ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 4/8 ਸਫ਼ੇ 18-20
  • ਚੁਗ਼ਲੀ ਕਰਨ ਵਿਚ ਕੀ ਖ਼ਰਾਬੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਚੁਗ਼ਲੀ ਕਰਨ ਵਿਚ ਕੀ ਖ਼ਰਾਬੀ ਹੈ?
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ
  • ਚੁਗ਼ਲੀ ਕਰਨ ਦੇ ਖ਼ਤਰੇ
  • ਖੁਣਸੀ ਚੁਗ਼ਲੀ ਦਾ ਮੂੰਹ ਬੰਦ ਕਰਨਾ
  • ਸੁਣਨਾ—ਚੁਗ਼ਲੀ ਕਰਨ ਦਾ ਦੂਜਾ ਪਾਸਾ
  • ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ?
    ਨੌਜਵਾਨਾਂ ਦੇ ਸਵਾਲ
ਜਾਗਰੂਕ ਬਣੋ!—1999
g99 4/8 ਸਫ਼ੇ 18-20

ਨੌਜਵਾਨ ਪੁੱਛਦੇ ਹਨ . . .

ਚੁਗ਼ਲੀ ਕਰਨ ਵਿਚ ਕੀ ਖ਼ਰਾਬੀ ਹੈ?

‘ਮੇਰੇ ਹਾਈ ਸਕੂਲ ਵਿਚ ਇਹ ਇਕ ਰੋਗ ਵਾਂਗ ਹੈ। ਅਸੀਂ ਨਸ਼ੀਲੀਆਂ ਦਵਾਈਆਂ ਨਹੀਂ ਲੈਂਦੇ, ਜਾਂ ਬੰਦੂਕਾਂ ਨਹੀਂ ਰੱਖਦੇ, ਅਤੇ ਨਾ ਹੀ ਅਸੀਂ ਲੜਦੇ ਹਾਂ। ਪਰ ਸਾਡੀ ਚੁਗ਼ਲੀ ਕਰਨ ਦੀ ਆਦਤ ਜ਼ਰੂਰ ਇਕ ਵੱਡੀ ਸਮੱਸਿਆ ਹੈ।’—16-ਸਾਲਾ ਮਿਸ਼ੈਲ।a

ਕਈ ਕਹਿੰਦੇ ਹਨ ਕਿ ਇਹ ਮਜ਼ੇਦਾਰ ਹੈ। ਦੂਜੇ ਕਹਿੰਦੇ ਹਨ ਕਿ ਇਹ ਜ਼ਹਿਰ ਹੈ। ਇਸ ਨੂੰ ਅਕਸਰ ਰਸਾਲਿਆਂ, ਅਖ਼ਬਾਰਾਂ, ਜਾਂ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ ਪਾਇਆ ਜਾਂਦਾ ਹੈ। ਇਸ ਨਾਲ ਗੱਲਬਾਤ ਨੂੰ ਦਿਲਚਸਪ ਵੀ ਬਣਾਇਆ ਜਾਂਦਾ ਹੈ। ਇਹ ਕੀ ਹੈ? ਲੋਕਾਂ ਬਾਰੇ ਅਤੇ ਉਨ੍ਹਾਂ ਦੇ ਨਿੱਜੀ ਮਾਮਲਿਆਂ ਬਾਰੇ ਆਮ ਗੱਪਸ਼ੱਪ, ਜਿਸ ਨੂੰ ਚੁਗ਼ਲੀ ਵੀ ਕਿਹਾ ਜਾਂਦਾ ਹੈ।

“ਕੀ ਤੂੰ ਇਹ ਨਵੀਂ-ਤਾਜ਼ੀ ਗੱਲ ਸੁਣੀ ਹੈ?” ਇਹ ਸ਼ਬਦ ਸ਼ਾਇਦ ਹੋਰ ਕਿਸੇ ਵੀ ਗੱਲ ਨਾਲੋਂ ਸਾਡਾ ਧਿਆਨ ਜ਼ਿਆਦਾ ਖਿੱਚਦੇ ਹਨ। ਜੋ ਇਨ੍ਹਾਂ ਸ਼ਬਦਾਂ ਤੋਂ ਬਾਅਦ ਕਿਹਾ ਜਾਂਦਾ ਹੈ ਉਹ ਸ਼ਾਇਦ ਸੱਚ ਹੋਵੇ ਜਾਂ ਝੂਠ—ਜਾਂ ਥੋੜ੍ਹੀ-ਬਹੁਤੀ ਸੱਚਾਈ ਦੇ ਨਾਲ ਥੋੜ੍ਹਾ-ਬਹੁਤਾ ਝੂਠ। ਜੋ ਵੀ ਹੋਵੇ, ਚੁਗ਼ਲੀ ਕਰਨ ਦੀ ਖਿੱਚ ਬਹੁਤ ਹੀ ਜ਼ੋਰਦਾਰ ਹੋ ਸਕਦੀ ਹੈ। “ਦੂਜਿਆਂ ਲੋਕਾਂ ਦਿਆਂ ਮਾਮਲਿਆਂ ਵਿਚ ਦਿਲਚਸਪੀ ਨਾ ਰੱਖਣੀ ਬਹੁਤ ਹੀ ਔਖੀ ਹੁੰਦੀ ਹੈ। ਤੁਹਾਡੇ ਅਤੇ ਤੁਹਾਡੀਆਂ ਸਹੇਲੀਆਂ ਵਿਚਕਾਰ ਇਕ ਸਮਝੌਤਾ ਹੁੰਦਾ ਹੈ ਕਿ ਜਦੋਂ ਤੁਹਾਨੂੰ ਕੋਈ ਦਿਲਚਸਪ ਗੱਲ ਬਾਰੇ ਪਤਾ ਲੱਗਦਾ ਹੈ, ਤਾਂ ਤੁਹਾਨੂੰ ਉਨ੍ਹਾਂ ਨੂੰ ਦੱਸਣਾ ਹੀ ਪੈਂਦਾ ਹੈ,” 17-ਸਾਲਾ ਲੋਰੀ ਕਹਿੰਦੀ ਹੈ।

ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ

ਸਾਨੂੰ ਚੁਗ਼ਲੀ ਇੰਨੀ ਦਿਲਚਸਪ ਕਿਉਂ ਲੱਗਦੀ ਹੈ? ਇਕ ਗੱਲ ਇਹ ਹੈ ਕਿ ਮਨੁੱਖ ਮੇਲ-ਜੋਲ ਰੱਖਣਾ ਪਸੰਦ ਕਰਦੇ ਹਨ। ਯਾਨੀ ਕਿ ਲੋਕ ਦੂਜਿਆਂ ਲੋਕਾਂ ਵਿਚ ਦਿਲਚਸਪੀ ਰੱਖਦੇ ਹਨ। ਫਿਰ ਇਹ ਕੁਦਰਤੀ ਹੈ ਕਿ ਕਿਸੇ-ਨ-ਕਿਸੇ ਵੇਲੇ ਅਸੀਂ, ਆਪਣਿਆਂ ਮਿੱਤਰਾਂ ਜਾਂ ਵਾਕਫ਼ਾਂ ਦੀਆਂ ਜ਼ਿੰਦਗੀਆਂ ਬਾਰੇ ਕੋਈ ਨਵੀਂ-ਤਾਜ਼ੀ ਗੱਲ ਕਰਨ ਲੱਗ ਪਵਾਂਗੇ।

ਕੀ ਇਹ ਗ਼ਲਤ ਹੈ? ਹਮੇਸ਼ਾ ਨਹੀਂ। ਜ਼ਿਆਦਾਤਰ, ਆਮ ਗੱਪਸ਼ੱਪ ਤੋਂ ਬਹੁਤ ਹੀ ਜ਼ਰੂਰੀ ਜਾਣਕਾਰੀ ਮਿਲ ਸਕਦੀ ਹੈ, ਜਿਵੇਂ ਕਿ ਕੌਣ ਵਿਆਹ ਕਰਵਾ ਰਿਹਾ ਹੈ, ਕਿਸ ਦੇ ਘਰ ਬੱਚਾ ਪੈਦਾ ਹੋਇਆ ਹੈ, ਅਤੇ ਕੌਣ ਬੀਮਾਰ ਹੈ। ਪਹਿਲੀ ਸਦੀ ਦੇ ਮਸੀਹੀ ਵੀ ਸੰਗੀ ਮਸੀਹੀਆਂ ਦੀਆਂ ਜ਼ਿੰਦਗੀਆਂ ਵਿਚ ਨਵੀਆਂ-ਤਾਜ਼ੀਆਂ ਗੱਲਾਂ ਬਾਰੇ ਗੱਲਬਾਤ ਕਰਦੇ ਹੁੰਦੇ ਸਨ। (ਅਫ਼ਸੀਆਂ 6:21, 22; ਕੁਲੁੱਸੀਆਂ 4:8, 9) ਅਸਲ ਵਿਚ, ਮਿੱਤਰਾਂ ਅਤੇ ਵਾਕਫ਼ਾਂ ਬਾਰੇ ਆਮ ਗੱਲਬਾਤ ਕਰਨੀ ਸਾਡੇ ਬੋਲ-ਚਾਲ ਦੇ ਢੰਗ ਦਾ, ਅਤੇ ਚੰਗੀਆਂ ਦੋਸਤੀਆਂ ਕਾਇਮ ਰੱਖਣ ਦਾ ਇਕ ਜ਼ਰੂਰੀ ਹਿੱਸਾ ਹੈ।

ਚੁਗ਼ਲੀ ਕਰਨ ਦੇ ਖ਼ਤਰੇ

ਪਰ ਕਈ ਵਾਰ ਦੂਜਿਆਂ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਾਰੇ ਗੱਪਸ਼ੱਪ ਉਨ੍ਹਾਂ ਦੀ ਭਲਾਈ ਲਈ ਨਹੀਂ ਕੀਤੀ ਜਾਂਦੀ। ਉਦਾਹਰਣ ਲਈ, 18-ਸਾਲਾ ਡੀਡਰਾ ਕਹਿੰਦੀ ਹੈ: ‘ਲੋਕ ਦੂਜਿਆਂ ਦੀ ਨਜ਼ਰ ਵਿਚ ਪਸੰਦ ਹੋਣ ਵਾਸਤੇ ਚੁਗ਼ਲੀ ਕਰਦੇ ਹਨ। ਉਹ ਸੋਚਦੇ ਹਨ ਕਿ ਜੇ ਉਨ੍ਹਾਂ ਨੂੰ ਕਿਸੇ ਸੁਣੀ ਹੋਈ ਕਹਾਣੀ ਤੋਂ ਇਕ ਜ਼ਿਆਦਾ ਮਜ਼ੇਦਾਰ ਕਹਾਣੀ ਬਾਰੇ ਪਤਾ ਹੋਵੇ ਤਾਂ ਉਨ੍ਹਾਂ ਨੂੰ ਪਸੰਦ ਕੀਤਾ ਜਾਵੇਗਾ।’ ਕਿਉਂ ਜੋ ਚੁਗ਼ਲੀ ਕਰਨ ਵਾਲਾ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ, ਉਹ ਸ਼ਾਇਦ ਸੱਚਾਈ ਨੂੰ ਬਦਲਣ ਲਈ ਮਜਬੂਰ ਹੋਵੇ। ਸਤਾਰਾਂ ਸਾਲਾਂ ਦੀ ਰੇਚਲ ਕਹਿੰਦੀ ਹੈ ਕਿ ‘ਜੇ ਤੁਸੀਂ ਕੋਈ ਕਹਾਣੀ ਜਾਣਦੇ ਹੋ, ਤਾਂ ਤੁਹਾਡੇ ਕੋਲ ਉਸ ਨੂੰ ਬਦਲਣ ਦਾ ਮੌਕਾ ਹੁੰਦਾ ਹੈ। ਮਾਨੋ ਇਹ ਤੁਹਾਡੀ ਹੀ ਕਹਾਣੀ ਹੈ, ਅਤੇ ਤੁਸੀਂ ਇਸ ਨੂੰ ਜਿੰਨੀ ਮਰਜ਼ੀ ਬਦਲ ਕੇ ਦੱਸ ਸਕਦੇ ਹੋ।’

ਕਦੇ-ਕਦੇ ਝੂਠੀਆਂ ਗੱਲਾਂ ਬਦਲਾ ਲੈਣ ਵਾਸਤੇ ਕਹੀਆਂ ਜਾਂਦੀਆਂ ਹਨ। ਬਾਰਾਂ ਸਾਲਾਂ ਦੀ ਏਮੀ ਕਹਿੰਦੀ ਹੈ: “ਇਕ ਵਾਰ ਮੈਂ ਆਪਣੀ ਸਹੇਲੀ ਬਾਰੇ ਝੂਠੀ ਗੱਲ ਫੈਲਾਈ। ਮੈਂ ਇਹ ਇਸ ਕਰਕੇ ਕੀਤਾ ਸੀ ਕਿਉਂਕਿ ਉਸ ਨੇ ਮੇਰੇ ਬਾਰੇ ਕੁਝ ਕਿਹਾ ਸੀ।” ਇਸ ਦਾ ਨਤੀਜਾ ਕੀ ਹੋਇਆ? “ਪਹਿਲਾਂ ਮੈਂ ਸੋਚਦੀ ਸੀ ਕਿ, ਵਾਹ, ਮੈਂ ਤਾਂ ਚੰਗੀ ਤਰ੍ਹਾਂ ਬਦਲਾ ਲੈ ਲਿਆ।” ਪਰ ਏਮੀ ਅੱਗੇ ਕਹਿੰਦੀ ਹੈ ਕਿ “ਥੋੜ੍ਹੇ ਹੀ ਸਮੇਂ ਬਾਅਦ ਗੱਲ ਹੱਥੋਂ ਨਿਕਲ ਗਈ ਅਤੇ ਮੈਨੂੰ ਬਹੁਤ ਦੁੱਖ ਲੱਗਣ ਲੱਗ ਪਿਆ। ਜੇ ਮੈਂ ਸ਼ੁਰੂ ਵਿਚ ਹੀ ਆਪਣਾ ਮੂੰਹ ਬੰਦ ਰੱਖਦੀ ਤਾਂ ਮੈਨੂੰ ਇੰਨਾ ਦੁੱਖ ਨਹੀਂ ਸੀ ਹੋਣਾ।”

ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਚੁਗ਼ਲੀ, ਜਿਵੇਂ ਇਕ ਮਾਨਸਿਕ-ਸਹਿਤ ਮਾਹਰ ਨੇ ਕਿਹਾ, “ਅੱਗ ਦੀ ਲਾਟ ਵਰਗੀ” ਬਣ ਸਕਦੀ ਹੈ “ਜੋ ਜਲਦੀ ਹੱਥੋਂ ਬਾਹਰ ਨਿਕਲ ਜਾਂਦੀ ਹੈ।” (ਯਾਕੂਬ 3:5, 6 ਦੀ ਤੁਲਨਾ ਕਰੋ।) ਜਦੋਂ ਇਸ ਤਰ੍ਹਾਂ ਹੁੰਦਾ ਹੈ, ਨਤੀਜੇ ਬਹੁਤ ਹੀ ਬੁਰੇ ਹੋ ਸਕਦੇ ਹਨ। ਉਦਾਹਰਣ ਲਈ, ਉਦੋਂ ਕੀ ਜੇ ਕੋਈ ਅਜਿਹੀ ਗੱਲ ਫੈਲਾਈ ਜਾਵੇ ਜਿਸ ਨੂੰ ਗੁਪਤ ਰਹਿਣਾ ਚਾਹੀਦਾ ਸੀ? ਜਾਂ ਉਦੋਂ ਕੀ ਜੇ ਚੁਗ਼ਲੀ ਗ਼ਲਤ ਹੋਵੇ ਅਤੇ ਉਸ ਨੂੰ ਫੈਲਾਉਣ ਦੁਆਰਾ ਤੁਸੀਂ ਕਿਸੇ ਦੀ ਨੇਕਨਾਮੀ ਵਿਗਾੜ ਦਿੰਦੇ ਹੋ? ਬਾਰਾਂ ਸਾਲਾਂ ਦਾ ਬਿਲ ਕਹਿੰਦਾ ਹੈ ਕਿ “ਮੇਰੇ ਇਕ ਦੋਸਤ ਨੇ ਇਹ ਝੂਠੀ ਗੱਲ ਸ਼ੁਰੂ ਕੀਤੀ ਕਿ ਮੈਂ ਡ੍ਰੱਗਜ਼ ਵਰਤਦਾ ਹਾਂ। ਮੈਨੂੰ ਇਸ ਤੋਂ ਬਹੁਤ ਹੀ ਦੁੱਖ ਲੱਗਾ।”

ਖੁਣਸੀ ਚੁਗ਼ਲੀ ਦਾ ਮੂੰਹ ਬੰਦ ਕਰਨਾ

ਬਾਈਬਲ ਚੰਗੇ ਕਾਰਨ ਨਾਲ ਇਹ ਕਹਿੰਦੀ ਹੈ ਕਿ “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।” (ਕਹਾਉਤਾਂ 18:21) ਜੀ ਹਾਂ, ਸਾਡੇ ਸ਼ਬਦ ਉਤਸ਼ਾਹ ਦੇਣ ਵਾਲਿਆਂ ਸੰਦਾਂ ਵਰਗੇ ਜਾਂ ਵਿਨਾਸ਼ ਕਰਨ ਵਾਲਿਆਂ ਹਥਿਆਰਾਂ ਵਰਗੇ ਹੋ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਲੋਕ ਆਪਣੀ ਜੀਭ ਨੂੰ ਹਥਿਆਰ ਵਜੋਂ ਇਸਤੇਮਾਲ ਕਰਦੇ ਹਨ। ਉਹ ਉਨ੍ਹਾਂ ਵਰਗੇ ਹਨ ਜਿਨ੍ਹਾਂ ਬਾਰੇ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ ਸੀ ਕਿ ਉਨ੍ਹਾਂ ਨੇ “ਜੀਭ ਤਲਵਾਰ ਵਾਂਙੁ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ, ਭਈ ਗੁਪਤ ਥਾਂਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ।”—ਜ਼ਬੂਰ 64:2-4.

ਜਿਹੜੇ ਵਿਅਕਤੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਝੂਠੀਆਂ ਗੱਲਾਂ ਨਹੀਂ ਫੈਲਾਉਣੀਆਂ ਚਾਹੀਦੀਆਂ, ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ।” (ਕਹਾਉਤਾਂ 12:22) ਜਾਣ-ਬੁੱਝ ਕੇ ਖੋਟੀ ਗੱਲ ਸ਼ੁਰੂ ਕਰਨੀ ਜਾਂ ਉਸ ਨੂੰ ਫੈਲਾਉਣਾ, ਝੂਠ ਬੋਲਣ ਦੇ ਬਰਾਬਰ ਹੈ ਅਤੇ ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ ‘ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲਣਾ’ ਚਾਹੀਦਾ ਹੈ।—ਅਫ਼ਸੀਆਂ 4:25.

ਇਸ ਲਈ ਕਿਸੇ ਦੂਜੇ ਬਾਰ ਕੁਝ ਕਹਿਣ ਤੋਂ ਪਹਿਲਾਂ, ਆਪਣੇ ਆਪ ਨੂੰ ਇਹ ਪੁੱਛੋ: ‘ਕੀ ਮੈਂ ਸੱਚ-ਮੁੱਚ ਸੱਚਾਈ ਜਾਣਦਾ ਹਾਂ? ਜੋ ਮੈਂ ਕਹਿਣ ਵਾਲਾ ਹਾਂ ਕੀ ਉਸ ਤੋਂ ਬਾਅਦ ਮੇਰੀ ਗੱਲ ਸੁਣਨ ਵਾਲਾ ਉਸ ਵਿਅਕਤੀ ਦੀ ਕਦਰ ਘੱਟ ਕਰੇਗਾ, ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ? ਜੇ ਇਸ ਤਰ੍ਹਾਂ ਹੈ, ਤਾਂ ਗੱਲ ਕਰਨ ਦਾ ਮੇਰਾ ਇਰਾਦਾ ਕੀ ਹੈ?’ ਇਸ ਗੱਲ ਨੂੰ ਯਾਦ ਰੱਖੋ: ਭਾਵੇਂ ਕਿ ਕੋਈ ਗੱਲ ਸੱਚ ਹੋਵੇ ਫਿਰ ਵੀ ਇਸ ਦਾ ਇਹ ਮਤਲਬ ਨਹੀਂ ਕਿ ਇਸ ਨੂੰ ਫੈਲਾਉਣਾ ਠੀਕ ਹੈ—ਖ਼ਾਸ ਕਰਕੇ ਜੇਕਰ ਇਹ ਜਾਣਕਾਰੀ ਕਿਸੇ ਦੀ ਨੇਕਨਾਮੀ ਨੂੰ ਵਿਗਾੜੇ।

ਅਸੀਂ ਇਕ ਹੋਰ ਸਵਾਲ ਪੁੱਛ ਸਕਦੇ ਹਾਂ, ‘ਜੇ ਮੈਂ ਚੁਗ਼ਲੀ ਕਰਾਂ, ਤਾਂ ਮੇਰੀ ਆਪਣੀ ਨੇਕਨਾਮੀ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ?’ ਹਾਂ, ਚੁਗ਼ਲੀ ਕਰਨ ਦੁਆਰਾ ਤੁਸੀਂ ਆਪਣੇ ਆਪ ਬਾਰੇ ਕੁਝ ਕਹਿ ਰਹੇ ਹੋ। ਉਦਾਹਰਣ ਲਈ, ਕ੍ਰਿਸਟਨ ਕਹਿੰਦੀ ਹੈ ਕਿ “ਜੇ ਤੁਸੀਂ ਦੂਜਿਆਂ ਲੋਕਾਂ ਬਾਰੇ ਗੱਲਾਂ ਕਰਨ ਵਿਚ ਇੰਨਾ ਸਮਾਂ ਲਗਾ ਰਹੇ ਹੋ, ਤਾਂ ਜ਼ਰੂਰ ਤੁਹਾਡਾ ਆਪਣਾ ਜੀਵਨ ਇੰਨਾ ਦਿਲਚਸਪ ਨਹੀਂ ਹੋਣਾ।” ਲੀਸਾ ਆਪਣੀ ਚੁਗ਼ਲੀ ਕਰਨ ਦੀ ਆਦਤ ਕਰਕੇ ਆਪਣੀ ਪੱਕੀ ਸਹੇਲੀ ਦਾ ਭਰੋਸਾ ਗੁਆ ਬੈਠੀ। ਉਹ ਕਹਿੰਦੀ ਹੈ ਕਿ “ਗੱਲ ਇਸ ਹੱਦ ਤਕ ਪਹੁੰਚ ਗਈ ਕਿ ਉਹ ਮੇਰੇ ਉੱਤੇ ਸ਼ੱਕ ਕਰਨ ਲੱਗ ਪਈ ਕਿ ਮੇਰਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਨਹੀਂ। ਇਹ ਬਹੁਤ ਹੀ ਔਖਾ ਸੀ—ਮੈਨੂੰ ਸਾਬਤ ਕਰਨਾ ਪਿਆ ਕਿ ਉਹ ਮੇਰੇ ਉੱਤੇ ਭਰੋਸਾ ਰੱਖ ਸਕਦੀ ਸੀ।”

ਜੇਕਰ ਤੁਹਾਨੂੰ ਇਕ ਚੁਗ਼ਲਖ਼ੋਰ ਵਜੋਂ ਜਾਣਿਆ ਜਾਂਦਾ ਹੈ, ਲੋਕ ਸ਼ਾਇਦ ਤੁਹਾਨੂੰ ਇਕ ਖ਼ਤਰਨਾਕ ਵਿਅਕਤੀ ਵਜੋਂ ਵਿਚਾਰਨ ਲੱਗ ਪੈਣ, ਅਤੇ ਉਹ ਸ਼ਾਇਦ ਤੁਹਾਡੇ ਨਾਲ ਮੇਲ-ਜੋਲ ਰੱਖਣਾ ਪਸੰਦ ਨਾ ਕਰਨ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਜਿਹੜਾ ਚੁਗਲੀ ਖਾਂਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਜਿਹ ਦੇ ਬੁੱਲ੍ਹ ਹੋਛੇ ਹਨ ਤੂੰ ਉਹ ਦਾ ਸੰਗ ਨਾ ਕਰੀਂ।” (ਕਹਾਉਤਾਂ 20:19) ਪਰ ਕੀ ਤੁਹਾਨੂੰ ਪਤਾ ਹੈ ਕਿ ਨੁਕਸਾਨਦੇਹ ਚੁਗ਼ਲੀ ਵਿਚ ਤੁਸੀਂ ਬਿਨਾਂ ਕੁਝ ਕਹੇ ਹਿੱਸਾ ਲੈ ਸਕਦੇ ਹੋ?

ਸੁਣਨਾ—ਚੁਗ਼ਲੀ ਕਰਨ ਦਾ ਦੂਜਾ ਪਾਸਾ

ਚੁਗ਼ਲੀ ਕਰਨ ਵਿਚ ਘੱਟੋ-ਘੱਟ ਦੋ ਜਣਿਆਂ ਦੀ ਲੋੜ ਪੈਂਦੀ ਹੈ—ਚੁਗ਼ਲੀ ਕਰਨ ਵਾਲਾ ਅਤੇ ਚੁਗ਼ਲੀ ਸੁਣਨ ਵਾਲਾ। ਭਾਵੇਂ ਇਸ ਤਰ੍ਹਾਂ ਲੱਗੇ ਕਿ ਸੁਣਨ ਵਾਲਾ ਚੁਗ਼ਲੀ ਕਰਨ ਵਾਲੇ ਨਾਲੋਂ ਘੱਟ ਦੋਸ਼ੀ ਹੈ, ਬਾਈਬਲ ਇਸ ਗੱਲ ਨੂੰ ਹੋਰ ਪਾਸਿਓਂ ਦਿਖਾਉਂਦੀ ਹੈ। ਕਹਾਉਤਾਂ 17:4 ਵਿਚ ਅਸੀਂ ਪੜ੍ਹਦੇ ਹਾਂ: “ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ।” ਇਸ ਲਈ ਚੁਗ਼ਲੀ ਸੁਣਨ ਵਾਲੇ ਉੱਤੇ ਵੀ ਭਾਰੀ ਜ਼ਿੰਮੇਵਾਰੀ ਆਉਂਦੀ ਹੈ। ਲੇਖਕ ਸਟੀਵਨ ਐੱਮ. ਵਾਇਲੇਨ ਕਹਿੰਦਾ ਹੈ: “ਕੁਝ ਹੱਦ ਤਕ ਚੁਗ਼ਲੀ ਕਰਨ ਨਾਲੋਂ ਇਸ ਨੂੰ ਸੁਣਨਾ ਜ਼ਿਆਦਾ ਭੈੜਾ ਹੈ।” ਇਹ ਕਿਉਂ? ਵਾਇਲੇਨ ਅੱਗੇ ਕਹਿੰਦਾ ਹੈ: “ਦਿਲਚਸਪੀ ਨਾਲ ਚੁਗ਼ਲੀ ਸੁਣਨ ਦੁਆਰਾ ਤੁਸੀਂ ਚੁਗ਼ਲਖ਼ੋਰ ਨੂੰ ਅੱਗੇ ਗੱਲ ਕਰੀ ਜਾਣ ਲਈ ਉਤਸ਼ਾਹਿਤ ਕਰਦੇ ਹੋ।”

ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਚੁਗ਼ਲੀ ਤੁਹਾਡੇ ਕੰਨੀ ਪੈਂਦੀ ਹੈ? ਆਪਣੇ ਆਪ ਨੂੰ ਚੰਗਾ ਦਿਖਾਉਣ ਦੀ ਬਜਾਇ, ਤੁਸੀਂ ਸਿਰਫ਼ ਇਹ ਕਹਿ ਸਕਦੇ ਹੋ: ‘ਚੱਲੋ ਹੋਰ ਕੋਈ ਗੱਲ ਕਰੀਏ’ ਜਾਂ, ‘ਮੈਨੂੰ ਇਸ ਬਾਰੇ ਗੱਲ ਕਰਨੀ ਠੀਕ ਨਹੀਂ ਲੱਗਦੀ, ਆਖ਼ਰਕਾਰ ਉਹ ਆਪਣੀ ਸਫ਼ਾਈ ਪੇਸ਼ ਕਰਨ ਲਈ ਇੱਥੇ ਨਹੀਂ ਹੈ।’

ਪਰ ਫਿਰ ਕੀ ਜੇਕਰ ਲੋਕ ਤੁਹਾਡੇ ਤੋਂ ਦੂਰ-ਦੂਰ ਰਹਿਣ ਲੱਗ ਪੈਣ ਕਿਉਂਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ-ਬਾਤਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ? ਇਸ ਨਾਲ ਤੁਹਾਡਾ ਭਲਾ ਹੋ ਸਕਦਾ ਹੈ। ਕਿਸ ਤਰ੍ਹਾਂ? ਯਾਦ ਰੱਖੋ ਕਿ ਜਿਹੜਾ ਵਿਅਕਤੀ ਤੁਹਾਡੇ ਕੋਲ ਦੂਜਿਆਂ ਬਾਰੇ ਚੁਗ਼ਲੀਆਂ ਕਰਦਾ ਹੈ, ਉਹ ਸ਼ਾਇਦ ਦੂਜਿਆਂ ਕੋਲ ਤੁਹਾਡੇ ਬਾਰੇ ਵੀ ਚੁਗ਼ਲੀ ਕਰੇਗਾ। ਇਸ ਲਈ, ਦੁਖੀ ਹੋਣ ਦੀ ਬਜਾਇ ਤੁਸੀਂ ਉਨ੍ਹਾਂ ਨੌਜਵਾਨਾਂ ਅਤੇ ਸਿਆਣਿਆਂ ਨਾਲ ਆਪਣੀ ਦੋਸਤੀ ਵਧਾ ਸਕਦੇ ਹੋ ਜੋ ਆਪਣੀ ਬੋਲੀ ਦੁਆਰਾ ਦੂਜਿਆਂ ਦੀ ਨਿੰਦਿਆ ਨਹੀਂ ਕਰਦੇ। ਵਾਇਲੇਨ ਕਹਿੰਦਾ ਹੈ: ‘ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਚੁਗ਼ਲੀ ਨਾ ਕਰ ਕੇ ਕੁਝ ਗੁਆਇਆ ਹੈ, ਪਰ ਤੁਹਾਨੂੰ ਜਲਦੀ ਹੀ ਪਤਾ ਚੱਲੇਗਾ ਕਿ ਕੋਈ ਚੀਜ਼ ਗੁਆਉਣ ਦੀ ਬਜਾਇ ਤੁਸੀਂ ਆਪਣੇ ਆਪ ਨੂੰ ਦੁੱਖਾਂ ਤੋਂ ਬਚਾਇਆ ਹੈ। ਅਖ਼ੀਰ ਵਿਚ ਤੁਹਾਡੀ ਜਿੱਤ ਹੋਵੇਗੀ ਕਿਉਂਕਿ ਤੁਹਾਨੂੰ ਇਕ ਇਮਾਨਦਾਰ ਵਿਅਕਤੀ ਦੀ ਨੇਕਨਾਮੀ ਮਿਲੇਗੀ।’

ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਪਰਮੇਸ਼ੁਰ ਨਾਲ ਨੇਕਨਾਮੀ ਖੱਟੋਗੇ। ਉਹ ਦੂਜਿਆਂ ਬਾਰੇ ਸਾਡੇ ਗੱਲ ਕਰਨ ਦੇ ਤਰੀਕੇ ਵਿਚ ਦਿਲਚਸਪੀ ਰੱਖਦਾ ਹੈ, ਕਿਉਂਕਿ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।”—ਮੱਤੀ 12:36, 37.

ਇਹ ਬੁੱਧੀਮਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਪੌਲੁਸ ਰਸੂਲ ਦੀ ਸਲਾਹ ਲਾਗੂ ਕਰੀਏ: “ਤੁਸੀਂ ਚੁੱਪ ਚਾਪ ਰਹਿਣ ਅਤੇ ਆਪੋ ਆਪਣੇ ਕੰਮ ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦੀ ਧਾਰਨਾ ਧਾਰੋ।” (1 ਥੱਸਲੁਨੀਕੀਆਂ 4:11) ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦੂਜਿਆਂ ਨਾਲ ਚੰਗੇ ਰਿਸ਼ਤੇ ਅਤੇ ਪਰਮੇਸ਼ੁਰ ਨਾਲ ਇਕ ਚੰਗੀ ਸਥਿਤੀ ਕਾਇਮ ਕਰਨ ਵਿਚ ਮਦਦ ਮਿਲੇਗੀ।

[ਫੁਟਨੋਟ]

a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ੇ 20 ਉੱਤੇ ਡੱਬੀ]

“ਦੁਨੀਆਂ ਦਾ ਸਭ ਤੋਂ ਵੱਡਾ ਚੁਗ਼ਲੀ ਕਰਨ ਦਾ ਤਰੀਕਾ”

ਕੀ ਤੁਸੀਂ ਨਵੀਂ-ਤਾਜ਼ੀ ਗੱਲ ਸੁਣੀ ਹੈ? ਇਲੈਕਟ੍ਰਾਨਿਕ ਡਾਕ, ਯਾਨੀ ਕਿ ਈ-ਮੇਲ, ਦੀ ਸ਼ੁਰੂਆਤ ਨਾਲ, ਚੁਗ਼ਲੀ ਕਰਨਾ ਉੱਚ ਤਕਨਾਲੋਜੀ ਦੇ ਖੇਤਰ ਵਿਚ ਪ੍ਰਵੇਸ਼ ਹੋਇਆ ਹੈ। ਦਰਅਸਲ, ਲੇਖਕ ਸੇਥ ਗੋਡਿਨ ਈ-ਮੇਲ ਨੂੰ “ਦੁਨੀਆਂ ਦਾ ਸਭ ਤੋਂ ਵੱਡਾ ਚੁਗ਼ਲੀ ਕਰਨ ਦਾ ਤਰੀਕਾ” ਸੱਦਦਾ ਹੈ। ਈ-ਮੇਲ ਦੇ ਲਾਭ ਸਵੀਕਾਰ ਕਰਦੇ ਹੋਏ ਉਹ ਚੇਤਾਵਨੀ ਦਿੰਦਾ ਹੈ: “ਕੋਈ ਵਿਅਕਤੀ ਸੱਚੀ ਜਾਂ ਝੂਠੀ ਗੱਲ ਕਹਿ ਕਿ ਗੱਲਬਾਤ ਸ਼ੁਰੂ ਕਰ ਸਕਦਾ ਹੈ, ਅਤੇ ਫਿਰ ਇਕਦਮ ਹਜ਼ਾਰਾਂ ਹੀ ਲੋਕ ਇਸ ਗੱਲ ਨੂੰ ਜਾਣ ਸਕਦੇ ਹਨ।”

ਈ-ਮੇਲ ਬਹੁਤ ਸਾਰਿਆਂ ਲੋਕਾਂ ਤਕ ਜਲਦੀ ਹੀ ਅਤੇ ਸੌਖਿਆਂ ਹੀ ਪਹੁੰਚ ਸਕਦੀ ਹੈ। ਗੋਡਿਨ ਕਹਿੰਦਾ ਹੈ: “ਇਹ ਗੱਲਬਾਤ ਕਰਨ ਦਾ ਇਕ ਅਜਿਹਾ ਨਵਾਂ ਤਰੀਕਾ ਹੈ ਜੋ ਲਿਖੀ ਹੋਈ ਗੱਲ ਦੀ ਮਹੱਤਤਾ ਨੂੰ ਟੈਲੀਫ਼ੋਨ ਕਾਲ ਦੀ ਤੇਜ਼ੀ ਨਾਲ ਜੋੜਦਾ ਹੈ।” ਫਿਰ, ਈ-ਮੇਲ ਘੱਲਦੇ ਹੋਏ, ਇਹ ਨਿਸ਼ਚਿਤ ਕਰੋ ਕਿ ਤੁਹਾਡੇ ਸੰਦੇਸ਼ ਦਾ ਇਰਾਦਾ ਸਾਫ਼-ਸਾਫ਼ ਲਿਖਿਆ ਹੋਇਆ ਹੈ। ਅਤੇ ਜੇ ਤੁਹਾਨੂੰ ਪੂਰੀ ਗੱਲ ਦਾ ਨਾ ਪਤਾ ਹੋਵੇ, ਤਾਂ ਆਪਣੇ ਮਿੱਤਰਾਂ ਤਕ ਇਹ ਪਹੁੰਚਾਉਣੀ ਜ਼ਰੂਰੀ ਨਹੀਂ ਹੈ।

[ਸਫ਼ੇ 19 ਉੱਤੇ ਤਸਵੀਰਾਂ]

ਜਿਹੜਾ ਵਿਅਕਤੀ ਤੁਹਾਡੇ ਕੋਲ ਦੂਜਿਆਂ ਬਾਰੇ ਚੁਗ਼ਲੀਆਂ ਕਰਦਾ ਹੈ . . . ਉਹ ਸ਼ਾਇਦ ਦੂਜਿਆਂ ਕੋਲ ਤੁਹਾਡੇ ਬਾਰੇ ਵੀ ਚੁਗ਼ਲੀ ਕਰੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ