ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 4/8 ਸਫ਼ੇ 12-14
  • ਔਰਤਾਂ ਦਾ ਭਵਿੱਖ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਔਰਤਾਂ ਦਾ ਭਵਿੱਖ ਕੀ ਹੈ?
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਤੀਆਂ ਅਤੇ ਪਿਤਾਵਾਂ ਨੂੰ ਸਿਖਾਉਣਾ
  • ਪਰਮੇਸ਼ੁਰ ਦੀ ਔਰਤਾਂ ਲਈ ਪਰਵਾਹ
  • ਔਰਤਾਂ ਜਿਨ੍ਹਾਂ ਨੂੰ ਇੱਜ਼ਤ ਮਿਲੀ ਹੈ
  • ਇਕ ਸਥਾਈ ਹੱਲ
  • ਰੱਬ ਔਰਤਾਂ ਨੂੰ ਆਦਰ-ਮਾਣ ਦਿੰਦਾ ਹੈ
    2012 ਦੇ ਅੰਗ੍ਰੇਜ਼ੀ ਪਹਿਰਾਬੁਰਜ ਵਿੱਚੋਂ ਲੇਖ
  • ਯਹੋਵਾਹ ਦੇ ਮਕਸਦ ਵਿਚ ਔਰਤਾਂ ਦੀ ਕੀ ਅਹਿਮੀਅਤ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਤੀਵੀਂ-ਆਦਮੀ ਦੀਆਂ ਜ਼ਿੰਮੇਵਾਰੀਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਕੀ ਬਾਈਬਲ ਔਰਤਾਂ ਨੂੰ ਨੀਵਾਂ ਸਮਝਣ ਦੀ ਸਿੱਖਿਆ ਦਿੰਦੀ ਹੈ?
    ਜਾਗਰੂਕ ਬਣੋ!—2006
ਹੋਰ ਦੇਖੋ
ਜਾਗਰੂਕ ਬਣੋ!—1998
g98 4/8 ਸਫ਼ੇ 12-14

ਔਰਤਾਂ ਦਾ ਭਵਿੱਖ ਕੀ ਹੈ?

“ਮਨੁੱਖਜਾਤੀ ਦਾ ਇਤਿਹਾਸ ਮਰਦ ਵੱਲੋਂ ਔਰਤ ਨਾਲ ਵਾਰ-ਵਾਰ ਕੀਤੀ ਗਈ ਬਦਸਲੂਕੀ ਅਤੇ ਉਨ੍ਹਾਂ ਉੱਤੇ ਨਾਜਾਇਜ਼ ਅਧਿਕਾਰ ਜਮਾਉਣ ਦਾ ਇਤਿਹਾਸ ਹੈ।” ਸੈਨਿਕਾ ਫ਼ੌਲਜ਼, ਨਿਊਯਾਰਕ ਵਿਖੇ, ਜਜ਼ਬਾਤਾਂ ਦਾ ਐਲਾਨਨਾਮਾ ਇਸ ਤਰ੍ਹਾਂ ਪੜ੍ਹਨ ਵਿਚ ਆਉਂਦਾ ਹੈ, ਜੋ ਅਮਰੀਕਾ ਵਿਚ 150 ਸਾਲ ਪਹਿਲਾਂ ਔਰਤਾਂ ਖ਼ਿਲਾਫ਼ ਬੇਇਨਸਾਫ਼ੀ ਪ੍ਰਤੀ ਰੋਸ ਪ੍ਰਗਟ ਕਰਨ ਲਈ ਲਿਖਿਆ ਗਿਆ ਸੀ।

ਉਸ ਸਮੇਂ ਤੋਂ ਬੇਸ਼ੱਕ ਤਰੱਕੀ ਕੀਤੀ ਗਈ ਹੈ, ਪਰ ਜਿਵੇਂ ਸੰਯੁਕਤ ਰਾਸ਼ਟਰ-ਸੰਘ ਦਾ ਪ੍ਰਕਾਸ਼ਨ ਸੰਸਾਰ ਦੀਆਂ ਔਰਤਾਂ 1995 (ਅੰਗ੍ਰੇਜ਼ੀ) ਬਿਆਨ ਕਰਦਾ ਹੈ, ਅਜੇ ਹੋਰ ਬਹੁਤ ਤਰੱਕੀ ਦੀ ਲੋੜ ਹੈ। “ਅਕਸਰ, ਔਰਤਾਂ ਅਤੇ ਆਦਮੀ ਆਪੋ ਆਪਣੀ ਦੁਨੀਆਂ ਵਿਚ ਰਹਿੰਦੇ ਹਨ,” ਇਹ ਰਿਪੋਰਟ ਕਰਦਾ ਹੈ, “ਅਜਿਹੀ ਦੁਨੀਆਂ ਜੋ ਪੜ੍ਹਾਈ-ਲਿਖਾਈ ਅਤੇ ਨੌਕਰੀ ਦੇ ਮੌਕਿਆਂ, ਸਿਹਤ, ਨਿੱਜੀ ਸਲਾਮਤੀ ਅਤੇ ਫੁਰਸਤ ਵਿਚ ਵੱਖੋ-ਵੱਖਰੀਆਂ ਹਨ।”

ਇਸ ਬਾਰੇ ਜ਼ਿਆਦਾ ਜਾਣਕਾਰੀ ਕਰਕੇ ਕੌਮਾਂ ਨੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਕਾਨੂੰਨ ਪਾਸ ਕੀਤੇ ਹਨ। ਪਰ ਕਾਨੂੰਨ ਦਿਲਾਂ ਨੂੰ ਨਹੀਂ ਬਦਲ ਸਕਦੇ, ਜਿਨ੍ਹਾਂ ਵਿਚ ਬੇਇਨਸਾਫ਼ੀ ਅਤੇ ਪੱਖਪਾਤ ਦੀਆਂ ਜੜ੍ਹਾਂ ਹੁੰਦੀਆਂ ਹਨ। ਉਦਾਹਰਣ ਲਈ, ਵੇਸਵਾ ਕੁੜੀਆਂ ਦੀ ਮੰਦੀ ਹਾਲਤ ਬਾਰੇ ਸੋਚੋ। ਨਿਊਜ਼ਵੀਕ ਨੇ ਇਸ ਅੰਤਰ-ਰਾਸ਼ਟਰੀ ਬਦਨਾਮੀ ਬਾਰੇ ਕਿਹਾ: “ਬਾਲ ਯੌਨ ਸ਼ੋਸ਼ਣ ਰੋਕਣ ਲਈ ਕਾਨੂੰਨਾਂ ਦਾ ਉਦੇਸ਼ ਚੰਗਾ ਹੈ ਪਰ ਅਕਸਰ ਉਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ।” ਇਸੇ ਤਰ੍ਹਾਂ, ਕਾਨੂੰਨ ਆਪ ਹੀ ਹਿੰਸਾ ਨੂੰ ਨਹੀਂ ਰੋਕ ਸਕਦਾ। “ਸਬੂਤ ਦਿਖਾਉਂਦਾ ਹੈ ਕਿ ਔਰਤਾਂ ਵਿਰੁੱਧ ਹਿੰਸਾ ਇਕ ਵਿਸ਼ਵ-ਵਿਆਪੀ ਸਮੱਸਿਆ ਹੈ,” ਮਨੁੱਖੀ ਵਿਕਾਸ ਰਿਪੋਰਟ 1995 (ਅੰਗ੍ਰੇਜ਼ੀ) ਕਹਿੰਦੀ ਹੈ। “ਜਦੋਂ ਤਕ ਵਰਤਮਾਨ ਸਭਿਆਚਾਰਕ ਅਤੇ ਸਮਾਜਕ ਕਦਰਾਂ-ਕੀਮਤਾਂ ਨਹੀਂ ਬਦਲਦੀਆਂ—ਅਜਿਹੀ ਹਿੰਸਾ ਰੋਕਣ ਲਈ ਤਕਰੀਬਨ ਸਾਰੇ ਕਾਨੂੰਨ ਨਾਕਾਫ਼ੀ ਹਨ।”—ਟੇਢੇ ਟਾਈਪ ਸਾਡੇ।

ਆਮ ਤੌਰ ਤੇ “ਸਭਿਆਚਾਰਕ ਅਤੇ ਸਮਾਜਕ ਕਦਰਾਂ-ਕੀਮਤਾਂ” ਪੱਕੀ ਰੀਤ ਉੱਤੇ ਆਧਾਰਿਤ ਹੁੰਦੀਆਂ ਹਨ—ਜਿਸ ਨੂੰ ਬਦਲਣਾ ਬੇਹੱਦ ਔਖਾ ਹੈ। “ਰੀਤ ਮਰਦਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਪਿਆਰ ਕਰਨ ਦੀ ਬਜਾਇ ਔਰਤਾਂ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਦੀ ਪਰਵਾਹ ਕਰਨ ਨਾਲੋਂ ਦੁਰਵਰਤੋਂ ਕੀਤੀ ਜਾਣੀ ਚਾਹੀਦੀ ਹੈ,” ਮੱਧ ਪੂਰਬ ਤੋਂ ਇਕ ਔਰਤ ਕਹਿੰਦੀ ਹੈ। “ਨਤੀਜੇ ਵਜੋਂ, ਔਰਤ ਦੀ ਕੋਈ ਨਹੀਂ ਸੁਣਦਾ, ਨਾ ਉਸ ਦਾ ਕੋਈ ਹੱਕ ਹੈ, ਅਤੇ ਉਸ ਕੋਲ ਆਪਣੇ ਜੀਵਨ ਨੂੰ ਸੁਧਾਰਨ ਦਾ ਮੌਕਾ ਘੱਟ ਹੀ ਹੁੰਦਾ ਹੈ।”

ਪਤੀਆਂ ਅਤੇ ਪਿਤਾਵਾਂ ਨੂੰ ਸਿਖਾਉਣਾ

ਬੇਜਿੰਗ, ਚੀਨ ਵਿਚ, ਔਰਤਾਂ ਸੰਬੰਧੀ ਇਕ 1995 ਵਿਸ਼ਵ ਕਾਨਫ਼ਰੰਸ ਵਿਚ ਪੇਸ਼ ਕੀਤੇ ਗਏ ਕਾਰਵਾਈ ਲਈ ਐਲਾਨਨਾਮੇ ਨੇ ਐਲਾਨ ਕੀਤਾ ਕਿ “ਸਾਰਿਆਂ ਵੱਲੋਂ ਫ਼ੌਰੀ ਅਤੇ ਸਾਂਝੀ ਕਾਰਵਾਈ” ਕਰਨ ਦੁਆਰਾ ਹੀ ਇਕ “ਸ਼ਾਂਤਮਈ, ਨਿਆਂਪੂਰਣ ਅਤੇ ਹਿਤਕਾਰੀ ਸੰਸਾਰ” ਲਿਆਇਆ ਜਾ ਸਕਦਾ ਹੈ ਜਿਸ ਵਿਚ ਔਰਤਾਂ ਦੀ ਇੱਜ਼ਤ ਕੀਤੀ ਜਾਵੇਗੀ।

ਔਰਤਾਂ ਦੀਆਂ ਜ਼ਿੰਦਗੀਆਂ ਨੂੰ ਜ਼ਿਆਦਾ ‘ਸ਼ਾਂਤਮਈ, ਨਿਆਂਪੂਰਣ, ਅਤੇ ਹਿਤਕਾਰੀ’ ਬਣਾਉਣ ਵਾਲੀ ਕੋਈ ਵੀ ਕਾਰਵਾਈ, ਘਰ ਵਿਚ ਪਤੀਆਂ ਅਤੇ ਪਿਤਾਵਾਂ ਵੱਲੋਂ ਸ਼ੁਰੂ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿਚ, ਯਹੋਵਾਹ ਦੇ ਗਵਾਹ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ ਕਿ ਕਾਮਯਾਬੀ ਦੀ ਕੁੰਜੀ ਬਾਈਬਲ ਦੀ ਸਿੱਖਿਆ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਜਦੋਂ ਆਦਮੀ ਸਿੱਖਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਇੱਜ਼ਤ ਅਤੇ ਲਿਹਾਜ਼ ਨਾਲ ਆਪਣੀਆਂ ਪਤਨੀਆਂ ਅਤੇ ਧੀਆਂ ਨਾਲ ਸਲੂਕ ਕਰਨ ਦੀ ਆਸ ਰੱਖਦਾ ਹੈ, ਤਾਂ ਉਹ ਇਹ ਦਿਲੋਂ ਕਰਦੇ ਹਨ।

ਮੱਧ ਅਫ਼ਰੀਕਾ ਵਿਚ ਇਕ ਸ਼ਾਦੀ-ਸ਼ੁਦਾ ਆਦਮੀ, ਪੇਡਰੋ, ਜਿਸ ਦੇ ਚਾਰ ਬੱਚੇ ਹਨ, ਹੁਣ ਆਪਣੀ ਪਤਨੀ ਦੀਆਂ ਜ਼ਰੂਰਤਾਂ ਵੱਲ ਧਿਆਨ ਦਿੰਦਾ ਹੈ। ਉਹ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਉਸ ਦੀ ਮਦਦ ਕਰਦਾ ਹੈ, ਅਤੇ ਉਹ ਖਾਣਾ ਵੀ ਪਰੋਸਦਾ ਹੈ ਜਦੋਂ ਮਹਿਮਾਨ ਪਰਿਵਾਰ ਦੇ ਨਾਲ ਭੋਜਨ ਕਰਦੇ ਹਨ। ਉਸ ਦੇ ਦੇਸ਼ ਵਿਚ ਅਜਿਹਾ ਲਿਹਾਜ਼ਦਾਰ ਰਵੱਈਆ ਬਹੁਤ ਅਨੋਖਾ ਹੈ। ਕਿਹੜੀ ਗੱਲ ਉਸ ਨੂੰ ਆਪਣੀ ਪਤਨੀ ਦੀ ਕਦਰ ਕਰਨ ਅਤੇ ਉਸ ਨਾਲ ਮਿਲ ਕੇ ਕੰਮ ਕਰਵਾਉਣ ਲਈ ਪ੍ਰੇਰਿਤ ਕਰਦੀ ਹੈ?

“ਜਦੋਂ ਮੈਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਮੈਂ ਪਤੀ ਦੇ ਫ਼ਰਜ਼ ਬਾਰੇ ਦੋ ਮਹੱਤਵਪੂਰਣ ਸਿਧਾਂਤ ਸਿੱਖੇ,” ਪੇਡਰੋ ਸਮਝਾਉਂਦਾ ਹੈ। “ਇਨ੍ਹਾਂ ਨੇ ਮੇਰੀ ਪਤਨੀ ਬਾਰੇ ਮੇਰੇ ਵਿਚਾਰ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਪਹਿਲਾ, 1 ਪਤਰਸ 3:7 ਵਿਆਖਿਆ ਕਰਦਾ ਹੈ ਕਿ ‘ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ’ ਇਕ ਪਤੀ ਨੂੰ ਆਪਣੀ ਪਤਨੀ ਦਾ ਆਦਰ ਕਰਨਾ ਚਾਹੀਦਾ ਹੈ। ਦੂਜਾ, ਅਫ਼ਸੀਆਂ 5:28, 29 ਕਹਿੰਦਾ ਹੈ ਕਿ ਇਕ ਪਤੀ ਨੂੰ ਆਪਣੀ ਪਤਨੀ ਨਾਲ ‘ਆਪਣੇ ਸਰੀਰ’ ਵਾਂਗ ਸਲੂਕ ਕਰਨਾ ਚਾਹੀਦਾ ਹੈ। ਜਿਸ ਸਮੇਂ ਤੋਂ ਮੈਂ ਇਸ ਸਲਾਹ ਨੂੰ ਅਪਣਾਇਆ ਹੈ, ਸਾਡੇ ਆਪਸ ਵਿਚ ਜ਼ਿਆਦਾ ਤੇਹ ਹੋ ਗਿਆ। ਇਸ ਲਈ ਸਾਨੂੰ ਆਦਮੀਆਂ ਨੂੰ ਸਥਾਨਕ ਰਿਵਾਜਾਂ ਨਾਲੋਂ ਪਰਮੇਸ਼ੁਰ ਦੀ ਸਲਾਹ ਨੂੰ ਜ਼ਿਆਦਾ ਮਹੱਤਵਪੂਰਣ ਸਮਝਣਾ ਚਾਹੀਦਾ ਹੈ।”

ਪੱਛਮੀ ਅਫ਼ਰੀਕਾ ਤੋਂ, ਮਾਇਕਲ ਸਵੀਕਾਰ ਕਰਦਾ ਹੈ ਕਿ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਤੋਂ ਪਹਿਲਾਂ, ਉਹ ਆਪਣੀ ਪਤਨੀ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ। “ਗੁੱਸੇ ਹੋ ਕੇ ਮੈਂ ਉਸ ਨੂੰ ਕੁੱਟਦਾ ਵੀ ਹੁੰਦਾ ਸੀ,” ਉਹ ਕਬੂਲ ਕਰਦਾ ਹੈ। “ਪਰ ਬਾਈਬਲ ਨੇ ਮੈਨੂੰ ਸਿਖਾਇਆ ਕਿ ਮੈਨੂੰ ਆਪਣੇ ਰਾਹ ਬਦਲਣੇ ਚਾਹੀਦੇ ਹਨ। ਹੁਣ ਮੈਂ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣ ਅਤੇ ਆਪਣੇ ਸਰੀਰ ਵਾਂਗ ਆਪਣੀ ਪਤਨੀ ਨਾਲ ਪਿਆਰ ਕਰਨ ਦੀ ਸਖ਼ਤ ਕੋਸ਼ਿਸ਼ ਕਰਦਾ ਹਾਂ। ਅਤੇ ਅੱਗੇ ਨਾਲੋਂ ਹੁਣ ਅਸੀਂ ਦੋਨੋਂ ਬਹੁਤ ਖ਼ੁਸ਼ ਹਾਂ।” (ਕੁਲੁੱਸੀਆਂ 3:9, 10, 19) ਉਸ ਦੀ ਪਤਨੀ, ਕਮਫਟ, ਸਹਿਮਤ ਹੁੰਦੀ ਹੈ: “ਹੁਣ ਮਾਇਕਲ ਮੇਰੇ ਨਾਲ ਜ਼ਿਆਦਾ ਇੱਜ਼ਤ ਅਤੇ ਪਿਆਰ ਵਾਲਾ ਸਲੂਕ ਰੱਖਦਾ ਹੈ ਜੋ ਸਾਡੇ ਸਮਾਜ ਵਿਚ ਜ਼ਿਆਦਾਤਰ ਪਤੀਆਂ ਦਾ ਰਿਵਾਜ ਨਹੀਂ ਹੈ। ਅਸੀਂ ਆਪਣੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰ ਸਕਦੇ ਹਾਂ ਅਤੇ ਇਕੱਠੇ ਮਿਲ ਕੇ ਕੰਮ ਕਰਦੇ ਹਾਂ।”

ਪੇਡਰੋ ਅਤੇ ਮਾਇਕਲ ਨੇ ਆਪਣੀਆਂ ਪਤਨੀਆਂ ਦਾ ਆਦਰ ਕਰਨਾ ਅਤੇ ਉਨ੍ਹਾਂ ਨੂੰ ਅਜ਼ੀਜ਼ ਸਮਝਣਾ ਸਿੱਖਿਆ ਹੈ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀਆਂ ਹਿਦਾਇਤਾਂ ਦਿਲ ਨੂੰ ਲਾਈਆਂ ਹਨ, ਜੋ ਸਾਫ਼-ਸਾਫ਼ ਦੱਸਦਾ ਹੈ ਕਿ ਔਰਤਾਂ ਨਾਲ ਬੇਇਨਸਾਫ਼ੀ ਸਾਡੇ ਸ੍ਰਿਸ਼ਟੀਕਰਤਾ ਨੂੰ ਬਹੁਤ ਨਾਰਾਜ਼ ਕਰਦੀ ਹੈ।

ਪਰਮੇਸ਼ੁਰ ਦੀ ਔਰਤਾਂ ਲਈ ਪਰਵਾਹ

ਪਰਮੇਸ਼ੁਰ ਔਰਤਾਂ ਅਤੇ ਉਨ੍ਹਾਂ ਦੀ ਖ਼ੁਸ਼ਹਾਲੀ ਬਾਰੇ ਹਮੇਸ਼ਾ ਪਰਵਾਹ ਕਰਦਾ ਰਿਹਾ ਹੈ। ਭਾਵੇਂ ਕਿ ਉਸ ਨੇ ਸਾਡੇ ਪਹਿਲੇ ਮਾਪਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬਗਾਵਤ ਕਰਕੇ, ਅਪੂਰਣਤਾ ਔਰਤਾਂ ‘ਉੱਤੇ ਹੁਕਮ ਚਲਾਏ’ ਜਾਣ ਵੱਲ ਲੈ ਜਾਵੇਗੀ, ਇਹ ਕਦੀ ਵੀ ਪਰਮੇਸ਼ੁਰ ਦਾ ਮਕਸਦ ਨਹੀਂ ਸੀ। (ਉਤਪਤ 3:16) ਉਸ ਨੇ ਹੱਵਾਹ ਨੂੰ ਆਦਮ ਦਾ “ਪੂਰਕ” ਅਤੇ ਸਾਥੀ ਬਣਾਇਆ ਸੀ। (ਉਤਪਤ 2:18, ਨਿ ਵ) ਮੂਸਾ ਦੀ ਬਿਵਸਥਾ ਵਿਚ, ਜੋ ਪ੍ਰਾਚੀਨ ਇਸਰਾਏਲ ਨੂੰ ਦਿੱਤੀ ਗਈ ਸੀ, ਯਹੋਵਾਹ ਨੇ ਖ਼ਾਸ ਕਰਕੇ ਵਿਧਵਾਵਾਂ ਨਾਲ ਕੀਤੇ ਦੁਰਵਿਵਹਾਰ ਨੂੰ ਨਿੰਦਿਆ ਅਤੇ ਇਸਰਾਏਲੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਉਨ੍ਹਾਂ ਨਾਲ ਦਇਆਵਾਨ ਸਲੂਕ ਕਰਨ ਅਤੇ ਉਨ੍ਹਾਂ ਨੂੰ ਮਦਦ ਦੇਣ।—ਕੂਚ 22:22; ਬਿਵਸਥਾ ਸਾਰ 14:28, 29; 24:17-22.

ਯਿਸੂ ਨੇ ਆਪਣੇ ਸਵਰਗੀ ਪਿਤਾ ਦੀ ਨਕਲ ਕੀਤੀ ਅਤੇ ਉਹ ਆਪਣੇ ਸਮੇਂ ਦੇ ਉਸ ਰਿਵਾਜ ਅਨੁਸਾਰ ਨਹੀਂ ਚੱਲਿਆ ਜੋ ਔਰਤਾਂ ਦੀ ਕਦਰ ਨਹੀਂ ਕਰਦਾ ਸੀ। ਉਸ ਨੇ ਨਰਮੀ ਨਾਲ ਔਰਤਾਂ ਨਾਲ ਗੱਲਬਾਤ ਕੀਤੀ—ਬਦਨਾਮ ਔਰਤਾਂ ਨਾਲ ਵੀ। (ਲੂਕਾ 7:44-50) ਇਸ ਤੋਂ ਇਲਾਵਾ, ਯਿਸੂ ਬੀਮਾਰ ਜਾਂ ਰੋਗੀ ਔਰਤਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦਾ ਸੀ। (ਲੂਕਾ 8:43-48) ਇਕ ਮੌਕੇ ਤੇ, ਉਸ ਨੇ ਇਕ ਵਿਧਵਾ ਨੂੰ ਆਪਣੇ ਇਕਲੌਤੇ ਪੁੱਤਰ ਦੀ ਹੁਣੇ-ਹੁਣੇ ਹੋਈ ਮੌਤ ਉੱਤੇ ਸੋਗ ਕਰਦੇ ਹੋਏ ਦੇਖ ਕੇ, ਅਰਥੀ ਉਠਾਉਣ ਵਾਲਿਆਂ ਕੋਲ ਜਾ ਕੇ ਉਸ ਨੌਜਵਾਨ ਨੂੰ ਜੀ ਉਠਾਇਆ।—ਲੂਕਾ 7:11-15.

ਯਿਸੂ ਦੇ ਮੁਢਲੇ ਚੇਲਿਆਂ ਵਿਚ ਔਰਤਾਂ ਵੀ ਸਨ ਅਤੇ ਉਹ ਉਸ ਦੇ ਪੁਨਰ-ਉਥਾਨ ਦੀਆਂ ਪਹਿਲੀਆਂ ਗਵਾਹ ਸਨ। ਬਾਈਬਲ ਪਰਾਹੁਣਚਾਰੀ, ਦਇਆ, ਅਤੇ ਦਲੇਰੀ ਦੀਆਂ ਮਿਸਾਲਾਂ ਵਜੋਂ ਲੁਦਿਯਾ, ਦੋਰਕਸ, ਅਤੇ ਪਰਿਸਕਾ ਵਰਗੀਆਂ ਔਰਤਾਂ ਦਾ ਆਦਰ ਸਹਿਤ ਜ਼ਿਕਰ ਕਰਦੀ ਹੈ। (ਰਸੂਲਾਂ ਦੇ ਕਰਤੱਬ 9:36-41; 16:14, 15; ਰੋਮੀਆਂ 16:3, 4) ਅਤੇ ਮੁਢਲੇ ਮਸੀਹੀਆਂ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਪੌਲੁਸ ਰਸੂਲ ਨੇ ਆਪਣੇ ਸੰਗੀ ਮਿਸ਼ਨਰੀ ਤਿਮੋਥਿਉਸ ਨੂੰ “ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ” ਸਮਝਣ ਲਈ ਕਿਹਾ ਸੀ।—1 ਤਿਮੋਥਿਉਸ 5:2.

ਔਰਤਾਂ ਜਿਨ੍ਹਾਂ ਨੂੰ ਇੱਜ਼ਤ ਮਿਲੀ ਹੈ

ਜੇਕਰ ਤੁਸੀਂ ਇਕ ਮਸੀਹੀ ਪੁਰਸ਼ ਹੋ, ਤਾਂ ਤੁਸੀਂ ਵੀ ਔਰਤਾਂ ਨੂੰ ਉਹੀ ਇੱਜ਼ਤ ਦਿਓਗੇ। ਤੁਸੀਂ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਲਈ ਕਦੀ ਵੀ ਰਿਵਾਜ ਦਾ ਬਹਾਨਾ ਨਹੀਂ ਇਸਤੇਮਾਲ ਕਰੋਗੇ। ਇਸ ਤੋਂ ਇਲਾਵਾ, ਔਰਤਾਂ ਦਾ ਸਤਿਕਾਰ ਕਰਨਾ ਤੁਹਾਡੀ ਨਿਹਚਾ ਦਾ ਪ੍ਰਭਾਵਕਾਰੀ ਸਬੂਤ ਦੇਵੇਗਾ। (ਮੱਤੀ 5:16) ਅਫ਼ਰੀਕਾ ਤੋਂ ਇਕ ਮੁਟਿਆਰ, ਸਲੀਮਾ, ਵਰਣਨ ਕਰਦੀ ਹੈ ਕਿ ਉਸ ਨੇ ਮਸੀਹੀ ਸਿਧਾਂਤਾਂ ਦੇ ਅਮਲ ਨੂੰ ਦੇਖ ਕੇ ਕਿਵੇਂ ਲਾਭ ਉਠਾਇਆ।

“ਮੈਂ ਅਜਿਹੇ ਮਾਹੌਲ ਵਿਚ ਵੱਡੀ ਹੋਈ ਜਿੱਥੇ ਔਰਤਾਂ ਅਤੇ ਕੁੜੀਆਂ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਮੇਰੀ ਮਾਂ ਦਿਨ ਦੇ 16 ਘੰਟੇ ਕੰਮ ਕਰਦੀ ਸੀ, ਪਰ ਜੇ ਉਸ ਦਾ ਕੋਈ ਕੰਮ ਅਧੂਰਾ ਰਹਿ ਜਾਂਦਾ, ਤਾਂ ਉਸ ਨੂੰ ਸ਼ਿਕਾਇਤਾਂ ਤੋਂ ਇਲਾਵਾ ਕੁਝ ਨਹੀਂ ਮਿਲਦਾ ਸੀ। ਇਸ ਤੋਂ ਵੀ ਬੁਰਾ, ਮੇਰਾ ਪਿਤਾ ਜ਼ਿਆਦਾ ਸ਼ਰਾਬ ਪੀ ਕੇ ਉਸ ਨੂੰ ਮਾਰਦਾ ਸੀ। ਸਾਡੇ ਇਲਾਕੇ ਵਿਚ ਹੋਰ ਔਰਤਾਂ ਇਸੇ ਤਰ੍ਹਾਂ ਦੁੱਖ ਝੱਲਦੀਆਂ ਸਨ। ਪਰ ਮੈਂ ਜਾਣਦੀ ਸੀ ਕਿ ਅਜਿਹਾ ਸਲੂਕ ਗ਼ਲਤ ਹੈ—ਕਿ ਇਹ ਸਾਡੀਆਂ ਜ਼ਿੰਦਗੀਆਂ ਨੂੰ ਨਿਰਾਸਤਾ ਅਤੇ ਉਦਾਸੀ ਨਾਲ ਭਰ ਰਿਹਾ ਸੀ। ਫਿਰ ਵੀ, ਇਸ ਹਾਲਤ ਨੂੰ ਬਦਲਣ ਦਾ ਕੋਈ ਤਰੀਕਾ ਨਜ਼ਰ ਨਹੀਂ ਆ ਰਿਹਾ ਸੀ।

“ਪਰ, ਜਦੋਂ ਮੈਂ ਕਿਸ਼ੋਰ-ਅਵਸਥਾ ਵਿਚ ਸੀ, ਤਾਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗੀ। ਮੈਂ ਬਹੁਤ ਪ੍ਰਭਾਵਿਤ ਹੋਈ ਜਦੋਂ ਮੈਂ ਪਤਰਸ ਰਸੂਲ ਦੇ ਸ਼ਬਦ ਪੜ੍ਹੇ, ਜਿਸ ਨੇ ਕਿਹਾ ਕਿ ਔਰਤਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਪਰ ਮੈਂ ਸੋਚਿਆ, ‘ਇਹ ਤਾਂ ਹੋ ਹੀ ਨਹੀਂ ਸਕਦਾ ਕਿ ਲੋਕ ਇਸ ਸਲਾਹ ਨੂੰ ਲਾਗੂ ਕਰਨਗੇ, ਖ਼ਾਸ ਕਰਕੇ ਸਾਡੇ ਸਥਾਨਕ ਰਿਵਾਜ ਨੂੰ ਨਜ਼ਰ ਵਿਚ ਰੱਖਦੇ ਹੋਏ।’

“ਪਰ, ਜਦੋਂ ਮੈਂ ਗਵਾਹਾਂ ਦੀਆਂ ਸਭਾਵਾਂ ਵਿਚ, ਰਾਜ ਗ੍ਰਹਿ ਤੇ ਗਈ, ਤਾਂ ਆਦਮੀਆਂ ਅਤੇ ਔਰਤਾਂ ਨੇ ਮੇਰੇ ਨਾਲ ਕੋਮਲਤਾ ਨਾਲ ਸਲੂਕ ਕੀਤਾ। ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਵਿਚਕਾਰ ਪਤੀ ਆਪਣੀਆਂ ਪਤਨੀਆਂ ਦੀ ਸੱਚ-ਮੁੱਚ ਪਰਵਾਹ ਕਰਦੇ ਸਨ। ਮੈਂ ਜਿਉਂ-ਜਿਉਂ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗੀ, ਮੈਨੂੰ ਪਤਾ ਲੱਗਾ ਕਿ ਸਾਰੇ ਗਵਾਹਾਂ ਤੋਂ ਇਸ ਤਰ੍ਹਾਂ ਕਰਨ ਦੀ ਆਸ ਕੀਤੀ ਜਾਂਦੀ ਹੈ। ਭਾਵੇਂ ਕਿ ਕੁਝ ਆਦਮੀ ਮੇਰੇ ਵਰਗੇ ਪਿਛੋਕੜ ਤੋਂ ਆਏ ਸਨ, ਪਰ ਉਹ ਹੁਣ ਔਰਤਾਂ ਦੀ ਇੱਜ਼ਤ ਕਰਦੇ ਸਨ। ਮੈਂ ਇਸ ਵੱਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੀ ਸੀ।”

ਇਕ ਸਥਾਈ ਹੱਲ

ਸਲੀਮਾ ਨੇ ਜੋ ਇੱਜ਼ਤ ਦੇਖੀ ਉਹ ਇਤਫ਼ਾਕੀਆ ਨਹੀਂ ਸੀ। ਇਹ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ, ਸਿੱਖਿਆਦਾਇਕ ਕਾਰਜਕ੍ਰਮ ਦਾ ਨਤੀਜਾ ਸੀ, ਜੋ ਲੋਕਾਂ ਦੀ ਮਦਦ ਕਰਦਾ ਹੈ ਕਿ ਉਹ ਪਰਮੇਸ਼ੁਰ ਵਾਂਗ ਇਕ ਦੂਜੇ ਦੀ ਕਦਰ ਕਰਨ। ਇਹ ਸੰਕੇਤ ਕਰਦਾ ਹੈ ਕਿ ਅੱਜ ਵੀ ਕੀ ਕੀਤਾ ਜਾ ਸਕਦਾ ਹੈ ਅਤੇ ਉਦੋਂ ਹਰ ਜਗ੍ਹਾ ਕੀ ਕੀਤਾ ਜਾਵੇਗਾ ਜਦੋਂ ਪਰਮੇਸ਼ੁਰ ਦਾ ਰਾਜ ਸਾਰੀ ਧਰਤੀ ਉੱਤੇ ਸ਼ਾਸਨ ਕਰੇਗਾ। (ਦਾਨੀਏਲ 2:44; ਮੱਤੀ 6:10) ਇਹ ਸਵਰਗੀ ਹਕੂਮਤ ਬੇਇਨਸਾਫ਼ੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ: “ਜਦ ਕਿ ਤੇਰਾ [ਯਹੋਵਾਹ ਦਾ] ਨਿਆਉਂ ਧਰਤੀ ਉੱਤੇ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ।”—ਯਸਾਯਾਹ 26:9.

ਹੁਣ ਵੀ, ਧਾਰਮਿਕਤਾ ਦੀ ਸਿੱਖਿਆ ਲੱਖਾਂ ਹੀ ਲੋਕਾਂ ਦੀ ਸੋਚਣੀ ਨੂੰ ਬਦਲ ਰਹੀ ਹੈ। ਜਦੋਂ ਸਾਰੇ ਜੀਉਂਦੇ ਇਨਸਾਨ ਪਰਮੇਸ਼ੁਰ ਦੇ ਰਾਜ ਅਧੀਨ ਹੋਣਗੇ, ਉਦੋਂ ਇਹ ਸਿੱਖਿਆ ਸੰਸਾਰ ਭਰ ਵਿਚ ਲਗਾਤਾਰ ਦਿੱਤੀ ਜਾਵੇਗੀ ਅਤੇ ਇਹ ਆਦਮੀਆਂ ਵੱਲੋਂ ਔਰਤਾਂ ਨਾਲ ਕੀਤੇ ਗਏ ਜ਼ਾਲਮ ਸਲੂਕ ਨੂੰ ਖ਼ਤਮ ਕਰ ਦੇਵੇਗੀ, ਜੋ ਆਦਮ ਦੇ ਪਾਪ ਦਾ ਨਤੀਜਾ ਹੈ। ਯਿਸੂ ਮਸੀਹ, ਪਰਮੇਸ਼ੁਰ ਦਾ ਨਿਯੁਕਤ ਰਾਜਾ, ਔਰਤਾਂ ਨਾਲ ਬੇਇਨਸਾਫ਼ੀ ਕਾਰਨ ਆਪਣੇ ਸ਼ਾਸਨ ਨੂੰ ਵਿਗੜਨ ਨਹੀਂ ਦੇਵੇਗਾ। ਮਸੀਹ ਦੇ ਇਸ ਸ਼ਾਸਨ ਦਾ ਵਰਣਨ ਕਰਦੇ ਹੋਏ ਬਾਈਬਲ ਕਹਿੰਦੀ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”—ਜ਼ਬੂਰ 72:12-14.

ਇਨ੍ਹਾਂ ਲੇਖਾਂ ਦੀ ਲੜੀ ਨੇ ਔਰਤਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਕੇਂਦ੍ਰਿਤ ਕੀਤਾ ਹੈ। ਫਿਰ ਵੀ, ਇਹ ਮੰਨਿਆ ਜਾਂਦਾ ਹੈ ਕਿ ਆਦਮੀਆਂ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਇਤਿਹਾਸ ਦੌਰਾਨ ਸ਼ਕਤੀਸ਼ਾਲੀ ਅਤੇ ਦੁਸ਼ਟ ਆਦਮੀਆਂ ਨੇ ਨਰ ਅਤੇ ਨਾਰੀਆਂ ਉੱਤੇ ਭਿਆਨਕ ਜ਼ੁਲਮ ਢਾਏ ਹਨ। ਅਤੇ ਕੁਝ ਔਰਤਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਉਦਾਹਰਣ ਲਈ, ਬਾਈਬਲ ਈਜ਼ਬਲ, ਅਥਲਯਾਹ, ਅਤੇ ਹੇਰੋਦਿਯਾਸ ਵਰਗੀਆਂ ਦੁਸ਼ਟ ਔਰਤਾਂ ਦੁਆਰਾ ਵਹਾਏ ਗਏ ਨਿਰਦੋਸ਼ ਲਹੂ ਦਾ ਜ਼ਿਕਰ ਕਰਦੀ ਹੈ।—1 ਰਾਜਿਆਂ 18:4, 13; 2 ਇਤਹਾਸ 22:10-12; ਮੱਤੀ 14:1-11.

ਇਸ ਲਈ, ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਰਾਜ ਸ਼ਾਸਨ ਅਧੀਨ ਉਸ ਦੇ ਨਵੇਂ ਸੰਸਾਰ ਦੀ ਲੋੜ ਹੈ। ਛੇਤੀ ਹੀ, ਜਦੋਂ ਉਸ ਦਿਨ ਦਾ ਸੂਰਜ ਚੜ੍ਹੇਗਾ, ਉਦੋਂ ਔਰਤਾਂ ਜਾਂ ਆਦਮੀਆਂ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ ਜਾਂ ਉਨ੍ਹਾਂ ਨਾਲ ਬਦਸਲੂਕੀ ਨਹੀਂ ਕੀਤੀ ਜਾਵੇਗੀ। ਇਸ ਦੀ ਬਜਾਇ, ਹਰ ਦਿਨ ਸਾਰੇ ਜਣੇ “ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11.

[ਸਫ਼ੇ 13 ਉੱਤੇ ਤਸਵੀਰ]

ਮਸੀਹੀ ਪਤੀ ਬਾਈਬਲ ਦਾ ਮਾਰਗ-ਦਰਸ਼ਨ ਅਪਣਾਉਂਦੇ ਹਨ ਅਤੇ ਆਪਣੀਆਂ ਪਤਨੀਆਂ ਦੀ ਇੱਜ਼ਤ ਅਤੇ ਆਦਰ ਕਰਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ