ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 4/8 ਸਫ਼ੇ 26-27
  • ਤੇਲ ਪਾਮ ਇਕ ਬਹੁਪੱਖਾ ਦਰਖ਼ਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੇਲ ਪਾਮ ਇਕ ਬਹੁਪੱਖਾ ਦਰਖ਼ਤ
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਸ ਦਾ ਭਰਪੂਰ ਪਿਛੋਕੜ
  • ਸੁਨੇਹਰੀ ਤੇਲ ਦੀ ਤਿਆਰੀ
  • ਆਈਸ-ਕ੍ਰੀਮ ਤੋਂ ਫੇਸ-ਕ੍ਰੀਮ ਤਕ
  • ਸਮੁੰਦਰੀ ਹਾਦਸੇ ਨੇ ਜ਼ਮੀਨ ਉੱਤੇ ਤਬਾਹੀ ਮਚਾਈ
    ਜਾਗਰੂਕ ਬਣੋ!—2004
ਜਾਗਰੂਕ ਬਣੋ!—1999
g99 4/8 ਸਫ਼ੇ 26-27

ਤੇਲ ਪਾਮ ਇਕ ਬਹੁਪੱਖਾ ਦਰਖ਼ਤ

ਸੋਲਮਨ ਦੀਪ-ਸਮੂਹ ਤੋਂ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਗੁਆਡਲਕਨਾਲ—ਇਸ ਟਾਪੂ ਦਾ ਨਾਂ ਬਹੁਤ ਸਾਰਿਆਂ ਲੋਕਾਂ ਲਈ ਦੂਜੇ ਵਿਸ਼ਵ ਯੁੱਧ ਦੀ ਜ਼ਬਰਦਸਤ ਲੜਾਈ ਦੀ ਯਾਦ ਦਿਲਾਉਂਦਾ ਹੈ। ਪਰ, ਅੱਜ-ਕੱਲ੍ਹ, ਜੇ ਕੋਈ ਸੋਲਮਨ ਦੀਪ-ਸਮੂਹ ਦੀ ਇਸ ਪੁਰਾਣੀ ਰਣਭੂਮੀ ਨੂੰ ਵਾਪਸ ਜਾਵੇ, ਤਾਂ ਉਹ ਇਕ ਵੱਖਰਾ ਨਜ਼ਾਰਾ ਦੇਖੇਗਾ—ਸਿਪਾਹੀਆਂ ਦੀਆਂ ਲੰਬੀਆਂ ਕਤਾਰਾਂ ਦੀ ਥਾਂ ਤੇ ਤੇਲ ਦੇ ਸ਼ਾਨਦਾਰ ਪਾਮ ਦਰਖ਼ਤ।

ਕਦੀ ਇਨ੍ਹਾਂ ਸੰਘਣੇ ਅਤੇ ਆਲੀਸ਼ਾਨ ਪਾਮ ਦਰਖ਼ਤਾਂ ਦੀ ਹੇਠਲੀ ਜ਼ਮੀਨ ਵਿਚ ਬਚੇ-ਕੁਚੇ ਬੰਬ ਅਤੇ ਜੰਗ ਦੇ ਹੋਰ ਖ਼ਤਰਨਾਕ ਹਥਿਆਰਾਂ ਦੇ ਢੇਰ ਪਏ ਹੁੰਦੇ ਸਨ। ਪਰ ਜੰਗ ਦੀਆਂ ਇਹ ਚੀਜ਼ਾਂ ਤੇਲ ਦੇ ਪਾਮ ਦਰਖ਼ਤ ਲਗਾਉਣ ਲਈ ਹਟਾਈਆਂ ਗਈਆਂ ਹਨ। ਇਸ ਦਰਖ਼ਤ ਨੂੰ ਲਗਾਉਣਾ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ? ਅਤੇ ਅਸੀਂ ਇਸ ਸ਼ਾਨਦਾਰ ਲੰਮੇ ਦਰਖ਼ਤ ਨੂੰ ਬਹੁਪੱਖਾ ਕਿਉਂ ਕਹਿ ਸਕਦੇ ਹਾਂ?

ਇਸ ਦਾ ਭਰਪੂਰ ਪਿਛੋਕੜ

ਤੇਲ ਪਾਮ ਵਰਗੇ ਦਰਖ਼ਤ ਦਾ ਪਹਿਲਾ ਜ਼ਿਕਰ ਵੈਨਿਸ ਦੇ ਵਸਨੀਕ ਆਲਵੀਜ਼ੇ ਕਾਡਾਮੋਸਟੋ ਦੁਆਰਾ, 15ਵੀਂ ਸਦੀ ਦੇ ਮੱਧ ਵਿਚ ਦਰਜ ਕੀਤਾ ਗਿਆ ਸੀ, ਜਿਸ ਨੇ ਅਫ਼ਰੀਕਾ ਦੇ ਪੱਛਮੀ ਤਟ ਦੀ ਖੋਜ ਕੀਤੀ ਸੀ। ਫਿਰ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ, ਅਫ਼ਰੀਕੀ ਗ਼ੁਲਾਮਾਂ ਨੇ ਇਸ ਦਰਖ਼ਤ ਦਾ ਫਲ ਆਪਣੇ ਨਾਲ ਐਟਲਾਂਟਿਕ ਮਹਾਂਸਾਗਰ ਦੇ ਪਾਰ ਦਿਆਂ ਦੇਸ਼ਾਂ ਨੂੰ ਲਿਆਂਦਾ। ਇਸ ਤਰ੍ਹਾਂ ਬਨਸਪਤੀ ਦਿਆਂ ਸਾਰਿਆਂ ਤੇਲਾਂ ਨਾਲੋਂ ਵੱਧ ਪਾਮ ਦਾ ਤੇਲ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ। ਤੇਲ ਉਤਪੰਨ ਕਰਨ ਵਾਲੇ ਹੋਰ ਕਿਸੇ ਵੀ ਪੌਦੇ ਨਾਲੋਂ ਤੇਲ ਪਾਮ ਹਰ ਏਕੜ ਪ੍ਰਤੀ ਜ਼ਿਆਦਾ ਤੇਲ ਦਿੰਦਾ ਹੈ। ਇਸ ਤੋਂ ਇਲਾਵਾ ਤੇਲ ਪਾਮ ਇਕ ਬਾਰਾਮਾਸੀ ਪੌਦਾ ਹੈ ਜੋ 25 ਤੋਂ 30 ਸਾਲਾਂ ਲਈ ਫਲ ਅਤੇ ਤੇਲ ਉਤਪੰਨ ਕਰਦਾ ਹੈ।

ਜਿਹੜੀ ਖੋਜ 1970 ਦੇ ਦਹਾਕੇ ਦੇ ਅੰਤ ਵਿਚ ਕੀਤੀ ਗਈ ਸੀ ਉਹ, ਖ਼ਾਸ ਕਰਕੇ ਕੁਝ ਪੂਰਬੀ ਦੇਸ਼ਾਂ ਵਿਚ, ਪਾਮ ਦੇ ਤੇਲ ਦੀ ਉਪਜ ਵਿਚ ਵਾਧੇ ਦਾ ਖ਼ਾਸ ਕਾਰਨ ਬਣੀ। ਪਹਿਲਾਂ ਸੋਚਿਆ ਜਾਂਦਾ ਸੀ ਕਿ ਤੇਲ ਪਾਮ ਦੇ ਦਰਖ਼ਤਾਂ ਦਾ ਪਰਾਗ ਜ਼ਿਆਦਾਤਰ ਹਵਾ ਰਾਹੀਂ ਫੈਲਦਾ ਹੈ। ਇਸ ਕਰਕੇ ਜਦੋਂ ਉਪਜ ਘੱਟ ਹੁੰਦੀ ਸੀ ਇਸ ਦਾ ਕਾਰਨ ਖ਼ਰਾਬ ਮੌਸਮ ਸਮਝਿਆ ਜਾਂਦਾ ਸੀ। ਪਰ ਹਾਲ ਹੀ ਦੇ ਅਧਿਐਨ ਨੇ ਪ੍ਰਗਟ ਕੀਤਾ ਹੈ ਕਿ ਪਰਾਗ ਦਾ ਫੈਲਰਨਾ ਖ਼ਾਸ ਕਰਕੇ ਕੀਟ-ਪਤੰਗਿਆਂ ਰਾਹੀਂ ਹੁੰਦਾ ਹੈ! ਇਸ ਤਰ੍ਹਾਂ ਪੱਛਮੀ ਅਫ਼ਰੀਕਾ ਤੋਂ ਪੂਰਬੀ ਦੇਸ਼ਾਂ ਵਿਚ ਉਨ੍ਹਾਂ ਕੀਟ-ਪਤੰਗਿਆਂ ਨੂੰ ਲੈ ਜਾਣਾ ਜੋ ਇਨ੍ਹਾਂ ਦਰਖ਼ਤਾਂ ਦਾ ਪਰਾਗ ਫੈਲਾ ਸਕਦੇ ਸਨ ਬਹੁਤ ਲਾਭਦਾਇਕ ਸਾਬਤ ਹੋਇਆ।

ਤੇਲ ਪਾਮ ਦੇ ਲਾਲ-ਸੰਤਰੇ ਰੰਗੀ ਫਲਾਂ ਤੋਂ ਦੋ ਕਿਸਮ ਦਾ ਤੇਲ ਮਿਲਦਾ ਹੈ। ਦੋਨਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਸ਼ਾਇਦ ਤੁਸੀਂ ਵੀ ਵਰਤਦੇ ਹੋ। ਇਨ੍ਹਾਂ ਬਾਰੇ ਗੱਲ ਕਰਨ ਤੋਂ ਪਹਿਲਾਂ, ਚਲੋ ਆਪਾਂ ਪਾਮ ਦੇ ਤੇਲ ਦੇ ਕਾਰਖ਼ਾਨੇ ਦਾ ਦੌਰਾ ਕਰ ਕੇ ਦੇਖੀਏ ਕਿ ਤੇਲ ਕਿਸ ਤਰ੍ਹਾਂ ਨਿਚੋੜਿਆ ਜਾਂਦਾ ਹੈ।

ਸੁਨੇਹਰੀ ਤੇਲ ਦੀ ਤਿਆਰੀ

ਜਿਉਂ-ਜਿਉਂ ਅਸੀਂ ਕਾਰਖ਼ਾਨੇ ਦੇ ਨਜ਼ਦੀਕ ਆਉਂਦੇ ਹਾਂ, ਸਾਡਾ ਗਾਈਡ ਸਾਡਾ ਸਵਾਗਤ ਕਰ ਕੇ ਸਾਨੂੰ ਅੰਦਰ ਲੈ ਜਾਂਦਾ ਹੈ। ਸਾਡੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਮਸ਼ੀਨਾਂ ਚੱਲ ਰਹੀਆਂ ਹਨ। ਤੇਲ ਪਾਮ ਦੇ ਫਲ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾ ਕਦਮ ਹੈ ਉਸ ਨੂੰ ਇਕ ਵੱਡੀ ਸਲਿੰਡਰ ਵਰਗੀ ਭਾਫ਼ ਵਾਲੀ ਭੱਠੀ ਵਿਚ ਰੱਖਣਾ। ਫਲ ਦੇ ਹਰ ਗੁੱਛੇ ਵਿਚ ਲਗਭਗ 200 ਖਜੂਰ ਜਿੱਡੀਆਂ ਛੋਟੀਆਂ-ਛੋਟੀਆਂ ਫਲੀਆਂ ਘੁੱਟ ਕੇ ਇਕੱਠੀਆਂ ਬੰਨ੍ਹੀਆਂ ਹੋਈਆਂ ਹਨ। ਭਾਫ਼ ਵਾਲੀ ਭੱਠੀ ਫਲ ਤੋਂ ਕਿਸੇ ਵੀ ਜੀਵਾਣੂਆਂ ਨੂੰ ਮਾਰ ਦਿੰਦੀ ਹੈ ਅਤੇ ਗੁੱਛੇ ਵਿਚਲੇ ਛੋਟੇ ਫਲਾਂ ਨੂੰ ਢਿੱਲੇ ਕਰ ਦਿੰਦੀ ਹੈ।

ਅਗਲਾ ਕਦਮ ਹੈ ਇਕ ਸਟ੍ਰਿਪਰ ਨਾਂ ਦੀ ਮਸ਼ੀਨ ਨਾਲ ਗੁੱਛਿਆਂ ਤੋਂ ਫਲ ਅਲੱਗ ਕਰਨਾ। ਇਸ ਤੋਂ ਬਾਅਦ ਇਹ ਫਲ ਇਕ ਵੱਡੀ ਮਿਕਸੀ ਵਿਚ ਪਾ ਦਿੱਤਾ ਜਾਂਦਾ ਹੈ, ਜਿੱਥੇ ਗਿਰੀ ਤੋਂ ਗੁੱਦਾ ਲਾਇਆ ਜਾਂਦਾ ਹੈ। ਫਿਰ ਪਾਮ ਦਾ ਕੱਚਾ ਤੇਲ ਨਿਚੋੜਨ ਲਈ ਇਹ ਬਾਹਰਲਾ ਗੁੱਦਾ ਰਸ ਕੱਢਣ ਵਾਲੇ ਇਕ ਵੱਡੇ ਸ਼ਿਕੰਜੇ ਵਿਚ ਪਾ ਦਿੱਤਾ ਜਾਂਦਾ ਹੈ। ਸਾਫ਼ ਅਤੇ ਸ਼ੁੱਧ ਕਰਨ ਤੋਂ ਬਾਅਦ, ਪਾਮ ਦਾ ਤੇਲ ਹੁਣ ਜਹਾਜ਼ ਤੇ ਲੱਦਣ ਲਈ ਤਿਆਰ ਹੈ।

ਪਰ, ਇਕ ਹੋਰ ਕਿਸਮ ਦਾ ਤੇਲ ਵੀ ਹੁੰਦਾ ਹੈ। ਇਹ ਗਿਰੀ ਤੋਂ ਮਿਲਦਾ ਹੈ। ਤੇਲ ਪਾਮ ਦੀ ਗਿਰੀ ਨੂੰ ਪਹਿਲਾਂ ਤੋੜ ਕੇ ਉਸ ਦੇ ਦਾਣੇ ਨੂੰ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਦਾਣਿਆਂ ਵਿੱਚੋਂ ਤੇਲ ਨਿਚੋੜਿਆ ਜਾਂਦਾ ਹੈ। ਇਸ ਤੇਲ ਨੂੰ ਪਾਮ ਦੇ ਦਾਣੇ ਦਾ ਤੇਲ ਕਿਹਾ ਜਾਂਦਾ ਹੈ।

ਨਿਚੋੜਨ ਤੋਂ ਬਾਅਦ ਦਾਣਿਆਂ ਦੇ ਬਚੇ-ਕੁਚੇ ਗੁੱਦੇ ਨਾਲ ਪਸ਼ੂਆਂ ਲਈ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ। ਇਸ ਹੀ ਤਰ੍ਹਾਂ, ਜਦੋਂ ਫਲ ਦੇ ਗੁੱਛਿਆਂ ਤੋਂ ਫਲ ਲਾਇਆ ਜਾਂਦਾ ਹੈ, ਬਾਕੀ ਬਚਿਆ-ਕੁਚਿਆ ਖੇਤਾਂ ਵਿਚ ਖਾਦ ਵਜੋਂ ਵਾਪਸ ਪਾ ਦਿੱਤਾ ਜਾਂਦਾ ਹੈ। ਫਲ ਦਾ ਛਿਲਕਾ ਅਤੇ ਗੁੱਦਾ ਵੀ ਭੱਠੀ ਬਲਦੀ ਰੱਖਣ ਲਈ ਚੁੱਲੇ ਵਿਚ ਪਾਇਆ ਜਾਂਦਾ ਹੈ। ਸਭ ਕੁਝ ਕਿੰਨੀ ਚੰਗੀ ਤਰ੍ਹਾਂ ਵਰਤਿਆ ਜਾ ਰਿਹਾ ਹੈ!

ਆਈਸ-ਕ੍ਰੀਮ ਤੋਂ ਫੇਸ-ਕ੍ਰੀਮ ਤਕ

ਸੋਇਆਬੀਨ ਦੇ ਤੇਲ ਤੋਂ ਛੁੱਟ ਪਾਮ ਦਾ ਤੇਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡਿਆ ਵਿਚ ਲਿਖਿਆ ਹੈ: “ਅਠਾਰ੍ਹਵੀਂ ਸਦੀ ਦੌਰਾਨ, ਅੰਗ੍ਰੇਜ਼ ਲੋਕ ਪਾਮ ਦਾ ਤੇਲ ਦਵਾਈ ਲਈ ਅਤੇ ਹੱਥਾਂ ਦੀ ਕ੍ਰੀਮ ਲਈ ਵਰਤਦੇ ਸਨ।” ਪਰ ਅੱਜ-ਕੱਲ੍ਹ ਤੁਸੀਂ ਇਸ ਨੂੰ ਆਈਸ-ਕ੍ਰੀਮ, ਮਾਜਰੀਨ (ਬਣਾਉਟੀ ਮੱਖਣ), ਚਰਬੀ, ਅਤੇ ਤਲਣ ਵਾਲੇ ਤੇਲ ਵਿਚ ਪਾਓਗੇ। ਇਸ ਦੇ ਨਾਲ-ਨਾਲ ਤੁਸੀਂ ਇਸ ਨੂੰ ਨਾ-ਖਾਣ ਵਾਲੀਆਂ ਚੀਜ਼ਾਂ ਵਿਚ ਵੀ ਪਾਓਗੇ ਜਿਵੇਂ ਕਿ ਸਾਬਣ ਅਤੇ ਮੇਕੱਪ।

ਪਾਮ ਦੇ ਦਾਣੇ ਦੇ ਤੇਲ ਤੋਂ ਮਾਜਰੀਨ, ਚਾਕਲੇਟ ਅਤੇ ਹੋਰ ਕਿਸਮ ਦੀਆਂ ਮਿਠਿਆਈਆਂ ਵੀ ਬਣਦੀਆਂ ਹਨ। ਪਰ ਇਹ ਤੇਲ ਹੋਰ ਤਰ੍ਹਾਂ ਵੀ ਵਰਤਿਆ ਜਾਂਦਾ ਹੈ। ਇਸ ਦੀ ਹੋਰ ਤਿਆਰੀ ਕਰਨ ਤੋਂ ਬਾਅਦ ਪਾਮ ਦੇ ਦਾਣੇ ਦੇ ਤੇਲ ਅਤੇ ਪਾਮ ਦੇ ਤੇਲ ਤੋਂ ਦਵਾਈਆਂ ਵਰਗੀਆਂ ਹੋਰ ਚੀਜ਼ਾਂ, ਸਾਬਣ, ਮੈਲ-ਕਾਟ ਸੋਧਕ, ਮੋਮਬੱਤੀਆਂ ਅਤੇ ਬਾਰੂਦ ਵੀ ਬਣਾਏ ਜਾਂਦੇ ਹਨ!

ਯਕੀਨਨ, ਸੋਲਮਨ ਦੀਪ-ਸਮੂਹ ਵਿਚ ਤੇਲ ਪਾਮ ਕਿੰਨਾ ਮਸ਼ਹੂਰ ਹੈ! ਦੇਸ਼ ਦੀ ਆਰਥਿਕ ਹਾਲਤ ਉੱਤੇ ਤੇਲ ਪਾਮ ਦਾ ਪ੍ਰਭਾਵ ਇਸ ਹਕੀਕਤ ਨਾਲ ਦਿਖਾਇਆ ਜਾ ਸਕਦਾ ਹੈ ਕਿ ਦੇਸ਼ ਦੇ ਐਕਸਪੋਰਟ ਵਿਚ 13 ਪ੍ਰਤਿਸ਼ਤ ਇਸ ਦਰਖ਼ਤ ਤੋਂ ਆਉਂਦਾ ਹੈ।

ਜਦੋਂ ਅਸੀਂ ਤੇਲ ਪਾਮ ਦੇ ਦਰਖ਼ਤ ਵੱਲ ਦੇਖਦੇ ਹਾਂ ਤਾਂ ਜੀਅ ਖ਼ੁਸ਼ ਹੁੰਦਾ ਹੈ ਕਿ ਇਸ ਗੂੜ੍ਹੇ-ਸੰਤਰੀ ਰੰਗ ਦੇ ਫਲ ਤੋਂ ਬਣੀ ਕੋਈ ਚੀਜ਼ ਇਕ ਹੱਸਦੇ ਬੱਚੇ ਦੇ ਮੂੰਹ ਤੇ ਲੱਗੀ ਹੋ ਸਕਦੀ ਹੈ, ਜਿਵੇਂ ਕਿ ਆਈਸ-ਕ੍ਰੀਮ ਅਤੇ ਮੇਕੱਪ ਵਜੋਂ ਉਸ ਬੱਚੇ ਦੀ ਮਾਂ ਦੇ ਮੂੰਹ ਤੇ ਵੀ ਲੱਗੀ ਹੋ ਸਕਦੀ ਹੈ। ਜੀ ਹਾਂ, ਤੇਲ ਪਾਮ ਬਹੁਪੱਖਾ ਦਰਖ਼ਤ ਹੈ, ਅਤੇ ਅਸੀਂ ਇਸ ਦੀ ਉਪਜ ਲਈ ਸ਼ੁਕਰ ਕਰ ਸਕਦੇ ਹਾਂ।

[ਸਫ਼ੇ 27 ਉੱਤੇ ਡੱਬੀ/ਤਸਵੀਰ]

ਹੱਥੀਂ ਮਿਹਨਤ ਕਰ ਕੇ ਹਰ ਦਿਨ ਦੋ ਟਨ

ਜਿਉਂ ਹੀ ਕਾਮੇ ਬਗ਼ੀਚੇ ਵਿਚ ਤੇਲ ਪਾਮ ਦੀ ਵਾਢੀ ਕਰਦੇ ਹਨ ਫਲਾਂ ਦੇ ਗੁੱਛਿਆਂ ਦੀ ਡਿਗਣ ਦੀ ਆਵਾਜ਼ ਗੂੰਜਦੀ ਹੈ। ਧੜੰਮ-ਧੜੰਮ ਕਰ ਕੇ ਉਹ ਥੱਲੇ ਡਿਗਦੇ ਹਨ। ਜਦ ਕਿ ਫਲ ਦਰਖ਼ਤਾਂ ਵਿਚ ਇੰਨਾ ਉੱਚਾ ਹੈ ਉਹ ਉਸ ਤਕ ਕਿਸ ਤਰ੍ਹਾਂ ਪਹੁੰਚਦੇ ਹਨ?

ਇਕ ਲੰਬੇ ਡੰਡੇ ਤੇ ਲਾਈ ਹੋਈ ਤਿੱਖੀ ਦਾਤੀ ਨੂੰ ਇਸਤੇਮਾਲ ਕਰ ਕੇ ਵਾਢੀ ਕਰਨ ਵਾਲੇ ਦਰਖ਼ਤਾਂ ਤੋਂ ਫਲ ਵੱਢਦੇ ਹਨ। ਇਹ ਦਰਖ਼ਤ ਕਦੀ-ਕਦੀ ਚਾਰ-ਮੰਜ਼ਲ ਇਮਾਰਤ ਜਿੰਨੇ ਉੱਚੇ ਹੁੰਦੇ ਹਨ। ਇਕ ਆਮ ਦਿਨ ਵਿਚ, ਹਰ ਕਾਮਾ 80 ਤੋਂ 100 ਫਲਾਂ ਦੇ ਗੁੱਛੇ ਵੱਢ ਕੇ ਉਨ੍ਹਾਂ ਨੂੰ ਸੜਕ ਦੇ ਬੰਨੇ ਤਕ ਲਿਆਉਂਦਾ ਹੈ ਜਿੱਥੋਂ ਉਹ ਉਠਾਏ ਜਾਂਦੇ ਹਨ। ਕਾਫ਼ੀ ਭਾਰ ਚੁੱਕਿਆ ਜਾਂਦਾ ਹੈ ਕਿਉਂ ਜੋ ਹਰ ਗੁੱਛੇ ਦਾ ਭਾਰ ਤਕਰੀਬਨ 25 ਕਿਲੋਗ੍ਰਾਮ ਹੁੰਦਾ ਹੈ! ਇਕ ਟਨ ਪਾਮ ਤੇਲ ਬਣਾਉਣ ਵਾਸਤੇ ਫਲ ਦੇ ਸਾਢੇ ਚਾਰ ਟਨ ਲੱਗਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ