ਪਰਮੇਸ਼ੁਰ ਨੇ ਸਾਨੂੰ ਕਿਉਂ ਬਣਾਇਆ?
ਕਈਆਂ ਲੋਕਾਂ ਨੂੰ ਸ਼ੱਕ ਹੈ ਕਿ ਇਕ ਸਰਬਸ਼ਕਤੀਮਾਨ, ਪ੍ਰੇਮਮਈ ਪਰਮੇਸ਼ੁਰ ਹੈ, ਅਤੇ ਉਹ ਪੁੱਛਦੇ ਹਨ: ਜੇ ਪਰਮੇਸ਼ੁਰ ਹੈ ਤਾਂ ਉਸ ਨੇ ਇਤਿਹਾਸ ਦੌਰਾਨ ਇੰਨਾ ਦੁੱਖ ਅਤੇ ਇੰਨੀ ਦੁਸ਼ਟਤਾ ਕਿਉਂ ਹੋਣ ਦਿੱਤੀ ਹੈ? ਉਹ ਧਰਤੀ ਉੱਤੇ ਬੁਰੀਆਂ ਚੀਜ਼ਾਂ ਕਿਉਂ ਹੋਣ ਦਿੰਦਾ ਹੈ ਜਿਵੇਂ ਕਿ ਅਸੀਂ ਅੱਜ ਆਪਣੇ ਆਲੇ-ਦੁਆਲੇ ਦੇਖਦੇ ਹਾਂ? ਉਹ ਦੁਨੀਆਂ ਦੇ ਕਈਆਂ ਦੇਸ਼ਾਂ ਵਿਚ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਲੜਾਈਆਂ, ਜੁਰਮ, ਬੇਇਨਸਾਫ਼ੀ, ਗ਼ਰੀਬੀ, ਅਤੇ ਹੋਰ ਕਈਆਂ ਦੁੱਖਾਂ ਦਾ ਅੰਤ ਲਿਆਉਣ ਵਾਸਤੇ ਕੁਝ ਕਰਦਾ ਕਿਉਂ ਨਹੀਂ?
ਕਈ ਦੂਸਰੇ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਨੇ ਵਿਸ਼ਵ ਨੂੰ ਰਚਿਆ, ਧਰਤੀ ਉੱਤੇ ਇਨਸਾਨਾਂ ਨੂੰ ਵਸਾਇਆ, ਅਤੇ ਫਿਰ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਕਿ ਉਹ ਆਪਣੇ ਤਰੀਕੇ ਅਨੁਸਾਰ ਕੰਮ ਕਰਨ। ਇਸ ਵਿਸ਼ਵਾਸ ਦੇ ਅਨੁਸਾਰ, ਲੋਕਾਂ ਨੇ ਆਪਣੇ ਲਾਲਚ ਜਾਂ ਭੈੜੇ ਇੰਤਜ਼ਾਮ ਕਾਰਨ ਖ਼ੁਦ ਆਪਣੇ ਆਪ ਉੱਤੇ ਦੁੱਖ-ਤਕਲੀਫ਼ ਲਿਆਂਦੀ ਹੈ ਅਤੇ ਇਸ ਵਿਚ ਪਰਮੇਸ਼ੁਰ ਦਾ ਕੋਈ ਦੋਸ਼ ਨਹੀਂ ਹੋ ਸਕਦਾ।
ਲੇਕਿਨ, ਕੁਝ ਹੋਰ ਲੋਕ ਅਜਿਹੇ ਵਿਚਾਰ ਨਹੀਂ ਮੰਨਦੇ। ਮਿਸਾਲ ਲਈ, ਭੌਤਿਕ-ਵਿਗਿਆਨ ਦਾ ਪ੍ਰੋਫ਼ੈਸਰ ਕੋਨਿਯਰਜ਼ ਹੇਰਿੰਗ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਉਸ ਨੇ ਕਿਹਾ: “ਮੈਂ ਇਸ ਵਿਚਾਰ ਨੂੰ ਬਿਲਕੁਲ ਨਹੀਂ ਮੰਨਦਾ ਕਿ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਸਾਰਾ ਕੁਝ ਚਾਲੂ ਕਰ ਕੇ ਆਪ ਪਿੱਛੇ ਬੈਠ ਕੇ ਸਿਰਫ਼ ਦੇਖ ਹੀ ਰਿਹਾ ਹੈ ਜਿਉਂ-ਜਿਉਂ ਮਨੁੱਖਜਾਤੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਖ਼ਤ ਕੋਸ਼ਿਸ਼ ਕਰ ਰਹੀ ਹੈ। ਮੈਂ ਇਸ ਵਿਚਾਰ ਨੂੰ ਇਸ ਲਈ ਨਹੀਂ ਮੰਨਦਾ ਕਿਉਂਕਿ ਮੇਰਾ ਵਿਗਿਆਨਕ ਤਜਰਬਾ ਮੈਨੂੰ ਇਸ ਵਿਚ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਦਿੰਦਾ ਕਿ ਵਿਸ਼ਵ ਬਾਰੇ ਸਿਰਫ਼ ਇੱਕੋ ਮਨੁੱਖੀ ਵਿਚਾਰ ਸਹੀ ਹੋ ਸਕਦਾ ਹੈ। ਸਾਡੇ ਵਿਗਿਆਨਕ ਵਿਚਾਰ . . . ਹਮੇਸ਼ਾ ਹੋਰ ਸੁਧਾਰੇ ਜਾ ਸਕਦੇ ਹਨ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਹਮੇਸ਼ਾ ਅਧੂਰੇ ਸਾਬਤ ਹੋਣਗੇ। ਮੇਰੇ ਖ਼ਿਆਲ ਵਿਚ, ਪਰਮੇਸ਼ੁਰ ਵਿਚ ਨਿਹਚਾ ਰੱਖਣੀ ਸਭ ਤੋਂ ਬਿਹਤਰ ਹੈ ਕਿਉਂ ਜੋ ਉਹ ਇਸ ਸੁਧਾਰ ਨੂੰ ਮੁਮਕਿਨ ਬਣਾਉਂਦਾ ਹੈ।”
ਸਾਡੇ ਲਈ ਪਰਮੇਸ਼ੁਰ ਦਾ ਮਕਸਦ ਹੈ
ਪਰਮੇਸ਼ੁਰ ਦਾ ਮੁਢਲਾ ਮਕਸਦ ਇਹ ਸੀ ਕਿ ਧਰਤੀ ਉੱਤੇ ਧਰਮੀ, ਸੰਪੂਰਣ ਇਨਸਾਨ ਵੱਸਣ। ਯਸਾਯਾਹ ਨਬੀ ਨੇ ਲਿਖਿਆ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।”—ਯਸਾਯਾਹ 45:18.
ਹਰ ਇਨਸਾਨ ਨੂੰ ਖ਼ੁਦ ਬਣਾਉਣ ਦੀ ਬਜਾਇ, ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਬੱਚੇ ਪੈਦਾ ਕਰ ਕੇ ਧਰਤੀ ਨੂੰ ਭਰ ਦੇਣ। ਪਰਮੇਸ਼ੁਰ ਦੇ ਵਿਰੁੱਧ ਆਦਮ ਅਤੇ ਹੱਵਾਹ ਦੀ ਬਗਾਵਤ ਨੇ ਇਸ ਮੁਢਲੇ ਮਕਸਦ ਨੂੰ ਨਾਕਾਮਯਾਬ ਨਹੀਂ ਬਣਾਇਆ, ਪਰ ਇਸ ਦੇ ਕਾਰਨ ਇਨਸਾਨਾਂ ਲਈ ਅਤੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਕੁਝ ਜ਼ਰੂਰੀ ਤਬਦੀਲੀਆਂ ਕਰਨ ਦੀ ਲੋੜ ਪੈ ਗਈ।
ਇਸ ਸਮੇਂ ਦੇ ਮੁਢਲੇ 6 ਕੁ ਹਜ਼ਾਰ ਸਾਲਾਂ ਲਈ, ਪਰਮੇਸ਼ੁਰ ਨੇ ਮਨੁੱਖਜਾਤੀ ਦੀ ਸਿੱਧੇ ਤੌਰ ਤੇ ਅਗਵਾਈ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਚੱਲਣ ਦਿੱਤਾ ਹੈ। ਸਾਡੇ ਪਹਿਲੇ ਮਾਪਿਆਂ ਨੇ ਆਪਣੀ ਮਰਜ਼ੀ ਨਾਲ ਇਹ ਰਸਤਾ ਚੁਣਿਆ ਸੀ। (ਉਤਪਤ 3:17-19; ਬਿਵਸਥਾ ਸਾਰ 32:4, 5) ਪਰਮੇਸ਼ੁਰ ਦੀ ਅਗਵਾਈ ਤੋਂ ਇਹ ਅਜ਼ਾਦੀ ਅਤੇ ਪਰਮੇਸ਼ੁਰ ਦੀ ਥਾਂ ਤੇ ਮਨੁੱਖਾਂ ਦੇ ਰਾਜ ਨੇ ਇਹ ਦਿਖਾ ਦੇਣਾ ਸੀ ਕਿ ਮਨੁੱਖ ਆਪਣੇ ਕਦਮਾਂ ਨੂੰ ਸਹੀ ਸੇਧ ਨਹੀਂ ਦੇ ਸਕਦੇ ਅਤੇ ਨਾ ਹੀ ਉਹ ਆਪਣੇ ਸੰਗੀ ਮਨੁੱਖਾਂ ਉੱਤੇ ਕਾਮਯਾਬੀ ਨਾਲ ਰਾਜ ਕਰ ਸਕਦੇ ਹਨ।
ਯਹੋਵਾਹ ਤਾਂ ਇਸ ਨਤੀਜੇ ਨੂੰ ਪਹਿਲਾਂ ਹੀ ਜਾਣਦਾ ਸੀ। ਉਸ ਨੇ ਬਾਈਬਲ ਦੇ ਲਿਖਾਰੀਆਂ ਨੂੰ ਇਹ ਗੱਲ ਲਿਖਣ ਲਈ ਪ੍ਰੇਰਿਤ ਕੀਤਾ, ਜਿਵੇਂ ਕਿ ਯਿਰਮਿਯਾਹ ਨਬੀ ਨੇ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.
ਸਦੀਆਂ ਦੌਰਾਨ ਇਨਸਾਨ ਇਕ ਦੂਜੇ ਉੱਤੇ ਹਕੂਮਤ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ। ਬੁੱਧੀਮਾਨ ਮਨੁੱਖ ਸੁਲੇਮਾਨ ਨੇ ਇਸ ਹਕੂਮਤ ਕਰਨ ਦੇ ਭੈੜੇ ਨਤੀਜਿਆਂ ਬਾਰੇ ਦੱਸਿਆ। ਉਸ ਨੇ ਕਿਹਾ: “ਇਹ ਸਭ ਕੁਝ ਮੈਂ ਡਿੱਠਾ ਅਤੇ ਆਪਣਾ ਮਨ ਸਾਰਿਆਂ ਕੰਮਾਂ ਤੇ ਜੋ ਸੂਰਜ ਦੇ ਹੇਠ ਹੁੰਦੇ ਹਨ ਲਾਇਆ,—ਅਜਿਹਾ ਵੇਲਾ ਹੈ ਜਿਹ ਦੇ ਵਿੱਚ ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.
ਪਰ, ‘ਪਿੱਛੇ ਬੈਠਣ ਅਤੇ ਸਿਰਫ਼ ਦੇਖਣ’ ਦੀ ਬਜਾਇ “ਜਿਉਂ-ਜਿਉਂ ਮਨੁੱਖਜਾਤੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਖ਼ਤ ਕੋਸ਼ਿਸ਼ ਕਰ ਰਹੀ ਹੈ,” ਸਰਬਸ਼ਕਤੀਮਾਨ ਪਰਮੇਸ਼ੁਰ ਨੇ ਇਕ ਖ਼ਾਸ ਕਾਰਨ ਲਈ ਇਨ੍ਹਾਂ ਹਜ਼ਾਰਾਂ ਸਾਲਾਂ ਨੂੰ ਲੰਘਣ ਦਿੱਤਾ ਹੈ, ਜਿਸ ਸਮੇਂ ਦੌਰਾਨ ਉਸ ਨੇ ਸਿੱਧੇ ਤੌਰ ਤੇ ਜ਼ਿਆਦਾਤਰ ਮਨੁੱਖਜਾਤੀ ਦੇ ਜੀਵਨ ਵਿਚ ਕੋਈ ਦਖ਼ਲ ਨਹੀਂ ਦਿੱਤਾ।
ਇੰਤਜ਼ਾਰ ਕਰਨ ਦਾ ਫ਼ਾਇਦਾ ਹੋਇਆ ਹੈ
ਮਨੁੱਖੀ ਇਤਿਹਾਸ ਦੇ ਪਿੱਛਲੇ 6,000 ਸਾਲ ਸ਼ਾਇਦ ਸਾਨੂੰ ਬਹੁਤ ਲੰਮੇ ਲੱਗਣ ਜਦੋਂ ਅਸੀਂ ਇਨ੍ਹਾਂ ਦੀ ਤੁਲਨਾ ਆਪਣੇ ਜੀਵਨ ਨਾਲ ਕਰਦੇ ਹਾਂ, ਜੋ ਆਮ ਤੌਰ ਤੇ 100 ਸਾਲਾਂ ਤੋਂ ਵੀ ਘੱਟ ਹੁੰਦਾ ਹੈ। ਪਰ ਪਰਮੇਸ਼ੁਰ ਦੀ ਸਮਾਂ-ਸਾਰਣੀ ਅਤੇ ਸਮੇਂ ਦੇ ਬੀਤਣ ਬਾਰੇ ਉਸ ਦੇ ਵਿਚਾਰ ਸਾਡੇ ਨਾਲੋਂ ਵੱਖਰੇ ਹਨ। ਉਸ ਲਈ ਇਹ ਹਜ਼ਾਰਾਂ ਹੀ ਸਾਲ ਛੇ ਦਿਨਾਂ ਦੇ ਬਰਾਬਰ ਹਨ—ਇਕ ਹਫ਼ਤੇ ਤੋਂ ਵੀ ਘੱਟ! ਪਤਰਸ ਰਸੂਲ ਨੇ ਸਮਝਾਇਆ: “ਹੇ ਪਿਆਰਿਓ, ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ।”—2 ਪਤਰਸ 3:8.
ਪਰਮੇਸ਼ੁਰ ਉੱਤੇ ਲਾਪਰਵਾਹੀ ਜਾਂ ਢਿੱਲ-ਮੱਠ ਕਰਨ ਦਾ ਕੋਈ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ, ਕਿਉਂ ਜੋ ਪਤਰਸ ਅੱਗੇ ਕਹਿੰਦਾ ਹੈ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤਰਸ 3:9.
ਇਸ ਲਈ, ਜਦੋਂ ਇਹ ਇੰਤਜ਼ਾਰ ਕਰਨ ਦੇ ਸਾਲ ਪੂਰੇ ਹੋ ਜਾਣਗੇ ਤਾਂ ਸ੍ਰਿਸ਼ਟੀਕਰਤਾ ਸਾਡੀ ਸੁੰਦਰ ਧਰਤੀ ਉੱਤੇ ਹੋ ਰਹੀ ਬਰਬਾਦੀ ਦਾ ਅੰਤ ਕਰ ਦੇਵੇਗਾ। ਉਦੋਂ ਤਕ ਉਸ ਨੇ ਮਨੁੱਖਾਂ ਨੂੰ ਕਾਫ਼ੀ ਸਮਾਂ ਦੇ ਦਿੱਤਾ ਹੋਵੇਗਾ ਜਿਸ ਤੋਂ ਉਨ੍ਹਾਂ ਨੇ ਦੇਖ ਲਿਆ ਹੋਵੇਗਾ ਕਿ ਉਹ ਹਕੂਮਤ ਨਹੀਂ ਕਰ ਸਕਦੇ ਅਤੇ ਨਾ ਹੀ ਯੁੱਧ, ਹਿੰਸਾ, ਗ਼ਰੀਬੀ, ਬਿਮਾਰੀ, ਅਤੇ ਦੁੱਖਾਂ ਦੇ ਹੋਰ ਕਾਰਨਾਂ ਨੂੰ ਖ਼ਤਮ ਕਰ ਸਕਦੇ ਹਨ। ਇਸ ਤੋਂ ਉਹ ਗੱਲ ਸਾਬਤ ਹੋ ਜਾਵੇਗੀ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਇਨਸਾਨਾਂ ਨੂੰ ਦੱਸੀ ਸੀ, ਯਾਨੀ ਕਿ ਕਾਮਯਾਬ ਹੋਣ ਵਾਸਤੇ ਉਨ੍ਹਾਂ ਲਈ ਈਸ਼ਵਰੀ ਅਗਵਾਈ ਅਨੁਸਾਰ ਚੱਲਣਾ ਜ਼ਰੂਰੀ ਹੈ।—ਉਤਪਤ 2:15-17.
ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਅਨੁਸਾਰ, ਅਸੀਂ ਹੁਣ ਇਸ ਅਧਰਮੀ ਰੀਤੀ-ਵਿਵਸਥਾ ਦੇ “ਅੰਤ ਦਿਆਂ ਦਿਨਾਂ” ਦੇ ਆਖ਼ਰੀ ਭਾਗ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5, 13; ਮੱਤੀ 24:3-14) ਪਰਮੇਸ਼ੁਰ ਆਪਣੇ ਤੋਂ ਆਜ਼ਾਦ ਮਨੁੱਖੀ ਹਕੂਮਤ ਨੂੰ ਨਾਲੇ ਦੁਸ਼ਟਤਾ ਅਤੇ ਦੁੱਖਾਂ ਨੂੰ ਹੋਰ ਥੋੜ੍ਹਾ ਹੀ ਚਿਰ ਬਰਦਾਸ਼ਤ ਕਰੇਗਾ। (ਦਾਨੀਏਲ 2:44) ਬਹੁਤ ਜਲਦੀ ਸਭ ਤੋਂ ਵੱਡੀ ਬਿਪਤਾ ਜੋ ਦੁਨੀਆਂ ਨੇ ਕਦੇ ਵੀ ਦੇਖੀ ਹੈ ਸਾਡੇ ਉੱਤੇ ਆ ਪਵੇਗੀ, ਅਤੇ ਇਸ ਦਾ ਸਿਖਰ ਆਰਮਾਗੇਡਨ ਹੋਵੇਗਾ, ਯਾਨੀ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦਾ ਜੁੱਧ।’ (ਪਰਕਾਸ਼ ਦੀ ਪੋਥੀ 16:14, 16) ਇਸ ਯੁੱਧ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੋਵੇਗਾ। ਪਰ ਇਹ ਯੁੱਧ ਪਰਮੇਸ਼ੁਰ ਦੀ ਬਣਾਈ ਹੋਈ ਧਰਤੀ ਨੂੰ ਨਸ਼ਟ ਨਹੀਂ ਕਰੇਗਾ, ਸਗੋਂ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!’—ਪਰਕਾਸ਼ ਦੀ ਪੋਥੀ 11:18.
ਹਜ਼ਾਰ ਵਰ੍ਹਿਆਂ ਲਈ ਪਰਮੇਸ਼ੁਰ ਦਾ ਰਾਜ
ਆਰਮਾਗੇਡਨ ਤੋਂ ਬਾਅਦ, ਲੱਖਾਂ ਹੀ ਲੋਕ ਧਰਤੀ ਉੱਤੇ ਬਚੇ ਹੋਏ ਹੋਣਗੇ। (ਪਰਕਾਸ਼ ਦੀ ਪੋਥੀ 7:9-14) ਕਹਾਉਤਾਂ 2:21, 22 ਦੀ ਭਵਿੱਖਬਾਣੀ ਪੂਰੀ ਹੋ ਚੁੱਕੀ ਹੋਵੇਗੀ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”
ਪਰਮੇਸ਼ੁਰ ਦਾ ਮਕਸਦ ਇਹ ਹੈ ਕਿ ਆਰਮਾਗੇਡਨ ਦੇ ਧਰਮੀ ਯੁੱਧ ਤੋਂ ਬਾਅਦ, ਹਜ਼ਾਰ ਵਰ੍ਹਿਆਂ ਦਾ ਇਕ ਖ਼ਾਸ ਸਮਾਂ ਆਵੇਗਾ। (ਪਰਕਾਸ਼ ਦੀ ਪੋਥੀ 20:1-3) ਇਹ ਪਰਮੇਸ਼ੁਰ ਦੇ ਪੁੱਤਰ, ਮਸੀਹ ਯਿਸੂ, ਦੇ ਹਜ਼ਾਰ ਵਰ੍ਹਿਆਂ ਦਾ ਰਾਜ ਹੋਵੇਗਾ, ਜੋ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਹੈ। (ਮੱਤੀ 6:10) ਧਰਤੀ ਉੱਤੇ ਇਸ ਖ਼ੁਸ਼ੀ-ਭਰੇ ਰਾਜ ਦੌਰਾਨ, ਲੱਖਾਂ ਹੀ ਲੋਕ ਮੌਤ ਦੀ ਨੀਂਦ ਤੋਂ ਜਗਾਏ ਜਾਣਗੇ ਅਤੇ ਇਹ ਲੋਕ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਨਾਲ ਮਿਲਣਗੇ। (ਰਸੂਲਾਂ ਦੇ ਕਰਤੱਬ 24:15) ਇਹ ਸਾਰੇ ਸੰਪੂਰਣ ਬਣਾਏ ਜਾਣਗੇ, ਅਤੇ ਫਿਰ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤੇ, ਧਰਤੀ ਸੰਪੂਰਣ ਆਦਮੀਆਂ ਅਤੇ ਔਰਤਾਂ ਨਾਲ ਭਰੀ ਹੋਈ ਹੋਵੇਗੀ, ਜੋ ਆਦਮ ਅਤੇ ਹੱਵਾਹ ਦੀ ਸੰਤਾਨ ਹੋਣਗੇ। ਪਰਮੇਸ਼ੁਰ ਦਾ ਮਕਸਦ ਸ਼ਾਨ ਅਤੇ ਸਫ਼ਲਤਾ ਨਾਲ ਪੂਰਾ ਹੋ ਜਾਵੇਗਾ।
ਜੀ ਹਾਂ, ਪਰਮੇਸ਼ੁਰ ਦਾ ਮਕਸਦ ਇਹ ਹੈ ਕਿ ਉਹ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।” (ਪਰਕਾਸ਼ ਦੀ ਪੋਥੀ 21:4, 5) ਇਹ ਮਕਸਦ ਨੇੜਲੇ ਭਵਿੱਖ ਵਿਚ ਜ਼ਰੂਰ ਪੂਰਾ ਹੋਵੇਗਾ।—ਯਸਾਯਾਹ 14:24, 27.
[ਸਫ਼ੇ 21 ਉੱਤੇ ਤਸਵੀਰ]
ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ, ਲੋਕ ਖ਼ੁਸ਼ੀ ਨਾਲ ਸਦਾ ਲਈ ਜੀਉਣਗੇ