂ ਗਈਆਂ ਝੌਂਪੜੀਆਂ ਵਿਚ ਤਾਇਨਾਤ ਕੀਤੇ ਜਾਂਦੇ ਸਨ। ਇਕ ਚਾਸਕੀ ਦੇ ਸੰਦੇਸ਼ ਲੈ ਕੇ ਪਹੁੰਚਣ ਤੇ, ਅਗਲਾ ਚਾਸਕੀ, ਇਕ ਰਿਲੇ ਦੌੜਾਕ ਵਾਂਗ, ਉਸ ਦੇ ਨਾਲ-ਨਾਲ ਦੌੜਨਾ ਸ਼ੁਰੂ ਕਰ ਦਿੰਦਾ ਸੀ। ਇਸ ਤਰੀਕੇ ਨੂੰ ਇਸਤੇਮਾਲ ਕਰਦਿਆਂ, ਉਹ ਇਕ ਦਿਨ ਵਿਚ 240 ਕਿਲੋਮੀਟਰ ਦਾ ਫ਼ਾਸਲਾ ਤੈਅ ਕਰ ਲੈਂਦੇ ਸਨ। ਥੋੜ੍ਹੇ ਹੀ ਸਮੇਂ ਵਿਚ ਇੰਕਾ ਸਮਰਾਟ ਨੂੰ ਆਪਣੇ ਪੂਰੇ ਸਾਮਰਾਜ ਤੋਂ ਰਿਪੋਰਟਾਂ ਮਿਲ ਜਾਂਦੀਆਂ ਸਨ।
ਸੜਕਾਂ ਦੇ ਪਾਸਿਆਂ ਤੇ, ਇੰਕਾ ਨੇ ਵੱਡੇ-ਵੱਡੇ ਗੁਦਾਮ ਬਣਾਏ ਸਨ। ਜਦੋਂ ਇੰਕਾ ਦੀਆਂ ਫ਼ੌਜਾਂ ਦੂਸਰਿਆਂ ਉੱਤੇ ਕਬਜ਼ਾ ਕਰਨ ਲਈ ਜਾਂਦੀਆਂ ਸਨ ਇਹ ਉਨ੍ਹਾਂ ਦੀ ਵਰਤੋਂ ਲਈ ਖਾਣੇ ਅਤੇ ਕੱਪੜਿਆਂ ਨਾਲ ਭਰੇ ਰੱਖੇ ਜਾਂਦੇ ਸਨ। ਜਦੋਂ ਸੰਭਵ ਹੁੰਦਾ, ਇੰਕਾ ਲੜਾਈ ਤੋਂ ਪਰਹੇਜ਼ ਕਰਦਾ ਸੀ। ਰਣਨੀਤੀ ਇਸਤੇਮਾਲ ਕਰ ਕੇ, ਉਹ ਕਬੀਲਿਆਂ ਨੂੰ ਉਸ ਦੇ ਰਾਜ ਅਧੀਨ ਹੋਣ ਦਾ ਸੱਦਾ ਦੇਣ ਲਈ ਏਲਚੀਆਂ ਨੂੰ ਭੇਜਦਾ ਸੀ, ਇਸ ਸ਼ਰਤ ਤੇ ਕਿ ਉਹ ਸੂਰਜ ਦੀ ਪੂਜਾ ਕਰਨ। ਜੇ ਉਨ੍ਹਾਂ ਨੇ ਸੱਦਾ ਸਵੀਕਾਰ ਕੀਤਾ, ਤਾਂ ਉਨ੍ਹਾਂ ਨੂੰ, ਇੰਕਾ ਉਸਤਾਦਾਂ ਦੇ ਨਿਰਦੇਸ਼ਨ ਅਧੀਨ, ਆਪਣੇ-ਆਪਣੇ ਕਬੀਲੇ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਜੇ ਉਨ੍ਹਾਂ ਨੇ ਇਨਕਾਰ ਕੀਤਾ, ਤਾਂ ਉਹ ਬੇਰਹਿਮ ਲੜਾਈ ਦੇ ਸ਼ਿਕਾਰ ਬਣ ਜਾਂਦੇ ਸਨ। ਮਰੇ ਵੈਰੀਆਂ ਦੀਆਂ ਖੋਪਰੀਆਂ ਨੂੰ ਪਿਆਲਿਆਂ ਵਜੋਂ ਇਸਤੇਮਾਲ ਕਰਦੇ ਹੋਏ, ਇੰਕਾ ਉਨ੍ਹਾਂ ਵਿਚ ਚੀਚਾ, ਅਰਥਾਤ ਮੱਕੀ ਤੋਂ ਬਣੀ ਨਸ਼ੇਦਾਰ ਬੀਅਰ ਪੀਂਦੇ ਸਨ।
ਨੌਵੇਂ ਇੰਕਾ, ਪਾਚਾਕੂਟੀ (1438 ਤੋਂ ਅਗਾਂਹ), ਉਸ ਦੇ ਪੁੱਤਰ ਟੋਪਾ ਇੰਕਾ ਯੂਪਾਂਕੀ, ਅਤੇ ਵਿਜੇਤਾ-ਸਿਆਸਤਦਾਨ ਵਾਈਨਾ ਕਾਪਾਕ ਦੇ ਅਧੀਨ, ਸਾਮਰਾਜ ਨੇ ਆਪਣੀਆਂ ਸਰਹੱਦਾਂ ਨੂੰ ਤੇਜ਼ੀ ਨਾਲ ਵਧਾਇਆ ਅਤੇ ਉੱਤਰ ਤੋਂ ਦੱਖਣ ਵੱਲ ਆਪਣੇ ਵਿਸਤਾਰ ਦੇ ਸਿਖਰ ਤੇ ਪਹੁੰਚਿਆ। ਪਰੰਤੂ ਇਹ ਇਸ ਤਰ੍ਹਾਂ ਨਹੀਂ ਰਿਹਾ।
ਉੱਤਰ ਵੱਲੋਂ ਹਮਲਾਵਰ
ਲਗਭਗ ਸਾਲ 1530 ਵਿਚ, ਸਪੇਨੀ ਵਿਜੇਤਾ ਫ਼ਰਾਂਸਿਸਕੋ ਪਿਜ਼ਾਰੋ ਅਤੇ ਉਸ ਦੇ ਫ਼ੌਜੀ ਪਨਾਮਾ ਤੋਂ ਆਏ। ਉਹ ਇਸ ਅਣਜਾਣੇ ਦੇਸ਼ ਦੇ ਸੋਨੇ ਦੀਆਂ ਕਹਾਣੀਆਂ ਸੁਣ ਕੇ ਲੁਭਾਏ ਗਏ ਸਨ ਜਿਸ ਵਿਚ ਹੁਣ ਘਰੇਲੂ ਯੁੱਧ ਕਾਰਨ ਫੁੱਟ ਪਈ ਹੋਈ ਸੀ। ਰਾਜ-ਗੱਦੀ ਦਾ ਕਾਨੂੰਨੀ ਵਾਰਸ, ਰਾਜਕੁਮਾਰ ਵਾਸਕਾਰ, ਆਪਣੇ ਮਤਰੇਏ ਭਰਾ ਆਟਾਵਾਲਪਾ ਦੁਆਰਾ ਹਰਾਇਆ ਅਤੇ ਕੈਦ ਕੀਤਾ ਗਿਆ ਸੀ, ਜੋ ਰਾਜਧਾਨੀ ਵੱਲ ਵੱਧ ਰਿਹਾ ਸੀ।
ਅੰਦਰੂਨੀ ਸ਼ਹਿਰ ਕਾਹਾਮਾਰਕਾ ਤਕ ਇਕ ਔਖੇ ਸਫ਼ਰ ਤੋਂ ਬਾਅਦ, ਪਿਜ਼ਾਰੋ ਅਤੇ ਉਸ ਦੇ ਆਦਮੀਆਂ ਦਾ ਹੜੱਪੂ ਆਟਾਵਾਲਪਾ ਦੁਆਰਾ ਚੰਗਾ ਸੁਆਗਤ ਕੀਤਾ ਗਿਆ ਸੀ। ਪਰੰਤੂ, ਧੋਖੇ ਨਾਲ ਸਪੇਨੀ ਉਸ ਨੂੰ ਉਸ ਦੀ ਪਾਲਕੀ ਵਿੱਚੋਂ ਘੜੀਸ ਕੇ ਉਸ ਨੂੰ ਕੈਦੀ ਬਣਾਉਣ ਵਿਚ ਸਫ਼ਲ ਹੋਏ, ਜਦ ਕਿ ਉਸ ਹੀ ਸਮੇਂ ਉਨ੍ਹਾਂ ਨੇ ਉਸ ਦੀਆਂ ਹੈਰਾਨ ਅਤੇ ਨਾ-ਤਿਆਰ ਫ਼ੌਜਾਂ ਵਿੱਚੋਂ ਹਜ਼ਾਰਾਂ ਦਾ ਕਤਲਾਮ ਕੀਤਾ।
ਫਿਰ ਵੀ, ਕੈਦੀ ਹੁੰਦੇ ਹੋਏ ਵੀ, ਆਟਾਵਾਲਪਾ ਨੇ ਘਰੇਲੂ ਯੁੱਧ ਜਾਰੀ ਰੱਖਿਆ। ਉਸ ਨੇ ਆਪਣੇ ਮਤਰੇਏ ਭਰਾ ਇੰਕਾ ਵਾਸਕਾਰ ਨੂੰ ਅਤੇ ਸ਼ਾਹੀ ਪਰਿਵਾਰ ਦੇ ਸੈਂਕੜਿਆਂ ਮੈਂਬਰਾਂ ਨੂੰ ਮਾਰਨ ਲਈ ਕੁਜ਼ਕੋ ਨੂੰ ਏਲਚੀ ਭੇਜੇ। ਅਣਜਾਣਪੁਣੇ ਵਿਚ, ਉਸ ਨੇ ਕਬਜ਼ਾ ਕਰਨ ਦੀ ਪਿਜ਼ਾਰੋ ਦੀ ਯੋਜਨਾ ਨੂੰ ਹੋਰ ਆਸਾਨ ਬਣਾ ਦਿੱਤਾ।
ਸੋਨੇ ਚਾਂਦੀ ਲਈ ਸਪੇਨੀਆਂ ਦਾ ਲਾਲਚ ਦੇਖ ਕੇ, ਆਟਾਵਾਲਪਾ ਨੇ ਆਪਣੀ ਰਿਹਾਈ ਦੇ ਬਦਲੇ ਫਿਰੌਤੀ ਵਜੋਂ ਇਕ ਵੱਡੇ ਕਮਰੇ ਨੂੰ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨਾਲ ਭਰਨ ਦਾ ਵਾਅਦਾ ਕੀਤਾ। ਪਰੰਤੂ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਧੋਖੇਬਾਜ਼ੀ ਇਕ ਵਾਰ ਫਿਰ ਕੀਤੀ ਗਈ! ਵਾਅਦਾ ਕੀਤੀ ਹੋਈ ਫਿਰੌਤੀ ਦਾ ਢੇਰ ਲਾਏ ਜਾਣ ਤੋਂ ਬਾਅਦ, 13ਵੇਂ ਇੰਕਾ ਆਟਾਵਾਲਪਾ, ਜੋ ਕੈਥੋਲਿਕ ਮੱਠਵਾਸੀਆਂ ਦੁਆਰਾ ਮੂਰਤੀ-ਪੂਜਕ ਮੰਨਿਆ ਗਿਆ ਸੀ, ਨੂੰ ਪਹਿਲਾਂ ਇਕ ਕੈਥੋਲਿਕ ਵਜੋਂ ਬਪਤਿਸਮਾ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਘੁੱਟਿਆ ਗਿਆ ਸੀ।
ਅੰਤ ਦੀ ਸ਼ੁਰੂਆਤ
ਆਟਾਵਾਲਪਾ ਦੀ ਗਿਰਫ਼ਤਾਰੀ ਅਤੇ ਕਤਲ ਇੰਕਾ ਸਾਮਰਾਜ ਲਈ ਇਕ ਮਾਰੂ ਚੋਟ ਸੀ। ਪਰੰਤੂ ਇੰਡੀਅਨ ਲੋਕਾਂ ਨੇ ਹਮਲਾਵਰਾਂ ਦਾ ਵਿਰੋਧ ਕੀਤਾ, ਅਤੇ ਸਾਮਰਾਜ ਦਾ ਸੰਘਰਸ਼ ਹੋਰ 40 ਸਾਲਾਂ ਤਕ ਜਾਰੀ ਰਿਹਾ।
ਜਦੋਂ ਹੋਰ ਫ਼ੌਜਾਂ ਪਹੁੰਚੀਆਂ, ਤਾਂ ਪਿਜ਼ਾਰੋ ਅਤੇ ਉਸ ਦੇ ਸਾਰੇ ਫ਼ੌਜੀ ਹੋਰ ਵੀ ਇੰਕਾ ਸੋਨੇ ਨੂੰ ਜ਼ਬਤ ਕਰਨ ਲਈ ਕੁਜ਼ਕੋ ਨੂੰ ਜਾਣ ਲਈ ਉਤਾਵਲੇ ਸਨ। ਇਸ ਤਲਾਸ਼ ਵਿਚ, ਸਪੇਨੀਆਂ ਨੇ ਇੰਡੀਅਨਾਂ ਤੋਂ ਖ਼ਜ਼ਾਨੇ ਦੇ ਰਾਜ਼ਾਂ ਦਾ ਪਤਾ ਕਰਨ ਜਾਂ ਵਿਰੋਧੀਆਂ ਨੂੰ ਧਮਕਾਉਣ ਅਤੇ ਮਾਰਨ ਲਈ ਬਿਨਾਂ ਝਿੱਜਕ ਨਿਰਦਈ ਤਸੀਹਿਆਂ ਨੂੰ ਵਰਤਿਆ।
ਵਾਸਕਾਰ ਦੇ ਭਰਾ ਰਾਜਕੁਮਾਰ ਮਾਂਕੋ II ਦੇ ਨਾਲ, ਜੋ ਅਗਲਾ ਇੰਕਾ (ਮਾਂਕੋ ਇੰਕਾ ਯੂਪਾਂਕੀ) ਬਣਨ ਦਾ ਹੱਕ ਰੱਖਦਾ ਸੀ, ਪਿਜ਼ਾਰੋ ਕੁਜ਼ਕੋ ਵੱਲ ਵਧਿਆ ਅਤੇ ਉੱਥੋਂ ਸੋਨੇ ਦੇ ਸਾਰੇ ਵਿਸ਼ਾਲ ਖ਼ਜ਼ਾਨੇ ਨੂੰ ਲੁੱਟ ਲੈ ਗਿਆ। ਸੋਨੇ ਦੀਆਂ ਜ਼ਿਆਦਾਤਰ ਮੂਰਤੀਆਂ ਨੂੰ ਢਾਲ ਕੇ ਸਪੇਨ ਲਈ ਸੋਨੇ ਦੀਆਂ ਇੱਟਾਂ ਬਣਾਈਆਂ ਗਈਆਂ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੰਗ੍ਰੇਜ਼ ਸਮੁੰਦਰੀ ਲੁਟੇਰੇ ਉਨ੍ਹਾਂ ਸਪੇਨੀ ਜਹਾਜ਼ਾਂ ਨੂੰ ਲੁੱਟਣ ਲਈ ਉਤਸੁਕ ਸਨ ਜਿਨ੍ਹਾਂ ਵਿਚ ਪੀਰੂ ਦੇ ਕੀਮਤੀ ਖ਼ਜ਼ਾਨੇ ਸਨ! ਖਜ਼ਾਨੇ ਨਾਲ ਲੱਦਿਆ, ਪਿਜ਼ਾਰੋ ਸਮੁੰਦਰੀ ਕਿਨਾਰੇ ਵੱਲ ਚੱਲ ਪਿਆ, ਜਿੱਥੇ 1535 ਵਿਚ ਉਸ ਨੇ ਆਪਣੀ ਸਰਕਾਰ ਦੇ ਕੇਂਦਰ ਵਜੋਂ ਲੀਮਾ ਸ਼ਹਿਰ ਸਥਾਪਿਤ ਕੀਤਾ।
ਮਾਂਕੋ ਇੰਕਾ ਯੂਪਾਂਕੀ, ਜੋ ਇਸ ਸਮੇਂ ਵਿਜੇਤਿਆਂ ਦੀ ਲਾਲਚ ਅਤੇ ਧੋਖੇਬਾਜ਼ੀ ਬਾਰੇ ਪੂਰੀ ਤਰ੍ਹਾਂ ਸਚੇਤ ਸੀ, ਨੇ ਇਕ ਬਗਾਵਤ ਆਰੰਭ ਕੀਤੀ। ਦੂਸਰਿਆਂ ਨੇ ਵੀ ਸਪੇਨੀਆਂ ਦੇ ਵਿਰੁੱਧ ਬਗਾਵਤ ਕੀਤੀ, ਪਰ ਆਖ਼ਰਕਾਰ ਇੰਡੀਅਨਾਂ ਨੂੰ ਪਿੱਛੇ ਹੱਟ ਕੇ ਦੂਰੇਡੀਆਂ ਥਾਵਾਂ ਨੂੰ ਭੱਜਣਾ ਪਿਆ ਜਿੱਥੋਂ ਉਨ੍ਹਾਂ ਨੇ ਸੰਭਵ ਹੱਦ ਤਕ ਵਿਰੋਧ ਕੀਤਾ। ਇਨ੍ਹਾਂ ਸੁਰੱਖਿਅਤ ਸਥਾਨਾਂ ਵਿਚ ਸ਼ਾਇਦ ਪਹਾੜਾਂ ਵਿਚ ਛੁਪਿਆ ਮਾਚੂ ਪਿਚੂ ਦਾ ਪਵਿੱਤਰ ਸ਼ਹਿਰ ਵੀ ਸ਼ਾਮਲ ਸੀ।
ਆਖ਼ਰੀ ਇੰਕਾ
ਆਖ਼ਰ ਵਿਚ, ਮਾਂਕੋ ਇੰਕਾ ਯੂਪਾਂਕੀ ਦਾ ਇਕ ਪੁੱਤਰ, ਟੂਪਾਕ ਆਮਾਰੂ, ਇੰਕਾ ਬਣ ਗਿਆ (1572)। ਸਪੇਨੀ ਵਾਇਸਰਾਇ ਹੁਣ ਪੀਰੂ ਉੱਤੇ ਸ਼ਾਸਨ ਕਰਦੇ ਸਨ। ਵਾਇਸਰਾਇ ਟੋਲੇਥੋ ਦਾ ਟੀਚਾ ਇੰਕਾ ਲੋਕਾਂ ਨੂੰ ਖ਼ਤਮ ਕਰਨਾ ਸੀ। ਵੱਡੀ ਫ਼ੌਜ ਨਾਲ, ਉਹ ਵਿਲਕਾਬਾਮਬਾ ਇਲਾਕੇ ਵਿਚ ਆਇਆ। ਜੰਗਲ ਵਿਚ ਟੂਪਾਕ ਆਮਾਰੂ ਫੜਿਆ ਗਿਆ ਸੀ। ਉਹ ਅਤੇ ਉਸ ਦੀ ਗਰਭਵਤੀ ਪਤਨੀ ਮੌਤ ਦੀ ਸਜ਼ਾ ਭੋਗਣ ਲਈ ਕੁਜ਼ਕੋ ਲਿਜਾਏ ਗਏ। ਇਕ ਕਾਨਯਾਰੀ ਇੰਡੀਅਨ ਨੇ ਟੂਪਾਕ ਆਮਾਰੂ ਉੱਤੇ ਦੰਡਕਾਰੀ ਤਲਵਾਰ ਉਠਾਈ। ਜਿਉਂ ਹੀ ਤਲਵਾਰ ਦੇ ਇਕ ਝਟਕੇ ਨਾਲ ਉਨ੍ਹਾਂ ਦੇ ਇੰਕਾ ਦਾ ਸਿਰ ਵੱਢਿਆ ਗਿਆ, ਚੌਂਕ ਵਿਚ ਖੜ੍ਹੇ ਹਜ਼ਾਰਾਂ ਹੀ ਇੰਡੀਅਨਾਂ ਨੇ ਦੁੱਖ ਨਾਲ ਹਉਕਾ ਭਰਿਆ। ਉਸ ਦੇ ਕਪਤਾਨਾਂ ਨੂੰ ਤਸੀਹੇ ਨਾਲ ਜਾਂ ਫਾਂਸੀ ਚੜ੍ਹਾ ਕੇ ਮਾਰ ਦਿੱਤਾ ਗਿਆ। ਨਿਰਦਈ ਫੁਰਤੀ ਨਾਲ, ਇੰਕਾ ਦੇ ਰਾਜ ਦਾ ਅੰਤ ਹੋ ਗਿਆ।
ਨਿਯੁਕਤ ਵਾਇਸਰਾਇਆਂ, ਅਤੇ ਕਈ ਕੈਥੋਲਿਕ ਮੱਠਵਾਸੀਆਂ ਅਤੇ ਪਾਦਰੀਆਂ ਨੇ ਹੌਲੀ-ਹੌਲੀ ਇੰਡੀਅਨਾਂ ਉੱਤੇ ਆਪਣਾ ਚੰਗਾ ਅਤੇ ਬੁਰਾ ਪ੍ਰਭਾਵ ਪਾਇਆ, ਜੋ ਬਹੁਤ ਚਿਰ ਲਈ ਕੇਵਲ ਗ਼ੁਲਾਮ ਹੀ ਸਮਝੇ ਜਾਂਦੇ ਸਨ। ਕਈਆਂ ਨੂੰ ਸੋਨੇ ਜਾਂ ਚਾਂਦੀ ਦੀਆਂ ਖਾਣਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਜਿਨ੍ਹਾਂ ਵਿਚ ਚਾਂਦੀ ਦੀ ਧਾਤ ਨਾਲ ਭਰਪੂਰ ਇਕ ਪਹਾੜ ਸੀ ਜੋ ਪੋਟੋਸੀ, ਬੋਲੀਵੀਆ, ਵਿਚ ਸਥਿਤ ਹੈ। ਕਠੋਰ ਹਾਲਤਾਂ ਸਹਾਰਨ ਲਈ, ਦੁਰਵਿਵਹਾਰ ਦੇ ਸ਼ਿਕਾਰ ਹੋਏ ਇੰਡੀਅਨਾਂ ਨੇ ਕੋਕਾ ਦੇ ਪੱਤਿਆਂ ਦੇ ਨਸ਼ੇ ਦਾ ਸਹਾਰਾ ਲਿਆ। ਪੀਰੂ ਅਤੇ ਬੋਲੀਵੀਆ ਨੂੰ ਸਪੇਨ ਤੋਂ ਆਪਣੀ ਸੁਤੰਤਰਤਾ ਕੇਵਲ 19ਵੀਂ ਸਦੀ ਦੇ ਮੁੱਢ ਤਕ ਹਾਸਲ ਨਹੀਂ ਹੋਈ।
ਇੰਕਾ ਦੀ ਵਰਤਮਾਨ ਔਲਾਦ
ਇਸ ਆਧੁਨਿਕ ਯੁਗ ਵਿਚ ਇੰਕਾ ਦੀ ਔਲਾਦ ਦੀ ਕੀ ਹਾਲਤ ਹੈ? ਦੂਸਰੇ ਆਧੁਨਿਕ ਸ਼ਹਿਰਾਂ ਦੇ ਵਾਂਗ, ਪੀਰੂ ਦੀ ਰਾਜਧਾਨੀ ਲੀਮਾ ਲੱਖਾਂ ਹੀ ਨਾਗਰਿਕਾਂ ਨਾਲ ਭਰੀ ਹੋਈ ਹੈ। ਪਰੰਤੂ ਬਾਹਰਲੀਆਂ ਬਸਤੀਆਂ ਵਿਚ, ਕਦੀ-ਕਦੀ ਇਸ ਤਰ੍ਹਾਂ ਲੱਗਦਾ ਹੈ ਕਿ ਹਾਲਾਤ ਸੌਂ ਸਾਲ ਪਹਿਲਾਂ ਵਰਗੇ ਹਨ। ਕਈ ਅੱਡਰੇ ਪਿੰਡ ਹਾਲੇ ਵੀ ਕੈਥੋਲਿਕ ਪਾਦਰੀਆਂ ਦੇ ਇਖ਼ਤਿਆਰ ਹੇਠ ਹਨ। ਇੰਡੀਅਨ ਕਿਸਾਨ ਲਈ, ਪਿੰਡ ਦੇ ਚੌਂਕ ਵਿਚ ਬਣਿਆ ਕੈਥੋਲਿਕ ਗਿਰਜਾ ਮੁੱਖ ਆਕਰਸ਼ਣ ਹੈ। ਸ਼ਾਨਦਾਰ ਕੱਪੜੇ ਪਹਿਨੇ ਸੰਤਾਂ ਦੀਆਂ ਮੂਰਤੀਆਂ, ਰੰਗ-ਬਰੰਗੀਆਂ ਬੱਤੀਆਂ, ਸੁਨਹਿਰੀ ਵੇਦੀ, ਬਲਦੀਆਂ ਮੋਮਬੱਤੀਆਂ, ਪਾਦਰੀ ਦੁਆਰਾ ਅਲਾਪੀਆਂ ਗਈਆਂ ਰਹੱਸਮਈ ਰਸਮਾਂ, ਅਤੇ ਖ਼ਾਸ ਕਰਕੇ ਨਾਚ ਅਤੇ ਮੇਲੇ—ਇਹ ਸਭ ਕੁਝ ਉਸ ਦੀ ਦਿਲ-ਬਹਿਲਾਵੇ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਪਰੰਤੂ ਅਜਿਹੇ ਸੁਹਾਵਣੇ ਦਿਲ-ਬਹਿਲਾਵਿਆਂ ਨੇ ਪ੍ਰਾਚੀਨ ਵਿਸ਼ਵਾਸਾਂ ਨੂੰ ਨਹੀਂ ਛੱਡਿਆ। ਅਤੇ ਕੋਕਾ ਪੱਤੇ, ਜਿਨ੍ਹਾਂ ਵਿਚ ਮੰਨਿਆ ਜਾਂਦਾ ਹੈ ਕਿ ਰਹੱਸਮਈ ਸ਼ਕਤੀਆਂ ਹਨ, ਦੀ ਵਰਤੋਂ ਹਾਲੇ ਵੀ ਕਈ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਉਂਦੀ ਹੈ।
ਆਪਣੇ ਦ੍ਰਿੜ੍ਹ ਸੁਭਾਅ ਕਾਰਨ ਇੰਕਾ ਦੀ ਇਹ ਔਲਾਦ—ਕਈ ਹੁਣ ਰਲੀ-ਮਿਲੀ ਜਾਤ ਦੇ—ਆਪਣੇ ਰੰਗ-ਬਰੰਗੇ ਨਾਚ ਅਤੇ ਰਿਵਾਜੀ ਵੀਨੋ ਸੰਗੀਤ ਨੂੰ ਬਚਾਈ ਰੱਖਣ ਵਿਚ ਸਫ਼ਲ ਰਹੀ ਹੈ। ਭਾਵੇਂ ਕਿ ਉਹ ਅਜਨਬੀਆਂ ਨਾਲ ਪਹਿਲਾਂ ਪਹਿਲਾਂ ਚੁੱਪਚਾਪ ਹੋਣ, ਫਿਰ ਵੀ ਉਨ੍ਹਾਂ ਦੀ ਸੁਭਾਵਕ ਪਰਾਹੁਣਚਾਰੀ ਦਿਖਾਈ ਦਿੰਦੀ ਹੈ। ਜਿਹੜੇ ਲੋਕ ਇੰਕਾ ਸਾਮਰਾਜ ਦੀ ਇਸ ਔਲਾਦ ਨੂੰ ਨਿੱਜੀ ਤੌਰ ਤੇ ਜਾਣਦੇ ਹਨ—ਜਿਹੜੇ ਉਨ੍ਹਾਂ ਦੇ ਜ਼ਿੰਦਾ ਰਹਿਣ ਦਾ ਸੰਘਰਸ਼ ਦੇਖਦੇ ਹਨ ਅਤੇ ਉਨ੍ਹਾਂ ਵੱਲ ਹੱਥ ਵਧਾ ਸਕਦੇ ਹਨ, ਉਨ੍ਹਾਂ ਨੂੰ ਛੋਹ ਸਕਦੇ ਹਨ, ਅਤੇ ਪਰਵਾਹ ਕਰ ਸਕਦੇ ਹਨ—ਉਨ੍ਹਾਂ ਲਈ ਇਨ੍ਹਾਂ ਦੀ ਕਹਾਣੀ ਵਾਕਈ ਹੀ ਦਿਲ-ਚੀਰਵੀਂ ਹੈ।
ਸਿੱਖਿਆ ਤਬਦੀਲੀਆਂ ਲਿਆਉਂਦੀ ਹੈ
ਜਾਗਰੂਕ ਬਣੋ! ਨਾਲ ਇਕ ਇੰਟਰਵਿਊ ਵਿਚ, ਟੀਟੀਕਾਕਾ ਝੀਲ ਲਾਗੇ ਸੌਕਾ ਪਿੰਡ ਦੇ ਆਈਮਰਾ-ਭਾਸ਼ੀ ਇੰਡੀਅਨਾਂ ਦੀ ਜਾਤੀ ਦੇ ਇਕ ਆਦਮੀ, ਵਾਲੰਟੀਨ ਆਰੀਸਾਕਾ ਨੇ ਬਿਆਨ ਕੀਤਾ: “ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ, ਮੈਂ ਸਿਰਫ਼ ਨਾਂ ਵਿਚ ਕੈਥੋਲਿਕ ਸੀ। ਆਪਣੇ ਕੁਝ ਦੋਸਤਾਂ ਨਾਲ ਮੈਂ ਝੂਠੇ ਧਰਮ ਦੇ ਕਈ ਅਭਿਆਸਾਂ ਵਿਚ ਲੱਗਾ ਰਿਹਾ। ਮੈਂ ਕੋਕਾ ਦੇ ਪੱਤਿਆਂ ਨੂੰ ਵੀ ਚੱਬਦਾ ਸੀ, ਪਰ ਹੁਣ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।”
ਉਨ੍ਹਾਂ ਕਈ ਵਹਿਮਾਂ ਨੂੰ ਚੰਗੀ ਤਰ੍ਹਾਂ ਚੇਤੇ ਕਰਦੀ ਹੋਈ, ਜਿਨ੍ਹਾਂ ਨੇ ਉਸ ਨੂੰ ਆਪੁਸ ਨੂੰ ਨਾਰਾਜ਼ ਕਰਨ ਤੋਂ ਹਮੇਸ਼ਾ ਡਰਾ ਕੇ ਰੱਖਿਆ, 89 ਸਾਲਾਂ ਦੀ ਪੇਟਰੌਨੀਲਾ ਮਾਮਾਨੀ ਨੇ ਕਿਹਾ: “ਮੈਂ ਪਹਾੜੀ ਦੇਵਤਿਆਂ ਨੂੰ ਖ਼ੁਸ਼ ਕਰਨ ਅਤੇ ਆਪਣੇ ਗੁਜ਼ਾਰੇ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਚੜ੍ਹਾਵੇ ਲੈ ਕੇ ਜਾਂਦੀ ਹੁੰਦੀ ਸੀ। ਮੈਂ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਨਾਰਾਜ਼ ਕਰ ਕੇ ਆਫ਼ਤਾਂ ਦਾ ਖ਼ਤਰਾ ਨਹੀਂ ਚਾਹੁੰਦੀ ਸੀ। ਹੁਣ, ਆਪਣੀ ਬੁੱਢੀ ਉਮਰ ਵਿਚ ਮੈਂ ਹੋਰ ਤਰ੍ਹਾਂ ਸੋਚਣਾ ਸਿੱਖ ਲਿਆ ਹੈ। ਬਾਈਬਲ ਅਤੇ ਯਹੋਵਾਹ ਦੇ ਗਵਾਹਾਂ ਦੀ ਕਿਰਪਾ ਨਾਲ, ਮੈਂ ਅਜਿਹੇ ਖ਼ਿਆਲਾਂ ਤੋਂ ਛੁੱਟ ਗਈ ਹਾਂ।”
ਯਹੋਵਾਹ ਦੇ ਗਵਾਹ ਕੇਚੂਆ ਅਤੇ ਆਈਮਰਾ ਭਾਸ਼ਾ ਬੋਲਣ ਵਾਲੇ ਕਈ ਇੰਡੀਅਨਾਂ ਨੂੰ ਪੜ੍ਹਨਾ ਸਿਖਾ ਰਹੇ ਹਨ। ਜਦੋਂ ਉਹ ਸਿੱਖ ਜਾਂਦੇ ਹਨ ਤਾਂ ਉਹ ਵੀ ਦੂਸਰਿਆਂ ਨੂੰ ਬਾਈਬਲ ਸਿਖਾਉਂਦੇ ਹਨ। ਇਸ ਤਰ੍ਹਾਂ ਹਜ਼ਾਰਾਂ ਹੀ ਇੰਕਾ ਅਤੇ ਸਪੇਨੀ ਇੰਡੀਅਨਾਂ ਨੂੰ ਆਪਣੀਆਂ ਜ਼ਿੰਦਗੀਆਂ ਬਿਹਤਰ ਬਣਾਉਣ ਲਈ ਸਿੱਖਿਆ ਦਿੱਤੀ ਜਾ ਰਹੀ ਹੈ। ਨਾਲੇ ਉਹ ਬਾਈਬਲ ਵਿਚ ਪਰਮੇਸ਼ੁਰ ਦੁਆਰਾ ਵਾਅਦਾ ਕੀਤੀ ਗਈ ਨਿਆਉਂ, ਸ਼ਾਂਤੀ, ਅਤੇ ਧਾਰਮਿਕਤਾ ਦੀ ਨਵੀਂ ਦੁਨੀਆਂ ਬਾਰੇ ਸਿੱਖ ਰਹੇ ਹਨ, ਜੋ ਪੂਰੀ ਧਰਤੀ ਉੱਤੇ ਜਲਦੀ ਹੀ ਸਥਾਪਿਤ ਹੋਣ ਵਾਲੀ ਹੈ।—2 ਪਤਰਸ 3:13; ਪਰਕਾਸ਼ ਦੀ ਪੋਥੀ 21:1-4.
[ਫੁਟਨੋਟ]
a ਸ਼ਬਦ “ਇੰਕਾ” ਇੰਕਾ ਸਾਮਰਾਜ ਦੇ ਪਰਮ ਹਾਕਮ ਨੂੰ ਅਤੇ ਮੂਲ ਵਾਸੀਆਂ ਨੂੰ ਵੀ ਸੰਕੇਤ ਕਰ ਸਕਦਾ ਹੈ।
[ਸਫ਼ੇ 15 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਇੰਕਾ ਦਾ ਸੁਨਹਿਰਾ ਸਾਮਰਾਜ
ਦੱਖਣੀ ਅਮਰੀਕਾ
ਕੁਜ਼ਕੋ
ਪੋਟੋਸੀ
ਇੰਕਾ ਸਾਮਰਾਜ
ਕੈਰੀਬੀਅਨ ਸਾਗਰ
ਸ਼ਾਂਤ ਮਹਾਂਸਾਗਰ
ਕੋਲੰਬੀਆ
ਇਕਵੇਡਾਰ
ਐਂਡੀਜ਼
ਪੀਰੂ
ਕਾਹਾਮਾਰਕਾ
ਲੀਮਾ
ਪਾਚਾਕਾਮਾਕ
ਵਿਲਕਾਬਾਮਬਾ
ਮਾਚੂ ਪਿਚੂ
ਕੁਜ਼ਕੋ
ਟੀਟੀਕਾਕਾ ਝੀਲ
ਬੋਲੀਵੀਆ
ਚਿੱਲੀ
ਅਰਜਨਟੀਨਾ
[ਸਫ਼ੇ 16 ਉੱਤੇ ਤਸਵੀਰ]
ਉੱਪਰ: ਕੁਜ਼ਕੋ ਵਿਚ ਸੂਰਜ ਦਾ ਪੁਰਾਣਾ ਮੰਦਰ ਇਸ ਕੈਥੋਲਿਕ ਗਿਰਜੇ ਲਈ ਇਕ ਬੁਨਿਆਦ ਵਜੋਂ ਕੰਮ ਆਉਂਦਾ ਹੈ
[ਸਫ਼ੇ 16 ਉੱਤੇ ਤਸਵੀਰ]
ਖੱਬੇ: ਚੂਕਵੀਟੋ ਵਿਖੇ ਮੰਦਰ ਦੇ ਅੰਦਰ ਪੂਰਵ-ਇੰਕਾ ਸਮਿਆਂ ਤੋਂ ਇਕ ਲਿੰਗ-ਪ੍ਰਤੀਕ
[ਸਫ਼ੇ 16 ਉੱਤੇ ਤਸਵੀਰ]
ਸੱਜੇ: ਇੰਕਾ ਬਲੀਆਂ ਦਾ ਖ਼ੂਨ ਇਨ੍ਹਾਂ ਪੱਥਰੀ ਉਕਰਾਈਆਂ ਉੱਤੋਂ ਵਹਿੰਦਾ ਸੀ
[ਸਫ਼ੇ 17 ਉੱਤੇ ਤਸਵੀਰ]
ਸੱਜੇ: ਕੁਜ਼ਕੋ ਦੇ ਲਾਗੇ, ਮਾਚੂ ਪਿਚੂ ਵਿਚ ਸਿੰਜੇ ਗਏ ਸੀੜ੍ਹੀਦਾਰ ਖੇਤ
[ਸਫ਼ੇ 17 ਉੱਤੇ ਤਸਵੀਰ]
ਥੱਲੇ: ਮਾਚੂ ਪਿਚੂ ਵਿਚ ਇਕ ਪ੍ਰਾਚੀਨ ਦਰਵਾਜ਼ੇ ਵਿੱਚੋਂ ਨਜ਼ਾਰਾ
[ਸਫ਼ੇ 17 ਉੱਤੇ ਤਸਵੀਰ]
ਥੱਲੇ ਸੱਜੇ: ਸਾਕਸਾਵਾਮਾਨ ਦੇ ਕਿਲਾ-ਮੰਦਰ ਦੇ 100-ਟਨ ਭਾਰੇ ਪੱਥਰ