ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 4/8 ਸਫ਼ੇ 3-6
  • ਔਰਤਾਂ ਖ਼ਿਲਾਫ਼ ਪੱਖਪਾਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਔਰਤਾਂ ਖ਼ਿਲਾਫ਼ ਪੱਖਪਾਤ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਛੋਟਾ ਹਿੱਸਾ
  • ਮਾਵਾਂ ਅਤੇ ਰੋਟੀ ਕਮਾਉਣ ਵਾਲੀਆਂ
  • ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?
    ਜਾਗਰੂਕ ਬਣੋ!—2003
  • ਔਰਤਾਂ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰਨੀ
    ਜਾਗਰੂਕ ਬਣੋ!—1998
  • ਕੁੜੀਆਂ ਮੈਨੂੰ ਕਿਉਂ ਨਹੀਂ ਪਸੰਦ ਕਰਦੀਆਂ?
    ਜਾਗਰੂਕ ਬਣੋ!—2009
  • ਬੱਚਿਆਂ ਉੱਤੇ ਔਖੀ ਘੜੀ
    ਜਾਗਰੂਕ ਬਣੋ!—1999
ਹੋਰ ਦੇਖੋ
ਜਾਗਰੂਕ ਬਣੋ!—1998
g98 4/8 ਸਫ਼ੇ 3-6

ਔਰਤਾਂ ਖ਼ਿਲਾਫ਼ ਪੱਖਪਾਤ

ਪੱਛਮੀ ਅਫ਼ਰੀਕਾ ਵਿਚ ਇਕ ਵਪਾਰੀ ਇਕ ਨੌਂ ਸਾਲਾਂ ਦੀ ਬੱਚੀ ਨੂੰ ਖ਼ਰੀਦਦਾ ਹੈ। ਏਸ਼ੀਆ ਵਿਚ ਇਕ ਨਵ-ਜੰਮੀ ਬੱਚੀ ਰੇਗਿਸਤਾਨ ਵਿਚ ਜ਼ਿੰਦਾ ਦਫ਼ਨਾਈ ਜਾਂਦੀ ਹੈ। ਇਕ ਪੂਰਬੀ ਦੇਸ਼ ਵਿਚ, ਇਕ ਛੋਟੀ ਬੱਚੀ ਅਨਾਥ-ਆਸ਼ਰਮ ਵਿਚ ਭੁੱਖੀ ਮਰ ਜਾਂਦੀ ਹੈ—ਅਣਚਾਹੀ ਅਤੇ ਅਣਸਾਂਭੀ। ਧਿਆਨ ਦਿਓ ਕਿ ਇਨ੍ਹਾਂ ਦੁਰਘਟਨਾਵਾਂ ਵਿਚ ਇਕ ਸਮਾਨਤਾ ਹੈ: ਇਹ ਸਾਰੀਆਂ ਕੁੜੀਆਂ ਸਨ। ਉਨ੍ਹਾਂ ਦੇ ਕੁੜੀ ਹੋਣ ਦਾ ਅਰਥ ਸੀ ਕਿ ਉਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ।

ਇਹ ਅਨੋਖੇ ਮਾਮਲੇ ਨਹੀਂ ਹਨ। ਅਫ਼ਰੀਕਾ ਵਿਚ ਹਜ਼ਾਰਾਂ ਕੁੜੀਆਂ ਅਤੇ ਮੁਟਿਆਰਾਂ ਗ਼ੁਲਾਮੀ ਵਿਚ ਵੇਚੀਆਂ ਜਾਂਦੀਆਂ ਹਨ, ਕਈਆਂ ਨੂੰ ਸਿਰਫ਼ 15 ਡਾਲਰ ਲਈ। ਅਤੇ ਰਿਪੋਰਟ ਅਨੁਸਾਰ, ਖ਼ਾਸ ਕਰਕੇ ਏਸ਼ੀਆ ਵਿਚ ਹਰ ਸਾਲ ਲੱਖਾਂ ਹੀ ਛੋਟੀ ਉਮਰ ਦੀਆਂ ਕੁੜੀਆਂ ਵੇਸਵਾਵਾਂ ਬਣਨ ਲਈ ਵੇਚੀਆਂ ਜਾਂ ਮਜਬੂਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਵੀ ਬੁਰਾ, ਕਈ ਦੇਸ਼ਾਂ ਦੇ ਜਨਸੰਖਿਆ ਅੰਕੜੇ ਸੰਕੇਤ ਕਰਦੇ ਹਨ ਕਿ ਲਗਭਗ 10 ਕਰੋੜ ਕੁੜੀਆਂ “ਲਾਪਤਾ” ਹਨ। ਜ਼ਾਹਰਾ ਤੌਰ ਤੇ ਇਹ ਗਰਭਪਾਤ, ਬਾਲ-ਹੱਤਿਆ, ਜਾਂ ਕੁੜੀਆਂ ਪ੍ਰਤੀ ਉੱਕੀ ਲਾਪਰਵਾਹੀ ਦੇ ਕਾਰਨ ਹੈ।

ਸਦੀਆਂ ਤੋਂ ਕਈ ਦੇਸ਼ਾਂ ਵਿਚ ਕੁੜੀਆਂ ਨੂੰ ਇਸ ਹੀ ਦ੍ਰਿਸ਼ਟੀ ਨਾਲ ਦੇਖਿਆ ਗਿਆ ਹੈ। ਅਤੇ ਕੁਝ ਥਾਵਾਂ ਵਿਚ ਇਹ ਅਜੇ ਵੀ ਸੱਚ ਹੈ। ਕਿਉਂ? ਕਿਉਂਕਿ ਅਜਿਹੇ ਦੇਸ਼ਾਂ ਵਿਚ, ਮੁੰਡੇ ਜ਼ਿਆਦਾ ਚਾਹੇ ਜਾਂਦੇ ਹਨ। ਉੱਥੇ, ਇਹ ਸਮਝਿਆ ਜਾਂਦਾ ਹੈ ਕਿ ਮੁੰਡਾ ਖ਼ਾਨਦਾਨ ਨੂੰ ਅੱਗੇ ਤੋਰ ਸਕਦਾ ਹੈ, ਵਿਰਸੇ ਵਿਚ ਜਾਇਦਾਦ ਪ੍ਰਾਪਤ ਕਰ ਸਕਦਾ ਹੈ, ਅਤੇ ਬਿਰਧ ਮਾਪਿਆਂ ਦੀ ਦੇਖ-ਭਾਲ ਕਰ ਸਕਦਾ ਹੈ, ਕਿਉਂਕਿ ਅਕਸਰ ਇਨ੍ਹਾਂ ਦੇਸ਼ਾਂ ਵਿਚ ਬਿਰਧ ਲੋਕਾਂ ਨੂੰ ਕੋਈ ਸਰਕਾਰੀ ਪੈਨਸ਼ਨ ਨਹੀਂ ਮਿਲਦੀ। ਇਕ ਪੰਜਾਬੀ ਕਹਾਵਤ ਕਹਿੰਦੀ ਹੈ ਕਿ “ਧੀਆਂ ਬਿਗਾਨਾ ਧਨ ਹੁੰਦੀਆਂ ਹਨ।” ਜਦੋਂ ਉਹ ਵੱਡੀਆਂ ਹੋ ਜਾਂਦੀਆਂ ਹਨ, ਤਾਂ ਉਹ ਵਿਆਹ ਕਰਾ ਕੇ ਘਰ ਛੱਡ ਜਾਣਗੀਆਂ ਜਾਂ ਸ਼ਾਇਦ ਵੇਸਵਾਵਾਂ ਬਣਨ ਲਈ ਵੇਚੀਆਂ ਜਾਣਗੀਆਂ ਅਤੇ ਇਸ ਤਰ੍ਹਾਂ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਵਿਚ ਥੋੜ੍ਹੀ ਜਾਂ ਕੋਈ ਮਦਦ ਨਹੀਂ ਦੇ ਸਕਣਗੀਆਂ।

ਛੋਟਾ ਹਿੱਸਾ

ਗ਼ਰੀਬੀ ਨਾਲ ਪੀੜਿਤ ਦੇਸ਼ਾਂ ਵਿਚ, ਇਸ ਰਵੱਈਏ ਦਾ ਅਰਥ ਹੈ ਪਰਿਵਾਰ ਵਿਚ ਕੁੜੀਆਂ ਲਈ ਘੱਟ ਖਾਣਾ, ਘੱਟ ਸਿਹਤ-ਸੰਭਾਲ, ਅਤੇ ਘੱਟ ਪੜ੍ਹਾਈ। ਇਕ ਏਸ਼ੀਆਈ ਦੇਸ਼ ਵਿਚ ਖੋਜਕਾਰਾਂ ਨੇ ਪਾਇਆ ਕਿ 5 ਫੀ ਸਦੀ ਮੁੰਡਿਆਂ ਦੀ ਤੁਲਨਾ ਵਿਚ 14 ਫੀ ਸਦੀ ਕੁੜੀਆਂ ਕੁਪੋਸ਼ਿਤ ਸਨ। ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਦੀ ਇਕ ਰਿਪੋਰਟ ਵਿਆਖਿਆ ਕਰਦੀ ਹੈ ਕਿ ਕੁਝ ਦੇਸ਼ਾਂ ਵਿਚ ਕੁੜੀਆਂ ਨਾਲੋਂ ਮੁੰਡਿਆਂ ਨੂੰ ਦੁੱਗਣੀ ਗਿਣਤੀ ਵਿਚ ਸਿਹਤ-ਕੇਂਦਰਾਂ ਵਿਚ ਲਿਆਇਆ ਜਾਂਦਾ ਹੈ। ਅਤੇ ਅਫ਼ਰੀਕਾ ਵਿਚ ਨਾਲੇ ਦੱਖਣੀ ਤੇ ਪੱਛਮੀ ਏਸ਼ੀਆ ਵਿਚ 40 ਫੀ ਸਦੀ ਮੁਟਿਆਰਾਂ ਅਨਪੜ੍ਹ ਹਨ। “ਵਿਕਾਸਸ਼ੀਲ ਦੇਸ਼ਾਂ ਵਿਚ ਲਿੰਗ ਦੇ ਆਧਾਰ ਤੇ ਭਿਆਨਕ ਵਿਤਕਰਾ ਕੀਤਾ ਜਾ ਰਿਹਾ ਹੈ,” ਇਕ ਸਮੇਂ ਦੀ ਯੂਨੀਸੈਫ਼ ਰਾਜਦੂਤ, ਸਾਬਕਾ ਔਡ੍ਰੀ ਹੇਪਬਨ ਨੇ ਅਫ਼ਸੋਸ ਕੀਤਾ।

ਕੁੜੀਆਂ ਵੱਡੀਆਂ ਹੋਣ ਤੇ ਇਹ ‘ਲਿੰਗ ਦੇ ਆਧਾਰ ਤੇ ਵਿਤਕਰਾ’ ਖ਼ਤਮ ਨਹੀਂ ਹੋ ਜਾਂਦਾ। ਆਮ ਤੌਰ ਤੇ, ਗ਼ਰੀਬੀ, ਹਿੰਸਾ, ਅਤੇ ਸਖ਼ਤ ਮਿਹਨਤ ਔਰਤ ਦੇ ਜੀਵਨ ਦੇ ਹਿੱਸੇ ਹੁੰਦੇ ਹਨ, ਸਿਰਫ਼ ਇਸ ਲਈ ਕਿ ਉਹ ਔਰਤ ਹੈ। ਵਰਲਡ ਬੈਂਕ ਦੇ ਪ੍ਰਧਾਨ ਨੇ ਸਮਝਾਇਆ: “ਔਰਤਾਂ ਸੰਸਾਰ ਦਾ ਦੋ-ਤਿਹਾਈ ਕੰਮ ਕਰਦੀਆਂ ਹਨ। . . . ਫਿਰ ਵੀ ਉਹ ਸੰਸਾਰ ਦੀ ਕਮਾਈ ਦਾ ਸਿਰਫ਼ ਦਸਵਾਂ ਹਿੱਸਾ ਹਾਸਲ ਕਰਦੀਆਂ ਹਨ ਅਤੇ ਸੰਸਾਰ ਦੀ ਜਾਇਦਾਦ ਦੇ ਇਕ ਫੀ ਸਦੀ ਤੋਂ ਵੀ ਘੱਟ ਹਿੱਸੇ ਦੀਆਂ ਮਾਲਕਣਾਂ ਬਣਦੀਆਂ ਹਨ। ਉਹ ਸੰਸਾਰ ਦੇ ਗ਼ਰੀਬਾਂ ਵਿੱਚੋਂ ਸਭ ਤੋਂ ਗ਼ਰੀਬ ਹਨ।”

ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਅਨੁਸਾਰ, ਸੰਸਾਰ ਦੇ ਘੋਰ ਗ਼ਰੀਬੀ ਵਿਚ ਰਹਿਣ ਵਾਲੇ 1.3 ਅਰਬ ਲੋਕਾਂ ਵਿੱਚੋਂ 70 ਫੀ ਸਦੀ ਔਰਤਾਂ ਹਨ। “ਅਤੇ ਇਹ ਹਾਲਤ ਹੋਰ ਵੀ ਖ਼ਰਾਬ ਹੁੰਦੀ ਜਾ ਰਹੀ ਹੈ,” ਰਿਪੋਰਟ ਨੇ ਅੱਗੇ ਕਿਹਾ। “ਪਿਛਲੇ ਦੋ ਦਹਾਕਿਆਂ ਦੌਰਾਨ ਘੋਰ ਗ਼ਰੀਬੀ ਵਿਚ ਰਹਿਣ ਵਾਲੀਆਂ ਪੇਂਡੂ ਔਰਤਾਂ ਦੀ ਗਿਣਤੀ ਤਕਰੀਬਨ 50% ਵਧੀ। ਔਰਤ ਦਾ ਨਾਂ ਹੀ ਗ਼ਰੀਬੀ ਬਣਦਾ ਜਾ ਰਿਹਾ ਹੈ।”

ਸਖ਼ਤ ਗ਼ਰੀਬੀ ਨਾਲੋਂ ਵੀ ਹੋਰ ਦੁਖਦਾਈ ਹੈ ਹਿੰਸਾ ਜੋ ਬਹੁਤ ਸਾਰੀਆਂ ਔਰਤਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੀ ਹੈ। ਮੁੱਖ ਤੌਰ ਤੇ ਅਫ਼ਰੀਕਾ ਵਿਚ, ਤਕਰੀਬਨ 10 ਕਰੋੜ ਕੁੜੀਆਂ ਨੇ ਜਣਨਕ ਕੱਟ-ਵੱਢ ਦਾ ਦੁੱਖ ਸਹਾਰਿਆ ਹੈ। ਬਲਾਤਕਾਰ ਇਕ ਵਿਆਪਕ ਬੁਰਾਈ ਹੈ ਜਿਸ ਦਾ ਕੁਝ ਖੇਤਰਾਂ ਵਿਚ ਬਹੁਤ ਘੱਟ ਲਿਖਤੀ ਸਬੂਤ ਮਿਲਦਾ ਹੈ, ਭਾਵੇਂ ਕਿ ਅਧਿਐਨ ਸੰਕੇਤ ਕਰਦੇ ਹਨ ਕਿ ਕੁਝ ਦੇਸ਼ਾਂ ਵਿਚ ਆਪਣੇ ਜੀਵਨ-ਕਾਲ ਦੌਰਾਨ 6 ਔਰਤਾਂ ਵਿੱਚੋਂ 1 ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਯੁੱਧ ਦੋਵੇਂ ਆਦਮੀਆਂ ਅਤੇ ਔਰਤਾਂ ਨੂੰ ਕਸ਼ਟ ਦਿੰਦੇ ਹਨ, ਪਰ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਕੀਤੇ ਗਏ ਸਭ ਤੋਂ ਜ਼ਿਆਦਾ ਸ਼ਰਨਾਰਥੀ, ਔਰਤਾਂ ਅਤੇ ਬੱਚੇ ਹੁੰਦੇ ਹਨ।

ਮਾਵਾਂ ਅਤੇ ਰੋਟੀ ਕਮਾਉਣ ਵਾਲੀਆਂ

ਪਰਿਵਾਰ ਦੀ ਦੇਖ-ਭਾਲ ਕਰਨ ਦਾ ਭਾਰ ਅਕਸਰ ਮਾਂ ਉੱਤੇ ਜ਼ਿਆਦਾ ਪੈਂਦਾ ਹੈ। ਸੰਭਵ ਹੈ ਕਿ ਉਹ ਜ਼ਿਆਦਾ ਘੰਟੇ ਕੰਮ ਕਰਦੀ ਹੈ ਅਤੇ ਸ਼ਾਇਦ ਉਹ ਇਕੱਲੀ ਰੋਟੀ ਕਮਾਉਣ ਵਾਲੀ ਹੈ। ਅਫ਼ਰੀਕਾ ਦੇ ਕੁਝ ਪੇਂਡੂ ਖੇਤਰਾਂ ਵਿਚ, ਲਗਭਗ ਅੱਧੇ ਪਰਿਵਾਰਾਂ ਵਿਚ ਔਰਤਾਂ ਅਗਵਾਈ ਕਰਦੀਆਂ ਹਨ। ਪੱਛਮੀ ਦੇਸ਼ਾਂ ਦੇ ਕੁਝ ਇਲਾਕਿਆਂ ਵਿਚ, ਕਈ ਪਰਿਵਾਰਾਂ ਵਿਚ ਔਰਤਾਂ ਅਗਵਾਈ ਕਰਦੀਆਂ ਹਨ।

ਇਸ ਤੋਂ ਇਲਾਵਾ, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿਚ, ਪਾਣੀ ਅਤੇ ਬਾਲਣ ਲਿਆਉਣ ਵਰਗੇ ਸਖ਼ਤ ਕੰਮ ਰਿਵਾਇਤੀ ਤੌਰ ਤੇ ਔਰਤਾਂ ਸੰਭਾਲਦੀਆਂ ਹਨ। ਜੰਗਲਾਂ ਦੀ ਕਟਾਈ ਅਤੇ ਘਾਹ ਦੀ ਕਮੀ ਨੇ ਇਨ੍ਹਾਂ ਕੰਮਾਂ ਨੂੰ ਜ਼ਿਆਦਾ ਔਖਾ ਬਣਾ ਦਿੱਤਾ ਹੈ। ਕੁਝ ਸੋਕਾ-ਗ੍ਰਸਤ ਦੇਸ਼ਾਂ ਵਿਚ, ਔਰਤਾਂ ਹਰ ਰੋਜ਼ ਬਾਲਣ ਇਕੱਠਾ ਕਰਨ ਲਈ ਕੁਝ ਤਿੰਨ ਜਾਂ ਇਸ ਤੋਂ ਵੱਧ ਘੰਟੇ ਅਤੇ ਪਾਣੀ ਲਿਆਉਣ ਵਿਚ ਚਾਰ ਘੰਟੇ ਗੁਜ਼ਾਰਦੀਆਂ ਹਨ। ਇਸ ਥਕਾਊ ਕੰਮ ਨੂੰ ਖ਼ਤਮ ਕਰਨ ਤੋਂ ਬਾਅਦ ਹੀ ਉਹ ਘਰ ਜਾਂ ਖੇਤ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ, ਜਿਸ ਦੀ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ।

ਸਪੱਸ਼ਟ ਤੌਰ ਤੇ, ਉਨ੍ਹਾਂ ਦੇਸ਼ਾਂ ਵਿਚ ਜਿੱਥੇ ਗ਼ਰੀਬੀ, ਭੁੱਖ, ਜਾਂ ਸੰਘਰਸ਼ ਦਾ ਦੁੱਖ ਰੋਜ਼ ਭੋਗਣਾ ਪੈਂਦਾ ਹੈ, ਉੱਥੇ ਦੋਵੇਂ ਆਦਮੀ ਅਤੇ ਔਰਤਾਂ ਤੰਗੀ ਕੱਟਦੇ ਹਨ। ਲੇਕਿਨ ਔਰਤਾਂ ਬਹੁਤ ਜ਼ਿਆਦਾ ਤੰਗੀ ਕੱਟਦੀਆਂ ਹਨ। ਕੀ ਇਹ ਹਾਲਤ ਕਦੀ ਬਦਲੇਗੀ? ਕੀ ਕੋਈ ਅਸਲੀ ਸੰਭਾਵਨਾ ਹੈ ਕਿ ਇਕ ਦਿਨ ਹਰ ਜਗ੍ਹਾ ਔਰਤਾਂ ਦੀ ਇੱਜ਼ਤ ਕੀਤੀ ਜਾਵੇਗੀ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ ਜਾਵੇਗਾ? ਕੀ ਔਰਤਾਂ ਆਪਣਾ ਜੀਵਨ ਸੁਧਾਰਨ ਲਈ ਹੁਣ ਕੁਝ ਕਰ ਸਕਦੀਆਂ ਹਨ?

[ਸਫ਼ੇ 5 ਉੱਤੇ ਡੱਬੀ/ਤਸਵੀਰ]

ਵੇਸਵਾ ਕੁੜੀਆਂ—ਕੌਣ ਦੋਸ਼ੀ ਹੈ?

ਅੰਦਾਜ਼ੇ ਅਨੁਸਾਰ ਹਰ ਸਾਲ ਦਸ ਲੱਖ ਬੱਚੇ—ਜ਼ਿਆਦਾਤਰ ਕੁੜੀਆਂ—ਵੇਸਵਾਵਾਂ ਬਣਨ ਲਈ ਮਜਬੂਰ ਕੀਤੀਆਂ ਜਾਂ ਵੇਚੀਆਂ ਜਾਂਦੀਆਂ ਹਨ। ਅਰਾਯਾ,a ਜੋ ਦੱਖਣ-ਪੂਰਬੀ ਏਸ਼ੀਆ ਤੋਂ ਹੈ, ਯਾਦ ਕਰਦੀ ਹੈ ਕਿ ਉਸ ਦੀਆਂ ਕੁਝ ਜਮਾਤਣਾਂ ਨਾਲ ਕੀ ਹੋਇਆ ਸੀ। “ਕੁਲਵਾਡੀ ਸਿਰਫ਼ 13 ਸਾਲਾਂ ਦੀ ਉਮਰ ਵਿਚ ਵੇਸਵਾ ਬਣ ਗਈ। ਉਹ ਇਕ ਨੇਕ ਕੁੜੀ ਸੀ, ਪਰ ਉਸ ਦੀ ਮਾਂ ਅਕਸਰ ਸ਼ਰਾਬ ਪੀ ਕੇ ਤਾਸ਼ ਖੇਡਦੀ ਹੁੰਦੀ ਸੀ, ਇਸ ਲਈ ਆਪਣੀ ਧੀ ਦੀ ਦੇਖ-ਭਾਲ ਕਰਨ ਲਈ ਉਸ ਕੋਲ ਸਮਾਂ ਨਹੀਂ ਸੀ। ਕੁਲਵਾਡੀ ਦੀ ਮਾਂ ਨੇ ਉਸ ਨੂੰ ਆਦਮੀਆਂ ਦਾ ਮਨ ਬਹਿਲਾ ਕੇ ਪੈਸੇ ਕਮਾਉਣ ਦਾ ਉਤਸ਼ਾਹ ਦਿੱਤਾ, ਅਤੇ ਥੋੜ੍ਹੀ ਦੇਰ ਵਿਚ, ਉਹ ਇਕ ਵੇਸਵਾ ਦਾ ਕੰਮ ਕਰ ਰਹੀ ਸੀ।

“ਦੇਸ਼ ਦੇ ਉੱਤਰੀ ਭਾਗ ਤੋਂ ਸੀਵੂਨ, ਮੇਰੀ ਜਮਾਤ ਵਿਚ ਇਕ ਹੋਰ ਵਿਦਿਆਰਥਣ ਸੀ। ਉਹ ਮਸਾਂ 12 ਸਾਲਾਂ ਦੀ ਸੀ ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਵੇਸਵਾ ਦਾ ਕੰਮ ਕਰਨ ਲਈ ਵੱਡੇ ਸ਼ਹਿਰ ਨੂੰ ਭੇਜ ਦਿੱਤਾ। ਉਸ ਨੂੰ ਆਪਣੇ ਮਾਪਿਆਂ ਦੁਆਰਾ ਦਸਤਖਤ ਕੀਤੇ ਇਕਰਾਰਨਾਮੇ ਅਨੁਸਾਰ ਦੋ ਸਾਲ ਕੰਮ ਕਰਨਾ ਪਿਆ। ਸੀਵੂਨ ਅਤੇ ਕੁਲਵਾਡੀ ਅਸਾਧਾਰਣ ਨਹੀਂ ਹਨ—ਮੇਰੀ ਜਮਾਤ ਦੀਆਂ 15 ਕੁੜੀਆਂ ਵਿੱਚੋਂ 5 ਵੇਸਵਾਵਾਂ ਬਣੀਆਂ।” ਸੀਵੂਨ ਅਤੇ ਕੁਲਵਾਡੀ ਵਰਗੀਆਂ ਲੱਖਾਂ ਹੀ ਮੁਟਿਆਰਾਂ ਹਨ। “ਸੈਕਸ ਉਦਯੋਗ ਆਪਣੇ ਆਪ ਹੀ ਵਧਣ-ਫੁੱਲਣ ਵਾਲਾ ਇਕ ਬਹੁਤ ਵੱਡਾ ਬਾਜ਼ਾਰ ਹੈ,” ਯੂਨੈਸਕੋ (ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ, ਅਤੇ ਸਭਿਆਚਾਰਕ ਸੰਗਠਨ) ਵਿਚ ਕੰਮ ਕਰਨ ਵਾਲੀ ਵਾਸੀਲਾ ਟਾਮਸਾਲੀ ਅਫ਼ਸੋਸ ਕਰਦੀ ਹੈ। “14 ਸਾਲ ਦੀ ਕੁੜੀ ਨੂੰ ਵੇਚਣਾ ਇੰਨਾ ਆਮ ਹੋ ਗਿਆ ਹੈ ਕਿ ਇਹ ਇਕ ਮਾਮੂਲੀ ਗੱਲ ਬਣ ਗਈ ਹੈ।” ਅਤੇ ਜਦੋਂ ਇਹ ਕੁੜੀਆਂ ਲਿੰਗੀ ਗ਼ੁਲਾਮੀ ਵਿਚ ਵੇਚੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਲਈ ਆਪਣਾ ਮੁੱਲ ਚੁਕਾਉਣਾ ਤਕਰੀਬਨ ਅਸੰਭਵ ਸਾਬਤ ਹੋ ਸਕਦਾ ਹੈ। ਮੰਜੂ ਆਪਣੇ ਪਿਤਾ ਦੁਆਰਾ 12 ਸਾਲ ਦੀ ਉਮਰ ਵਿਚ ਵੇਚੀ ਗਈ ਸੀ। ਸੱਤ ਸਾਲ ਦੇ ਵੇਸਵਾ-ਗਮਨ ਤੋਂ ਬਾਅਦ ਵੀ ਉਸ ਨੇ 12,000 ਰੁਪਏ ਦਾ ਕਰਜ਼ਾ ਲਾਹੁਣਾ ਸੀ। “ਮੈਂ ਕੁਝ ਨਹੀਂ ਕਰ ਸਕਦੀ ਸੀ—ਸਭ ਰਸਤੇ ਬੰਦ ਸਨ,” ਉਹ ਸਮਝਾਉਂਦੀ ਹੈ।

ਕੁੜੀਆਂ ਲਈ ਏਡਜ਼ ਤੋਂ ਬਚਣਾ ਉੱਨਾ ਹੀ ਮੁਸ਼ਕਲ ਹੋ ਸਕਦਾ ਹੈ ਜਿੰਨਾ ਕਿ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਵਾਲੇ ਦਲਾਲਾਂ ਤੋਂ ਬਚਣਾ ਮੁਸ਼ਕਲ ਹੁੰਦਾ ਹੈ। ਦੱਖਣ-ਪੂਰਬੀ ਏਸ਼ੀਆ ਵਿਚ ਇਕ ਸਰਵੇਖਣ ਨੇ ਸੰਕੇਤ ਕੀਤਾ ਕਿ ਇਨ੍ਹਾਂ ਬਾਲ ਵੇਸਵਾਵਾਂ ਵਿੱਚੋਂ 33 ਫੀ ਸਦੀ ਕੁੜੀਆਂ ਨੂੰ ਏਡਜ਼ ਦੀ ਛੂਤ ਲੱਗੀ ਹੋਈ ਸੀ। ਜਿੰਨਾ ਚਿਰ ਇਹ ਪੰਜ ਅਰਬ ਡਾਲਰ ਵਾਲਾ ਵੇਸਵਾ-ਗਮਨ ਉਦਯੋਗ ਚੱਲਦਾ ਰਹੇਗਾ, ਸੰਭਵ ਹੈ ਕਿ ਇਹ ਕੁੜੀਆਂ ਦੁੱਖ ਝੱਲਦੀਆਂ ਰਹਿਣਗੀਆਂ।

ਇਸ ਭਿਆਨਕ ਪੇਸ਼ੇ ਲਈ ਕੌਣ ਦੋਸ਼ੀ ਹੈ? ਸਪੱਸ਼ਟ ਤੌਰ ਤੇ, ਕੁੜੀਆਂ ਨੂੰ ਵੇਸਵਾਵਾਂ ਬਣਨ ਲਈ ਵੇਚਣ ਜਾਂ ਖ਼ਰੀਦਣ ਵਾਲੇ ਲੋਕ ਕਾਫ਼ੀ ਹੱਦ ਤਕ ਦੋਸ਼ੀ ਹਨ। ਪਰ ਉਨ੍ਹਾਂ ਨੀਚ ਆਦਮੀਆਂ ਦੀ ਵੀ ਨਿਖੇਧੀ ਕਰਨੀ ਜ਼ਰੂਰੀ ਹੈ ਜੋ ਆਪਣੀ ਕਾਮ-ਵਾਸ਼ਨਾ ਸੰਤੁਸ਼ਟ ਕਰਨ ਲਈ ਕੁੜੀਆਂ ਨੂੰ ਇਸਤੇਮਾਲ ਕਰਦੇ ਹਨ। ਕਿਉਂਕਿ ਜੇਕਰ ਅਜਿਹੇ ਅਨੈਤਿਕ ਆਦਮੀ ਨਾ ਹੁੰਦੇ, ਤਾਂ ਇਹ ਕੁੜੀਆਂ ਵੇਸਵਾਵਾਂ ਨਾ ਬਣਦੀਆਂ।

[ਫੁਟਨੋਟ]

a ਨਾਂ ਬਦਲੇ ਗਏ ਹਨ।

[ਤਸਵੀਰ]

ਹਰ ਸਾਲ ਲਗਭਗ ਦਸ ਲੱਖ ਮੁਟਿਆਰਾਂ ਨੂੰ ਵੇਸਵਾਵਾਂ ਬਣਨ ਲਈ ਮਜਬੂਰ ਕੀਤਾ ਜਾਂਦਾ ਹੈ

[ਸਫ਼ੇ 6 ਉੱਤੇ ਡੱਬੀ/ਤਸਵੀਰ]

ਮੱਧ ਅਫ਼ਰੀਕਾ ਵਿਚ ਇਕ ਔਰਤ ਦੇ ਰੋਜ਼ਾਨਾ ਕੰਮ

ਛੇ ਵਜੇ ਉੱਠ ਕੇ ਔਰਤ ਆਪਣੇ ਅਤੇ ਆਪਣੇ ਪਰਿਵਾਰ ਲਈ ਨਾਸ਼ਤਾ ਤਿਆਰ ਕਰਦੀ ਹੈ, ਜੋ ਉਹ ਦੁਪਹਿਰ ਤੋਂ ਪਹਿਲਾਂ ਖਾਣਗੇ। ਨੇੜੇ ਦੀ ਨਦੀ ਤੋਂ ਪਾਣੀ ਲਿਆਉਣ ਤੋਂ ਬਾਅਦ, ਉਹ ਆਪਣੇ ਖੇਤਾਂ ਵੱਲ ਤੁਰ ਪੈਂਦੀ ਹੈ—ਉਸ ਨੂੰ ਤੁਰਨ ਵਿਚ ਸ਼ਾਇਦ ਇਕ ਘੰਟਾ ਲੱਗ ਜਾਵੇ।

ਸ਼ਾਮ ਦੇ ਚਾਰ ਕੁ ਵਜੇ ਤਕ, ਉਹ ਖੇਤਾਂ ਵਿਚ ਵਾਹੀ ਕਰਦੀ ਹੈ, ਘਾਹ-ਫੂਸ ਕੱਢਦੀ ਹੈ, ਜਾਂ ਖੇਤ ਨੂੰ ਪਾਣੀ ਦਿੰਦੀ ਹੈ, ਅਤੇ ਸਿਰਫ਼ ਆਪਣੇ ਨਾਲ ਲਿਆਂਦਾ ਖਾਣਾ ਖਾਣ ਵਾਸਤੇ ਥੋੜ੍ਹੀ ਦੇਰ ਲਈ ਰੁਕਦੀ ਹੈ। ਹਨੇਰਾ ਹੋਣ ਤੋਂ ਦੋ ਘੰਟੇ ਪਹਿਲਾਂ, ਉਹ ਲੱਕੜੀਆਂ ਕੱਟਣ ਅਤੇ ਕਸਾਵਾ ਜਾਂ ਹੋਰ ਸਬਜ਼ੀਆਂ ਇਕੱਠੀਆਂ ਕਰਨ ਦਾ ਕੰਮ ਕਰਦੀ ਹੈ। ਫਿਰ ਉਹ ਇਹ ਸਾਰਾ ਸਾਮਾਨ ਚੁੱਕ ਕੇ ਘਰ ਲਿਜਾਂਦੀ ਹੈ।

ਅਕਸਰ, ਉਹ ਸੂਰਜ ਡੁੱਬਣ ਵੇਲੇ ਘਰ ਪਹੁੰਚਦੀ ਹੈ। ਹੁਣ ਰਾਤ ਦਾ ਖਾਣਾ ਤਿਆਰ ਕਰਨ ਦਾ ਕੰਮ ਹੁੰਦਾ ਹੈ, ਜਿਸ ਕੰਮ ਲਈ ਦੋ ਜਾਂ ਇਸ ਤੋਂ ਵੱਧ ਘੰਟੇ ਲੱਗ ਸਕਦੇ ਹਨ। ਹਰ ਐਤਵਾਰ ਦਾ ਦਿਨ ਨੇੜਲੀ ਨਦੀ ਵਿਚ ਕੱਪੜੇ ਧੋਣ ਅਤੇ ਫਿਰ ਸੁਕਾਉਣ ਤੋਂ ਬਾਅਦ ਇਨ੍ਹਾਂ ਨੂੰ ਪ੍ਰੈੱਸ ਕਰਨ ਵਿਚ ਗੁਜ਼ਰਿਆ ਜਾਂਦਾ ਹੈ।

ਉਸ ਦਾ ਪਤੀ ਇਸ ਸਖ਼ਤ ਮਿਹਨਤ ਦੀ ਘੱਟ ਹੀ ਕਦਰ ਕਰਦਾ ਹੈ ਅਤੇ ਉਹ ਆਪਣੀ ਪਤਨੀ ਦੇ ਸੁਝਾਵਾਂ ਨੂੰ ਨਹੀਂ ਸੁਣਦਾ ਹੈ। ਉਸ ਨੂੰ ਦਰਖ਼ਤ ਕੱਟਣ ਜਾਂ ਜੰਗਲੀ ਝਾੜੀਆਂ ਸਾੜਨ ਵਿਚ ਕੋਈ ਇਤਰਾਜ਼ ਨਹੀਂ ਤਾਂਕਿ ਉਹ ਦੀ ਪਤਨੀ ਖੇਤ ਨੂੰ ਬੀਜਣ ਲਈ ਤਿਆਰ ਕਰ ਸਕੇ, ਪਰ ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਰਦਾ। ਕਦੀ-ਕਦੀ, ਉਹ ਬੱਚਿਆਂ ਨੂੰ ਨਹਿਲਾਉਣ ਲਈ ਨਦੀ ਤੇ ਲੈ ਜਾਂਦਾ ਹੈ, ਅਤੇ ਉਹ ਸ਼ਾਇਦ ਕੁਝ ਸ਼ਿਕਾਰ ਵੀ ਕਰੇ ਅਤੇ ਮੱਛੀਆਂ ਫੜੇ। ਪਰ ਉਸ ਦੇ ਦਿਨ ਦਾ ਕਾਫ਼ੀ ਸਮਾਂ ਪਿੰਡ ਦੇ ਦੂਸਰੇ ਆਦਮੀਆਂ ਨਾਲ ਗੱਪਾਂ ਮਾਰਨ ਵਿਚ ਲੰਘਦਾ ਹੈ।

ਜੇ ਪਤੀ ਵਿਚ ਸਮਰਥਾ ਹੋਵੇ, ਤਾਂ ਥੋੜ੍ਹੇ ਸਾਲਾਂ ਬਾਅਦ, ਉਹ ਇਕ ਨਵੀਂ, ਜਵਾਨ ਵਹੁਟੀ ਘਰ ਲਿਆਵੇਗਾ, ਜੋ ਉਸ ਦਾ ਸਾਰਾ ਪਿਆਰ ਪਾਵੇਗੀ। ਫਿਰ ਵੀ, ਉਸ ਦੀ ਪਹਿਲੀ ਪਤਨੀ ਨੂੰ ਹਮੇਸ਼ਾ ਵਾਂਗ ਕੰਮ ਕਰਦੀ ਰਹਿਣਾ ਪਵੇਗਾ, ਜਦ ਤਕ ਉਸ ਦੀ ਸਿਹਤ ਖ਼ਰਾਬ ਨਾ ਹੋ ਜਾਵੇ ਜਾਂ ਉਹ ਮਰ ਨਾ ਜਾਵੇ।

ਅਫ਼ਰੀਕੀ ਔਰਤਾਂ ਕੰਮ ਦਾ ਵੱਡਾ ਬੋਝ ਚੁੱਕਦੀਆਂ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ