ਤਬਾਹੀ ਦੇ ਦੋ ਚਿਹਰੇ
ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਕ ਵਿਆਹੁਤਾ ਜੋੜਾ, ਗੋਡੋਫ਼੍ਰੇਡੋ ਅਤੇ ਗੀਸੇਲਾ ਜੋ ਯਹੋਵਾਹ ਦੇ ਗਵਾਹ ਹਨ, ਅਤੇ ਉਨ੍ਹਾਂ ਦੇ ਛੋਟੇ ਬੱਚੇ ਮਜ਼ਬੂਤ ਫੱਟਿਆਂ ਦੇ ਬਣੇ ਆਪਣੇ ਘਰ ਵਿਚ ਸਨ ਜਦੋਂ ਪੌਲੀਨ ਨਾਮਕ ਤੂਫ਼ਾਨ ਨੇ ਵਹਾਕਾ, ਮੈਕਸੀਕੋ, ਦੇ ਤਟਵਰਤੀ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਤੇਜ਼ ਹਵਾਵਾਂ ਕਾਰਨ ਇਕ-ਇਕ ਕਰ ਕੇ ਸਾਰੇ ਫੱਟੇ ਉੱਡ ਗਏ। ਆਖ਼ਰਕਾਰ, ਜਦੋਂ ਘਰ ਦਾ ਕੇਵਲ ਕੁਝ ਹਿੱਸਾ ਹੀ ਰਹਿ ਗਿਆ, ਤਾਂ ਪਰਿਵਾਰ ਲਈ ਬਿਲਕੁਲ ਕੋਈ ਆੜ ਨਾ ਰਹੀ।
ਗੀਸੇਲਾ ਦੀ ਗੋਦ ਵਿਚ ਅੱਠ ਮਹੀਨੇ ਦਾ ਬੱਚਾ ਸੀ ਅਤੇ ਦੂਜੇ ਤਿੰਨ ਬੱਚੇ ਉਸ ਨਾਲ ਅਤੇ ਗੋਡੋਫ਼੍ਰੇਡੋ ਨਾਲ ਚਿੰਬੜੇ ਹੋਏ ਸਨ। ਉਹ ਦੋ ਘੰਟੇ ਤੋਂ ਜ਼ਿਆਦਾ ਸਮੇਂ ਲਈ ਤੇਜ਼ ਹਵਾਵਾਂ ਦੀਆਂ ਚਪੇੜਾਂ ਖਾਂਦੇ ਰਹੇ। ਕਦੇ-ਕਦੇ, ਤੂਫ਼ਾਨ ਦੀਆਂ ਤੇਜ਼ ਹਵਾਵਾਂ ਉਨ੍ਹਾਂ ਨੂੰ ਜ਼ਮੀਨ ਤੇ ਸੁੱਟ ਦਿੰਦੀਆਂ ਅਤੇ ਇਧਰ-ਉਧਰ ਰੇੜ੍ਹਦੀਆਂ। ਅੰਤ ਵਿਚ, ਉਹ ਸਾਰੇ ਬਚ ਗਏ।
ਐਕਾਪੁਲਕੋ ਸ਼ਹਿਰ ਵਿਚ, ਜਦੋਂ ਨੈਲੀ ਨਾਮਕ ਯਹੋਵਾਹ ਦੀ ਇਕ ਗਵਾਹ ਨੇ ਘਰ ਵਿਚ ਪਾਣੀ ਆਉਂਦੇ ਦੇਖਿਆ, ਤਾਂ ਉਸ ਨੇ ਆਪਣੇ ਪਰਿਵਾਰ ਨੂੰ ਜਗਾਇਆ। ਪਾਣੀ ਬਹੁਤ ਹੀ ਜਲਦੀ ਅੰਦਰ ਆ ਰਿਹਾ ਸੀ, ਅਤੇ ਪਾਣੀ ਦੇ ਵਹਾਅ ਨੇ ਨੈਲੀ ਨੂੰ ਪਾਣੀ ਦੇ ਹੇਠਾਂ ਖਿੱਚ ਲਿਆ, ਪਰ ਉਸ ਦੀ ਧੀ ਨੇ ਉਸ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਖਿੜਕੀ ਦੀਆਂ ਸਲਾਖਾਂ ਨੂੰ ਫੜੀ ਰੱਖਿਆ ਅਤੇ ਉਹ ਬੇਬੱਸੀ ਨਾਲ ਦੇਖਦੇ ਰਹੇ ਜਿਉਂ-ਜਿਉਂ ਪਾਣੀ ਵਧਦਾ ਹੋਇਆ ਉਨ੍ਹਾਂ ਦੀਆਂ ਗਰਦਨਾਂ ਤਕ ਪਹੁੰਚ ਗਿਆ। ਫਿਰ ਉਨ੍ਹਾਂ ਨੇ ਇਕ ਆਦਮੀ ਨੂੰ ਉਨ੍ਹਾਂ ਨੂੰ ਆਵਾਜ਼ ਮਾਰਦੇ ਹੋਏ ਸੁਣਿਆ। ਇਹ ਆਦਮੀ ਉਨ੍ਹਾਂ ਦਾ ਗੁਆਂਢੀ ਸੀ; ਉਸ ਨੇ ਉਨ੍ਹਾਂ ਦੀ ਬਾਹਰ ਨਿਕਲਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਉਨ੍ਹਾਂ ਦਾ ਤ੍ਰਾਂਹ ਹੀ ਨਿਕਲ ਗਿਆ ਜਦੋਂ ਉੱਥੋਂ ਉਨ੍ਹਾਂ ਨੇ ਦੇਖਿਆ ਕਿ ਇਕ ਰੁੜ੍ਹਦੀ ਕਾਰ ਉਨ੍ਹਾਂ ਦੇ ਘਰ ਵਿਚ ਜਾ ਵੱਜੀ, ਜਿੱਥੇ ਕੁਝ ਪਲ ਪਹਿਲਾਂ ਉਹ ਮੌਜੂਦ ਸਨ, ਅਤੇ ਘਰ ਚੂਰ-ਚੂਰ ਹੋ ਗਿਆ।
ਬੁੱਧਵਾਰ, ਅਕਤੂਬਰ 8, 1997, ਦੀ ਦੁਪਹਿਰ ਨੂੰ ਵਹਾਕਾ ਰਾਜ ਦੇ ਤਟਵਰਤੀ ਇਲਾਕੇ ਵਿਚ ਇਸ ਤੂਫ਼ਾਨ ਦੀਆਂ 200 ਕਿਲੋਮੀਟਰ ਪ੍ਰਤਿ ਘੰਟੇ ਤੋਂ ਵੱਧ ਤੇਜ਼ ਤੂਫ਼ਾਨੀ ਹਵਾਵਾਂ ਚੱਲੀਆਂ। ਫਿਰ, ਤੂਫ਼ਾਨ ਨੇ ਵੀਰਵਾਰ, ਅਕਤੂਬਰ 9, ਦੀ ਤੜਕੇ ਸਵੇਰ ਨੂੰ ਗਰੇਰੋ ਰਾਜ ਵਿਚ, ਖ਼ਾਸ ਕਰਕੇ ਐਕਾਪੁਲਕੋ ਸ਼ਹਿਰ ਵਿਚ ਵੱਡੀ ਤਬਾਹੀ ਮਚਾਈ। ਤੂਫ਼ਾਨੀ ਹਵਾਵਾਂ ਕਰਕੇ 10 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਜਿਨ੍ਹਾਂ ਦੇ ਕਾਰਨ ਹੜ੍ਹ ਆਇਆ ਜੋ ਘਰਾਂ, ਗੱਡੀਆਂ, ਜਾਨਵਰਾਂ, ਅਤੇ ਇਨਸਾਨਾਂ ਨੂੰ ਰੋੜ੍ਹ ਕੇ ਲੈ ਗਿਆ। ਜਦੋਂ ਤੂਫ਼ਾਨ ਅੱਗੇ ਵੱਧ ਗਿਆ, ਤਾਂ ਜਿੱਥੇ ਸੜਕਾਂ ਹੁੰਦੀਆਂ ਸਨ, ਉੱਥੇ 10 ਮੀਟਰ ਤੋਂ ਜ਼ਿਆਦਾ ਡੂੰਘੀਆਂ ਨਦੀਆਂ ਸਨ। ਦ ਨਿਊਜ਼ ਨਾਮਕ ਅਖ਼ਬਾਰ ਦੇ ਅਨੁਸਾਰ, ਮੈਕਸੀਕੋ ਵਿਚ ਰੈਡ ਕਰਾਸ ਦਾ ਕਹਿਣਾ ਸੀ ਕਿ ਦੋਵੇਂ ਰਾਜਾਂ ਵਿਚ ਕੁਲ ਮਿਲਾ ਕੇ ਘੱਟੋ-ਘੱਟ 400 ਲੋਕ ਮਰੇ ਅਤੇ 20,000 ਤੋਂ 25,000 ਲੋਕ ਘਰੋਂ ਬੇਘਰ ਹੋ ਗਏ। ਫਿਰ ਵੀ, ਇਸ ਤਬਾਹੀ ਦੇ ਵਿਚਕਾਰ, ਮਸੀਹੀ ਪ੍ਰੇਮ ਦੇ ਦਿਲ-ਟੁੰਬਵੇਂ ਪ੍ਰਗਟਾਵੇ ਨਜ਼ਰ ਆਏ।
ਯਹੋਵਾਹ ਦੇ ਲੋਕ ਮਦਦ ਕਰਦੇ ਹਨ
ਇਸ ਤੂਫ਼ਾਨ ਦੀ ਖ਼ਬਰ ਮਿਲਦੇ ਹੀ, ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਨੂੰ ਦੇਸ਼ ਦੇ ਹਰ ਹਿੱਸੇ ਤੋਂ ਗਵਾਹਾਂ ਦੇ ਫ਼ੋਨ ਆਉਣ ਲੱਗ ਪਏ, ਜੋ ਜਾਣਨਾ ਚਾਹੁੰਦੇ ਸਨ ਕਿ ਉਹ ਕਿਵੇਂ ਮਦਦ ਕਰ ਸਕਦੇ ਸਨ। ਦੂਸਰੇ ਦੇਸ਼ਾਂ ਤੋਂ ਵੀ ਭਰਾਵਾਂ ਨੇ ਮਦਦ ਦਿੱਤੀ। ਜਲਦੀ ਹੀ ਇਕ ਰਾਹਤ ਸਮਿਤੀ ਬਣਾਈ ਗਈ, ਅਤੇ ਬੇਸ਼ੁਮਾਰ ਖਾਣਾ, ਕੱਪੜੇ, ਅਤੇ ਦੂਜੀਆਂ ਚੀਜ਼ਾਂ ਵੰਡੀਆਂ ਗਈਆਂ।
ਨਾਲ ਹੀ, ਉਸਾਰੀ ਸਾਮੱਗਰੀ ਖ਼ਰੀਦੀ ਗਈ, ਅਤੇ ਤੁਰੰਤ ਹੀ ਨੁਕਸਾਨੇ ਗਏ ਜਾਂ ਤਬਾਹ ਹੋਏ 360 ਘਰਾਂ ਅਤੇ ਕਈ ਰਾਜ ਗ੍ਰਹਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਹਜ਼ਾਰਾਂ ਮਸੀਹੀ ਭੈਣ-ਭਰਾ ਰਾਹਤ ਸਾਮੱਗਰੀ ਨੂੰ ਦਾਨ ਕਰਨ, ਵੱਖਰੇ ਕਰਨ, ਪੈਕ ਕਰਨ, ਪਹੁੰਚਾਉਣ, ਅਤੇ ਵੰਡਣ ਵਿਚ ਜਾਂ ਮੁਰੰਮਤ ਦੇ ਕੰਮਾਂ ਵਿਚ ਰੁੱਝੇ ਹੋਏ ਸਨ।
ਕੁਝ ਦੁਕਾਨਦਾਰ, ਗਵਾਹਾਂ ਦੇ ਕੰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹਮਦਰਦੀ ਨਾਲ ਖਾਣਾ, ਉਸਾਰੀ ਸਾਮੱਗਰੀ, ਅਤੇ ਦੂਜੀਆਂ ਚੀਜ਼ਾਂ ਦਾਨ ਕੀਤੀਆਂ। ਦੂਜੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਚੀਜ਼ਾਂ ਘੱਟ ਕੀਮਤ ਤੇ ਵੇਚੀਆਂ। ਤੂਫ਼ਾਨ ਤੋਂ ਪੀੜਿਤ ਗਵਾਹਾਂ ਦੇ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਗਏ ਜਦੋਂ ਉਨ੍ਹਾਂ ਨੇ ਦੂਜਿਆਂ ਦੇ ਪ੍ਰੇਮ ਨੂੰ ਦੇਖਿਆ, ਅਤੇ ਖ਼ਾਸ ਤੌਰ ਤੇ ਜਦੋਂ ਉਨ੍ਹਾਂ ਨੇ ਰਸਦ ਨਾਲ ਆਈਆਂ ਉਤਸ਼ਾਹਜਨਕ ਚਿੱਠੀਆਂ ਪੜ੍ਹੀਆਂ।
ਦੁੱਖ ਦੀ ਗੱਲ ਸੀ ਕਿ ਹੋਸੇ ਫ਼ਾਉਸਟੀਨੋ—ਇਕ 18-ਸਾਲਾ ਗਵਾਹ—ਅਤੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਵਾਲੇ ਤਿੰਨ ਲੋਕ ਇਸ ਤੂਫ਼ਾਨ ਵਿਚ ਮਾਰੇ ਗਏ। ਉਨ੍ਹਾਂ ਦੇ ਰਿਸ਼ਤੇਦਾਰ, ਖ਼ਾਸ ਤੌਰ ਤੇ ਹੋਸੇ ਦੇ ਮਾਤਾ-ਪਿਤਾ, ਕਲੀਸਿਯਾ ਵੱਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਲਈ ਅਤੇ ਉਨ੍ਹਾਂ ਨੂੰ ਦਿੱਤੀ ਗਈ ਹੌਸਲਾ-ਅਫ਼ਜ਼ਾਈ ਲਈ ਬਹੁਤ ਸ਼ੁਕਰਗੁਜ਼ਾਰ ਹੋਏ।
ਕੁਝ ਵਧੀਆ ਨਤੀਜੇ
ਇਸ ਤੂਫ਼ਾਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਬਾਈਬਲ ਅਧਿਐਨ ਲਈ ਬੇਨਤੀ ਕੀਤੀ, ਜਿਨ੍ਹਾਂ ਵਿਚ ਗਵਾਹਾਂ ਦੇ ਅਵਿਸ਼ਵਾਸੀ ਰਿਸ਼ਤੇਦਾਰ ਵੀ ਸ਼ਾਮਲ ਸਨ, ਅਤੇ ਗਵਾਹਾਂ ਦੇ ਉਮੀਦ ਭਰੇ ਸੰਦੇਸ਼ ਨੂੰ ਸੁਣਨ ਲਈ ਅਨੇਕ ਗੁਆਂਢੀ ਪਹਿਲਾਂ ਨਾਲੋਂ ਜ਼ਿਆਦਾ ਰਜ਼ਾਮੰਦ ਸਨ। ਗਵਾਹਾਂ ਨੇ ਰਾਹਤ ਸਾਮੱਗਰੀ ਵੰਡਣ ਵਿਚ ਦੂਜਿਆਂ ਦੀ ਵੀ ਮਦਦ ਕੀਤੀ। ਇਕ ਮਾਮਲੇ ਵਿਚ, ਜਦੋਂ ਇਕ ਗਵਾਹ ਨੇ ਇਕ ਆਦਮੀ ਤੋਂ ਪੁੱਛਿਆ ਕਿ ਉਸ ਨੇ ਆਪਣੀ ਕੰਪਨੀ ਵੱਲੋਂ ਦਾਨ ਕੀਤੀਆਂ ਗਈਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਵੰਡਣ ਲਈ ਯਹੋਵਾਹ ਦੇ ਗਵਾਹਾਂ ਨੂੰ ਕਿਉਂ ਚੁਣਿਆ, ਤਾਂ ਉਸ ਆਦਮੀ ਨੇ ਜਵਾਬ ਦਿੱਤਾ: “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਸੁਵਿਵਸਥਿਤ ਅਤੇ ਇਮਾਨਦਾਰ ਹੋ। ਇਸ ਤੋਂ ਇਲਾਵਾ, ਤੁਸੀਂ ਅਸਲ ਵਿਚ ਜਾਣਦੇ ਹੋ ਕਿ ਕਿਨ੍ਹਾਂ ਨੂੰ ਇਸ ਮਦਦ ਦੀ ਸਭ ਤੋਂ ਜ਼ਿਆਦਾ ਲੋੜ ਹੈ, ਕਿਉਂ ਜੋ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਣਦੇ ਹੋ।”
ਜਿਉਂ-ਜਿਉਂ ਅੰਤ ਨੇੜੇ ਆਉਂਦਾ ਹੈ ਅਤੇ ਸੰਸਾਰ ਭਰ ਵਿਚ ਤਬਾਹੀਆਂ ਵਧਦੀਆਂ ਜਾ ਰਹੀਆਂ ਹਨ, ਆਫ਼ਤ ਵਿਚ ਵੀ ਲੋਕਾਂ ਨੂੰ ਬਾਈਬਲ ਦੇ ਸਿਧਾਂਤਾਂ ਨੂੰ ਅਮਲ ਵਿਚ ਲਿਆਉਂਦੇ ਹੋਏ ਦੇਖਣਾ ਬਹੁਤ ਹੀ ਉਤਸ਼ਾਹਜਨਕ ਹੁੰਦਾ ਹੈ।
[ਸਫ਼ੇ 11 ਉੱਤੇ ਤਸਵੀਰ]
ਮੁੜ-ਉਸਾਰੀ ਵਿਚ ਮਦਦ ਕਰ ਰਹੇ ਬੱਚੇ
[ਸਫ਼ੇ 12 ਉੱਤੇ ਤਸਵੀਰ]
ਪੌਲੀਨ ਨਾਮਕ ਤੂਫ਼ਾਨ ਤੋਂ ਬਾਅਦ ਵਹਾਕਾ ਵਿਚ ਯਹੋਵਾਹ ਦੇ ਗਵਾਹ ਇਕ ਨਵਾਂ ਰਾਜ ਗ੍ਰਹਿ ਬਣਾਉਂਦੇ ਹੋਏ