ਬਾਈਬਲ ਦਾ ਦ੍ਰਿਸ਼ਟੀਕੋਣ
ਜੀਵਨ ਸਾਥੀ ਚੁਣਨਾ
ਇਕ ਕੁੜੀ ਨੂੰ ਪੁੱਛਿਆ ਗਿਆ, “ਕੀ ਤੂੰ ਕਦੇ ਵਿਆਹ ਕਰਾਉਣ ਬਾਰੇ ਸੋਚਦੀ ਹੈਂ?” ਉਸ ਨੇ ਫਟਾਫਟ ਜਵਾਬ ਦਿੱਤਾ, “ਸੋਚਦੀ ਕਿੱਥੇ! ਮੈਂ ਤਾਂ ਫ਼ਿਕਰ ਕਰਦੀ ਹਾਂ।”
ਇਸ ਕੁੜੀ ਦੇ ਸਿੱਧੇ ਜਵਾਬ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੁਝ ਲੋਕ ਜ਼ਿੰਦਗੀ ਵਿਚ ਪਿਆਰ ਅਤੇ ਸਾਥ ਚਾਹੁੰਦੇ ਹਨ। ਕਈਆਂ ਲਈ ਜੀਵਨ ਸਾਥੀ ਲੱਭਣਾ ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਣ ਚੀਜ਼ਾਂ ਵਿੱਚੋਂ ਹੈ। ਇਸ ਲਈ ਜੀਵਨ ਸਾਥੀ ਲੱਭਣ ਲਈ ਲੋਕਾਂ ਦੀ ਮਦਦ ਕਰਨ ਵਾਸਤੇ ਸੰਸਾਰ ਭਰ ਜ਼ਿਆਦਾ ਤੋਂ ਜ਼ਿਆਦਾ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਦੁਨੀਆਂ ਦਿਆਂ ਕਈਆਂ ਹਿੱਸਿਆਂ ਵਿਚ ਜਿੰਨੇ ਵਿਆਹ ਹੋ ਰਹੇ ਹਨ ਉਸ ਤੋਂ ਵੀ ਜ਼ਿਆਦਾ ਵਿਆਹ ਟੁੱਟ ਰਹੇ ਹਨ।
ਪੱਛਮੀ ਦੇਸ਼ਾਂ ਵਿਚ ਇਹ ਆਮ ਹੈ ਕਿ ਲੋਕ ਆਪਣਾ ਜੀਵਨ ਸਾਥੀ ਖ਼ੁਦ ਚੁਣਨ। ਲੇਕਿਨ, ਦੂਜੇ ਪਾਸੇ, ਏਸ਼ੀਆ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਵਿਚੋਲਿਆਂ ਰਾਹੀਂ ਵਿਆਹ ਕਰਾਉਣ ਦੀ ਰੀਤ ਚੱਲਦੀ ਹੈ। ਜੋ ਵੀ ਹੋਵੇ, ਵਿਆਹ ਦੇ ਮਾਮਲੇ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ। ਇਕ ਵਿਅਕਤੀ ਦੀ ਜ਼ਿੰਦਗੀ ਵਿਚ ਵਿਆਹ ਦੇ ਫ਼ੈਸਲੇ ਨਾਲੋਂ ਬਹੁਤ ਘੱਟ ਫ਼ੈਸਲੇ ਹਨ ਜਿਸ ਕਾਰਨ ਉਸ ਨੂੰ ਇੰਨੀ ਖ਼ੁਸ਼ੀ ਜਾਂ ਇੰਨਾ ਦੁੱਖ ਮਿਲ ਸਕਦਾ ਹੈ। ਜਿਸ ਵਿਆਹੁਤਾ ਜੀਵਨ ਵਿਚ ਪਿਆਰ ਹੋਵੇ ਉਹ ਬਰਕਤਾਂ ਭਰਿਆ ਅਤੇ ਸੁਖੀ ਹੋ ਸਕਦਾ ਹੈ। ਇਸ ਦੇ ਉਲਟ, ਜਿਸ ਜੋੜੇ ਵਿਚ ਹਰ ਵੇਲੇ ਝਗੜਾ ਹੁੰਦਾ ਰਹੇ ਉਹ ਜੋੜਾ ਬੇਅੰਤ ਦੁੱਖ ਅਤੇ ਤਣਾਅ ਦਾ ਸਾਮ੍ਹਣਾ ਕਰਦਾ ਹੈ।—ਕਹਾਉਤਾਂ 21:19; 26:21.
ਦੂਸਰਿਆਂ ਲੋਕਾਂ ਵਾਂਗ, ਸੱਚੇ ਮਸੀਹੀ ਵੀ ਆਪਣੇ ਵਿਆਹੁਤਾ ਜੀਵਨ ਵਿਚ ਸੁਖ-ਸੰਤੋਖ ਪਾਉਣਾ ਚਾਹੁੰਦੇ ਹਨ। ਪਰ ਨਾਲੋਂ-ਨਾਲ ਉਹ ਪਰਮੇਸ਼ੁਰ ਨੂੰ ਵੀ ਖ਼ੁਸ਼ ਕਰਨਾ ਅਤੇ ਉਸ ਦੀ ਵਡਿਆਈ ਕਰਨੀ ਚਾਹੁੰਦੇ ਹਨ। (ਕੁਲੁੱਸੀਆਂ 3:23) ਉਸ ਨੇ ਸਾਨੂੰ ਬਣਾਇਆ ਅਤੇ ਵਿਆਹ ਵੀ ਉਸ ਨੇ ਹੀ ਆਰੰਭ ਕੀਤਾ ਹੈ, ਇਸ ਲਈ ਉਹ ਸਾਡੀਆਂ ਅਸਲੀ ਜ਼ਰੂਰਤਾਂ ਜਾਣਦਾ ਹੈ, ਅਤੇ ਇਹ ਵੀ ਕਿ ਸਾਡੇ ਲਈ ਸਭ ਤੋਂ ਬਿਹਤਰ ਕੀ ਹੈ। (ਉਤਪਤ 2:22-24; ਯਸਾਯਾਹ 48:17-19) ਨਾਲੇ ਉਸ ਨੇ ਤਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਜੀਵਨ ਦੌਰਾਨ ਲੱਖਾਂ ਹੀ ਵਿਆਹ ਹੁੰਦੇ ਦੇਖੇ ਹਨ, ਜਿਨ੍ਹਾਂ ਵਿੱਚੋਂ ਕੁਝ ਸਫ਼ਲ ਹੋਏ ਹਨ ਅਤੇ ਕੁਝ ਨਹੀਂ। ਉਹ ਜਾਣਦਾ ਹੈ ਕਿਹੜੀਆਂ ਗੱਲਾਂ ਵਿਆਹੁਤਾ ਜੀਵਨ ਨੂੰ ਕਾਮਯਾਬ ਬਣਾਉਂਦੀਆਂ ਹਨ ਅਤੇ ਕਿਹੜੀਆਂ ਨਹੀਂ। (ਜ਼ਬੂਰ 32:8) ਉਸ ਦੇ ਬਚਨ, ਬਾਈਬਲ, ਰਾਹੀਂ ਉਹ ਸਪੱਸ਼ਟ ਅਤੇ ਪੱਕੇ ਸਿਧਾਂਤ ਪੇਸ਼ ਕਰਦਾ ਹੈ ਜੋ ਹਰ ਮਸੀਹੀ ਨੂੰ ਇਕ ਸਮਝਦਾਰ ਫ਼ੈਸਲਾ ਕਰਨ ਵਿਚ ਮਦਦ ਦੇ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਸਿਧਾਂਤ ਕੀ ਹਨ?
ਸਿਰਫ਼ ਰੂਪ-ਰੰਗ ਨਾ ਦੇਖੋ
ਜਿੱਥੇ ਵਿਅਕਤੀ ਆਪਣਾ ਜੀਵਨ ਸਾਥੀ ਆਪ ਚੁਣ ਸਕਦਾ ਹੈ, ਉਹ ਸ਼ਾਇਦ ਸੰਭਾਵੀ ਸਾਥੀ ਨੂੰ ਖ਼ੁਦ ਮਿਲੇ ਜਾਂ ਕਿਸੇ ਦੋਸਤ ਜਾਂ ਪਰਿਵਾਰ ਦੇ ਜੀਅ ਰਾਹੀਂ। ਅਕਸਰ, ਕਿਸੇ ਵਿਚ ਰੋਮਾਂਟਿਕ ਦਿਲਚਸਪੀ ਰੂਪ-ਰੰਗ ਤੋਂ ਹੀ ਸ਼ੁਰੂ ਹੁੰਦੀ ਹੈ। ਭਾਵੇਂ ਕਿ ਇਹ ਕੁਦਰਤੀ ਅਤੇ ਜ਼ੋਰਦਾਰ ਝੁਕਾਅ ਹੋਵੇ, ਪਰ ਬਾਈਬਲ ਸਾਨੂੰ ਉਤਸ਼ਾਹ ਦਿੰਦੀ ਹੈ ਕਿ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਸਿਰਫ਼ ਬਾਹਰੋਂ-ਬਾਹਰੋਂ ਨਾ ਦੇਖੋ।
ਕਹਾਉਤਾਂ 31:30 ਕਹਿੰਦਾ ਹੈ ਕਿ “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” ਪਤਰਸ ਰਸੂਲ ਨੇ ਉਸ “ਸੁੰਦਰਤਾ” ਬਾਰੇ ਗੱਲ ਕੀਤੀ ਸੀ ਜੋ ‘ਅੰਦਰਲੇ ਗੁਣਾਂ ਅਰਥਾਤ ਦੀਨਤਾ ਅਤੇ ਸ਼ਾਂਤ ਸੁਭਾ ਤੇ ਨਿਰਭਰ ਹੈ। ਇਸ ਸੁੰਦਰਤਾ ਨੂੰ ਕਿਸੇ ਤਰ੍ਹਾਂ ਵੀ ਵਿਗਾੜਿਆ ਨਹੀਂ ਜਾ ਸਕਦਾ ਅਤੇ ਇਹ ਪਰਮੇਸ਼ੁਰ ਦੇ ਸਾਹਮਣੇ ਵੀ ਬਹੁਮੁੱਲੀ ਹੈ।’ (1 ਪਤਰਸ 3:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹਾਂ, ਹੋਣ ਵਾਲੇ ਸਾਥੀ ਦੇ ਰੂਹਾਨੀ ਗੁਣ, ਯਾਨੀ ਉਸ ਵਿਅਕਤੀ ਦਾ ਪਰਮੇਸ਼ੁਰ ਲਈ ਪਿਆਰ ਅਤੇ ਸ਼ਰਧਾ, ਨਾਲੇ ਉਸ ਦੀ ਮਸੀਹੀ ਇਨਸਾਨੀਅਤ, ਰੂਪ-ਰੰਗ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ। ਇਸ ਲਈ ਸਮਝਦਾਰੀ ਨਾਲ ਚੋਣ ਕਰਨੀ ਬਹੁਤ ਜ਼ਰੂਰੀ ਹੈ। ਉਸ ਵਿਅਕਤੀ ਨੂੰ ਚੁਣੋ ਜਿਸ ਦੇ ਰੂਹਾਨੀ ਟੀਚੇ ਤੁਹਾਡੇ ਵਰਗੇ ਹਨ ਅਤੇ ਜੋ ਪਰਮੇਸ਼ੁਰ ਦੀ ਆਤਮਾ ਦਾ ਫਲ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਦਮ ਤੁਹਾਡੇ ਵਿਆਹੁਤਾ ਜੀਵਨ ਵਿਚ ਖ਼ੁਸ਼ੀ ਜ਼ਰੂਰ ਲਿਆਵੇਗਾ।—ਕਹਾਉਤਾਂ 19:2; ਗਲਾਤੀਆਂ 5:22, 23.
‘ਕੇਵਲ ਪ੍ਰਭੁ ਵਿੱਚ ਹੀ ਵਿਆਹ ਕਰੋ’
ਜਿਸ ਵਿਅਕਤੀ ਨਾਲ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਉਸ ਨਾਲ ਬਰਾਬਰ ਦੇ ਟੀਚੇ ਰੱਖਣੇ ਅਤੇ ਇੱਕੋ ਹੀ ਧਰਮ ਦੇ ਹੋਣਾ ਬਹੁਤ ਜ਼ਰੂਰੀ ਹੈ। ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਦੋਹਾਂ ਨੂੰ ਆਪਣੇ ਤੌਰ-ਤਰੀਕੇ ਅਤੇ ਰਵੱਈਏ ਵਿਚ ਕਈ ਤਬਦੀਲੀਆਂ ਲਿਆਉਣੀਆਂ ਪੈਂਦੀਆਂ ਹਨ। ਇਸ ਲਈ ਹੋਣ ਵਾਲੇ ਸਾਥੀ ਨਾਲ ਤੁਹਾਡੇ ਟੀਚੇ ਤੇ ਵਿਸ਼ਵਾਸ ਜਿੰਨੇ ਜ਼ਿਆਦਾ ਮਿਲਦੇ-ਜੁਲਦੇ ਹਨ, ਉੱਨੀਆਂ ਹੀ ਸੌਖੀਆਂ ਇਹ ਤਬਦੀਲੀਆਂ ਹੋਣਗੀਆਂ।
ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਰਸੂਲ ਨੇ ਮਸੀਹੀਆਂ ਨੂੰ “ਬੇਪਰਤੀਤਿਆਂ ਨਾਲ ਅਣਸਾਵੇਂ” ਹੋਣ ਤੋਂ ਬਚਣ ਲਈ ਕਿਉਂ ਕਿਹਾ ਸੀ। (2 ਕੁਰਿੰਥੀਆਂ 6:14) ਪੌਲੁਸ ਜਾਣਦਾ ਸੀ ਕਿ ਜੇ ਅਸੀਂ ਅਜਿਹੇ ਵਿਅਕਤੀ ਨਾਲ ਵਿਆਹ ਕਰਾਈਏ ਜੋ ਬਾਈਬਲ ਦੇ ਸਿਧਾਂਤਾਂ ਨੂੰ ਸਾਡੇ ਵਾਂਗ ਨਹੀਂ ਸਮਝਦਾ ਅਤੇ ਉਨ੍ਹਾਂ ਵਿਚ ਵਿਸ਼ਵਾਸ ਨਹੀਂ ਕਰਦਾ, ਤਾਂ ਲੜਾਈ-ਝਗੜਾ ਸ਼ੁਰੂ ਹੋ ਸਕਦਾ ਹੈ। ‘ਪ੍ਰਭੁ ਵਿੱਚ ਹੀ ਵਿਆਹ ਕਰਨ’ ਦੀ ਸਲਾਹ ਤੁਹਾਡੇ ਫ਼ਾਇਦੇ ਲਈ ਹੈ। (1 ਕੁਰਿੰਥੀਆਂ 7:39) ਇਹ ਸਲਾਹ ਪਰਮੇਸ਼ੁਰ ਦੀ ਸੋਚਣੀ ਪ੍ਰਗਟ ਕਰਦੀ ਹੈ ਅਤੇ ਜਿਹੜੇ ਸਮਝਦਾਰੀ ਨਾਲ ਇਸ ਨੂੰ ਲਾਗੂ ਕਰਦੇ ਹਨ ਉਹ ਆਪਣੇ ਆਪ ਨੂੰ ਉਲਝਣਾਂ ਅਤੇ ਸਮੱਸਿਆਵਾਂ ਤੋਂ ਬਚਾਉਂਦੇ ਹਨ।—ਕਹਾਉਤਾਂ 2:1, 9.
ਵਿਚੋਲਿਆਂ ਰਾਹੀਂ ਵਿਆਹ
ਉਨ੍ਹਾਂ ਦੇਸ਼ਾਂ ਬਾਰੇ ਕੀ ਜਿੱਥੇ ਵਿਆਹ ਵਿਚੋਲਿਆਂ ਰਾਹੀਂ ਕਰਾਏ ਜਾਂਦੇ ਹਨ? ਉਦਾਹਰਣ ਲਈ, ਦੱਖਣੀ ਭਾਰਤ ਵਿਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 80 ਫੀ ਸਦੀ ਵਿਆਹਾਂ ਵਿਚ ਮਾਪਿਆਂ ਨੇ ਸਾਕ ਕੀਤਾ ਹੈ। ਮਸੀਹੀ ਮਾਪੇ ਇਸ ਰੀਤ ਉੱਤੇ ਚੱਲਣ ਜਾਂ ਨਾ ਇਹ ਨਿੱਜੀ ਫ਼ੈਸਲੇ ਦੀ ਗੱਲ ਹੈ। ਲੇਕਿਨ ਜੋ ਵੀ ਹੋਵੇ, ਇਸ ਤਰ੍ਹਾਂ ਕੀਤੇ ਗਏ ਸਾਕ ਉਸ ਵੇਲੇ ਸਫ਼ਲ ਹੁੰਦੇ ਹਨ ਜਦੋਂ ਪਰਮੇਸ਼ੁਰ ਦੇ ਸਿਧਾਂਤ ਧਿਆਨ ਵਿਚ ਰੱਖੇ ਜਾਂਦੇ ਹਨ।
ਜਿਹੜੇ ਮਾਪੇ ਆਪਣੇ ਬੱਚਿਆਂ ਦਾ ਜੀਵਨ ਸਾਥੀ ਖ਼ੁਦ ਚੁਣਨਾ ਪਸੰਦ ਕਰਦੇ ਹਨ, ਉਨ੍ਹਾਂ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਫ਼ੈਸਲੇ ਤਜਰਬੇਕਾਰ ਅਤੇ ਸਿਆਣੇ ਵਿਅਕਤੀਆਂ ਦੇ ਹੱਥਾਂ ਵਿਚ ਛੱਡੇ ਜਾਂਦੇ ਹਨ। ਅਫ਼ਰੀਕਾ ਤੋਂ ਇਕ ਮਸੀਹੀ ਬਜ਼ੁਰਗ ਕਹਿੰਦਾ ਹੈ: “ਕੁਝ ਮਾਪੇ ਸੋਚਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਉਮਰ ਅਤੇ ਘੱਟ ਤਜਰਬੇ ਕਰਕੇ, ਹੋਣ ਵਾਲੇ ਸਾਥੀ ਦੀ ਰੂਹਾਨੀ ਪ੍ਰੌੜ੍ਹਤਾ ਨੂੰ ਸਹੀ ਤਰ੍ਹਾਂ ਪਰਖਣ ਵਿਚ ਬੱਚਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।” ਭਾਰਤ ਤੋਂ ਇਕ ਸਫ਼ਰੀ ਨਿਗਾਹਬਾਨ ਕਹਿੰਦਾ ਹੈ ਕਿ “ਨੌਜਵਾਨਾਂ ਕੋਲ ਜ਼ਿੰਦਗੀ ਵਿਚ ਇੰਨਾ ਤਜਰਬਾ ਨਹੀਂ ਹੈ ਅਤੇ ਉਹ ਸ਼ਾਇਦ ਜਜ਼ਬਾਤਾਂ ਦੇ ਅਨੁਸਾਰ ਫ਼ੈਸਲੇ ਕਰਨ।” ਮਾਪੇ ਆਪਣਿਆਂ ਬੱਚਿਆਂ ਦਾ ਸੁਭਾਅ ਸਾਰਿਆਂ ਨਾਲੋਂ ਬਿਹਤਰ ਜਾਣਦੇ ਹਨ, ਇਸ ਲਈ ਉਹ ਮੰਨਦੇ ਹਨ ਕਿ ਹੋਰਨਾਂ ਨਾਲੋਂ ਬਿਹਤਰ ਉਹੀ ਆਪਣੇ ਬੱਚਿਆਂ ਲਈ ਸਹੀ ਸਾਥੀ ਚੁਣ ਸਕਦੇ ਹਨ। ਪਰ ਇਹ ਵੀ ਚੰਗਾ ਹੋਵੇਗਾ ਜੇ ਇਸ ਦੇ ਨਾਲ-ਨਾਲ ਉਹ ਆਪਣੇ ਬੱਚੇ ਦਿਆਂ ਖ਼ਿਆਲਾਂ ਨੂੰ ਧਿਆਨ ਵਿਚ ਰੱਖਣ।
ਲੇਕਿਨ ਉਦੋਂ ਕੀ ਜਦੋਂ ਰਿਸ਼ਤਾ ਕਰਦੇ ਸਮੇਂ ਮਾਪੇ ਬਾਈਬਲ ਦੇ ਸਿਧਾਂਤ ਲਾਗੂ ਨਹੀਂ ਕਰਦੇ? ਬੱਚਿਆਂ ਦੇ ਵਿਆਹੁਤਾ ਜੀਵਨ ਵਿਚ ਸ਼ਾਇਦ ਮੁਸ਼ਕਲਾਂ ਆ ਜਾਣ, ਤਾਂ ਮਾਪਿਆਂ ਨੂੰ ਸ਼ਾਇਦ ਉਸ ਦੇ ਬੁਰੇ ਨਤੀਜੇ ਭੁਗਤਣੇ ਪੈਣ। ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲਈ ਘੱਟ ਮੌਕੇ ਮਿਲਣ ਕਰਕੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਅਤੇ ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਭਾਰਤ ਤੋਂ ਇਕ ਮਸੀਹੀ ਪਿਤਾ ਦੇ ਅਨੁਸਾਰ, “ਕਸੂਰ ਅਕਸਰ ਮਾਪਿਆਂ ਤੇ ਲਾਇਆ ਜਾਂਦਾ ਹੈ।”
ਜਿਹੜੇ ਮਸੀਹੀ ਮਾਪੇ ਮੁੰਡੇ-ਕੁੜੀ ਦਾ ਰਿਸ਼ਤਾ ਕਰਦੇ ਹਨ, ਉਨ੍ਹਾਂ ਨੂੰ ਆਪਣੇ ਇਰਾਦੇ ਬਾਰੇ ਵੀ ਸੋਚਣਾ ਚਾਹੀਦਾ ਹੈ। ਜਦੋਂ ਧਨ-ਦੌਲਤ ਅਤੇ ਜਾਤ-ਪਾਤ ਦੇ ਆਧਾਰ ਤੇ ਸਾਕ ਕੀਤੇ ਜਾਂਦੇ ਹਨ ਉਦੋਂ ਮੁਸ਼ਕਲਾਂ ਆਉਂਦੀਆਂ ਹਨ। (1 ਤਿਮੋਥਿਉਸ 6:9) ਇਸ ਲਈ, ਰਿਸ਼ਤਾ ਕਰਨ ਵਾਲਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਇਹ ਚੋਣ ਮੁੰਡੇ-ਕੁੜੀ ਦੀ ਖ਼ੁਸ਼ੀ ਅਤੇ ਰੂਹਾਨੀ ਭਲਾਈ ਲਈ ਕੀਤੀ ਗਈ ਹੈ? ਜਾਂ ਕੀ ਇਹ ਜਾਤ-ਪਾਤ ਦੇ ਆਧਾਰ ਤੇ ਜਾਂ ਦਾਜ-ਦਹੇਜ ਇਕੱਠਾ ਕਰਨ ਲਈ ਕੀਤੀ ਗਈ ਹੈ?’—ਕਹਾਉਤਾਂ 20:21.
ਬਾਈਬਲ ਦੀ ਸਿੱਖਿਆ ਸਪੱਸ਼ਟ ਅਤੇ ਲਾਭਦਾਇਕ ਹੈ। ਜੀਵਨ ਸਾਥੀ ਦੀ ਚੋਣ ਜਿੱਦਾਂ ਮਰਜ਼ੀ ਕੀਤੀ ਜਾ ਸਕਦੀ ਹੈ, ਪਰ ਚੋਣ ਕਰਦੇ ਸਮੇਂ ਸਭ ਤੋਂ ਮਹੱਤਵਪੂਰਣ ਗੱਲ, ਹੋਣ ਵਾਲੇ ਸਾਥੀ ਦੇ ਗੁਣ ਅਤੇ ਰੂਹਾਨੀਅਤ ਦੀ ਹੋਣੀ ਚਾਹੀਦੀ ਹੈ। ਜਦੋਂ ਇਸ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਵਿਆਹ ਆਰੰਭ ਕਰਨ ਵਾਲੇ, ਯਹੋਵਾਹ ਪਰਮੇਸ਼ੁਰ, ਦੀ ਵਡਿਆਈ ਕੀਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਵਿਆਹ ਕਰਾਉਣ ਵਾਲੇ ਪੱਕੀ ਰੂਹਾਨੀ ਨੀਂਹ ਉੱਤੇ ਆਪਣਾ ਜੀਵਨ ਸ਼ੁਰੂ ਕਰ ਸਕਦੇ ਹਨ। (ਮੱਤੀ 7:24, 25) ਇਸ ਤਰ੍ਹਾਂ ਵਿਆਹੁਤਾ ਜੀਵਨ ਵਿਚ ਬੇਹੱਦ ਖ਼ੁਸ਼ੀ ਅਤੇ ਬਰਕਤਾਂ ਆਉਣਗੀਆਂ।