ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/8/02 ਸਫ਼ੇ 14-15
  • ਲੂਣ—ਇਕ ਬਹੁਮੁੱਲੀ ਚੀਜ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੂਣ—ਇਕ ਬਹੁਮੁੱਲੀ ਚੀਜ਼
  • ਜਾਗਰੂਕ ਬਣੋ!—2002
  • ਸਿਰਲੇਖ
  • ਇਤਿਹਾਸ ਤੋਂ ਕੁਝ ਦਿਲਚਸਪ ਗੱਲਾਂ
  • ਅੱਜ-ਕੱਲ੍ਹ ਲੂਣ ਦੀ ਵਰਤੋਂ
ਜਾਗਰੂਕ ਬਣੋ!—2002
g 7/8/02 ਸਫ਼ੇ 14-15

ਲੂਣ​—ਇਕ ਬਹੁਮੁੱਲੀ ਚੀਜ਼

“ਤੁਸੀਂ ਧਰਤੀ ਦੇ ਲੂਣ ਹੋ,” ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ। (ਮੱਤੀ 5:13) ਅਰਬੀ ਲੋਕ ਕਹਿੰਦੇ ਹਨ ਕਿ “ਸਾਡੇ ਵਿਚਕਾਰ ਲੂਣ ਹੈ,” ਅਤੇ ਫ਼ਾਰਸੀ ਲੋਕ ਕਦੀ-ਕਦੀ ਕਿਸੇ ਨੂੰ “ਨਮਕ ਹਰਾਮ” ਕਹਿੰਦੇ ਹਨ ਜਦੋਂ ਉਹ ਬੇਵਫ਼ਾ ਜਾਂ ਨਾਸ਼ੁਕਰਾ ਹੁੰਦਾ ਹੈ। ਲੂਣ ਵਿਚ ਖ਼ਰਾਬ ਹੋ ਜਾਣ ਵਾਲੀਆਂ ਵਸਤਾਂ ਨੂੰ ਸੰਭਾਲਣ ਦੇ ਗੁਣ ਹਨ। ਇਸ ਲਈ ਦੋਵੇਂ ਪੁਰਾਣੀਆਂ ਅਤੇ ਨਵੀਆਂ ਭਾਸ਼ਾਵਾਂ ਵਿਚ “ਲੂਣ” ਸ਼ਬਦ ਦਾ ਸੰਬੰਧ ਆਦਰ ਅਤੇ ਇੱਜ਼ਤ ਨਾਲ ਜੋੜਿਆ ਜਾਣ ਲੱਗਾ।

ਲੂਣ ਸਥਿਰਤਾ ਅਤੇ ਸਥਾਈਪਣ ਨੂੰ ਵੀ ਸੰਕੇਤ ਕਰਨ ਲੱਗ ਪਿਆ। ਇਸ ਲਈ, ਬਾਈਬਲ ਵਿਚ ਕਿਸੇ ਇਕਰਾਰਨਾਮੇ ਨੂੰ ‘ਲੂਣ ਦਾ ਨੇਮ’ ਸੱਦਿਆ ਗਿਆ ਸੀ, ਅਤੇ ਇਸ ਨੂੰ ਬੰਨ੍ਹਣ ਲਈ ਅਕਸਰ ਦੋਵੇਂ ਹਿੱਸੇਦਾਰ ਲੂਣ ਲਾ ਕੇ ਭੋਜਨ ਖਾਂਦੇ ਸਨ। (ਗਿਣਤੀ 18:19) ਬਿਵਸਥਾ ਨੇਮ ਦੇ ਅਨੁਸਾਰ, ਬਲੀਆਂ ਨੂੰ ਲੂਣ ਸਮੇਤ ਵੇਦੀ ਉੱਤੇ ਚੜ੍ਹਾਇਆ ਜਾਣਾ ਸੀ। ਇਸ ਨੇ ਮਲੀਨਤਾ ਤੇ ਵਿਗਾੜ ਤੋਂ ਸ਼ੁੱਧ ਹੋਣ ਦਾ ਸੰਕੇਤ ਕੀਤਾ ਹੋਣਾ।

ਇਤਿਹਾਸ ਤੋਂ ਕੁਝ ਦਿਲਚਸਪ ਗੱਲਾਂ

ਇਤਿਹਾਸ ਦੌਰਾਨ, ਲੂਣ (ਸੋਡੀਅਮ ਕਲੋਰਾਈਡ) ਇੰਨੀ ਬਹੁਮੁੱਲੀ ਚੀਜ਼ ਰਹੀ ਹੈ ਕਿ ਇਸ ਦੀ ਖ਼ਾਤਰ ਯੁੱਧ ਵੀ ਲੜੇ ਗਏ ਹਨ। ਫਰਾਂਸੀਸੀ ਇਨਕਲਾਬ ਨੂੰ ਸ਼ੁਰੂ ਕਰਨ ਦਾ ਇਕ ਕਾਰਨ ਇਹ ਸੀ ਕਿ ਰਾਜਾ ਲੁਈ ਸੋਲਵੇਂ ਦੁਆਰਾ ਲੂਣ ਤੇ ਬਹੁਤ ਜ਼ਿਆਦਾ ਟੈਕਸ ਲਾਇਆ ਗਿਆ ਸੀ। ਲੂਣ ਨੂੰ ਪੈਸਿਆਂ ਦੇ ਥਾਂ ਵੀ ਇਸਤੇਮਾਲ ਕੀਤਾ ਗਿਆ ਸੀ। ਮੂਰ ਜਾਤੀ ਦੇ ਵਪਾਰੀਆਂ ਨੇ ਸੋਨੇ ਲਈ ਲੂਣ ਵਟਾਇਆ, ਅਤੇ ਇਹ ਵੀ ਤੋਲੇ ਲਈ ਤੋਲਾ। ਅਤੇ ਮੱਧ ਅਫ਼ਰੀਕਾ ਦੇ ਕੁਝ ਕਬੀਲਿਆਂ ਨੇ ਪਹਾੜੀ ਲੂਣ ਨੂੰ ਪੈਸਿਆਂ ਵਜੋਂ ਇਸਤੇਮਾਲ ਕੀਤਾ। ਯੂਨਾਨੀਆਂ ਨੇ ਲੂਣ ਦੇ ਕੇ ਨੌਕਰ ਖ਼ਰੀਦੇ ਅਤੇ ਇਸ ਤੋਂ ਇਹ ਕਹਾਵਤ ਪੈਦਾ ਹੋਈ ਕਿ “ਉਹ ਲੂਣ ਦੇ ਭਾਅ ਤੇ ਖਰਾ ਨਾ ਉਤਰਿਆ।”

ਮੱਧਯੁਗ ਦੌਰਾਨ, ਲੂਣ ਦੇ ਬਾਰੇ ਕਈ ਵਹਿਮ ਪੈਦਾ ਹੋਏ। ਜੇ ਲੂਣ ਡੁੱਲ੍ਹ ਜਾਵੇ ਤਾਂ ਇਸ ਨੂੰ ਬਦਸ਼ਗਨ ਮੰਨਿਆ ਜਾਂਦਾ ਸੀ। ਮਿਸਾਲ ਲਈ, ਲੀਓਨਾਰਡੋ ਡ ਵਿਨਚੀ ਦੀ ਇਕ ਪੇਟਿੰਗ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦਾ ਆਖ਼ਰੀ ਭੋਜਨ ਦਿਖਾਇਆ ਗਿਆ ਹੈ। ਪਰ ਇਸ ਵਿਚ ਯਹੂਦਾ ਇਸਕਰਿਯੋਤੀ ਨੂੰ ਮੂਧੀ ਹੋਈ ਲੂਣਦਾਨੀ ਦੇ ਕੋਲ ਬੈਠਾ ਦਰਸਾਇਆ ਗਿਆ ਹੈ। ਦੂਜੇ ਪਾਸੇ, 18ਵੀਂ ਸਦੀ ਤਕ ਕਿਸੇ ਦਾਅਵਤ ਵਿਚ ਤੁਹਾਡੀ ਪਦਵੀ ਇਸ ਤੋਂ ਪਤਾ ਲੱਗਦੀ ਸੀ ਕਿ ਲੂਣਦਾਨੀ ਦੇ ਸੰਬੰਧ ਵਿਚ ਤੁਹਾਡੀ ਕੁਰਸੀ ਕਿੱਥੇ ਸੀ। ਜੇ ਤੁਸੀਂ ਲੂਣਦਾਨੀ ਤੋਂ ਮੇਜ਼ ਦੇ ਉਪਰਲੇ ਸਿਰੇ ਵੱਲ ਬੈਠਦੇ ਹੁੰਦੇ ਤਾਂ ਤੁਸੀਂ ਉੱਚੀ ਪਦਵੀ ਵਾਲੇ ਹੁੰਦੇ।

ਪੁਰਾਣਿਆਂ ਸਮਿਆਂ ਤੋਂ ਹੀ ਇਨਸਾਨਾਂ ਨੇ ਖਾਰੇ ਪਾਣੀ, ਸਮੁੰਦਰੀ ਪਾਣੀ, ਅਤੇ ਪਹਾੜੀ ਲੂਣ ਤੋਂ ਲੂਣ ਕੱਢਣਾ ਸਿੱਖਿਆ ਹੈ। ਚੀਨ ਤੋਂ ਦਵਾਈਆਂ ਸੰਬੰਧੀ ਇਕ ਪ੍ਰਾਚੀਨ ਦਸਤਾਵੇਜ਼ ਵਿਚ ਲੂਣ ਦੇ 40 ਪ੍ਰਕਾਰਾਂ ਬਾਰੇ ਦੱਸਿਆ ਗਿਆ ਹੈ, ਅਤੇ ਉਸ ਵਿਚ ਲੂਣ ਕੱਢਣ ਦੇ ਦੋ ਤਰੀਕਿਆਂ ਬਾਰੇ ਦੱਸਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਆਧੁਨਿਕ ਤਰੀਕਿਆਂ ਵਾਂਗ ਹੀ ਹਨ। ਮਿਸਾਲ ਲਈ, ਦੁਨੀਆਂ ਦੇ ਲੂਣ ਦੇ ਸਭ ਤੋਂ ਵੱਡੇ ਸੂਰਜੀ ਕਾਰਖ਼ਾਨੇ ਵਿਚ ਸੂਰਜ ਦੀ ਤਾਕਤ ਨਾਲ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢਿਆ ਜਾਂਦਾ ਹੈ। ਇਹ ਮੈਕਸੀਕੋ, ਦੱਖਣੀ ਬਾਜਾ ਕੈਲੇਫ਼ੋਰਨੀਆ ਵਿਚ ਬਾਈਆ ਸਾਬਾਸਟੀਯਾਨ ਬੀਸਕਾਈਨੋ ਦੇ ਸਮੁੰਦਰੀ ਕਿਨਾਰਿਆਂ ਤੇ ਸਥਿਤ ਹੈ।

ਦਿਲਚਸਪੀ ਦੀ ਗੱਲ ਹੈ ਕਿ ਅੰਦਾਜ਼ਿਆਂ ਦੇ ਅਨੁਸਾਰ ਜੇ ਪੂਰੀ ਧਰਤੀ ਦੇ ਮਹਾਂ-ਸਾਗਰਾਂ ਨੂੰ ਸੁਕਾਇਆ ਜਾਵੇ ਤਾਂ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ “ਉਨ੍ਹਾਂ ਤੋਂ ਘੱਟੋ-ਘੱਟ 1 ਕਰੋੜ 90 ਲੱਖ ਘਣ ਕਿਲੋਮੀਟਰ ਪਹਾੜੀ ਲੂਣ ਨਿਕਲੇਗਾ। ਇਹ ਪੂਰੇ ਯੂਰਪ ਦੀ ਜ਼ਮੀਨ ਨਾਲੋਂ ਲਗਭਗ 14.5 ਗੁਣਾ ਜ਼ਿਆਦਾ ਹੈ।” ਅਤੇ ਮ੍ਰਿਤ ਸਾਗਰ ਵਿਚ ਮਹਾਂ-ਸਾਗਰ ਨਾਲੋਂ ਨੌਂ ਗੁਣਾ ਜ਼ਿਆਦਾ ਲੂਣ ਹੈ!

ਅੱਜ-ਕੱਲ੍ਹ ਲੂਣ ਦੀ ਵਰਤੋਂ

ਅੱਜ ਵੀ ਲੂਣ ਇਕ ਬਹੁਮੁੱਲੀ ਚੀਜ਼ ਹੈ, ਅਤੇ ਇਸ ਨੂੰ ਕਈ ਤਰੀਕਿਆਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਖਾਣੇ ਨੂੰ ਸੁਆਦ ਬਣਾਉਣ, ਮੀਟ ਨੂੰ ਵਿਗੜਨ ਤੋਂ ਰੋਕਣ, ਅਤੇ ਸਾਬਣ ਅਤੇ ਕੱਚ ਬਣਾਉਣ ਵਿਚ। ਪਰ ਸਿਹਤ ਦੇ ਸੰਬੰਧ ਵਿਚ ਵੀ ਇਸ ਦੀ ਖ਼ਾਸ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ, ਕਈ ਦੇਸ਼ਾਂ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਆਇਓਡੀਨ ਦੀ ਕਮੀ ਹੁੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਗਿੱਲ੍ਹੜ ਦੀ ਬੀਮਾਰੀ ਲੱਗ ਸਕਦੀ ਹੈ, ਜਿਸ ਕਾਰਨ ਗਰਦਨ ਸੁੱਜ ਜਾਂਦੀ, ਜਾਂ ਗੰਭੀਰ ਮਾਮਲਿਆਂ ਵਿਚ ਸ਼ਾਇਦ ਉਨ੍ਹਾਂ ਦੇ ਦਿਮਾਗ਼ਾਂ ਵਿਚ ਨੁਕਸ ਪੈ ਜਾਂਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਲੂਣ ਵਿਚ ਆਇਓਡੀਨ ਰਲਾਈ ਜਾਂਦੀ ਹੈ। ਕੁਝ ਦੇਸ਼ਾਂ ਵਿਚ ਦੰਦਾਂ ਦੇ ਵਿਗਾੜ ਨੂੰ ਰੋਕਣ ਲਈ ਲੂਣ ਦੇ ਨਾਲ ਫਲੋਰਾਈਡ ਰਲਾਇਆ ਜਾਂਦਾ ਹੈ।

ਇਹ ਸੱਚ ਹੈ ਕਿ ਚੰਗੀ ਸਿਹਤ ਲਈ ਲੂਣ ਜ਼ਰੂਰੀ ਹੈ ਕਿਉਂਕਿ ਇਸ ਨਾਲ ਬਲੱਡ ਦੀ ਮਾਤਰਾ ਅਤੇ ਪ੍ਰੈਸ਼ਰ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ। ਲੇਕਿਨ ਉਸ ਬਹਿਸ ਬਾਰੇ ਕੀ ਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ? ਡਾਕਟਰ ਆਮ ਕਰਕੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਲੂਣ ਅਤੇ ਸੋਡੀਅਮ ਘਟਾਉਣ ਦੀ ਸਲਾਹ ਦਿੰਦੇ ਹਨ। ਬਲੱਡ ਪ੍ਰੈਸ਼ਰ ਦੇ ਲਗਭਗ 30-50 ਫੀ ਸਦੀ ਰੋਗੀਆਂ ਉੱਤੇ ਲੂਣ ਦਾ ਅਸਰ ਪੈਂਦਾ ਹੈ। ਇਸ ਲਈ ਇਨ੍ਹਾਂ ਰੋਗੀਆਂ ਦਾ ਲੂਣ ਘਟਾਉਣ ਨਾਲ ਬਲੱਡ ਪ੍ਰੈਸ਼ਰ ਵੀ ਘਟਾਇਆ ਜਾਂਦਾ ਹੈ।

ਜੀ ਹਾਂ, ਲੂਣ ਸਾਡੇ ਖਾਣੇ ਨੂੰ ਸੁਆਦਲਾ ਬਣਾਉਂਦਾ ਹੈ ਜਿਸ ਤਰ੍ਹਾਂ ਅੱਯੂਬ ਨੇ ਕਿਹਾ ਜਦੋਂ ਉਸ ਨੇ ਪੁੱਛਿਆ: “ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾ ਖਾਈਦੀ ਹੈ?” (ਅੱਯੂਬ 6:6) ਅਸੀਂ ਆਪਣੇ ਕਰਤਾਰ ਦਾ ਧੰਨਵਾਦ ਕਰ ਸਕਦੇ ਹਾਂ ਜੋ ਬਹੁਮੁੱਲੇ ਲੂਣ ਦੇ ਸਿਵਾਇ “ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।”​—1 ਤਿਮੋਥਿਉਸ 6:17.

[ਸਫ਼ਾ 15 ਉੱਤੇ ਤਸਵੀਰ]

ਤਰ੍ਹਾਂ-ਤਰ੍ਹਾਂ ਦੇ ਲੂਣ (ਉੱਪਰੋ ਲੈ ਕੇ ਖੱਬਿਓਂ ਸੱਜੇ) (1) ਆਲੇਆ ਸਮੁੰਦਰੀ ਲੂਣ, ਹਵਾਈ; (2) ਫਲੇਰ ਡ ਸੈਲ, ਫਰਾਂਸ; (3) ਕੱਚਾ ਸਮੁੰਦਰੀ ਲੂਣ; (4) ਗ੍ਰੇ ਲੂਣ, ਫਰਾਂਸ; (5) ਮੋਟਾ ਸਮੁੰਦਰੀ ਲੂਣ; (6) ਪੀਸਿਆ ਕਾਲਾ ਲੂਣ, ਭਾਰਤ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ