“ਅਸੀਂ ਸਿਗਰਟ ਪੀਣੀ ਛੱਡੀ—ਤੁਸੀਂ ਵੀ ਛੱਡ ਸਕਦੇ ਹੋ!”
ਜਪਾਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਕਈਆਂ ਕਹਾਣੀਆਂ ਦੇ ਅਨੁਸਾਰ, 16ਵੀਂ ਸਦੀ ਦੇ ਆਖ਼ਰੀ ਸਾਲਾਂ ਵਿਚ ਜਪਾਨ ਵਿਚ ਲੱਗਣ ਵਾਲੇ ਯੂਰਪੀ ਸਮੁੰਦਰੀ ਜਹਾਜ਼ਾਂ ਵਿਚ ਸਿਗਰਟ ਪੀਣ ਵਾਲੇ ਮਹਿਮਾਨ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਉਹ “ਆਪਣੇ ਢਿੱਡਾਂ ਵਿਚ ਅੱਗ ਬਣਾ ਰਹੇ ਸਨ।” ਉਨ੍ਹਾਂ ਦੀ ਹੈਰਾਨੀ ਨੇ ਉਨ੍ਹਾਂ ਵਿਚ ਉਤਸੁਕਤਾ ਪੈਦਾ ਕੀਤੀ, ਅਤੇ 1880 ਤਕ ਸਿਗਰਟ ਪੀਣ ਦੀ ਆਦਤ ਜਪਾਨ ਵਿਚ ਆਮ ਹੋ ਗਈ ਸੀ। ਕੌਣ ਸੋਚ ਸਕਦਾ ਸੀ ਕਿ ਹੈਰਾਨ ਹੋਏ ਉਨ੍ਹਾਂ ਜਪਾਨੀ ਲੋਕਾਂ ਦੀ ਸੰਤਾਨ, ਅੱਜ ਉਨ੍ਹਾਂ ਲੋਕਾਂ ਵਿਚ ਗਿਣੀ ਜਾਵੇਗੀ ਜੋ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਸਿਗਰਟ ਪੀਂਦੇ ਹਨ?
“ਅਸੀਂ ਮਹਿਸੂਸ ਕਰਨਾ ਚਾਹੁੰਦੇ ਸੀ ਕਿ ਅਸੀਂ ਵੱਡੇ ਹੋ ਗਏ ਹਾਂ, ਅਤੇ ਵੱਡਿਆਂ ਦੀਆਂ ਭਾਵਨਾਵਾਂ ਬਾਰੇ ਜਾਣਨਾ ਚਾਹੁੰਦੇ ਸੀ।”—ਔਕੀਓ, ਓਸੌਮੁ, ਅਤੇ ਯੋਕੋ।
“ਮੈਂ ਭਾਰ ਘਟਾਉਣਾ ਚਾਹੁੰਦਾ ਸੀ।”—ਟਸੁਯੌ।
“ਮੈਂ ਸਿਰਫ਼ ਸਿਗਰਟ ਪੀ ਕੇ ਦੇਖਣਾ ਹੀ ਚਾਹੁੰਦਾ ਸੀ।”—ਟੋਸ਼ੀਹੀਰੋ।
“ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਤਮਾਖੂ ਸਾਨੂੰ ਹਾਨੀ ਪਹੁੰਚਾ ਸਕਦਾ ਹੈ।”—ਰਾਯੋਹੇਈ, ਜੁਨੀਚੀ, ਅਤੇ ਯੌਸੁਹੀਕੋ।
“ਮੈਂ ਆਪਣੇ ਦੂਸਰੇ ਗਰਭ ਦੌਰਾਨ ਸਵੇਰ ਨੂੰ ਆਉਣ ਵਾਲੀਆਂ ਉਲਟੀਆਂ ਨੂੰ ਰੋਕਣਾ ਚਾਹੁੰਦੀ ਸੀ।”—ਚੀਏਕੋ।
“ਮੈਂ ਕਾਰੋਬਾਰੀ ਮੀਟਿੰਗਾਂ ਦੌਰਾਨ ਔਖੀਆਂ ਘੜੀਆਂ ਗੁਜ਼ਾਰਨ ਲਈ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।”—ਟੌਟਸੁਹੀਕੋ।
ਜਦੋਂ ਕੁਝ ਲੋਕਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਿਗਰਟ ਪੀਣੀ ਕਿਉਂ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਉੱਪਰ ਦਿੱਤੇ ਗਏ ਕਾਰਨ ਦੱਸੇ। ਅਜਿਹੇ ਕਾਰਨ ਕਾਫ਼ੀ ਸਮਝਣਯੋਗ ਹਨ, ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕੁਝ ਲੋਕ ਜਪਾਨ ਨੂੰ ਸਿਗਰਟ ਪੀਣ ਵਾਲਿਆਂ ਦਾ ਸਵਰਗ ਕਹਿੰਦੇ ਹਨ। ਲੇਕਿਨ, ਇਹ ਕਿੰਨੀ ਅਨੋਖੀ ਗੱਲ ਹੈ ਕਿ ਜਿਨ੍ਹਾਂ ਇਨਸਾਨਾਂ ਬਾਰੇ ਉੱਪਰ ਗੱਲ ਕੀਤੀ ਗਈ ਹੈ ਉਨ੍ਹਾਂ ਸਾਰਿਆਂ ਨੇ ਹੁਣ ਸਿਗਰਟ ਪੀਣੀ ਛੱਡ ਦਿੱਤੀ ਹੈ। ਜਦੋਂ ਤੁਸੀਂ ਉਨ੍ਹਾਂ ਦੇ ਮਾਹੌਲ ਕਾਰਨ ਪੇਸ਼ ਆਈਆਂ ਰੁਕਾਵਟਾਂ ਉੱਤੇ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਇਹ ਇਕ ਵੱਡੀ ਕਾਮਯਾਬੀ ਲੱਗੇਗੀ। ਕੀ ਤੁਸੀਂ ਸੋਚ ਰਹੇ ਹੋ ਕਿ ਉਨ੍ਹਾਂ ਨੇ ਇਹ ਕਿਸ ਤਰ੍ਹਾਂ ਕੀਤਾ? ਆਓ ਪਹਿਲਾਂ ਅਸੀਂ ਦੇਖੀਏ ਕਿ ਅੱਜ ਜਪਾਨ ਵਿਚ ਤਮਾਖੂ ਦੀ ਵਰਤੋਂ ਕਿੰਨੀ ਕੁ ਦੂਰ ਤਕ ਫੈਲੀ ਹੋਈ ਹੈ।
ਤਮਾਖੂ ਦਾ ਦ੍ਰਿਸ਼
ਜਪਾਨੀ ਆਦਮੀਆਂ ਵਿੱਚੋਂ ਲਗਭਗ 56 ਫੀ ਸਦੀ ਸਿਗਰਟ ਪੀਂਦੇ ਹਨ। ਇਸ ਦੀ ਤੁਲਨਾ ਵਿਚ, 15 ਸਾਲਾਂ ਦੀ ਉਮਰ ਤੋਂ ਉੱਪਰ ਦੇ ਅਮਰੀਕੀ ਆਦਮੀਆਂ ਵਿੱਚੋਂ ਸਿਰਫ਼ 28 ਫੀ ਸਦੀ ਹੀ ਸਿਗਰਟ ਪੀਂਦੇ ਹਨ। ਜਪਾਨ ਦੇ 3,40,00,000 ਸਿਗਰਟ ਪੀਣ ਵਾਲੇ ਲੋਕਾਂ ਵਿੱਚੋਂ ਲਗਭਗ 22 ਫੀ ਸਦੀ ਔਰਤਾਂ ਹਨ, ਜਿਨ੍ਹਾਂ ਵਿੱਚੋਂ ਕਈ ਮੁਟਿਆਰਾਂ ਹਨ। ਸਿਆਣਿਆਂ ਨੂੰ ਵੇਖੋ-ਵੇਖੀ ਅਤੇ ਦਿਲ ਭਰਮਾਉ ਇਸ਼ਤਿਹਾਰਾਂ ਕਰਕੇ ਸਿਗਰਟ ਪੀਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਕੁਝ ਵੀਹ ਕੁ ਸਾਲ ਪਹਿਲਾਂ ਸੰਯੁਕਤ ਰਾਜ ਅਮਰੀਕਾ ਵਿਚ ਟੀ. ਵੀ. ਅਤੇ ਰੇਡੀਓ ਤੇ ਸਿਗਰਟ ਦੇ ਇਸ਼ਤਿਹਾਰ ਦੇਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ, ਅਤੇ ਹੁਣ ਜਪਾਨ ਵਿਚ ਵੀ ਇਸੇ ਤਰ੍ਹਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਜਪਾਨ ਵਿਚ ਕਈ ਸੜਕਾਂ ਤੇ ਸਿਗਰਟ ਵੇਚਣ ਵਾਲੀਆਂ ਮਸ਼ੀਨਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਸਿਗਰਟਾਂ ਆਸਾਨੀ ਨਾਲ ਮਿਲ ਸਕਦੀਆਂ ਹਨ। ਜਦੋਂ ਸਿਗਰਟਾਂ ਦਾ ਪੈਕਿਟ ਹੱਥ ਵਿਚ ਹੁੰਦਾ ਹੈ ਤਾਂ ਬਹੁਤ ਹੀ ਘੱਟ ਲੋਕ ਉਸ ਉੱਤੇ ਛਪੀ ਹੋਈ ਹਲਕੀ ਜਿਹੀ ਚੇਤਾਵਨੀ ਵੱਲ ਧਿਆਨ ਦਿੰਦੇ ਹਨ। ਸ਼ਾਇਦ ਲੇਬਲ ਤੇ ਸਿਰਫ਼ ਇਹ ਹੀ ਲਿਖਿਆ ਹੋਵੇ: “ਜ਼ਿਆਦਾ ਨਾ ਪੀਓ; ਨੁਕਸਾਨ ਹੋ ਸਕਦਾ ਹੈ।” ਤਮਾਖੂ ਦੇ ਗੰਭੀਰ ਖ਼ਤਰਿਆਂ ਬਾਰੇ ਬੇਖ਼ਬਰੀ ਦੇ ਨਾਲ-ਨਾਲ, ਜਪਾਨੀ ਲੋਕ ਕਈ ਮਸ਼ਹੂਰ ਲੋਕਾਂ ਦੀ ਨਕਲ ਕਰਨ ਲਈ ਵੀ ਸਿਗਰਟ ਪੀਂਦੇ ਹਨ, ਜਿਸ ਕਰਕੇ ਉਹ ਇਸ ਦੇ ਖ਼ਤਰਿਆਂ ਬਾਰੇ ਭੁਲੇਖੇ ਵਿਚ ਪੈ ਜਾਂਦੇ ਹਨ।
ਇਸ ਲਈ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਿਗਰਟ ਦੇ ਵਿਰੋਧੀ ਜਪਾਨ ਦੀ ਸਰਕਾਰ ਨੂੰ ਕਿਉਂ ਬੁਰਾ ਮੰਨਦੇ ਹਨ, ਕਿਉਂਕਿ ਇਸ ਨੇ ਆਪਣੇ ਵਾਸੀਆਂ ਨੂੰ ਤਮਾਖੂ ਛੱਡਣ ਦੀ ਮਦਦ ਦੇਣ ਵਿਚ ਲਾਪਰਵਾਹੀ ਵਰਤੀ ਹੈ। ਲੇਕਿਨ ਸਿੱਖਿਅਕ, ਲੋਕਾਂ ਨੂੰ ਇਹ ਚੇਤਾਵਨੀ ਦੇਣ ਦੀ ਅਹਿਮੀਅਤ ਨੂੰ ਸਮਝ ਰਹੇ ਹਨ ਕਿ ਸਿਗਰਟ ਪੀਣੀ ਸਿਹਤ ਅਤੇ ਜਾਨ ਨੂੰ ਖ਼ਤਰੇ ਵਿਚ ਪਾਉਂਦੀ ਹੈ। ਜੀ ਹਾਂ, ਜਪਾਨ ਦੇ ਸਿਗਰਟ ਪੀਣ ਵਾਲੇ ਲੋਕਾਂ ਉੱਤੇ ਉਹ ਹੀ ਅਸਰ ਪੈ ਰਹੇ ਹਨ, ਜੋ ਹੋਰ ਥਾਵਾਂ ਦੇ ਲੋਕਾਂ ਉੱਤੇ ਪੈਂਦੇ ਹਨ—ਕਚਿਆਹਣ, ਸਾਹ ਲੈਣ ਵਿਚ ਔਖਿਆਈ, ਲਗਾਤਾਰ ਖੰਘ, ਢਿੱਡ-ਪੀੜ, ਭੁੱਖ ਨਾ ਲੱਗਣੀ, ਜ਼ੁਕਾਮ ਹੋਣ ਦਾ ਝੁਕਾਅ, ਅਤੇ ਸ਼ਾਇਦ ਫੇਫੜਿਆਂ ਦੇ ਕੈਂਸਰ, ਦਿਲ ਦੀ ਬੀਮਾਰੀ, ਜਾਂ ਹੋਰ ਬੀਮਾਰੀਆਂ ਕਾਰਨ ਸਮੇਂ ਤੋਂ ਪਹਿਲਾਂ ਮੌਤ।
ਕਈ ਦਹਾਕਿਆਂ ਲਈ ਜਪਾਨ ਦਾ ਤਮਾਖੂ ਦਾ ਕਾਰੋਬਾਰ ਸਰਕਾਰ ਦੇ ਹੱਥ ਵਿਚ ਸੀ, ਲੇਕਿਨ 1 ਅਪ੍ਰੈਲ 1985 ਤੋਂ ਇਸ ਨੂੰ ਗ਼ੈਰ-ਸਰਕਾਰੀ ਕਰ ਦਿੱਤਾ ਗਿਆ। ਫਿਰ ਵੀ, ਸਰਕਾਰ ਦੇ ਨਾਲ ਇਸ ਦਾ ਸੰਬੰਧ ਹਾਲੇ ਵੀ ਕਾਫ਼ੀ ਗੂੜ੍ਹਾ ਹੈ ਅਤੇ ਇਹ ਸਿਗਰਟ ਪੀਣ ਨੂੰ ਰੋਕਣ ਦੀ ਕਿਸੇ ਵੀ ਤਰੱਕੀ ਵਿਚ ਰੁਕਾਵਟ ਪਾਉਂਦਾ ਹੈ। ਇਸ ਗੱਲ ਤੋਂ ਸਾਨੂੰ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਤਮਾਖੂ ਦਾ ਵਿਰੋਧ ਕਰਨ ਵਾਲੇ ਸਮੂਹ ਅੱਜ ਜਪਾਨ ਨੂੰ ਸਿਗਰਟ ਪੀਣ ਵਾਲਿਆਂ ਦੀ ਪਨਾਹ ਕਿਉਂ ਕਹਿੰਦੇ ਹਨ। ਅਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਡੇਲੀ ਯੋਮੀਉਰੀ ਨੇ ਕਿਉਂ ਰਿਪੋਰਟ ਕੀਤਾ ਕਿ ਇੱਥੇ ਦੇ ਡਾਕਟਰ ਇਸ ਗੱਲ ਉੱਤੇ ਅਫ਼ਸੋਸ ਕਰ ਰਹੇ ਹਨ ਕਿ ਜਪਾਨ “ਇਕ ਅਜਿਹਾ ਸਮਾਜ ਹੈ ਜੋ ਸਿਗਰਟ ਪੀਣ ਉੱਤੇ ਜ਼ੋਰ ਦਿੰਦਾ ਹੈ।”
ਇਹ ਦੇਖਣ ਲਈ ਕਿ ਸਿਗਰਟ ਛੱਡਣ ਵਿਚ ਕੁਝ ਲੋਕ ਕਿਸ ਤਰ੍ਹਾਂ ਸਫ਼ਲ ਹੋਏ ਹਨ, “ਅਸੀਂ ਕਿਸ ਤਰ੍ਹਾਂ ਸਿਗਰਟ ਪੀਣੀ ਛੱਡੀ” ਨਾਮਕ ਡੱਬੀ ਦੇਖੋ।
ਤੁਸੀਂ ਸਿਗਰਟ ਪੀਣੀ ਕਿਵੇਂ ਛੱਡ ਸਕਦੇ ਹੋ?
ਜਿਹੜੇ ਪਹਿਲਾਂ ਤਮਾਖੂ ਦੇ ਪ੍ਰੇਮੀ ਸਨ, ਜਿਵੇਂ ਕਿ ਡੱਬੀ ਵਿਚ ਦੱਸਿਆ ਗਿਆ ਹੈ, ਉਨ੍ਹਾਂ ਦੁਆਰਾ ਦਿੱਤੀ ਗਈ ਸਲਾਹ ਦਾ ਇਹ ਸਾਰ ਨਿਕਲਦਾ ਹੈ: ਸਿਗਰਟ ਛੱਡਣ ਦਾ ਇਕ ਸਪੱਸ਼ਟ ਕਾਰਨ ਹੋਣਾ ਚਾਹੀਦਾ ਹੈ। ਪਰਮੇਸ਼ੁਰ ਲਈ ਪ੍ਰੇਮ ਅਤੇ ਉਸ ਨੂੰ ਖ਼ੁਸ਼ ਕਰਨ ਦੀ ਇੱਛਾ ਸਭ ਤੋਂ ਵਧੀਆ ਕਾਰਨ ਹੈ। ਅਤੇ ਆਪਣੇ ਗੁਆਂਢੀ ਲਈ ਪ੍ਰੇਮ ਇਕ ਹੋਰ ਚੰਗਾ ਕਾਰਨ ਹੈ। ਇਕ ਟੀਚਾ ਬਣਾਓ ਅਤੇ ਉਸ ਉੱਤੇ ਪੱਕੇ ਰਹੋ। ਸਾਰਿਆਂ ਨੂੰ ਦੱਸ ਦਿਓ ਕਿ ਤੁਸੀਂ ਸਿਗਰਟ ਪੀਣੀ ਛੱਡ ਰਹੇ ਹੋ—ਆਪਣੇ ਦੋਸਤਾਂ ਨੂੰ ਦੱਸੋ, ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਮਦਦ ਮੰਗੋ। ਜੇਕਰ ਮੁਮਕਿਨ ਹੋਵੇ ਤਾਂ ਇਕਦਮ ਛੱਡ ਦਿਓ। ਅਤੇ ਸਿਗਰਟ ਪੀਣ ਵਾਲੇ ਲੋਕਾਂ ਦੇ ਮਾਹੌਲ ਤੋਂ ਬਚਣ ਲਈ ਤੁਹਾਡੇ ਵੱਲੋਂ ਜੋ ਵੀ ਹੋ ਸਕੇ, ਉਹ ਕਰੋ।
ਜੇਕਰ ਤੁਸੀਂ ਬਾਈਬਲ ਦਾ ਅਧਿਐਨ ਕਰ ਰਹੇ ਹੋ, ਤਾਂ ਯਹੋਵਾਹ ਦੇ ਗਵਾਹਾਂ ਨਾਲ ਆਪਣੀ ਸੰਗਤ ਹੋਰ ਵਧਾ ਲਓ। ਉਨ੍ਹਾਂ ਦੇ ਵਿਚਕਾਰ ਹੋਣ ਦੁਆਰਾ ਤੁਹਾਡੀ ਸਿਗਰਟ ਪੀਣ ਦੀ ਇੱਛਾ ਜਲਦੀ ਹੀ ਮਿਟ ਜਾਵੇਗੀ। ਅਤੇ, ਜੇਕਰ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਤੁਸੀਂ ਕਿਸੇ ਨਾਲ ਅਧਿਐਨ ਕਰ ਰਹੇ ਹੋ ਜੋ ਸਿਗਰਟ ਪੀਂਦਾ ਹੈ, ਤਾਂ ਛੇਤੀ ਹਾਰ ਨਾ ਮੰਨੋ। ਉਨ੍ਹਾਂ ਦੀ ਮਦਦ ਕਰੋ ਕਿ ਉਹ ਇਸ ਹਾਨੀਕਾਰਕ ਆਦਤ ਨਾਲ ਪ੍ਰੇਮ ਕਰਨ ਦੀ ਬਜਾਇ ਯਹੋਵਾਹ ਨਾਲ ਪ੍ਰੇਮ ਕਰਨ।
[ਸਫ਼ੇ 24, 25 ਉੱਤੇ ਡੱਬੀ/ਤਸਵੀਰਾਂ]
“ਅਸੀਂ ਕਿਸ ਤਰ੍ਹਾਂ ਸਿਗਰਟ ਪੀਣੀ ਛੱਡੀ”
ਮੀਏਕੋ: “ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਪੂਰਾ ਯਕੀਨ ਸੀ ਕਿ ਮੈਂ ਸਿਗਰਟ ਪੀਣੀ ਨਹੀਂ ਛੱਡ ਸਕਦੀ। ਮੇਰਾ ਅਧਿਐਨ ਕਰਨ ਦਾ ਕਾਰਨ ਇਹ ਸੀ ਕਿ ਮੈਂ ਨਾ ਸਹੀ ਲੇਕਿਨ ਘੱਟੋ-ਘੱਟ ਮੇਰੇ ਬੱਚੇ ਜੀਵਨ ਦਾ ਰਾਹ ਸਿੱਖ ਲੈਣਗੇ। ਲੇਕਿਨ ਬਹੁਤ ਹੀ ਜਲਦੀ ਮੈਨੂੰ ਅਹਿਸਾਸ ਹੋਇਆ ਕਿ ਮਾਪਿਆਂ ਨੂੰ ਖ਼ੁਦ ਇੱਕ ਵਧੀਆ ਮਿਸਾਲ ਕਾਇਮ ਕਰਨੀ ਚਾਹੀਦੀ ਹੈ, ਇਸ ਲਈ ਮੈਂ ਮਦਦ ਵਾਸਤੇ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾਵਾਂ ਕਰਨ ਲੱਗ ਪਈ। ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕੰਮ ਕਰਨ ਲਈ ਮੈਨੂੰ ਖ਼ੁਦ ਜਤਨ ਕਰਨ ਦੀ ਲੋੜ ਸੀ, ਅਤੇ ਕੁਝ ਸਮੇਂ ਲਈ ਮੈਂ ਦੁਖੀ ਹੀ ਰਹੀ। ਲੇਕਿਨ ਜਦੋਂ ਮੈਂ ਅਖ਼ੀਰ ਵਿਚ ਆਪਣੇ ਆਪ ਨੂੰ ਇਸ ਬੁਰਾਈ ਤੋਂ ਆਜ਼ਾਦ ਕਰ ਲਿਆ ਤਾਂ ਮੈਨੂੰ ਇੱਕ ਸਾਫ਼ ਅੰਤਹਕਰਣ ਪ੍ਰਾਪਤ ਕਰਨ ਦਾ ਵਧੀਆ ਇਹਸਾਸ ਹੋਇਆ। ਮੈਂ ਇਸ ਨੂੰ ਕਦੀ ਵੀ ਨਹੀਂ ਭੁੱਲਾਂਗੀ।”
ਮਾਸਾਯੂਕੀ: “ਮੈਂ ਇਕ ਦਿਨ ਵਿਚ ਸਿਗਰਟ ਦੇ ਤਿੰਨ ਪੈਕਿਟ ਪੀਂਦਾ ਹੁੰਦਾ ਸੀ, ਲੇਕਿਨ ਕਈ ਕੋਸ਼ਿਸ਼ਾਂ ਤੋਂ ਬਾਅਦ ਮੈਂ ਆਪਣੀ ਆਖ਼ਰੀ ਸਿਗਰਟ ਬੁਝਾ ਦਿੱਤੀ ਅਤੇ ਤਮਾਖੂ ਨੂੰ ਅਲਵਿਦਾ ਕਹਿ ਦਿੱਤਾ। ਸਿਗਰਟ ਛੱਡਣ ਵਿਚ ਮੇਰੇ ਪਰਿਵਾਰ, ਸੰਗੀ ਗਵਾਹਾਂ ਅਤੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਮਦਦ ਦਿੱਤੀ। ਜਿਸ ਬੈਂਕ ਵਿਚ ਮੈਂ ਕੰਮ ਕਰਦਾ ਹਾਂ ਉੱਥੇ ਕੋਈ ਵੀ ਯਕੀਨ ਨਹੀਂ ਕਰਦਾ ਸੀ ਕਿ ਮੈਂ ਸਿਗਰਟ ਪੀਣੀ ਛੱਡ ਦਿੱਤੀ ਹੈ। ਮੈਂ ਸੁਝਾਅ ਪੇਸ਼ ਕੀਤਾ ਕਿ ਆਪਣੇ ਗਾਹਕਾਂ ਨੂੰ ਲਿਹਾਜ਼ ਦਿਖਾਉਣ ਲਈ, ਬੈਂਕ ਦੇ ਕਰਮਚਾਰੀ ਕੰਮ ਦੇ ਸਮੇਂ ਦੌਰਾਨ ਬੈਂਕ ਦੀ ਪਬਲਿਕ ਜਗ੍ਹਾ ਵਿਚ ਸਿਗਰਟ ਨਾ ਪੀਣ। ਭਾਵੇਂ ਕਿ ਕੰਮ ਕਰਨ ਵਾਲਿਆਂ ਵਿੱਚੋਂ 80 ਫੀ ਸਦੀ ਸਿਗਰਟ ਪੀਂਦੇ ਸਨ, ਫਿਰ ਵੀ ਮੇਰਾ ਸੁਝਾਅ ਸਵੀਕਾਰ ਕੀਤਾ ਗਿਆ। ਹੁਣ ਸਾਡੇ ਬੈਂਕ ਦੀਆਂ 260 ਸ਼ਾਖਾਵਾਂ ਵਿਚ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ।”
ਓਸੌਮੁ: “ਜਿਉਂ-ਜਿਉਂ ਮੈਂ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਸੱਚਾਈ ਸਿੱਖ ਰਿਹਾ ਸੀ, ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਸਿਗਰਟ ਪੀਣੀ ਛੱਡਣੀ ਪਵੇਗੀ। ਮੈਨੂੰ ਇਸ ਨੂੰ ਛੱਡਣ ਲਈ ਤਕਰੀਬਨ ਇਕ ਸਾਲ ਲੱਗ ਗਿਆ। ਛੱਡਣ ਤੋਂ ਬਾਅਦ ਵੀ, ਸਿਗਰਟ ਪੀਣ ਦੀ ਇੱਛਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਮੈਨੂੰ ਹੋਰ ਛੇ ਕੁ ਮਹੀਨੇ ਸਖ਼ਤ ਕੋਸ਼ਿਸ਼ ਕਰਨੀ ਪਈ। ਕਿਉਂਕਿ ਮੈਂ ਜਾਣਦਾ ਸੀ ਕਿ ਸਿਗਰਟ ਛੱਡਣ ਦੀ ਮੇਰੀ ਇੱਛਾ ਦਿਲੋਂ ਹੋਣੀ ਚਾਹੀਦੀ ਸੀ।”
ਟੋਸ਼ੀਹੀਰੋ: “ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਨੇ ਮੈਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਮੈਨੂੰ ਲੱਗਾ ਕਿ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਮੈਂ ਆਪਣੀ ਸਿਗਰਟ ਪੀਣ ਦੀ ਆਦਤ ਨੂੰ ਤਾਂ ਜ਼ਰੂਰ ਹੀ ਛੱਡ ਸਕਦਾ ਹਾਂ।”
ਯੌਸੁਹੀਕੋ: “ਯਹੋਵਾਹ ਪਰਮੇਸ਼ੁਰ ਦੀ ਆਗਿਆ ਮੰਨਣ ਅਤੇ ਸਿਗਰਟ ਛੱਡਣ ਦੇ ਮੇਰੇ ਫ਼ੈਸਲੇ ਨੇ ਮੇਰੀ ਜਾਨ ਬਚਾਈ। ਇਕ ਦਿਨ, ਜਿੱਥੇ ਮੈਂ ਕੰਮ ਕਰ ਰਿਹਾ ਸੀ, ਕਿਸੇ ਨੁਕਸ ਕਾਰਨ ਖ਼ਤਰਨਾਕ ਗੈਸ ਉਸ ਕਮਰੇ ਵਿਚ ਫੈਲ ਗਈ। ਆਮ ਤੌਰ ਤੇ, ਉਸ ਵੇਲੇ ਵੀ ਮੈਂ ਸਿਗਰਟ ਜਲਾ ਲੈਣੀ ਸੀ, ਜਿਸ ਕਾਰਨ ਜ਼ਰੂਰ ਧਮਾਕਾ ਹੋ ਜਾਣਾ ਸੀ। ਲੇਕਿਨ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਸਿਗਰਟ ਪੀਣੀ ਛੱਡ ਚੁੱਕਾ ਸੀ, ਅੱਜ ਮੈਂ ਇਹ ਗੱਲ ਦੱਸਣ ਲਈ ਜੀਉਂਦਾ ਹਾਂ।”
ਔਕੀਓ: “ਜਦੋਂ ਮੈਨੂੰ ਕਦੀ-ਕਦੀ ਕਚਿਆਹਣ ਹੋਣ ਲੱਗੀ, ਤਾਂ ਮੈਨੂੰ ਸ਼ੱਕ ਪਿਆ ਕਿ ਸਿਗਰਟਾਂ ਨਾਲ ਮੇਰੀ ਸਿਹਤ ਖ਼ਰਾਬ ਹੋ ਰਹੀ ਹੈ, ਲੇਕਿਨ ਮੈਂ ਸਿਗਰਟਾਂ ਪੀਣੀਆਂ ਨਹੀਂ ਛੱਡੀਆਂ। ਸਿਗਰਟ ਪੀਣ ਦੇ ਖ਼ਤਰਿਆਂ ਬਾਰੇ ਪਹਿਲੀ ਸਹੀ ਜਾਣਕਾਰੀ ਮੈਨੂੰ ਆਪਣੀ ਪਤਨੀ ਤੋਂ ਮਿਲੀ, ਜੋ ਯਹੋਵਾਹ ਦੀ ਇਕ ਗਵਾਹ ਬਣ ਚੁੱਕੀ ਸੀ। ਥੋੜ੍ਹੇ ਕੁ ਚਿਰ ਵਿਚ ਮੈਂ ਵੀ ਬਾਈਬਲ ਦਾ ਅਧਿਐਨ ਕਰਨ ਲੱਗ ਪਿਆ ਅਤੇ ਵਾਚ ਟਾਵਰ ਪ੍ਰਕਾਸ਼ਨਾਂ ਤੋਂ ਮੈਨੂੰ ਪਤਾ ਲੱਗਾ ਕਿ ਸਿਗਰਟ ਪੀਣ ਵਾਲਾ ਸਿਰਫ਼ ਆਪਣੇ ਆਪ ਨੂੰ ਹੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਵੀ ਹਾਨੀ ਪਹੁੰਚਾਉਂਦਾ ਹੈ। ਮੈਂ ਸਿਗਰਟ ਪੀਣੀ ਫ਼ੌਰਨ ਛੱਡ ਦਿੱਤੀ!”
ਰਾਯੋਹੇਈ: “ਮੇਰੀ ਪਤਨੀ ਮੇਰੇ ਲਈ ਸਿਗਰਟਾਂ ਦੇ 20 ਪੈਕਿਟ ਇਕੱਠੇ ਖ਼ਰੀਦਦੀ ਹੁੰਦੀ ਸੀ। ਲੇਕਿਨ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ, ਉਸ ਨੇ ਉਸ ਚੀਜ਼ ਨੂੰ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਜੋ ਉਹ ਜਾਣਦੀ ਸੀ ਮੈਨੂੰ ਹਾਨੀ ਪਹੁੰਚਾਏਗੀ। ਇਸ ਲਈ ਮੈਂ ਤਮਾਖੂ ਦੀ ਆਪਣੀ ਹੀ ਦੁਕਾਨ ਖੋਲ੍ਹ ਲਈ। ਮੈਂ ਦਿਨ ਵਿਚ ਸਿਗਰਟਾਂ ਦੇ ਸਾਢੇ ਤਿੰਨ ਪੈਕਿਟ ਪੀਂਦਾ ਹੁੰਦਾ ਸੀ। ਫਿਰ ਮੈਂ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਿਆ। ਜਲਦੀ ਹੀ ਮੈਂ ਬਾਈਬਲ ਦੇ ਵਿਸ਼ਿਆਂ ਬਾਰੇ ਬੋਲਣ ਵਿਚ ਪ੍ਰਭਾਵਕਾਰੀ ਬਣਨਾ ਚਾਹੁੰਦਾ ਸੀ। ਇਸ ਸਿਖਲਾਈ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਿੱਸਾ ਲੈਣ ਦੇ ਯੋਗ ਬਣਨ ਲਈ ਮੈਂ ਸਿਗਰਟ ਪੀਣੀ ਛੱਡ ਦਿੱਤੀ।”
ਜੁਨੀਚੀ: “ਮੇਰੀ ਛੋਟੀ ਕੁੜੀ, ਜੋ ਇਕ ਗਵਾਹ ਹੈ, ਮੇਰੀ ਜਾਨ ਬਾਰੇ ਬਹੁਤ ਚਿੰਤਾ ਕਰਦੀ ਸੀ। ਉਸ ਨੇ ਮੈਨੂੰ ਸਿਗਰਟ ਛੱਡਣ ਦਾ ਵਾਅਦਾ ਕਰਨ ਲਈ ਮਜਬੂਰ ਕੀਤਾ, ਇਸੇ ਲਈ ਮੈਂ ਸਿਗਰਟ ਪੀਣੀ ਛੱਡ ਦਿੱਤੀ।”
ਟਸੁਯੌ: “ਜਦੋਂ ਮੈਂ ਪਹਿਲੀ ਵਾਰ ਰਾਜ ਗ੍ਰਹਿ ਵਿਚ ਗਿਆ ਸੀ ਤਾਂ ਵੜਦੇ ਹੀ ਮੈਂ ਇਕ ਐਸ਼ਟ੍ਰੇ ਅਤੇ ਤੀਲਾਂ ਦੀ ਡੱਬੀ ਮੰਗੀ। ਜਦੋਂ ਮੈਨੂੰ ਦੱਸਿਆ ਗਿਆ ਕਿ ਇੱਥੇ ਕੋਈ ਵੀ ਸਿਗਰਟ ਨਹੀਂ ਪੀਂਦਾ, ਤਾਂ ਮੈਂ ਹੈਰਾਨ ਹੋ ਗਿਆ। ਮੈਨੂੰ ਪਤਾ ਲੱਗ ਗਿਆ ਸੀ ਕਿ ਹੁਣ ਮੈਨੂੰ ਸਿਗਰਟ ਛੱਡਣੀ ਪਵੇਗੀ। ਹਸਪਤਾਲ ਵਿਚ ਦੁੱਖ-ਭਰੇ ਅੱਠ ਦਿਨਾਂ ਨੇ ਮੇਰਾ ਇਹ ਇਰਾਦਾ ਪੱਕਾ ਕਰ ਦਿੱਤਾ ਕਿ ਮੈਂ ਫਿਰ ਕਦੀ ਵੀ ਨਸ਼ਾ ਛੱਡਣ ਦਾ ਦਰਦ ਨਹੀਂ ਸਹਾਰਨਾ ਚਾਹੁੰਦਾ।”
ਯੋਕੋ: “ਮੈਂ ਯਹੋਵਾਹ ਦੇ ਗਵਾਹਾਂ ਦੇ ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ ਵਿਚ ਇਸ ਵਿਸ਼ੇ ਬਾਰੇ ਅਧਿਐਨ ਕੀਤਾ, ਅਤੇ ਇਸ ਉੱਤੇ ਵਿਚਾਰ ਕੀਤਾ ਕਿ ਤਸੀਹੇ ਦੀ ਸੂਲੀ ਉੱਤੇ ਕਿੱਲਾਂ ਨਾਲ ਟੰਗੇ ਜਾਣ ਤੋਂ ਪਹਿਲਾਂ ਯਿਸੂ ਨੇ ਉਸ ਨੂੰ ਪੇਸ਼ ਕੀਤੇ ਗਏ ਨਸ਼ੇ ਦਾ ਕਿਸ ਤਰ੍ਹਾਂ ਇਨਕਾਰ ਕੀਤਾ ਸੀ। ਮੈਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, ਅਤੇ ਉਸ ਨੂੰ ਦੱਸਿਆ ਕਿ ਮੈਂ ਉਸ ਦੇ ਨਾਂ ਦੀ ਇਕ ਸ਼ੁੱਧ ਉਪਾਸਕ ਬਣਨਾ ਚਾਹੁੰਦੀ ਸੀ। ਉਸ ਤੋਂ ਬਾਅਦ, ਮੈਂ ਫਿਰ ਕਦੀ ਵੀ ਸਿਗਰਟ ਨਹੀਂ ਪੀਤੀ। ਜਦੋਂ ਮੇਰੇ ਆਲੇ-ਦੁਆਲੇ ਲੋਕ ਸਿਗਰਟ ਪੀਂਦੇ ਹੁੰਦੇ ਸਨ, ਤਾਂ ਮੈਨੂੰ ਲੱਗਣ ਲੱਗਾ ਕਿ ਮੈਂ ਉਨ੍ਹਾਂ ਦੇ ਧੂੰਏ ਦਾ ਸਾਹ ਭਰਨਾ ਚਾਹੁੰਦੀ ਸੀ, ਲੇਕਿਨ ਮੈਂ ਜਲਦੀ ਹੀ ਉਸ ਤੋਂ ਦੂਰ ਹੋ ਜਾਂਦੀ ਸੀ ਕਿਉਂ ਜੋ ਮੈਂ ਨਹੀਂ ਚਾਹੁੰਦੀ ਸੀ ਕਿ ਮੈਨੂੰ ਸਿਗਰਟ ਪੀਣ ਦੀ ਇੱਛਾ ਦੁਬਾਰਾ ਹੋਵੇ।”
ਜਿਹੜੇ ਪਹਿਲਾਂ ਸਿਗਰਟ ਪੀਂਦੇ ਸਨ ਉਨ੍ਹਾਂ ਸਾਰਿਆਂ ਨੇ ਠਾਣ ਲਿਆ ਹੈ ਕਿ ਉਹ ਫਿਰ ਕਦੀ ਵੀ ਸਿਗਰਟ ਨਹੀਂ ਪੀਣਗੇ। ਕੀ ਤੁਸੀਂ ਉਨ੍ਹਾਂ ਸਿਗਰਟ ਪੀਣ ਵਾਲਿਆਂ ਵਿੱਚੋਂ ਹੋ ਜੋ ਇਸ ਆਦਤ ਨੂੰ ਛੱਡਣਾ ਚਾਹੁੰਦੇ ਹਨ?
ਮੀਏਕੋ
ਓਸੌਮੁ
ਯੌਸੁਹੀਕੋ
ਔਕੀਓ ਅਤੇ ਉਸ ਦੀ ਪਤਨੀ, ਸਾਚੀਕੋ
ਜੁਨੀਚੀ ਅਤੇ ਉਸ ਦੀ ਕੁੜੀ ਮੈਰੀ
ਯੋਕੋ