‘ਅਸੀਂ ਅਗਾਹਾਂ ਨੂੰ ਆਪਣੇ ਲਈ ਨਹੀਂ ਜੀਉਂਦੇ।’
ਜੈਕ ਯੋਹਾਨਸੰਨ ਦੀ ਜ਼ਬਾਨੀ
ਮਲਾਵੀ ਫ਼ੌਜ ਦੇ ਇਕ ਅਫ਼ਰੀਕੀ ਫ਼ੌਜੀ ਨੇ ਮੈਨੂੰ ਨਦੀ ਕਿਨਾਰੇ ਜੀਪ ਦੀ ਹੈੱਡ ਲਾਈਟ ਦੀ ਰੌਸ਼ਨੀ ਵਿਚ ਖੜ੍ਹਾ ਹੋਣ ਦਾ ਹੁਕਮ ਦਿੱਤਾ। ਜਦੋਂ ਫ਼ੌਜੀ ਨੇ ਆਪਣੀ ਰਫਲ ਤਾਣੀ, ਤਾਂ ਲੋਈਡ ਲਿਕਵਿਡੇ ਦੌੜ ਕੇ ਮੇਰੇ ਮੁਹਰੇ ਖੜ੍ਹਾ ਹੋ ਗਿਆ। ਉਸ ਨੇ ਮਿੰਨਤ ਕੀਤੀ: “ਗੋਲੀ ਮੇਰੇ ਮਾਰ! ਇਹ ਦੇ ਬਦਲੇ ਤੂੰ ਗੋਲੀ ਮੇਰੇ ਮਾਰਦੇ! ਇਸ ਵਿਚਾਰੇ ਵਿਦੇਸ਼ੀ ਨੇ ਕੋਈ ਗ਼ਲਤੀ ਨਹੀਂ ਕੀਤੀ!” ਇਹ ਅਫ਼ਰੀਕੀ ਕਿਸੇ ਗੋਰੇ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਲਈ ਕਿਉਂ ਤਿਆਰ ਸੀ? ਆਓ ਮੈਂ ਤੁਹਾਨੂੰ ਸੁਣਾਵਾਂ ਕਿ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਮੈਂ ਅਫ਼ਰੀਕਾ ਵਿਚ ਮਿਸ਼ਨਰੀ ਕਿਵੇਂ ਬਣਿਆ।
ਸੰਨ 1942 ਵਿਚ, ਜਦੋਂ ਮੈਂ ਹਾਲੇ ਨੌਂ ਸਾਲਾਂ ਦਾ ਹੀ ਸੀ, ਮੇਰੀ ਮਾਂ ਦੀ ਮੌਤ ਹੋ ਗਈ। ਹੁਣ ਸਾਡੇ ਪਿਤਾ ਅਤੇ ਅਸੀਂ ਪੰਜ ਬੱਚੇ ਪਿੱਛੇ ਰਹਿ ਗਏ ਸੀ। ਮੈਂ ਸਭ ਤੋਂ ਛੋਟਾ ਸੀ। ਚਾਰ ਮਹੀਨੇ ਬਾਅਦ, ਪਿਤਾ ਜੀ ਇਕ ਹਾਦਸੇ ਵਿਚ ਡੁੱਬ ਕੇ ਮਰ ਗਏ। ਉਹ ਫਿਨਲੈਂਡ ਵਿਚ ਯਹੋਵਾਹ ਦੇ ਪਹਿਲਿਆਂ ਗਵਾਹਾਂ ਵਿੱਚੋਂ ਸਨ। ਮੇਰੀ ਸਭ ਤੋਂ ਵੱਡੀ ਭੈਣ, ਮਾਯਾ ਨੇ ਸਾਡੇ ਸਾਰਿਆਂ ਦੀ ਦੇਖ-ਭਾਲ ਕੀਤੀ, ਅਤੇ ਅਸੀਂ ਆਪਣੇ ਫਾਰਮ ਦੀ ਸੰਭਾਲ ਆਪ ਹੀ ਕੀਤੀ। ਮਾਯਾ ਨੇ ਸਾਨੂੰ ਅਧਿਆਤਮਿਕ ਕੰਮਾਂ-ਕਾਰਾਂ ਵਿਚ ਵੀ ਲਗਾਈ ਰੱਖਿਆ, ਅਤੇ ਪਿਤਾ ਜੀ ਦੀ ਮੌਤ ਤੋਂ ਕੁਝ ਮਹੀਨੇ ਬਾਅਦ, ਉਸ ਨੇ ਅਤੇ ਮੇਰੇ ਇਕ ਭਰਾ ਨੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਪਾਣੀ ਵਿਚ ਬਪਤਿਸਮਾ ਲਿਆ। ਇਕ ਸਾਲ ਬਾਅਦ, ਜਦੋਂ ਮੈਂ 11 ਸਾਲਾਂ ਦਾ ਸੀ, ਮੈਂ ਵੀ ਬਪਤਿਸਮਾ ਲੈ ਲਿਆ।
ਇਕ ਜ਼ਰੂਰੀ ਫ਼ੈਸਲਾ
ਸੰਨ 1951 ਵਿਚ, ਇਕ ਬਿਜ਼ਨਿਸ ਕਾਲਜ ਵਿਚ ਆਪਣੀ ਪੜ੍ਹਾਈ ਖ਼ਤਮ ਕਰ ਕੇ ਮੈਂ ਫਿਨਲੈਂਡ ਵਿਚ ਫੋਰਡ ਮੋਟਰ ਕੰਪਨੀ ਲਈ ਕੰਮ ਕਰਨਾ ਸ਼ੁਰੂ ਕੀਤਾ। ਛੇ ਮਹੀਨੇ ਬਾਅਦ, ਮੈਨੂੰ ਯਹੋਵਾਹ ਦੇ ਗਵਾਹਾਂ ਦੇ ਇਕ ਸਮਝਦਾਰ ਸਫ਼ਰੀ ਨਿਗਾਹਬਾਨ ਦੀ ਗੱਲ ਨੇ ਹੈਰਾਨ ਕੀਤਾ। ਉਸ ਨੇ ਮੈਨੂੰ ਇਕ ਸੰਮੇਲਨ ਵਿਚ ਪਾਇਨੀਅਰੀ, ਜਾਂ ਪੂਰਣ-ਕਾਲੀ ਸੇਵਕਾਈ ਦੀਆਂ ਬਰਕਤਾਂ ਉੱਤੇ ਭਾਸ਼ਣ ਦੇਣ ਦਾ ਸੱਦਾ ਦਿੱਤਾ। ਮੈਂ ਪਰੇਸ਼ਾਨ ਹੋਇਆ, ਕਿਉਂਕਿ ਮੈਂ ਪੂਰੇ ਸਮੇਂ ਦੀ ਨੌਕਰੀ ਕਰ ਰਿਹਾ ਸੀ ਅਤੇ ਜਾਣਦਾ ਸੀ ਕਿ ਮੈਂ ਦਿਲੋਂ ਗੱਲ-ਬਾਤ ਨਹੀਂ ਕਰ ਸਕਦਾ ਸੀ। ਮੈਂ ਇਸ ਬਾਰੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਮਸੀਹੀਆਂ ਨੂੰ “ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ [ਜੀਉਣਾ ਚਾਹੀਦਾ ਹੈ] ਜਿਹੜਾ ਉਨ੍ਹਾਂ ਦੇ ਲਈ ਮੋਇਆ।” ਇਸ ਲਈ ਮੈਂ ਆਪਣੇ ਕੰਮਾਂ-ਕਾਰਾਂ ਵਿਚ ਤਬਦੀਲੀ ਕਰ ਕੇ ਪਾਇਨੀਅਰ ਵਜੋਂ ਸੇਵਾ ਕਰਨ ਦਾ ਫ਼ੈਸਲਾ ਕੀਤਾ।—2 ਕੁਰਿੰਥੀਆਂ 5:15.
ਮੇਰੇ ਸੁਪਰਵਾਈਜ਼ਰ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜੇ ਮੈਂ ਕੰਪਨੀ ਲਈ ਕੰਮ ਕਰਦਾ ਰਹਾਂ, ਤਾਂ ਉਹ ਮੇਰੀ ਤਨਖ਼ਾਹ ਦੁਗਣੀ ਕਰ ਦੇਵੇਗਾ। ਪਰ, ਜਦੋਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਛੱਡਣ ਦਾ ਮੇਰਾ ਇਰਾਦਾ ਪੱਕਾ ਸੀ, ਤਾਂ ਉਸ ਨੇ ਕਿਹਾ: “ਤੂੰ ਸਹੀ ਫ਼ੈਸਲਾ ਕੀਤਾ ਹੈ। ਮੈਂ ਆਪਣਾ ਪੂਰਾ ਜੀਵਨ ਇਸ ਦਫ਼ਤਰ ਵਿਚ ਗੁਜ਼ਾਰਿਆ ਹੈ, ਅਤੇ ਮੈਂ ਕਿਸੇ ਦੀ ਕਿੰਨੀ ਕੁ ਮਦਦ ਕੀਤੀ ਹੈ?” ਇਸ ਤਰ੍ਹਾਂ ਮਈ 1952 ਵਿਚ, ਮੈਂ ਇਕ ਪਾਇਨੀਅਰ ਬਣਿਆ। ਕੁਝ ਹਫ਼ਤਿਆਂ ਬਾਅਦ, ਮੈਂ ਪੂਰੇ ਵਿਸ਼ਵਾਸ ਨਾਲ ਪਾਇਨੀਅਰ ਸੇਵਕਾਈ ਉੱਤੇ ਆਪਣਾ ਭਾਸ਼ਣ ਦੇ ਸਕਿਆ।
ਪਾਇਨੀਅਰ ਸੇਵਾ ਵਿਚ ਲੱਗਣ ਤੋਂ ਕੁਝ ਮਹੀਨਿਆਂ ਬਾਅਦ, ਆਪਣੀ ਮਸੀਹੀ ਨਿਰਪੱਖਤਾ ਵਿਚ ਦ੍ਰਿੜ੍ਹ ਰਹਿਣ ਦੇ ਕਾਰਨ ਮੈਨੂੰ ਛੇ ਮਹੀਨਿਆਂ ਜੇਲ੍ਹ ਦੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ ਮੈਨੂੰ ਅਤੇ ਹੋਰ ਨੌਜਵਾਨ ਗਵਾਹਾਂ ਨੂੰ ਫਿਨਲੈਂਡ ਦੀ ਖਾੜੀ ਵਿਚ ਹਸਟੋ ਬੂਸੋ ਨਾਮਕ ਟਾਪੂ ਉੱਤੇ ਅੱਠ ਮਹੀਨਿਆਂ ਤਕ ਕੈਦ ਕੀਤਾ ਗਿਆ। ਅਸੀਂ ਇਸ ਟਾਪੂ ਨੂੰ ਛੋਟਾ ਗਿਲੀਅਡ ਸੱਦਦੇ ਹੁੰਦੇ ਸੀ ਕਿਉਂਕਿ ਅਸੀਂ ਉੱਥੇ ਬਾਈਬਲ ਦਾ ਗਹਿਰਾ ਅਧਿਐਨ ਕਰਨ ਦਾ ਪ੍ਰੋਗ੍ਰਾਮ ਬਣਾਇਆ ਹੋਇਆ ਸੀ। ਪਰ ਮੇਰਾ ਟੀਚਾ ਸੀ ਅਸਲੀ ਗਿਲੀਅਡ ਸਕੂਲ ਨੂੰ ਜਾਣਾ। ਇਹ ਵਾਚਟਾਵਰ ਸਕੂਲ ਆਫ਼ ਗਿਲੀਅਡ ਸਾਉਥ ਲੈਂਸਿੰਗ, ਨਿਊਯਾਰਕ ਦੇ ਨੇੜੇ ਹੁੰਦਾ ਸੀ।
ਜਦੋਂ ਮੈਂ ਟਾਪੂ ਉੱਤੇ ਅਜੇ ਕੈਦ ਹੀ ਸੀ, ਮੈਨੂੰ ਵਾਚ ਟਾਵਰ ਸੋਸਾਇਟੀ ਦੇ ਸ਼ਾਖਾ ਦਫ਼ਤਰ ਤੋਂ ਇਕ ਚਿੱਠੀ ਮਿਲੀ, ਜਿਸ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਇਕ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ। ਰਿਹਾਈ ਤੋਂ ਬਾਅਦ, ਮੈਂ ਉਨ੍ਹਾਂ ਕਲੀਸਿਯਾਵਾਂ ਨੂੰ ਮਿਲਣ ਜਾਣਾ ਸੀ ਜੋ ਫਿਨਲੈਂਡ ਦੇ ਸਵੀਡਿਸ਼ ਭਾਸ਼ਾ ਵਾਲੇ ਇਲਾਕੇ ਵਿਚ ਸਨ। ਉਸ ਸਮੇਂ ਮੇਰੀ ਉਮਰ ਸਿਰਫ਼ 20 ਸਾਲਾਂ ਦੀ ਸੀ ਅਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਕਾਫ਼ੀ ਨਾਕਾਬਲ ਮਹਿਸੂਸ ਕਰਦਾ ਸੀ, ਪਰ ਮੈਂ ਆਪਣਾ ਭਰੋਸਾ ਯਹੋਵਾਹ ਉੱਤੇ ਰੱਖਿਆ। (ਫ਼ਿਲਿੱਪੀਆਂ 4:13) ਜਿਨ੍ਹਾਂ ਕਲੀਸਿਯਾਵਾਂ ਵਿਚ ਮੈਂ ਸੇਵਾ ਕੀਤੀ ਸੀ, ਉਨ੍ਹਾਂ ਵਿਚ ਗਵਾਹ ਬਹੁਤ ਕਦਰਦਾਨ ਸਨ। ਉਨ੍ਹਾਂ ਨੇ ਕਦੀ ਵੀ ਇਸ ਕਾਰਨ ਮੈਨੂੰ ਤੁੱਛ ਨਹੀਂ ਸਮਝਿਆ ਕਿ ਮੈਂ ਕੇਵਲ “ਛੋਕਰਾ” ਹੀ ਸੀ।—ਯਿਰਮਿਯਾਹ 1:7.
ਅਗਲੇ ਸਾਲ ਇਕ ਕਲੀਸਿਯਾ ਨਾਲ ਮੁਲਾਕਾਤ ਕਰਦਿਆਂ, ਮੈਂ ਲਿੰਡਾ ਨੂੰ ਮਿਲਿਆ, ਜੋ ਅਮਰੀਕਾ ਤੋਂ ਫਿਨਲੈਂਡ ਵਿਚ ਛੁੱਟੀਆਂ ਮਨਾਉਣ ਆਈ ਹੋਈ ਸੀ। ਅਮਰੀਕਾ ਨੂੰ ਵਾਪਸ ਜਾਣ ਤੋਂ ਬਾਅਦ, ਉਸ ਨੇ ਜਲਦੀ ਅਧਿਆਤਮਿਕ ਤਰੱਕੀ ਕੀਤੀ। ਥੋੜ੍ਹੀ ਦੇਰ ਵਿਚ ਉਸ ਨੇ ਬਪਤਿਸਮਾ ਲੈ ਲਿਆ। ਜੂਨ 1957 ਵਿਚ ਸਾਡਾ ਵਿਆਹ ਹੋ ਗਿਆ। ਸਤੰਬਰ 1958 ਵਿਚ, ਸਾਨੂੰ ਗਿਲੀਅਡ ਸਕੂਲ ਦੀ 32ਵੀਂ ਕਲਾਸ ਲਈ ਸੱਦਿਆ ਗਿਆ। ਅਗਲੀ ਫਰਵਰੀ ਵਿਚ, ਜਦੋਂ ਸਾਡੀ ਕਲਾਸ ਖ਼ਤਮ ਹੋਈ, ਸਾਨੂੰ ਦੱਖਣ-ਪੂਰਬੀ ਅਫ਼ਰੀਕਾ ਵਿਚ, ਨਿਆਸਾਲੈਂਡ ਭੇਜਿਆ ਗਿਆ, ਜਿਸ ਨੂੰ ਹੁਣ ਮਲਾਵੀ ਸੱਦਿਆ ਜਾਂਦਾ ਹੈ।
ਅਫ਼ਰੀਕਾ ਵਿਚ ਸਾਡੀ ਸੇਵਕਾਈ
ਅਸੀਂ ਆਪਣੇ ਅਫ਼ਰੀਕੀ ਭਰਾਵਾਂ ਨਾਲ ਪ੍ਰਚਾਰ ਕਰਨ ਲਈ ਜਾਣਾ ਬਹੁਤ ਪਸੰਦ ਕਰਦੇ ਸਨ। ਉਦੋਂ ਨਿਆਸਾਲੈਂਡ ਵਿਚ ਗਵਾਹਾਂ ਦੀ ਗਿਣਤੀ 14,000 ਤੋਂ ਉੱਪਰ ਸੀ। ਕਦੀ-ਕਦੀ, ਅਸੀਂ ਆਪਣੀਆਂ ਸਾਰੀਆਂ ਜ਼ਰੂਰੀ ਵਸਤੂਆਂ ਨਾਲ ਲੈ ਕੇ ਜੀਪ ਵਿਚ ਸਫ਼ਰ ਕਰਦੇ ਸੀ। ਅਸੀਂ ਉਨ੍ਹਾਂ ਪਿੰਡਾਂ ਵਿਚ ਰਹੇ ਜਿੱਥੇ ਪਹਿਲਾਂ ਕਦੀ ਕੋਈ ਗੋਰਾ ਨਹੀਂ ਗਿਆ ਸੀ, ਅਤੇ ਹਮੇਸ਼ਾ ਸਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਸੀ। ਸਾਰਾ ਪਿੰਡ ਸਾਨੂੰ ਦੇਖਣ ਲਈ ਬਾਹਰ ਇਕੱਠਾ ਹੋ ਜਾਂਦਾ। ਨਿਮਰਤਾ ਨਾਲ ਸਾਨੂੰ ਪ੍ਰਣਾਮ ਕਰਨ ਤੋਂ ਬਾਅਦ, ਉਹ ਚੁੱਪ-ਚਾਪ ਬੈਠ ਜਾਂਦੇ ਅਤੇ ਸਾਡੇ ਵੱਲ ਦੇਖਦੇ ਰਹਿੰਦੇ।
ਅਕਸਰ, ਪਿੰਡ ਦੇ ਲੋਕ ਸਾਡੇ ਲਈ ਝੌਂਪੜੀ ਬਣਾਉਂਦੇ, ਜੋ ਘਾਹ ਜਾਂ ਗਾਰੇ ਦੀ ਬਣੀ ਹੁੰਦੀ, ਅਤੇ ਜਿਸ ਵਿਚ ਸਿਰਫ਼ ਮੰਜਾ ਡਾਹੁਣ ਜਿੰਨੀ ਜਗ੍ਹਾ ਹੁੰਦੀ। ਜਦੋਂ ਰਾਤ ਨੂੰ ਲੱਕੜਬੱਗੇ ਸਾਡੀ ਝੌਂਪੜੀ ਕੋਲੋਂ ਲੰਘਦੇ, ਤਾਂ ਸਾਨੂੰ ਉਨ੍ਹਾਂ ਦੀਆਂ ਡਰਾਉਣੀਆਂ ਚੀਕਾਂ ਸੁਣਦੀਆਂ ਹੁੰਦੀਆਂ ਸੀ। ਪਰ ਨਿਆਸਾਲੈਂਡ ਦੇ ਗਵਾਹ ਜੰਗਲੀ ਜਾਨਵਰਾਂ ਨਾਲੋਂ ਜ਼ਿਆਦਾ ਖ਼ਤਰਨਾਕ ਸ਼ਕਤੀਆਂ ਦਾ ਸਾਮ੍ਹਣਾ ਕਰਨ ਵਾਲੇ ਸਨ।
ਰਾਸ਼ਟਰਵਾਦ ਇਕ ਵਾਦ-ਵਿਸ਼ਾ ਬਣ ਜਾਂਦਾ ਹੈ
ਸਾਰੇ ਅਫ਼ਰੀਕਾ ਵਿਚ, ਆਜ਼ਾਦੀ ਦੇ ਅੰਦੋਲਨ ਭੜਕ ਰਹੇ ਸਨ। ਨਿਆਸਾਲੈਂਡ ਵਿਚ ਉਮੀਦ ਰੱਖੀ ਗਈ ਸੀ ਕਿ ਸਾਰੇ ਜਣੇ ਉੱਥੋਂ ਦੀ ਇੱਕੋ-ਇਕ ਪਾਰਟੀ ਦੇ ਮੈਂਬਰ ਬਣਨ। ਅਚਾਨਕ, ਸਾਡੀ ਨਿਰਪੱਖਤਾ ਇਕ ਭਖਦਾ ਕੌਮੀ ਮਸਲਾ ਬਣ ਗਿਆ। ਉਸ ਵੇਲੇ ਮੈਂ ਦਫ਼ਤਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਸੀ ਕਿਉਂਕਿ ਸਾਡਾ ਸ਼ਾਖ਼ਾ ਨਿਗਾਹਬਾਨ, ਮੈਲਕਮ ਵਾਈਗੋ, ਕਿਸੇ ਹੋਰ ਕੰਮ ਕਰਕੇ ਕਿਤੇ ਬਾਹਰ ਗਿਆ ਹੋਇਆ ਸੀ। ਮੈਂ ਨਿਆਸਾਲੈਂਡ ਦੇ ਪ੍ਰਧਾਨ ਮੰਤਰੀ, ਡਾ. ਹੇਸਟਿੰਗਸ ਕੈਮੂਜ਼ੂ ਬਾਂਡਾ ਨਾਲ ਮੁਲਾਕਾਤ ਕਰਨ ਦੀ ਫਰਮਾਇਸ਼ ਕੀਤੀ। ਇਸ ਮੌਕੇ ਤੇ ਮੈਂ ਅਤੇ ਦੋ ਹੋਰ ਮਸੀਹੀ ਬਜ਼ੁਰਗਾਂ ਨੇ ਉਸ ਨੂੰ ਆਪਣੀ ਨਿਰਪੱਖ ਸਥਿਤੀ ਬਾਰੇ ਸਮਝਾਇਆ, ਅਤੇ ਮੁਲਾਕਾਤ ਦਾ ਨਤੀਜਾ ਚੰਗਾ ਨਿਕਲਿਆ। ਇਸ ਦੇ ਬਾਵਜੂਦ, ਲਗਭਗ ਇਕ ਮਹੀਨੇ ਬਾਅਦ, ਫਰਵਰੀ 1964 ਵਿਚ, ਏਲਾਟਨ ਮਵੈਚੈਂਡੇ ਨਾਮਕ ਸਾਡਾ ਇਕ ਮਸੀਹੀ ਭਰਾ ਅਤਿਆਚਾਰ ਦਾ ਪਹਿਲਾ ਸ਼ਿਕਾਰ ਬਣਿਆ—ਇਕ ਕ੍ਰੋਧੀ ਭੀੜ ਨੇ ਉਸ ਨੂੰ ਬਰਛਿਆਂ ਨਾਲ ਵਿੰਨ੍ਹ ਕੇ ਮਾਰ ਦਿੱਤਾ। ਉਸ ਦੇ ਪਿੰਡ ਦੇ ਬਾਕੀ ਗਵਾਹਾਂ ਨੂੰ ਭੱਜਣਾ ਪਿਆ।
ਅਸੀਂ ਡਾ. ਬਾਂਡਾ ਨੂੰ ਤਾਰ ਭੇਜੀ, ਅਤੇ ਅਰਜ਼ ਕੀਤੀ ਕਿ ਉਹ ਅਜਿਹੀ ਹਿੰਸਾ ਨੂੰ ਹਟਾਉਣ ਲਈ ਆਪਣਾ ਇਖ਼ਤਿਆਰ ਵਰਤੇ। ਜਲਦੀ ਹੀ ਪ੍ਰਧਾਨ ਮੰਤਰੀ ਦੇ ਦਫ਼ਤਰੋਂ ਫ਼ੋਨ ਆਇਆ, ਅਤੇ ਮੈਨੂੰ ਹਾਜ਼ਰ ਹੋਣ ਲਈ ਕਿਹਾ ਗਿਆ। ਮੈਂ ਹੈਰਲਡ ਗਾਈ ਨਾਮਕ ਇਕ ਹੋਰ ਮਿਸ਼ਨਰੀ, ਅਤੇ ਇਕ ਸਥਾਨਕ ਗਵਾਹ, ਅਲਿਗਜ਼ਾਂਡਾ ਮੈਫੈਭੈਨੈ ਦੇ ਨਾਲ ਡਾ. ਬਾਂਡਾ ਨੂੰ ਮਿਲਣ ਗਿਆ। ਉੱਥੇ ਦੋ ਮੰਤਰੀ ਵੀ ਹਾਜ਼ਰ ਸਨ।
ਸਾਡੇ ਬੈਠਦਿਆਂ ਹੀ, ਡਾ. ਬਾਂਡਾ, ਬਿਨਾਂ ਕੁਝ ਕਹੇ, ਸਾਡੇ ਸਾਮ੍ਹਣੇ ਉਸ ਤਾਰ ਨੂੰ ਚੁੱਕ ਕੇ ਹਿਲਾਉਣ ਲੱਗ ਪਿਆ। ਅਖ਼ੀਰ ਵਿਚ, ਉਸ ਨੇ ਗੱਲ-ਬਾਤ ਸ਼ੁਰੂ ਕੀਤੀ: “ਸ਼੍ਰੀਮਾਨ ਯੋਹਾਨਸੰਨ, ਇਸ ਤਰ੍ਹਾਂ ਦੀ ਤਾਰ ਭੇਜਣ ਦਾ ਤੁਹਾਡਾ ਕੀ ਮਤਲਬ ਹੈ?” ਇਕ ਵਾਰ ਫਿਰ ਅਸੀਂ ਆਪਣੀ ਰਾਜਨੀਤਿਕ ਤੌਰ ਤੇ ਨਿਰਪੱਖ ਸਥਿਤੀ ਨੂੰ ਸਮਝਾਇਆ, ਅਤੇ ਮੈਂ ਅੱਗੇ ਕਿਹਾ: “ਏਲਾਟਨ ਮਵੈਚੈਂਡੇ ਦੇ ਕਤਲ ਦੇ ਕਾਰਨ, ਹੁਣ ਤੁਸੀਂ ਹੀ ਸਾਡੀ ਮਦਦ ਕਰ ਸਕਦੇ ਹੋ।” ਇਸ ਗੱਲ ਨੇ ਡਾ. ਬਾਂਡਾ ਨੂੰ ਤਸੱਲੀ ਦਿੱਤੀ, ਅਤੇ ਉਹ ਥੋੜ੍ਹਾ ਸ਼ਾਂਤ ਹੋ ਗਿਆ।
ਲੇਕਿਨ, ਇਕ ਮੰਤਰੀ ਨੇ ਦਾਅਵਾ ਕੀਤਾ ਕਿ ਇਕ ਦੂਰ ਦੇ ਪਿੰਡ ਦੇ ਗਵਾਹ ਸਥਾਨਕ ਅਧਿਕਾਰੀਆਂ ਦਾ ਕਹਿਣਾ ਨਹੀਂ ਮੰਨਦੇ ਸਨ। ਦੂਜੇ ਮੰਤਰੀ ਨੇ ਇਕ ਹੋਰ ਦੂਰ ਦੇ ਪਿੰਡ ਦਾ ਨਾਂ ਲਿਆ, ਅਤੇ ਦੋਸ਼ ਲਾਇਆ ਕਿ ਉੱਥੋਂ ਦੇ ਗਵਾਹਾਂ ਨੇ ਬੁਰਾ-ਭਲਾ ਕਹਿ ਕੇ ਡਾ. ਬਾਂਡਾ ਦੀ ਬੇਇੱਜ਼ਤੀ ਕੀਤੀ ਸੀ। ਪਰ, ਉਹ ਸਾਨੂੰ ਉਨ੍ਹਾਂ ਗਵਾਹਾਂ ਦੇ ਨਾਂ ਨਹੀਂ ਦੇ ਸਕੇ, ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀ। ਅਸੀਂ ਸਮਝਾਇਆ ਕਿ ਯਹੋਵਾਹ ਦੇ ਗਵਾਹਾਂ ਨੂੰ ਹਮੇਸ਼ਾ ਇਹ ਸਿਖਾਇਆ ਜਾਂਦਾ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਡਾ. ਬਾਂਡਾ ਅਤੇ ਉਸ ਦੇ ਮੰਤਰੀਆਂ ਦੀਆਂ ਗ਼ਲਤਫ਼ਹਿਮੀਆਂ ਦੂਰ ਨਹੀਂ ਕਰ ਸਕੇ।
ਸਾਡੀਆਂ ਜਾਨਾਂ ਖ਼ਤਰੇ ਵਿਚ ਸਨ
ਸੰਨ 1964 ਵਿਚ, ਨਿਆਸਾਲੈਂਡ ਨੂੰ ਆਜ਼ਾਦੀ ਮਿਲੀ ਅਤੇ ਬਾਅਦ ਵਿਚ ਇਹ ਮਲਾਵੀ ਗਣਰਾਜ ਬਣ ਗਿਆ। ਕੁਝ ਹੱਦ ਤਕ ਸਾਡਾ ਪ੍ਰਚਾਰ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਿਹਾ, ਪਰ ਦਬਾਅ ਵਧਦਾ ਗਿਆ। ਇਸ ਸਮੇਂ ਦੌਰਾਨ, ਦੇਸ਼ ਦੇ ਦੱਖਣੀ ਇਲਾਕੇ ਤੋਂ ਗਵਾਹਾਂ ਨੇ ਟੈਲੀਫ਼ੋਨ ਕਰ ਕੇ ਦੱਸਿਆ ਕਿ ਉੱਥੇ ਰਾਜਨੀਤਿਕ ਬਗਾਵਤ ਸ਼ੁਰੂ ਹੋ ਗਈ ਸੀ। ਅਸੀਂ ਗਵਾਹਾਂ ਦੀ ਹਾਲਤ ਦਾ ਪਤਾ ਲਾਉਣ ਅਤੇ ਹੌਸਲਾ ਵਧਾਉਣ ਲਈ ਕਿਸੇ ਨੂੰ ਫ਼ੌਰਨ ਭੇਜਣਾ ਜ਼ਰੂਰੀ ਸਮਝਿਆ। ਮੈਂ ਕਈ ਵਾਰੀ ਪੇਂਡੂ ਇਲਾਕਿਆਂ ਵਿਚ ਇਕੱਲਾ ਜਾ ਚੁੱਕਾ ਸੀ, ਅਤੇ ਲਿੰਡਾ ਕਾਫ਼ੀ ਜਿਗਰਾ ਦਿਖਾ ਕੇ ਮੈਨੂੰ ਚਲੇ ਜਾਣ ਦਿੰਦੀ ਸੀ। ਲੇਕਿਨ ਇਸ ਵਾਰ ਉਸ ਨੇ ਮੇਰੀ ਮਿੰਨਤ ਕੀਤੀ ਕਿ ਮੈਂ ਇਕ ਜਵਾਨ ਸਥਾਨਕ ਗਵਾਹ, ਲੋਈਡ ਲਿਕਵਿਡੇ ਨੂੰ ਨਾਲ ਲੈ ਜਾਵਾਂ। ਅਖ਼ੀਰ ਵਿਚ ਮੈਂ ਇਹ ਸੋਚ ਕੇ ਹਾਂ ਕੀਤੀ ਕਿ ‘ਜੇ ਇਸ ਨਾਲ ਉਹ ਦੀ ਪਰੇਸ਼ਾਨੀ ਘੱਟ ਸਕਦੀ ਹੈ, ਤਾਂ ਮੈਂ ਉਸ ਭਰਾ ਨੂੰ ਨਾਲ ਲੈ ਜਾਵਾਂਗਾ।’
ਸਾਨੂੰ ਦੱਸਿਆ ਗਿਆ ਸੀ ਕਿ ਸ਼ਾਮ ਨੂੰ 6 ਵਜੇ ਕਰਫਿਊ ਲੱਗਣ ਤੋਂ ਪਹਿਲਾਂ ਸਾਨੂੰ ਇਕ ਨਦੀ ਪਾਰ ਕਰਨੀ ਪੈਣੀ ਸੀ। ਅਸੀਂ ਉੱਥੇ ਉਸ ਸਮੇਂ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕੱਚੀਆਂ ਅਤੇ ਟੁੱਟੀਆ-ਭੱਜੀਆਂ ਸੜਕਾਂ ਦੇ ਕਾਰਨ ਸਾਨੂੰ ਦੇਰ ਹੋ ਗਈ। ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਹੁਕਮ ਦਿੱਤਾ ਜਾ ਚੁੱਕਾ ਸੀ ਕਿ ਜੇ 6 ਵਜੇ ਤੋਂ ਬਾਅਦ ਨਦੀ ਦੇ ਇਸ ਪਾਰ ਕਿਸੇ ਨੂੰ ਵੀ ਦੇਖਿਆ ਗਿਆ, ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਜਦੋਂ ਅਸੀਂ ਜੀਪ ਵਿਚ ਨਦੀ ਉੱਤੇ ਆਏ, ਅਸੀਂ ਦੇਖਿਆ ਕਿ ਬੇੜੀ ਪਾਰ ਲੰਘ ਚੁੱਕੀ ਸੀ। ਭਰਾ ਲਿਕਵਿਡੇ ਨੇ ਹਾਕ ਮਾਰੀ ਕਿ ਉਹ ਸਾਨੂੰ ਪਾਰ ਲੰਘਾਉਣ ਲਈ ਵਾਪਸ ਆ ਜਾਵੇ। ਬੇੜੀ ਆਈ, ਪਰ ਉਸ ਵਿੱਚੋਂ ਇਕ ਫ਼ੌਜੀ ਦੀ ਆਵਾਜ਼ ਸੁਣਾਈ ਦਿੱਤੀ: “ਮੈਨੂੰ ਗੋਰੇ ਨੂੰ ਗੋਲੀ ਮਾਰਨੀ ਪਵੇਗੀ!”
ਪਹਿਲਾਂ ਮੈਂ ਸੋਚਿਆ ਉਹ ਐਵੇਂ ਧਮਕੀ ਦੇ ਰਿਹਾ ਸੀ, ਪਰ ਜਦੋਂ ਬੇੜੀ ਲਾਗੇ ਪਹੁੰਚੀ, ਤਾਂ ਫ਼ੌਜੀ ਨੇ ਮੈਨੂੰ ਜੀਪ ਦੀ ਹੈੱਡ ਲਾਈਟ ਦੀ ਰੌਸ਼ਨੀ ਵਿਚ ਖੜ੍ਹਾ ਹੋਣ ਦਾ ਹੁਕਮ ਦਿੱਤਾ। ਉਸ ਵੇਲੇ ਮੇਰਾ ਅਫ਼ਰੀਕੀ ਦੋਸਤ ਆ ਕੇ ਮੇਰੇ ਮੁਹਰੇ ਖੜ੍ਹਾ ਹੋ ਗਿਆ, ਅਤੇ ਫ਼ੌਜੀ ਦੀ ਮਿੰਨਤ ਕੀਤੀ ਕਿ ਮੇਰੇ ਬਜਾਇ ਉਸ ਦੇ ਗੋਲੀ ਮਾਰ ਦੇਵੇ। ਲੱਗਦਾ ਹੈ ਕਿ ਫ਼ੌਜੀ ਇਸ ਗੱਲ ਤੋਂ ਭਾਵੁਕ ਹੋਇਆ ਕਿ ਉਹ ਮੇਰੇ ਵਾਸਤੇ ਮਰਨ ਲਈ ਤਿਆਰ ਸੀ, ਅਤੇ ਉਸ ਨੇ ਆਪਣੀ ਰਫਲ ਹੇਠਾਂ ਕਰ ਲਈ। ਮੈਂ ਯਿਸੂ ਦੇ ਸ਼ਬਦਾਂ ਨੂੰ ਯਾਦ ਕੀਤਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਮੈਂ ਕਿੰਨਾ ਸ਼ੁਕਰ ਕੀਤਾ ਕਿ ਮੈਂ ਉਸ ਪਿਆਰੇ ਭਰਾ ਨੂੰ ਨਾਲ ਲਿਜਾਣ ਲਈ ਲਿੰਡਾ ਦੀ ਸਲਾਹ ਮੰਨ ਲਈ ਸੀ!
ਅਗਲੇ ਦਿਨ, ਕੁਝ ਨੌਜਵਾਨਾਂ ਨੇ ਬਲੇਂਟਾਇਰ ਨੂੰ ਜਾਣ ਵਾਲਾ ਰਸਤਾ ਰੋਕ ਦਿੱਤਾ ਸੀ, ਅਤੇ ਉਹ ਭਰਾ ਲਿਕਵਿਡੇ ਦਾ ਪਾਰਟੀ ਮੈਂਬਰਸ਼ਿੱਪ ਕਾਰਡ ਦੇਖਣਾ ਚਾਹੁੰਦੇ ਸਨ। ਇੱਕੋ ਚਾਰਾ ਸੀ—ਭੀੜ ਵਿੱਚੋਂ ਤੇਜ਼ੀ ਨਾਲ ਲੰਘਣਾ! ਮੈਂ ਜੀਪ ਨੂੰ ਟੌਪ ਗਿਅਰ ਵਿਚ ਪਾਇਆ, ਅਤੇ ਜੀਪ ਨੇ ਹੁੱਝਕਾ ਮਾਰਿਆ। ਜਦੋਂ ਭੀੜ ਡਰ ਕੇ ਪਿੱਛੇ ਹਟ ਗਈ, ਤਾਂ ਅਸੀਂ ਛੇਤੀ ਨਾਲ ਨਿਕਲ ਗਏ। ਜੇ ਭੀੜ ਭਰਾ ਲਿਕਵਿਡੇ ਨੂੰ ਫੜ ਲੈਂਦੀ, ਤਾਂ ਉਹ ਜ਼ਰੂਰ ਉਸ ਨੂੰ ਜਾਨੋਂ ਮਾਰ ਦਿੰਦੇ। ਜਦੋਂ ਅਸੀਂ ਸ਼ਾਖਾ ਦਫ਼ਤਰ ਵਾਪਸ ਪਹੁੰਚੇ, ਅਸੀਂ ਦੋਵੇਂ ਬਹੁਤ ਘਬਰਾਏ ਹੋਏ ਸੀ, ਪਰ ਅਸੀਂ ਯਹੋਵਾਹ ਦੇ ਧੰਨਵਾਦੀ ਸੀ ਕਿ ਉਸ ਨੇ ਸਾਡੀ ਰੱਖਿਆ ਕੀਤੀ।
ਆਪਣੀ ਨਿਹਚਾ ਕਰਕੇ ਕੈਦ ਕੀਤੇ ਗਏ
ਅਕਤੂਬਰ 1967 ਵਿਚ, ਮਲਾਵੀ ਵਿਚ ਸਰਕਾਰ ਨੇ ਸਾਡੇ ਕੰਮ ਉੱਤੇ ਪਾਬੰਦੀ ਲਾ ਦਿੱਤੀ। ਉਸ ਸਮੇਂ ਦੇਸ਼ ਵਿਚ ਕੁਝ 18,000 ਗਵਾਹ ਸਨ। ਦੋ ਹਫ਼ਤਿਆਂ ਬਾਅਦ, ਸਾਨੂੰ ਖ਼ਬਰ ਮਿਲੀ ਕਿ 3,000 ਗਵਾਹਾਂ ਨੂੰ ਮਲਾਵੀ ਦੀ ਰਾਜਧਾਨੀ, ਲਿਲੋਂਗਵੇ ਵਿਚ ਕੈਦ ਕਰ ਲਿਆ ਗਿਆ ਸੀ। ਅਸੀਂ ਉਸੇ ਰਾਤ 300 ਕਿਲੋਮੀਟਰ ਦੂਰ ਉੱਥੇ ਜਾਣ ਦਾ ਫ਼ੈਸਲਾ ਕੀਤਾ, ਭਾਵੇਂ ਕਿ ਅਸੀਂ ਸ਼ਾਇਦ ਉਨ੍ਹਾਂ ਨੂੰ ਸਿਰਫ਼ ਹੌਸਲਾ ਹੀ ਦੇ ਸਕਦੇ ਸੀ। ਅਸੀਂ ਢੇਰ ਸਾਰੇ ਵਾਚਟਾਵਰ ਪ੍ਰਕਾਸ਼ਨ ਜੀਪ ਵਿਚ ਰੱਖੇ। ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਬਿਨਾਂ ਪੁੱਛ-ਗਿੱਛ ਦੇ ਕਈ ਪੁਲਸ ਨਾਕਿਆਂ ਵਿੱਚੋਂ ਲੰਘ ਗਏ। ਰਸਤੇ ਵਿਚ, ਅਸੀਂ ਕਲੀਸਿਯਾਵਾਂ ਵਿਚ ਅਧਿਆਤਮਿਕ ਭੋਜਨ ਦੇ ਡੱਬੇ ਛੱਡਦੇ ਗਏ।
ਸਵੇਰ ਨੂੰ ਅਸੀਂ ਕੈਦਖ਼ਾਨੇ ਗਏ। ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿੰਨੀ ਬੁਰੀ ਹਾਲਤ ਵਿਚ ਦੇਖਿਆ! ਸਾਰੀ ਰਾਤ ਮੀਂਹ ਪੈਂਦਾ ਰਿਹਾ ਸੀ, ਅਤੇ ਉਨ੍ਹਾਂ ਨੂੰ ਵਾੜ ਲੱਗੇ ਵਿਹੜੇ ਵਿਚ ਬਾਹਰ ਰੱਖਿਆ ਗਿਆ ਸੀ। ਉਹ ਬਿਲਕੁਲ ਭਿੱਜੇ ਹੋਏ ਸਨ, ਅਤੇ ਕਈ ਭੈਣ-ਭਰਾ ਵਾੜ ਉੱਤੇ ਆਪਣੇ ਕੰਬਲ ਰੱਖ ਕੇ ਉਨ੍ਹਾਂ ਨੂੰ ਸੁਕਾ ਰਹੇ ਸਨ। ਅਸੀਂ ਇਕ-ਦੋ ਜਣਿਆਂ ਨਾਲ ਵਾੜ ਵਿਚ ਦੀ ਗੱਲ ਕਰ ਸਕੇ।
ਅਦਾਲਤ ਵਿਚ ਉਨ੍ਹਾਂ ਦਾ ਕੇਸ ਮੁਕੱਦਮਾ ਦੁਪਹਿਰ ਨੂੰ ਚੱਲਿਆ, ਅਤੇ ਕਈ ਅਖਾਉਤੀ ਗਵਾਹ ਖੜ੍ਹੇ ਹੋਏ। ਅਸੀਂ ਉਨ੍ਹਾਂ ਦੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੁੰਮ-ਸੁੰਮ ਸਨ। ਸਾਡੇ ਦਿਲ ਘਬਰਾ ਗਏ ਜਦੋਂ ਇਨ੍ਹਾਂ ਸਾਰਿਆਂ ਨੇ ਆਪਣੇ ਵਿਸ਼ਵਾਸ ਦਾ ਇਨਕਾਰ ਕੀਤਾ! ਲੇਕਿਨ, ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਸਥਾਨਕ ਗਵਾਹ ਇਨ੍ਹਾਂ ਇਨਕਾਰ ਕਰਨ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣਦੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਅਸਲੀ ਗਵਾਹਾਂ ਦਾ ਹੌਸਲਾ ਢਾਹੁਣ ਲਈ ਇਕ ਚਾਲ ਸੀ।
ਇਸ ਸਮੇਂ ਦੌਰਾਨ, ਸਾਨੂੰ ਦੇਸ਼ ਵਿੱਚੋਂ ਕੱਢ ਦੇਣ ਦਾ ਹੁਕਮ ਦਿੱਤਾ ਗਿਆ। ਬਲੇਂਟਾਇਰ ਵਿਚ ਸਾਡੇ ਸ਼ਾਖਾ ਦਫ਼ਤਰ ਨੂੰ ਜ਼ਬਤ ਕਰ ਲਿਆ ਗਿਆ, ਅਤੇ ਮਿਸ਼ਨਰੀਆਂ ਨੂੰ ਦੇਸ਼ ਛੱਡਣ ਲਈ ਸਿਰਫ਼ 24 ਘੰਟੇ ਦਿੱਤੇ ਗਏ। ਜਦੋਂ ਅਸੀਂ ਘਰ ਵਾਪਸ ਮੁੜੇ, ਤਾਂ ਇਹ ਕਿੰਨੀ ਅਜੀਬ ਗੱਲ ਸੀ ਕਿ ਇਕ ਪੁਲਸ-ਅਫ਼ਸਰ ਸਾਡੇ ਲਈ ਫਾਟਕ ਖੋਲ੍ਹ ਰਿਹਾ ਸੀ। ਅਗਲੀ ਦੁਪਹਿਰ ਇਕ ਸਿਪਾਹੀ ਆਇਆ, ਅਤੇ ਕੁਝ ਅਫ਼ਸੋਸ ਨਾਲ ਸਾਨੂੰ ਗਿਰਫ਼ਤਾਰ ਕਰ ਕੇ ਹਵਾਈ ਅੱਡੇ ਤੇ ਲੈ ਗਿਆ।
ਨਵੰਬਰ 8, 1967 ਵਿਚ ਅਸੀਂ ਮਲਾਵੀ ਵਿੱਚੋਂ ਨਿਕਲੇ, ਅਤੇ ਸਾਨੂੰ ਪਤਾ ਸੀ ਕਿ ਉੱਥੇ ਸਾਡੇ ਮਸੀਹੀ ਭਰਾ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਾਲੇ ਸਨ। ਸਾਡੇ ਦਿਲ ਉਨ੍ਹਾਂ ਕਰਕੇ ਦੁਖੀ ਸਨ। ਕਈਆਂ ਨੇ ਆਪਣੀਆਂ ਜਾਨਾਂ ਗੁਆਈਆਂ; ਸੈਂਕੜਿਆਂ ਨੇ ਬੇਰਹਿਮ ਕਸ਼ਟ ਝੱਲੇ; ਅਤੇ ਹਜ਼ਾਰਾਂ ਨੇ ਨੌਕਰੀਆਂ, ਘਰ, ਅਤੇ ਆਪਣੀਆਂ ਹੋਰ ਚੀਜ਼ਾਂ ਗੁਆਈਆਂ। ਫਿਰ ਵੀ, ਤਕਰੀਬਨ ਸਾਰਿਆਂ ਨੇ ਆਪਣੀ ਖਰਿਆਈ ਕਾਇਮ ਰੱਖੀ।
ਹੋਰ ਦੇਸ਼ਾਂ ਵਿਚ ਸੇਵਾ
ਮੁਸ਼ਕਲਾਂ ਦੇ ਬਾਵਜੂਦ, ਮਿਸ਼ਨਰੀ ਕੰਮ ਛੱਡਣ ਦੀ ਗੱਲ ਸਾਡੇ ਮਨਾਂ ਵਿਚ ਕਦੀ ਵੀ ਨਹੀਂ ਆਈ। ਸਗੋਂ, ਅਸੀਂ ਇਕ ਹੋਰ ਦੇਸ਼ ਨੂੰ ਜਾਣ ਦਾ ਸੱਦਾ ਸਵੀਕਾਰ ਕੀਤਾ—ਕੀਨੀਆ, ਅਜਿਹਾ ਦੇਸ਼ ਜਿੱਥੇ ਤਰ੍ਹਾਂ-ਤਰ੍ਹਾਂ ਦੇ ਨਜ਼ਾਰੇ ਅਤੇ ਲੋਕ ਪਾਏ ਜਾਂਦੇ ਹਨ। ਲਿੰਡਾ ਨੂੰ ਮਸਾਈ ਲੋਕ ਬਹੁਤ ਦਿਲਚਸਪ ਲੱਗੇ। ਉਸ ਸਮੇਂ, ਕੋਈ ਵੀ ਮਸਾਈ ਵਿਅਕਤੀ ਯਹੋਵਾਹ ਦਾ ਗਵਾਹ ਨਹੀਂ ਸੀ। ਪਰ ਫਿਰ ਲਿੰਡਾ ਇਕ ਮਸਾਈ ਔਰਤ, ਦੋਰਕਸ ਨੂੰ ਮਿਲੀ, ਅਤੇ ਉਹ ਦੇ ਨਾਲ ਬਾਈਬਲ ਅਧਿਐਨ ਕਰਨ ਲੱਗੀ।
ਦੋਰਕਸ ਜਾਣਦੀ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਸ ਨੂੰ ਆਪਣਾ ਵਿਆਹ ਕਾਨੂੰਨੀ ਤੌਰ ਤੇ ਦਰਜ ਕਰਾਉਣਾ ਪਵੇਗਾ। ਉਸ ਦੇ ਦੋ ਬੱਚਿਆਂ ਦੇ ਪਿਤਾ ਨੇ ਇਨਕਾਰ ਕਰ ਦਿੱਤਾ, ਇਸ ਲਈ ਦੋਰਕਸ ਨੇ ਖ਼ੁਦ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਨ ਦੀ ਕੋਸ਼ਿਸ਼ ਕੀਤੀ। ਬੱਚਿਆਂ ਦਾ ਪਿਤਾ ਗਵਾਹਾਂ ਨਾਲ ਬਹੁਤ ਗੁੱਸੇ ਸੀ, ਪਰ ਉਹ ਆਪਣੇ ਪਰਿਵਾਰ ਤੋਂ ਜੁਦਾ ਹੋ ਕੇ ਉਦਾਸ ਰਹਿੰਦਾ ਸੀ। ਅੰਤ ਵਿਚ, ਦੋਰਕਸ ਦੇ ਵਾਰ-ਵਾਰ ਕਹਿਣ ਤੇ, ਉਹ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਲੱਗ ਪਿਆ। ਉਸ ਨੇ ਆਪਣੀ ਜ਼ਿੰਦਗੀ ਸੁਧਾਰੀ, ਗਵਾਹ ਬਣ ਗਿਆ, ਅਤੇ ਦੋਰਕਸ ਨਾਲ ਵਿਆਹ ਕਰਵਾ ਲਿਆ। ਦੋਰਕਸ ਪਾਇਨੀਅਰ ਬਣ ਗਈ, ਅਤੇ ਉਸ ਦਾ ਪਤੀ ਅਤੇ ਵੱਡਾ ਮੁੰਡਾ ਕਲੀਸਿਯਾ ਵਿਚ ਬਜ਼ੁਰਗ ਬਣ ਗਏ।
ਅਚਾਨਕ, 1973 ਵਿਚ, ਕੀਨੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ, ਅਤੇ ਸਾਨੂੰ ਉੱਥੋਂ ਜਾਣਾ ਪਿਆ। ਕੇਵਲ ਕੁਝ ਹੀ ਮਹੀਨਿਆਂ ਵਿਚ, ਪਾਬੰਦੀ ਹਟਾ ਲਈ ਗਈ। ਲੇਕਿਨ ਉਦੋਂ ਤਕ ਸਾਨੂੰ ਕਾਂਗੋ (ਬਰੈਜ਼ਵਿਲ) ਨੂੰ ਜਾਣ ਦੀ ਆਪਣੀ ਤੀਜੀ ਨਿਯੁਕਤੀ ਮਿਲ ਚੁੱਕੀ ਸੀ। ਅਸੀਂ ਅਪ੍ਰੈਲ 1974 ਵਿਚ ਉੱਥੇ ਪਹੁੰਚੇ। ਤਕਰੀਬਨ ਤਿੰਨ ਸਾਲ ਬਾਅਦ, ਮਿਸ਼ਨਰੀਆਂ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ ਕਿ ਉਹ ਜਾਸੂਸ ਸਨ ਅਤੇ ਸਾਡੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਇਸ ਤੋਂ ਇਲਾਵਾ, ਬਰੈਜ਼ਵਿਲ ਵਿਚ ਲੜਾਈ ਛਿੜ ਪਈ ਜਦੋਂ ਦੇਸ਼ ਦੇ ਰਾਸ਼ਟਰਪਤੀ ਦਾ ਕਤਲ ਕਰ ਦਿੱਤਾ ਗਿਆ। ਬਾਕੀ ਸਾਰੇ ਮਿਸ਼ਨਰੀਆਂ ਨੂੰ ਹੋਰ ਦੇਸ਼ਾਂ ਨੂੰ ਭੇਜਿਆ ਗਿਆ, ਪਰ ਸਾਨੂੰ ਉੱਨਾ ਚਿਰ ਪਿੱਛੇ ਰਹਿਣ ਲਈ ਕਿਹਾ ਗਿਆ ਜਿੰਨਾ ਚਿਰ ਸੰਭਵ ਹੋ ਸਕੇ। ਕਈ ਹਫ਼ਤਿਆਂ ਤਕ ਹਾਲਾਤ ਇੰਨੇ ਖ਼ਤਰਨਾਕ ਸੀ ਕਿ ਰਾਤ ਨੂੰ ਸੌਂਦੇ ਸਮੇਂ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਅਸੀਂ ਸਵੇਰ ਨੂੰ ਜੀਉਂਦੇ ਰਹਾਂਗੇ ਜਾਂ ਨਹੀਂ। ਫਿਰ ਵੀ ਸਾਨੂੰ ਨੀਂਦ ਆ ਜਾਂਦੀ ਸੀ, ਕਿਉਂਕਿ ਅਸੀਂ ਯਹੋਵਾਹ ਦੀ ਰੱਖਿਆ ਉੱਤੇ ਭਰੋਸਾ ਰੱਖਦੇ ਸੀ। ਇਹ ਕੁਝ ਮਹੀਨੇ, ਜਦੋਂ ਅਸੀਂ ਸ਼ਾਖਾ ਦਫ਼ਤਰ ਵਿਚ ਇਕੱਲੇ ਹੀ ਸੀ, ਸਾਡੀ ਮਿਸ਼ਨਰੀ ਸੇਵਾ ਦਾ ਸ਼ਾਇਦ ਸਭ ਤੋਂ ਵੱਡੀ ਪਰੀਖਿਆ ਵਾਲਾ, ਅਤੇ ਨਿਹਚਾ ਵਧਾਉਣ ਵਾਲਾ ਸਮਾਂ ਵੀ ਸਾਬਤ ਹੋਇਆ।
ਅਪ੍ਰੈਲ 1977 ਵਿਚ ਸਾਨੂੰ ਬਰੈਜ਼ਵਿਲ ਛੱਡਣਾ ਪਿਆ। ਉਦੋਂ ਸਾਨੂੰ ਹੈਰਾਨੀ ਵਾਲੀ ਖ਼ਬਰ ਮਿਲੀ—ਸਾਨੂੰ ਇਕ ਨਵਾਂ ਸ਼ਾਖਾ ਦਫ਼ਤਰ ਸਥਾਪਿਤ ਕਰਨ ਲਈ ਈਰਾਨ ਭੇਜਿਆ ਜਾ ਰਿਹਾ ਸੀ। ਸਾਡੇ ਸਾਮ੍ਹਣੇ ਪਹਿਲੀ ਚੁਣੌਤੀ ਸੀ ਕਿ ਸਾਨੂੰ ਫ਼ਾਰਸੀ ਭਾਸ਼ਾ ਸਿੱਖਣੀ ਪਈ। ਨਵੀਂ ਭਾਸ਼ਾ ਸਿੱਖਣ ਦੇ ਕਾਰਨ, ਕਲੀਸਿਯਾ ਦੀਆਂ ਸਭਾਵਾਂ ਤੇ ਅਸੀਂ ਸਿਰਫ਼ ਸੌਖੇ-ਸੌਖੇ ਜਵਾਬ ਹੀ ਦੇ ਸਕਦੇ ਸੀ, ਜਿੱਦਾਂ ਦੇ ਜਵਾਬ ਛੋਟੇ ਨਿਆਣੇ ਦਿੰਦੇ ਸਨ! 1978 ਵਿਚ ਈਰਾਨ ਵਿਚ ਇਨਕਲਾਬ ਸ਼ੁਰੂ ਹੋ ਗਿਆ। ਅਸੀਂ ਲੜਾਈ ਦੇ ਸਭ ਤੋਂ ਔਖੇ ਸਮੇਂ ਦੌਰਾਨ ਉੱਥੇ ਹੀ ਰਹੇ, ਪਰ ਜੁਲਾਈ 1980 ਵਿਚ, ਸਾਰੇ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ।
ਸਾਡੀ ਪੰਜਵੀਂ ਨਿਯੁਕਤੀ ਸਾਨੂੰ ਅਫ਼ਰੀਕਾ ਦੇ ਗੱਭਲੇ ਹਿੱਸੇ, ਯਾਨੀ ਕਿ ਜ਼ੇਅਰ ਵਿਚ ਵਾਪਸ ਲੈ ਗਈ, ਜੋ ਹੁਣ ਕਾਂਗੋ ਲੋਕਤੰਤਰੀ ਗਣਰਾਜ ਹੈ। ਅਸੀਂ ਜ਼ੇਅਰ ਵਿਚ 15 ਸਾਲਾਂ ਤਕ ਸੇਵਾ ਕੀਤੀ, ਜਿਸ ਸਮੇਂ ਦੌਰਾਨ ਕੁਝ ਸਾਲਾਂ ਲਈ ਸਾਡੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਜਦੋਂ ਅਸੀਂ ਪਹੁੰਚੇ ਸੀ, ਇਸ ਦੇਸ਼ ਵਿਚ ਕੁਝ 22,000 ਗਵਾਹ ਸਨ—ਹੁਣ ਉਨ੍ਹਾਂ ਦੀ ਗਿਣਤੀ 1,00,000 ਤੋਂ ਉੱਪਰ ਹੈ!
ਦੁਬਾਰਾ ਘਰ ਆਉਣਾ
ਅਗਸਤ 12, 1993 ਨੂੰ, ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ। ਦੋ ਸਾਲ ਬਾਅਦ, ਮੈਨੂੰ ਅਤੇ ਲਿੰਡਾ ਨੂੰ ਮਲਾਵੀ ਵਾਪਸ ਭੇਜਿਆ ਗਿਆ ਜਿੱਥੇ ਅਸੀਂ ਆਪਣੀ ਸੇਵਾ ਸ਼ੁਰੂ ਕੀਤੀ ਸੀ—ਉਹ ਸੁੰਦਰ, ਦੋਸਤਾਨਾ ਮੁਲਕ ਜਿਸ ਨੂੰ ਅਫ਼ਰੀਕਾ ਦਾ ਨਿੱਘਾ ਦਿਲ ਸੱਦਿਆ ਜਾਂਦਾ ਹੈ। ਜਨਵਰੀ 1996 ਤੋਂ, ਅਸੀਂ ਮਲਾਵੀ ਦੇ ਖ਼ੁਸ਼ ਅਤੇ ਅਮਨਪਸੰਦ ਲੋਕਾਂ ਵਿਚਕਾਰ ਕੰਮ ਕਰ ਕੇ ਬਹੁਤ ਖ਼ੁਸ਼ ਹਾਂ। ਅਸੀਂ ਆਪਣੇ ਵਫ਼ਾਦਾਰ ਮਲਾਵੀ ਭਰਾਵਾਂ ਨਾਲ ਦੁਬਾਰਾ ਸੇਵਾ ਕਰਨ ਦੀ ਬਹੁਤ ਕਦਰ ਕਰਦੇ ਹਾਂ, ਜਿਨ੍ਹਾਂ ਵਿੱਚੋਂ ਕਈਆਂ ਨੇ ਕੁਝ 30 ਸਾਲਾਂ ਤਕ ਸਤਾਹਟ ਸਹੀ ਹੈ। ਸਾਡੇ ਅਫ਼ਰੀਕੀ ਭਰਾਵਾਂ ਨੇ ਸਾਡੇ ਦਿਲਾਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਅਤੇ ਸਾਨੂੰ ਉਨ੍ਹਾਂ ਨਾਲ ਬਹੁਤ ਪਿਆਰ ਹੈ। ਉਹ ਜ਼ਰੂਰ ਪੌਲੁਸ ਦੇ ਸ਼ਬਦਾਂ ਤੇ ਪੂਰੇ ਉੱਤਰੇ ਹਨ: “ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।” (ਰਸੂਲਾਂ ਦੇ ਕਰਤੱਬ 14:22) ਮਲਾਵੀ ਵਿਚ ਲਗਭਗ 41,000 ਗਵਾਹ ਹੁਣ ਖੁੱਲ੍ਹੇ-ਆਮ ਪ੍ਰਚਾਰ ਕਰਨ ਅਤੇ ਵੱਡੇ ਸੰਮੇਲਨਾਂ ਦਾ ਪ੍ਰਬੰਧ ਕਰਨ ਲਈ ਆਜ਼ਾਦ ਹਨ।
ਅਸੀਂ ਆਪਣੀਆਂ ਸਾਰੀਆਂ ਨਿਯੁਕਤੀਆਂ ਦਾ ਬਹੁਤ ਆਨੰਦ ਮਾਣਿਆ ਹੈ। ਮੈਂ ਅਤੇ ਲਿੰਡਾ ਨੇ ਸਿੱਖਿਆ ਹੈ ਕਿ ਕੋਈ ਵੀ ਵਾਰਦਾਤ, ਭਾਵੇਂ ਕਿੰਨੀ ਹੀ ਮੁਸ਼ਕਲ ਕਿਉਂ ਨਾ ਹੋਵੇ, ਸਾਨੂੰ ਬਿਹਤਰ ਇਨਸਾਨ ਬਣਾ ਸਕਦੀ ਹੈ, ਜੇਕਰ ਅਸੀਂ “ਯਹੋਵਾਹ ਦਾ ਅਨੰਦ” ਫੜੀ ਰੱਖੀਏ। (ਨਹਮਯਾਹ 8:10) ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਲਿੰਡਾ ਨਾਲੋਂ ਮੇਰੇ ਲਈ ਜ਼ਿਆਦਾ ਔਖਾ ਰਿਹਾ ਹੈ। ਖ਼ਾਸ ਕਰਕੇ ਯਹੋਵਾਹ ਵਿਚ ਉਸ ਦੀ ਪੱਕੀ ਨਿਹਚਾ ਨੇ ਮੇਰੀ ਮਦਦ ਕੀਤੀ ਹੈ। ਅਤੇ ਇਸ ਕਾਰਨ ਮੈਂ ‘ਚੰਗੀ ਵਹੁਟੀ’ ਲੱਭਣ ਦੀ ਬਰਕਤ ਦੀ ਕਦਰ ਕਰਦਾ ਹਾਂ।—ਕਹਾਉਤਾਂ 18:22.
ਅਸੀਂ ਕਿੰਨਾ ਖ਼ੁਸ਼ ਅਤੇ ਦਿਲਚਸਪ ਜੀਵਨ ਬਿਤਾਇਆ ਹੈ! ਵਾਰ-ਵਾਰ ਅਸੀਂ ਯਹੋਵਾਹ ਦੀ ਰਖਵਾਲੀ ਲਈ ਉਸ ਦਾ ਧੰਨਵਾਦ ਕੀਤਾ ਹੈ। (ਰੋਮੀਆਂ 8:31) ਤਕਰੀਬਨ 40 ਸਾਲ ਬੀਤ ਚੁੱਕੇ ਹਨ ਜਦੋਂ ਮੈਂ ਪੂਰਣ-ਕਾਲੀ ਸੇਵਾ ਦੀਆਂ ਬਰਕਤਾਂ ਉੱਤੇ ਭਾਸ਼ਣ ਦਿੱਤਾ ਸੀ। ਅਸੀਂ ਖ਼ੁਸ਼ ਹਾਂ ਕਿ ਅਸੀਂ ‘ਯਹੋਵਾਹ ਨੂੰ ਪਰਤਾ ਕੇ ਉਸ ਦੀ ਭਲਿਆਈ ਚੱਖੀ ਹੈ।’ (ਜ਼ਬੂਰ 34:8; ਮਲਾਕੀ 3:10) ਸਾਨੂੰ ਪੂਰਾ ਯਕੀਨ ਹੈ ਕਿ ‘ਅਗਾਹਾਂ ਨੂੰ ਆਪਣੇ ਲਈ ਨਹੀਂ ਜੀਉਣਾ’ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ।
[ਸਫ਼ੇ 23 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਉਹ ਦੇਸ਼ ਜਿੱਥੇ ਅਸੀਂ ਸੇਵਾ ਕੀਤੀ
ਈਰਾਨ
ਕਾਂਗੋ ਗਣਰਾਜ
ਕਾਂਗੋ ਲੋਕਤੰਤਰੀ ਗਣਰਾਜ
ਕੀਨੀਆ
ਮਲਾਵੀ
[ਸਫ਼ੇ 20 ਉੱਤੇ ਤਸਵੀਰ]
ਦੱਖਣੀ ਅਫ਼ਰੀਕਾ ਵਿਚ ਕੇਪ ਟਾਊਨ ਰਾਹੀਂ, ਮਲਾਵੀ ਨੂੰ ਜਾਂਦੇ ਹੋਏ
[ਸਫ਼ੇ 22 ਉੱਤੇ ਤਸਵੀਰ]
ਜਦੋਂ ਸਾਨੂੰ ਗਿਰਫ਼ਤਾਰ ਕਰ ਕੇ ਮਲਾਵੀ ਵਿੱਚੋਂ ਕੱਢਿਆ ਗਿਆ ਸੀ
[ਸਫ਼ੇ 24 ਉੱਤੇ ਤਸਵੀਰ]
ਦੋਰਕਸ, ਇਕ ਸਮਾਈ ਔਰਤ, ਆਪਣੇ ਪਤੀ ਦੇ ਨਾਲ