ਸੰਸਾਰ ਭਰ ਵਿਚ ਲੋਕਾਂ ਦੀ ਸਿਹਤ ਅੱਗੇ ਨਾਲੋਂ ਚੰਗੀ ਹੈ—ਪਰ ਸਾਰੀਆਂ ਦੀ ਨਹੀਂ
ਵਿਸ਼ਵ ਸਿਹਤ ਸੰਗਠਨ ਦੁਆਰਾ ਛਾਪੀ ਗਈ 1998 ਦੀ ਵਿਸ਼ਵ ਸਿਹਤ ਰਿਪੋਰਟ ਦੇ ਅਨੁਸਾਰ, ਸੰਸਾਰ ਭਰ ਵਿਚ ਲੋਕਾਂ ਦੀ ਸਿਹਤ ਚੰਗੀ ਅਤੇ ਉਮਰ ਲੰਬੀ ਹੁੰਦੀ ਜਾ ਰਹੀ ਹੈ। ਰਿਪੋਰਟ ਵਿਚ ਕੁਝ ਉਦਾਹਰਣਾਂ ਦਿੱਤੀਆਂ ਗਈਆਂ ਹਨ।
ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਸਫ਼ਾਈ ਅਤੇ ਸਿਹਤ ਦੀ ਦੇਖ-ਭਾਲ ਦੇ ਪ੍ਰਬੰਧ ਅਤੇ ਸਾਫ਼ ਪਾਣੀ ਮਿਲਦਾ ਹੈ। ਇਸ ਤੋਂ ਇਲਾਵਾ, ਦੁਨੀਆਂ ਦੇ ਤਕਰੀਬਨ ਸਾਰਿਆਂ ਬੱਚਿਆਂ ਦੇ ਉਹ ਟੀਕੇ ਲਾਏ ਗਏ ਹਨ ਜੋ ਉਨ੍ਹਾਂ ਨੂੰ ਬੱਚਿਆਂ ਦੀਆਂ ਛੇ ਵੱਡੀਆਂ ਬੀਮਾਰੀਆਂ ਤੋਂ ਸੁਰੱਖਿਅਤ ਰੱਖਣਗੇ।a ਇਸ ਕਾਰਨ ਬੱਚਿਆਂ ਦੀ ਮੌਤ ਵਿਚ ਘਾਟਾ ਹੋਇਆ ਹੈ। ਜਦ ਕਿ ਸੰਨ 1955 ਵਿਚ, ਪੰਜਾਂ ਸਾਲਾਂ ਤੋਂ ਘੱਟ ਉਮਰ ਦੇ 2 ਕਰੋੜ 10 ਲੱਖ ਬੱਚਿਆਂ ਦੀ ਮੌਤ ਹੋਈ ਸੀ, 1997 ਵਿਚ ਇਹ ਗਿਣਤੀ 1 ਕਰੋੜ ਤਕ ਘੱਟ ਗਈ ਸੀ। ਨਾਲੇ, ਪਿਛਲੇ ਕੁਝ ਦਹਾਕਿਆਂ ਵਿਚ ਕਈਆਂ ਪੱਛਮੀ ਦੇਸ਼ਾਂ ਵਿਚ ਦਿਲ ਦੀ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਕਾਫ਼ੀ ਹੱਦ ਤਕ ਘੱਟ ਗਈ ਹੈ।
ਪਰ, ਰਿਪੋਰਟ ਅੱਗੇ ਦੱਸਦੀ ਹੈ ਕਿ ਸਾਰਿਆਂ ਦੀ ਸਿਹਤ ਚੰਗੀ ਨਹੀਂ ਹੋਈ ਹੈ। ਐੱਚ. ਆਈ. ਵੀ./ਏਡਜ਼ ਅਜੇ ਵੀ ਇਕ ਖ਼ਤਰਨਾਕ ਬਿਮਾਰੀ ਹੈ। ਏਡਜ਼ ਦੀ ਬਿਮਾਰੀ 1981 ਵਿਚ ਪਛਾਣੀ ਗਈ ਸੀ, ਅਤੇ ਇਸ ਮਹਾਂਮਾਰੀ ਨੇ ਹੁਣ ਤਕ 1 ਕਰੋੜ 10 ਲੱਖ 70 ਹਜ਼ਾਰ ਲੋਕਾਂ ਦੀਆਂ ਜਾਨਾਂ ਲਈਆਂ ਹਨ। ਅਤੇ ਇਸ ਦਾ ਕੋਈ ਇਲਾਜ ਨਜ਼ਰ ਨਹੀਂ ਆਉਂਦਾ। ਸੰਨ 1996 ਵਿਚ, 15 ਸਾਲ ਤੋਂ ਘੱਟ ਉਮਰ ਵਾਲੇ 4,00,000 ਬੱਚਿਆਂ ਨੂੰ ਐੱਚ. ਆਈ. ਵੀ. ਦੀ ਛੂਤ ਲੱਗੀ ਸੀ। ਪਰ, 1997 ਵਿਚ ਇਸੇ ਉਮਰ ਦੇ ਲਗਭਗ 6,00,000 ਹੋਰ ਬੱਚਿਆਂ ਨੂੰ ਇਹ ਛੂਤ ਲੱਗ ਗਈ।
ਗ਼ਰੀਬੀ ਅਜੇ ਵੀ ਸਿਹਤ ਲਈ ਖ਼ਤਰਨਾਕ ਹੈ
ਗ਼ਰੀਬੀ ਵਿਚ ਫੱਸੇ ਹੋਏ ਕਰੋੜਾਂ ਹੀ ਲੋਕਾਂ ਦੀ ਸਿਹਤ ਵਿਚ ਬਹੁਤ ਹੀ ਘੱਟ ਫ਼ਰਕ ਪਿਆ ਹੈ। ਮੁੱਖ ਤੌਰ ਤੇ ਉਹ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਬਿਮਾਰੀ ਦੀ ਚਿੰਤਾ ਬਹੁਤ ਹੁੰਦੀ ਹੈ, ਉਮੀਦ ਕੋਈ ਨਹੀਂ ਹੁੰਦੀ, ਅਤੇ ਜ਼ਿੰਦਗੀ ਛੋਟੀ ਹੁੰਦੀ ਹੈ। ਸਿਹਤ ਸੰਗਠਨ ਦਾ ਸਾਬਕਾ ਡਾਇਰੈਕਟਰ-ਜਨਰਲ, ਡਾਕਟਰ ਹੀਰੋਸ਼ੀ ਨਾਕਾਜੀਮਾ ਕਹਿੰਦਾ ਹੈ: “ਅਮੀਰ ਅਤੇ ਗ਼ਰੀਬ ਲੋਕਾਂ ਦੀ ਸਿਹਤ ਵਿਚ ਅੱਜ ਤਕਰੀਬਨ ਉੱਨਾ ਹੀ ਫ਼ਰਕ ਹੈ ਜਿੰਨਾ 50 ਸਾਲ ਪਹਿਲਾਂ ਸੀ।” ਅਫ਼ਸੋਸ ਦੀ ਗੱਲ ਹੈ ਕਿ ਇਹ ਫ਼ਰਕ ਹੋਰ ਵੀ ਵੱਡਾ ਹੋ ਰਿਹਾ ਹੈ। ਸਿਹਤ ਸੰਗਠਨ ਦਾ ਇਕ ਮਾਹਰ ਕਹਿੰਦਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ “ਗ਼ਰੀਬ ਦੇਸ਼ਾਂ ਵਿਚ ਦੋ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਨੂੰ ਅੱਜ ਦੀਆਂ ਨਵੀਆਂ ਅਤੇ ਸਖ਼ਤ ਬਿਮਾਰੀਆਂ ਦੇ ਨਾਲ-ਨਾਲ ਪੁਰਾਣੀਆਂ ਤਪਤ-ਖੰਡੀ ਬਿਮਾਰੀਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ।”
ਫਿਰ ਵੀ, ਸੁਧਾਰ ਕੀਤਾ ਜਾ ਸਕਦਾ ਹੈ। ਦਰਅਸਲ, ਲੱਖਾਂ ਹੀ ਬੇਵਕਤੀ ਮੌਤਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਉਦਾਹਰਣ ਲਈ, ਡਾ. ਨਾਕਾਜੀਮਾ ਕਹਿੰਦਾ ਹੈ ਕਿ “ਹਰ ਸਾਲ ਘੱਟੋ-ਘੱਟ 20 ਲੱਖ ਬੱਚੇ ਉਨ੍ਹਾਂ ਬਿਮਾਰੀਆਂ ਤੋਂ ਮਰਦੇ ਹਨ ਜਿਨ੍ਹਾਂ ਲਈ ਟੀਕੇ ਹਨ।” ਇਸ ਗੱਲ ਦੀ ਦਲੀਲ ਦਿੰਦੇ ਹੋਏ ਕਿ ਅਮੀਰ ਅਤੇ ਗ਼ਰੀਬ ਲੋਕਾਂ ਦੀ ਸਿਹਤ ਵਿਚ ਫ਼ਰਕ ਘਟਾਇਆ ਜਾਣਾ ਚਾਹੀਦਾ ਹੈ, ਡਾ. ਨਾਕਾਜੀਮਾ ਅੱਗੇ ਕਹਿੰਦਾ ਹੈ: “ਸਾਨੂੰ ਸਾਰਿਆਂ ਨੂੰ ਹੁਣ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਿਹਤ ਦੀ ਦੇਖ-ਭਾਲ ਸੰਸਾਰ ਭਰ ਦੀ ਸਮੱਸਿਆ ਹੈ।” ਇਸ ਦੀ ਸਖ਼ਤ ਜ਼ਰੂਰਤ ਹੈ ਕਿ “ਸਾਰਿਆਂ ਨੂੰ ਆਪਣੇ ਹੱਕ ਮਿਲਣ, ਅਤੇ ਨਿਰਪੱਖਤਾ ਅਤੇ ਏਕਤਾ ਦੇ ਆਧਾਰ ਤੇ ਸਿਹਤ ਲਈ ਸਾਰੀਆਂ ਕੌਮਾਂ ਮਿਲ ਕੇ ਕੰਮ ਕਰਨ।”
ਭਾਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਕੌਮਾਂ ਹਾਲੇ ਮਿਲ ਕੇ ਕੰਮ ਨਹੀਂ ਕਰਨਗੀਆਂ, 1998 ਦੀ ਵਿਸ਼ਵ ਸਿਹਤ ਰਿਪੋਰਟ ਕਹਿੰਦੀ ਹੈ ਕਿ ਹਰੇਕ ਕੌਮ ਆਪਣੇ ਲੋਕਾਂ ਦੀ ਸਿਹਤ ਵਧਾਉਣ ਵਿਚ ਮਦਦ ਦੇ ਸਕਦੀ ਹੈ। ਉਹ ਕਿਸ ਤਰ੍ਹਾਂ? ਆਪਣਿਆਂ ਲੋਕਾਂ ਨੂੰ ਅਜਿਹੇ “ਜਾਨ ਬਚਾਉਣ ਵਾਲੇ ਕੰਮਾਂ ਅਤੇ ਜੀਵਨ-ਢੰਗ ਦੇ ਚੰਗੇ ਤਰੀਕਿਆਂ” ਬਾਰੇ ਸਿਖਾ ਕੇ ਜੋ ਬਿਮਾਰੀ ਨੂੰ ਘਟਾਉਂਦੇ ਜਾਂ ਰੋਕਦੇ ਹਨ। ਸਿਹਤ ਸੰਗਠਨ ਦਾ ਅਸੂਲ ਇਹ ਹੈ ਕਿ “ਸਿਹਤ ਵਧਾਉਣ ਲਈ ਲੋਕਾਂ ਦੀ ਜਾਣਕਾਰੀ ਉੱਤੇ ਆਧਾਰਿਤ ਰਾਏ ਅਤੇ ਏਕਤਾ ਨਾਲ ਕੰਮ ਕਰਨ ਦੀ ਯੋਗਤਾ ਬਹੁਤ ਜ਼ਰੂਰੀ ਹੈ।”
[ਫੁਟਨੋਟ]
a ਬੱਚਿਆਂ ਦੀਆਂ ਇਹ ਛੇ ਬੀਮਾਰੀਆਂ ਖਸਰਾ, ਪੋਲੀਓ, ਟੀ. ਬੀ., ਗਲ਼ਘੋਟੂ (ਡਿਫਥੀਰੀਆ), ਕਾਲੀ ਖੰਘ, ਅਤੇ ਨਵੇਂ ਜਨਮੇ ਬੱਚੇ ਦਾ ਟੈਟਨਸ ਹਨ।