ਕੀ ਸੰਪੂਰਣ ਸਿਹਤ ਇਕ ਸੁਪਨਾ ਹੀ ਹੈ?
ਕੀ ਤੁਸੀਂ ਕਦੇ ਸਖ਼ਤ ਤਰ੍ਹਾਂ ਬੀਮਾਰ ਹੋਏ ਹੋ ਜਾਂ ਤੁਹਾਡਾ ਕੋਈ ਵੱਡਾ ਓਪਰੇਸ਼ਨ ਹੋਇਆ ਹੈ? ਜੇ ਹੋਇਆ ਹੈ, ਤਾਂ ਸੰਭਵ ਹੈ ਕਿ ਤੁਸੀਂ ਹੁਣ ਅੱਗੇ ਨਾਲੋਂ ਜੀਵਨ ਦੀ ਜ਼ਿਆਦਾ ਕਦਰ ਕਰਦੇ ਹੋ। ਪਰ ਜੋ ਵੀ ਤੁਹਾਡੀ ਸਰੀਰਕ ਹਾਲਤ ਹੈ, ਕੀ ਤੁਹਾਡੇ ਖ਼ਿਆਲ ਵਿਚ ਸੰਪੂਰਣ ਸਿਹਤ ਦਾ ਕਦੇ ਵੀ ਆਨੰਦ ਮਾਣਿਆ ਜਾਵੇਗਾ? ਇਹ ਗੱਲ ਸ਼ਾਇਦ ਖ਼ਿਆਲੀ ਹੀ ਲੱਗੇ ਜਦੋਂ ਅਸੀਂ ਕੈਂਸਰ ਅਤੇ ਦਿਲ ਦੇ ਰੋਗਾਂ ਵਰਗੀਆਂ ਕਮਜ਼ੋਰ ਕਰਨ ਵਾਲੀਆਂ ਬੀਮਾਰੀਆਂ ਬਾਰੇ ਵਿਚਾਰ ਕਰਦੇ ਹਾਂ। ਅਸਲ ਵਿਚ, ਸਮੇਂ ਸਮੇਂ ਤੇ ਤਕਰੀਬਨ ਸਾਰਿਆਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ। ਫਿਰ ਵੀ, ਸੰਪੂਰਣ ਸਿਹਤ ਕੇਵਲ ਇਕ ਸੁਪਨਾ ਹੀ ਨਹੀਂ ਹੈ।
ਬੀਮਾਰੀ ਅਤੇ ਮੌਤ ਹੀ ਝੱਲਣ ਦੀ ਬਜਾਇ, ਮਾਨਵ ਉੱਤਮ ਸਿਹਤ ਦਾ ਆਨੰਦ ਮਾਣਨ ਲਈ ਸ੍ਰਿਸ਼ਟ ਕੀਤਾ ਗਿਆ ਸੀ। ਇਸ ਲਈ, ਬੀਮਾਰੀ ਅਤੇ ਮੌਤ ਪਲਟਾਉਣ ਲਈ, ਯਹੋਵਾਹ ਨੇ ਮਸੀਹ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੁਆਰਾ ਸੰਪੂਰਣ ਸਿਹਤ ਅਤੇ ਸਦੀਪਕ ਜੀਵਨ ਲਈ ਰਾਹ ਖੋਲ੍ਹਿਆ ਹੈ। “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਉਹ ਵਿਅਕਤੀ ਜੋ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਸਦਾ ਲਈ ਜੀਉਣਗੇ ਮਾੜੀ ਸਿਹਤ ਅਤੇ ਬੁਢਾਪੇ ਦੀਆਂ ਤਕਲੀਫ਼ਾਂ ਨਹੀਂ ਸਹਿਣਗੇ। ਤਾਂ ਫਿਰ, ਬੀਮਾਰੀਆਂ ਦਾ ਕੀ ਹੋਵੇਗਾ?
ਬੀਮਾਰੀਆਂ ਤੋਂ ਛੁਟਕਾਰਾ
ਜਿਸ ਤਰੀਕੇ ਯਿਸੂ ਮਸੀਹ ਨੇ ਬੀਮਾਰਾਂ ਨੂੰ ਚੰਗਾ ਕੀਤਾ ਉਹ ਇਕ ਨਮੂਨਾ ਪੇਸ਼ ਕਰਦਾ ਹੈ। ਅਜਿਹੇ ਇਲਾਜਾਂ ਬਾਰੇ ਕਿਹਾ ਗਿਆ ਸੀ: “ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ।” (ਮੱਤੀ 11:3-5) ਜੀ ਹਾਂ, ਉਹ ਲੰਙੇ-ਲੂਲ੍ਹੇ ਜੋ ਯਿਸੂ ਕੋਲ ਗਏ “ਚੰਗੇ ਹੋ ਗਏ।” (ਮੱਤੀ 14:36) ਨਤੀਜੇ ਵਜੋਂ, “ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ [ਉਹ] ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ।”—ਮੱਤੀ 15:31.
ਭਾਵੇਂ ਕਿ ਅੱਜ-ਕੱਲ੍ਹ ਕੋਈ ਵੀ ਅਜਿਹੇ ਇਲਾਜ ਨਹੀਂ ਕਰ ਸਕਦਾ ਹੈ, ਫਿਰ ਵੀ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੇ ਸ਼ਾਸਨ ਅਧੀਨ ਮਾਨਵਜਾਤੀ ਸਾਰੇ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਚੰਗੀ ਕੀਤੀ ਜਾਵੇਗੀ ਅਤੇ ਸੰਪੂਰਣ ਬਣਾਈ ਜਾਵੇਗੀ। ਪਰਮੇਸ਼ੁਰ ਦਾ ਵਾਅਦਾ ਪਰਕਾਸ਼ ਦੀ ਪੋਥੀ 21:3, 4 ਵਿਚ ਪਾਇਆ ਜਾਂਦਾ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”
ਅਜਿਹੇ ਸੰਸਾਰ ਦੀ ਕਲਪਨਾ ਕਰੋ ਜਿੱਥੇ ਕਿਸੇ ਦਵਾਈ ਬਾਜ਼ਾਰ ਜਾਂ ਹਸਪਤਾਲ, ਕਲਿਨਿਕ, ਜਾਂ ਥੈਰੇਪੀ ਦੀ ਕੋਈ ਜ਼ਰੂਰਤ ਨਹੀਂ! ਇਸ ਤੋਂ ਇਲਾਵਾ, ਮੁੜ-ਬਹਾਲ ਪਰਾਦੀਸ ਵਿਚ ਡੀਪਰੈਸ਼ਨ ਅਤੇ ਮਾਨਸਿਕ ਰੋਗ ਵੀ ਨਹੀਂ ਹੋਣਗੇ। ਜੀਵਨ ਆਨੰਦ ਭਰਿਆ ਹੋਵੇਗਾ, ਅਤੇ ਖ਼ੁਸ਼ੀ ਇਕ ਅਟੱਲ ਮਨੋਭਾਵ। ਵਾਕਈ ਹੀ, ਪਰਮੇਸ਼ੁਰ ਦੀ ਅਸੀਮ ਸ਼ਕਤੀ ਸਰੀਰ ਵਿਚ ਨਵੀਂ ਜਾਨ ਪਾ ਦੇਵੇਗੀ, ਅਤੇ ਰਿਹਾਈ-ਕੀਮਤ ਦੇ ਲਾਭ ਪਾਪ ਦੇ ਕਮਜ਼ੋਰ ਕਰਨ ਵਾਲੇ ਅਸਰਾਂ ਨੂੰ ਮਿਟਾ ਦੇਣਗੇ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
ਪਰਮੇਸ਼ੁਰ ਦੇ ਰਾਜ ਅਧੀਨ ਸੰਪੂਰਣ ਸਰੀਰਕ ਅਤੇ ਅਧਿਆਤਮਿਕ ਸਿਹਤ ਦਾ ਆਨੰਦ ਮਾਣਨਾ ਕਿੰਨੀ ਨਿਰਾਲੀ ਉਮੀਦ ਹੈ! ਜਿਉਂ-ਜਿਉਂ ਤੁਸੀਂ ਹੁਣ ਸੰਤੁਲਿਤ ਅਤੇ ਗੁਣਕਾਰੀ ਜੀਵਨ-ਢੰਗ ਕਾਇਮ ਰੱਖਦੇ ਹੋ, ਪਰਮੇਸ਼ੁਰ ਦੇ ਨਵੇਂ ਸੰਸਾਰ ਦੀਆਂ ਬਰਕਤਾਂ ਦੀ ਆਸ ਤਾਜ਼ੀ ਰੱਖੋ। ਸਾਡੀ ਉਮੀਦ ਹੈ ਕਿ ਯਹੋਵਾਹ ‘ਭਲਿਆਈ ਨਾਲ ਤੁਹਾਡੇ ਮੂੰਹਾਂ ਨੂੰ ਰਜਾਵੇਗਾ, ਉਕਾਬ ਵਾਂਙੁ ਤੁਹਾਡੀ ਜੁਆਨੀ ਨਵੀਂ ਕਰੇਗਾ’!—ਜ਼ਬੂਰ 103:5.