ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/07 ਸਫ਼ੇ 10-12
  • ਆਖ਼ਰ ਇੰਨੇ ਨਿਯਮ ਕਿਉਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਖ਼ਰ ਇੰਨੇ ਨਿਯਮ ਕਿਉਂ?
  • ਜਾਗਰੂਕ ਬਣੋ!—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਮੈਂ ਹੁਣ ਬੱਚੀ ਨਹੀਂ ਰਹੀ”!
  • ਪੂਰੀ ਆਜ਼ਾਦੀ?
  • ਮਾਪਿਆਂ ਨਾਲ ਖੁੱਲ੍ਹ ਕੇ ਗੱਲ ਕਰੋ
  • ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?
    ਨੌਜਵਾਨਾਂ ਦੇ ਸਵਾਲ
  • ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਮਾਪਿਓ—ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਮੈਂ ਸਮੇਂ ਸਿਰ ਘਰ ਕਿਉਂ ਵਾਪਸ ਮੁੜਾਂ?
    ਜਾਗਰੂਕ ਬਣੋ!—2009
ਹੋਰ ਦੇਖੋ
ਜਾਗਰੂਕ ਬਣੋ!—2007
g 1/07 ਸਫ਼ੇ 10-12

ਨੌਜਵਾਨ ਪੁੱਛਦੇ ਹਨ . . .

ਆਖ਼ਰ ਇੰਨੇ ਨਿਯਮ ਕਿਉਂ?

“ਮੈਨੂੰ ਇਸ ਗੱਲ ਤੇ ਬੜੀ ਖਿੱਝ ਆਉਂਦੀ ਸੀ ਕਿ ਮੇਰੇ ਘਰੋਂ ਬਾਹਰ ਆਉਣ-ਜਾਣ ਤੇ ਪਾਬੰਦੀ ਲੱਗੀ ਹੋਈ ਸੀ। ਮੈਨੂੰ ਗੁੱਸਾ ਚੜ੍ਹਦਾ ਸੀ ਕਿ ਜਦ ਬਾਕੀ ਦੇ ਮੁੰਡੇ ਬਾਹਰ ਦੇਰ ਤਕ ਰਹਿ ਸਕਦੇ ਹਨ, ਤਾਂ ਮੈਂ ਕਿਉਂ ਨਹੀਂ।”—ਐਲਨ।

“ਮੰਮੀ-ਡੈਡੀ ਮੇਰੇ ਮੋਬਾਇਲ ਤੇ ਨਜ਼ਰ ਰੱਖਦੇ ਹੁੰਦੇ ਸੀ। ਆਖ਼ਰ ਮੈਂ ਬੱਚੀ ਤਾਂ ਨਹੀਂ। ਫਿਰ ਬੱਚਿਆਂ ਵਾਲਾ ਸਲੂਕ ਕਿਉਂ?”—ਇਲਿਜ਼ਾਬੈਥ।

ਕੀ ਤੁਸੀਂ ਵੀ ਬੰਦਸ਼ਾਂ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹੋ? ਕੀ ਕਦੇ ਤੁਸੀਂ ਅੱਖ ਬਚਾ ਕੇ ਘਰੋਂ ਖਿਸਕਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੁਝ ਕਰ ਕੇ ਆਪਣੇ ਮਾਪਿਆਂ ਨਾਲ ਝੂਠ ਬੋਲਿਆ ਹੈ? ਸ਼ਾਇਦ ਤੁਸੀਂ ਵੀ ਉਸ ਨੌਜਵਾਨ ਵਾਂਗ ਮਹਿਸੂਸ ਕਰ ਰਹੇ ਹੋ ਜੋ ਸੋਚਦਾ ਹੈ ਕਿ ਉਸ ਦੇ ਮਾਪਿਆਂ ਨੇ ਉਸ ਤੇ ਜ਼ਰੂਰਤ ਤੋਂ ਜ਼ਿਆਦਾ ਹੀ ਪਾਬੰਦੀਆਂ ਲਾਈਆਂ ਹਨ ਤੇ ਉਹ ਕਹਿੰਦਾ ਹੈ ‘ਜ਼ਰਾ ਮੈਨੂੰ ਸਾਹ ਤਾਂ ਲੈਣ ਦਿਓ!’

ਮਾਂ-ਬਾਪ ਜਾਂ ਫਿਰ ਬੱਚੇ ਦੀ ਦੇਖ-ਭਾਲ ਕਰਨ ਵਾਲਾ ਵਿਅਕਤੀ ਨਿਯਮ ਬਣਾਉਂਦਾ ਹੈ ਕਿ ਬੱਚਿਆਂ ਨੇ ਕੀ ਕਰਨਾ ਹੈ ਤੇ ਕੀ ਨਹੀਂ। ਮਾਂ-ਬਾਪ ਕਈ ਗੱਲਾਂ ਤੇ ਪਾਬੰਦੀਆਂ ਲਾਉਂਦੇ ਹਨ ਜਿਵੇਂ ਕਿ ਤੁਸੀਂ ਘਰੋਂ ਕਦੋਂ ਬਾਹਰ ਆਉਣਾ-ਜਾਣਾ ਹੈ, ਹੋਮ-ਵਰਕ ਕਦੋਂ ਕਰਨਾ ਹੈ, ਘਰ ਦੇ ਕਿਹੜੇ ਕੰਮ ਕਰਨੇ ਹਨ, ਟੀ. ਵੀ ਕਿੰਨਾ ਚਿਰ ਦੇਖਣਾ ਹੈ ਜਾਂ ਫਿਰ ਕੰਪਿਊਟਰ ਜਾਂ ਫ਼ੋਨ ਕਿੰਨੇ ਚਿਰ ਲਈ ਵਰਤਣਾ ਹੈ। ਇਹ ਨਿਯਮ ਘਰ ਦੀ ਚਾਰ-ਦੀਵਾਰੀ ਤਕ ਹੀ ਸੀਮਤ ਨਹੀਂ ਹੁੰਦੇ, ਬਲਕਿ ਤੁਹਾਡਾ ਸਕੂਲ ਵਿਚ ਕਿਹੋ ਜਿਹਾ ਚਾਲ-ਚਲਣ ਹੈ ਜਾਂ ਫਿਰ ਤੁਸੀਂ ਕਿਸ ਨਾਲ ਬਹਿੰਦੇ-ਉੱਠਦੇ ਹੋ, ਬਾਰੇ ਵੀ ਹੋ ਸਕਦੇ ਹਨ।

ਬਹੁਤ ਸਾਰੇ ਮੁੰਡੇ-ਕੁੜੀਆਂ ਕਦੇ-ਨ-ਕਦੇ ਆਪਣੇ ਮਾਪਿਆਂ ਦੇ ਨਿਯਮਾਂ ਨੂੰ ਤੋੜ ਹੀ ਬਹਿੰਦੇ ਹਨ। ਇੰਟਰਵਿਊ ਕੀਤੇ ਗਏ ਜ਼ਿਆਦਾਤਰ ਨੌਜਵਾਨਾਂ ਨੇ ਕਿਹਾ ਕਿ ਉਹ ਕਈ ਵਾਰ ਨਿਯਮ ਤੋੜਨ ਦੀ ਸਜ਼ਾ ਭੁਗਤ ਚੁੱਕੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਨੌਜਵਾਨਾਂ ਨੂੰ ਸਜ਼ਾ ਮਿਲਣ ਦਾ ਸਭ ਤੋਂ ਵੱਡਾ ਕਾਰਨ ਹੈ ਨਿਯਮਾਂ ਅਨੁਸਾਰ ਨਾ ਚੱਲਣਾ।

ਆਮ ਤੌਰ ਤੇ ਨੌਜਵਾਨ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਕੁਝ ਪਾਬੰਦੀਆਂ ਤਾਂ ਜ਼ਰੂਰੀ ਹਨ। ਜੇ ਇਹ ਸੱਚ ਹੈ ਤਾਂ ਨੌਜਵਾਨ ਨਿਯਮਾਂ ਤੋਂ ਇੰਨੇ ਖਿੱਝਦੇ ਕਿਉਂ ਹਨ? ਜੇ ਨਿਯਮਾਂ ਕਰਕੇ ਤੁਹਾਨੂੰ ਘੁਟਣ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਰਾਹਤ ਕਿੱਦਾਂ ਪਾ ਸਕਦੇ ਹੋ?

“ਮੈਂ ਹੁਣ ਬੱਚੀ ਨਹੀਂ ਰਹੀ”!

ਨੌਜਵਾਨ ਐਮਿਲੀ ਕਹਿੰਦੀ ਹੈ: “ਮੈਂ ਆਪਣੇ ਮਾਪਿਆਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਹੁਣ ਬੱਚੀ ਨਹੀਂ ਰਹੀ ਤੇ ਉਹ ਮੈਨੂੰ ਆਪਣੀ ਜ਼ਿੰਦਗੀ ਜੀਣ ਦੇਣ।” ਕੀ ਤੁਸੀਂ ਵੀ ਕਦੇ ਇੰਜ ਮਹਿਸੂਸ ਕੀਤਾ ਹੈ? ਸ਼ਾਇਦ ਤੁਹਾਨੂੰ ਵੀ ਐਮਿਲੀ ਵਾਂਗ ਪਾਬੰਦੀਆਂ ਤੋਂ ਖਿੱਝ ਆਉਂਦੀ ਹੈ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਡੇ ਨਾਲ ਬੱਚਿਆਂ ਵਾਲਾ ਸਲੂਕ ਕਰ ਰਹੇ ਹਨ। ਪਰ ਤੁਹਾਡੇ ਮਾਪੇ ਨਿਯਮਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ। ਉਹ ਮੰਨਦੇ ਹਨ ਕਿ ਨਿਯਮਾਂ ਤੇ ਚੱਲ ਕੇ ਤੁਹਾਡਾ ਹੀ ਭਲਾ ਹੋਵੇਗਾ ਤੇ ਵੱਡੇ ਹੋ ਕੇ ਤੁਸੀਂ ਸਾਰੇ ਕੰਮ-ਕਾਰ ਸਮਝਦਾਰੀ ਨਾਲ ਕਰ ਪਾਓਗੇ।

ਥੋੜ੍ਹੀ-ਬਹੁਤ ਆਜ਼ਾਦੀ ਮਿਲਣ ਤੇ ਵੀ ਸ਼ਾਇਦ ਤੁਹਾਨੂੰ ਲੱਗੇ ਕਿ ਉਮਰ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਵਿਚ ਤੁਹਾਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਉਨ੍ਹਾਂ ਤੇ ਅਜੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਹ ਦੇਖ ਕੇ ਵੀ ਗੁੱਸਾ ਆਉਂਦਾ ਹੈ ਕਿ ਤੁਹਾਡੇ ਭੈਣ ਜਾਂ ਭਰਾ ਨੂੰ ਤੁਹਾਡੇ ਨਾਲੋਂ ਜ਼ਿਆਦਾ ਖੁੱਲ੍ਹ ਦਿੱਤੀ ਜਾਂਦੀ ਹੈ। ਮਾਰਸੀ ਕਹਿੰਦੀ ਹੈ: “ਮੈਂ 17 ਸਾਲਾਂ ਦੀ ਹਾਂ ਫਿਰ ਵੀ ਮੇਰੇ ਘਰੋਂ ਬਾਹਰ ਆਉਣ-ਜਾਣ ਤੇ ਪਾਬੰਦੀ ਲੱਗੀ ਹੋਈ ਹੈ। ਮੈਂ ਕੋਈ ਵੀ ਗ਼ਲਤੀ ਕਰਾਂ, ਮੈਨੂੰ ਝੱਟ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪਰ ਮੇਰੇ ਭਰਾ ਤੇ ਕੋਈ ਬੰਦਸ਼ ਨਹੀਂ। ਉਹ ਜਦ ਜੀ ਚਾਹੇ, ਘਰੋਂ ਬਾਹਰ ਆ-ਜਾ ਸਕਦਾ ਸੀ, ਉਹ ਨੂੰ ਤਾਂ ਕੋਈ ਸਜ਼ਾ ਵੀ ਨਹੀਂ ਮਿਲਦੀ ਸੀ।” ਮੈਥਿਊ ਦੱਸਦਾ ਹੈ ਕਿ ਛੋਟੇ ਹੁੰਦਿਆਂ ਉਸ ਦੀਆਂ ਛੋਟੀਆਂ ਭੈਣਾਂ ਦੀ ਵੱਡੀ ਤੋਂ ਵੱਡੀ ਗ਼ਲਤੀ ਵੀ ਮਾਫ਼ ਕਰ ਦਿੱਤੀ ਜਾਂਦੀ ਸੀ।

ਪੂਰੀ ਆਜ਼ਾਦੀ?

ਹੋ ਸਕਦਾ ਹੈ ਕਿ ਤੁਸੀਂ ਉਸ ਦਿਨ ਦੇ ਇੰਤਜ਼ਾਰ ਵਿਚ ਹੋ ਜਦ ਤੁਹਾਨੂੰ ਆਪਣੇ ਮਾਪਿਆਂ ਦੇ ਬਣਾਏ ਨਿਯਮਾਂ ਤੋਂ ਆਜ਼ਾਦੀ ਮਿਲ ਜਾਵੇਗੀ। ਪਰ ਜੇ ਸੱਚ ਪੁੱਛਿਆ ਜਾਵੇ, ਤਾਂ ਕੀ ਤੁਸੀਂ ਪੂਰੇ ਵਿਸ਼ਵਾਸ ਨਾਲ ਇਹ ਕਹਿ ਸਕਦੇ ਹੋ ਕਿ ਨਿਯਮਾਂ ਤੋਂ ਬਗੈਰ ਤੁਹਾਡੀ ਜ਼ਿੰਦਗੀ ਬਿਹਤਰ ਹੋਵੇਗੀ? ਸ਼ਾਇਦ ਤੁਹਾਡੇ ਅਜਿਹੇ ਦੋਸਤ-ਮਿੱਤਰ ਹੋਣ ਜੋ ਜਦ ਜੀ ਚਾਹੇ ਘਰੋਂ ਬਾਹਰ ਆ-ਜਾ ਸਕਦੇ ਹਨ। ਉਹ ਮਨ-ਮਰਜ਼ੀ ਦੇ ਕੱਪੜੇ ਪਾ ਸਕਦੇ ਹਨ ਤੇ ਉਹ ਜਦ ਚਾਹੁਣ ਜਿੱਥੇ ਚਾਹੁਣ ਜਾ ਸਕਦੇ ਹਨ। ਉਨ੍ਹਾਂ ਦੇ ਮਾਪੇ ਆਪਣੀ ਜ਼ਿੰਦਗੀ ਵਿਚ ਇੰਨੇ ਮਸ਼ਰੂਫ਼ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ। ਬੱਚਿਆਂ ਦੀ ਅਜਿਹੀ ਪਰਵਰਿਸ਼ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਨੁਕਸਾਨਦੇਹ ਸਾਬਤ ਹੋਈ ਹੈ। (ਕਹਾਉਤਾਂ 29:15) ਦੁਨੀਆਂ ਵਿਚ ਅੱਜ ਪਿਆਰ ਦੀ ਕਮੀ ਇਸ ਲਈ ਹੈ ਕਿਉਂਕਿ ਲੋਕ ਜ਼ਿਆਦਾ ਕਰਕੇ ਆਪਣੀਆਂ ਹੀ ਖ਼ਾਹਸ਼ਾਂ ਪੂਰੀਆਂ ਕਰਨ ਵਿਚ ਰੁੱਝੇ ਹੋਏ ਹਨ ਤੇ ਬਹੁਤਿਆਂ ਦੀ ਪਰਵਰਿਸ਼ ਵੀ ਅਜਿਹੇ ਮਾਹੌਲ ਵਿਚ ਹੋਈ ਜਿੱਥੇ ਉਹ ਆਪਣੀ ਮਰਜ਼ੀ ਦੇ ਮਾਲਕ ਸਨ।—2 ਤਿਮੋਥਿਉਸ 3:1-5.

ਅੱਜ ਭਾਵੇਂ ਤੁਹਾਨੂੰ ਨਿਯਮ ਬੋਝ ਲੱਗਦੇ ਹਨ, ਪਰ ਹੋ ਸਕਦਾ ਹੈ ਕਿ ਇਕ ਦਿਨ ਇਨ੍ਹਾਂ ਬਾਰੇ ਤੁਹਾਡੀ ਰਾਇ ਬਦਲ ਜਾਵੇ। ਕੁਝ ਔਰਤਾਂ ਉੱਤੇ ਇਕ ਸਟੱਡੀ ਕੀਤੀ ਗਈ ਜਿਨ੍ਹਾਂ ਦੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਸੀ ਜਿੱਥੇ ਥੋੜ੍ਹੇ ਜਾਂ ਕੋਈ ਨਿਯਮ ਨਹੀਂ ਸਨ। ਇਨ੍ਹਾਂ ਵਿੱਚੋਂ ਕਿਸੇ ਨੇ ਵੀ ਨਿਯਮਾਂ ਤੋਂ ਬਗੈਰ ਜ਼ਿੰਦਗੀ ਨੂੰ ਬਿਹਤਰ ਨਹੀਂ ਕਿਹਾ। ਸਗੋਂ ਉਹ ਕਹਿੰਦੀਆਂ ਹਨ ਕਿ ਨਿਯਮਾਂ ਦਾ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਨਹੀਂ ਸੀ ਜਾਂ ਉਨ੍ਹਾਂ ਵਿਚ ਬੱਚੇ ਪਾਲਣ ਦੀ ਯੋਗਤਾ ਨਹੀਂ ਸੀ।

ਆਪਣੀ ਮਨ-ਮਰਜ਼ੀ ਦੇ ਮਾਲਕ ਨੌਜਵਾਨਾਂ ਤੋਂ ਜਲਣ ਦੀ ਬਜਾਇ ਕਿਉਂ ਨਾ ਤੁਸੀਂ ਨਿਯਮਾਂ ਨੂੰ ਆਪਣੇ ਮਾਪਿਆਂ ਦੇ ਪਿਆਰ ਦਾ ਸਬੂਤ ਸਮਝੋ। ਜੋ ਵੀ ਜਾਇਜ਼ ਪਾਬੰਦੀਆਂ ਤੁਹਾਡੇ ਮਾਪਿਆਂ ਨੇ ਲਾਈਆਂ ਹਨ, ਇਹ ਅਸਲ ਵਿਚ ਇਸ ਗੱਲ ਦਾ ਸਬੂਤ ਹਨ ਕਿ ਉਹ ਯਹੋਵਾਹ ਪਰਮੇਸ਼ੁਰ ਦੀ ਹੀ ਰੀਸ ਕਰ ਰਹੇ ਹਨ, ਕਿਉਂਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਕਹਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”—ਜ਼ਬੂਰਾਂ ਦੀ ਪੋਥੀ 32:8.

ਸ਼ਾਇਦ ਤੁਹਾਡਾ ਅੱਜ ਪਾਬੰਦੀਆਂ ਕਰਕੇ ਦਮ ਘੁਟਦਾ ਹੈ। ਪਰ ਅਗਲੀਆਂ ਕੁਝ ਗੱਲਾਂ ਤੇ ਚੱਲ ਕੇ ਤੁਸੀਂ ਰਾਹਤ ਪਾ ਸਕਦੇ ਹੋ ਤੇ ਆਪਣੇ ਜੀਵਨ ਨੂੰ ਖ਼ੁਸ਼ਹਾਲ ਬਣਾ ਸਕਦੇ ਹੋ।

ਮਾਪਿਆਂ ਨਾਲ ਖੁੱਲ੍ਹ ਕੇ ਗੱਲ ਕਰੋ

ਚਾਹੇ ਤੁਸੀਂ ਕੁਝ ਗੱਲਾਂ ਵਿਚ ਜ਼ਿਆਦਾ ਆਜ਼ਾਦੀ ਚਾਹੁੰਦੇ ਹੋ ਜਾਂ ਫਿਰ ਇਹ ਚਾਹੁੰਦੇ ਹੋ ਕਿ ਜਿਨ੍ਹਾਂ ਗੱਲਾਂ ਵਿਚ ਆਜ਼ਾਦੀ ਮਿਲੀ ਹੋਈ ਹੈ ਉਨ੍ਹਾਂ ਤੇ ਤੁਹਾਡੇ ਮਾਪੇ ਹੋਰ ਪਾਬੰਦੀਆਂ ਨਾ ਲਾਉਣ। ਗੱਲ ਜੋ ਵੀ ਹੋਵੇ ਤੁਹਾਨੂੰ ਆਪਣੇ ਮਾਪਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ। ਪਰ ਸ਼ਾਇਦ ਕੁਝ ਕਹਿਣ: ‘ਮੈਂ ਬਥੇਰੀ ਵਾਰ ਗੱਲ ਕਰ ਕੇ ਦੇਖ ਚੁੱਕਾ ਹਾਂ, ਇਸ ਦਾ ਕੋਈ ਫ਼ਾਇਦਾ ਨਹੀਂ!’ ਜੇ ਤੁਹਾਡੇ ਵੀ ਵਿਚਾਰ ਕੁਝ ਇਸੇ ਤਰ੍ਹਾਂ ਦੇ ਹਨ, ਤਾਂ ਆਪਣੇ ਆਪ ਨੂੰ ਪੁੱਛੋ, ‘ਆਪਣੀ ਗੱਲ ਚੰਗੀ ਤਰ੍ਹਾਂ ਸਮਝਾਉਣ ਲਈ ਕੀ ਮੈਂ ਆਪਣੇ ਗੱਲਬਾਤ ਕਰਨ ਦੇ ਢੰਗ ਨੂੰ ਸੁਧਾਰ ਸਕਦਾ ਹਾਂ?’ ਗੱਲਬਾਤ ਕਰ ਕੇ ਤੁਸੀਂ ਮਾਪਿਆਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਖ਼ੁਦ ਸਮਝ ਪਾਓਗੇ ਕਿ ਤੁਹਾਡੇ ਮਾਪੇ ਤੁਹਾਡੀ ਗੱਲ ਕਿਉਂ ਨਹੀਂ ਮੰਨ ਰਹੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਬੱਚਿਆਂ ਵਰਗਾ ਸਲੂਕ ਨਾ ਕੀਤਾ ਜਾਏ, ਤਾਂ ਤੁਹਾਨੂੰ ਸਿਆਣਿਆਂ ਵਾਂਗ ਗੱਲ ਕਰਨੀ ਸਿੱਖਣੀ ਚਾਹੀਦੀ ਹੈ।

ਬਾਈਬਲ ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” (ਕਹਾਉਤਾਂ 29:11) ਗੱਲਬਾਤ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਸ਼ਿਕਾਇਤਾਂ ਲਾਉਣ ਲੱਗ ਜਾਓ। ਇੱਦਾਂ ਕਰੋਗੇ ਤਾਂ ਹੋਰ ਕੁਝ ਨਹੀਂ ਬਸ ਮਾਪਿਆਂ ਤੋਂ ਹੋਰ ਲੈਕਚਰ ਸੁਣਨਾ ਪਵੇਗਾ! ਤਾਂ ਫਿਰ ਐਵੇਂ ਮੂੰਹ ਫੁਲਾ ਕੇ ਨਾ ਬੈਠੇ ਰਹੋ ਤੇ ਨਾ ਹੀ ਬੁਸ-ਬੁਸ ਕਰੋ। ਤੁਸੀਂ ਭਾਵੇਂ ਜਿੰਨੇ ਮਰਜ਼ੀ ਦਰਵਾਜ਼ੇ ਭੰਨੀ ਜਾਓ, ਚੀਜ਼ਾਂ ਇੱਧਰ-ਉੱਧਰ ਸੁੱਟੀ ਜਾਓ, ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ, ਸਗੋਂ ਹੋਰ ਪਾਬੰਦੀਆਂ ਲੱਗ ਜਾਣਗੀਆਂ।

ਆਪਣੇ ਮਾਪਿਆਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ

ਨੌਜਵਾਨ ਟ੍ਰੇਸੀ ਦੱਸਦੀ ਹੈ ਕਿ ਇੰਜ ਕਰਨ ਵਿਚ ਕਿਸ ਗੱਲ ਨੇ ਉਸ ਦੀ ਮਦਦ ਕੀਤੀ। ਉਹ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਪੁੱਛਿਆ ਕਿ ਭਲਾ ਮਾਂ ਮੈਨੂੰ ਨਿਯਮਾਂ ਤੇ ਚੱਲਣ ਲਈ ਕਿਉਂ ਕਹਿੰਦੀ ਹੈ? ਉਹ ਤਾਂ ਸਿਰਫ਼ ਮੈਨੂੰ ਸਿਆਣੀ ਬਣਾਉਣਾ ਚਾਹੁੰਦੀ ਹੈ।” (ਕਹਾਉਤਾਂ 3:1, 2) ਇਸ ਨਜ਼ਰੀਏ ਤੋਂ ਨਿਯਮਾਂ ਨੂੰ ਦੇਖਣ ਨਾਲ ਤੁਸੀਂ ਆਪਣੇ ਮਾਪਿਆਂ ਨੂੰ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਪਾਓਗੇ। ਮਿਸਾਲ ਲਈ ਜੇ ਉਹ ਤੁਹਾਡੇ ਕਿਸੇ ਪਾਰਟੀ ਵਗੈਰਾ ਵਿਚ ਜਾਣ ਤੇ ਇਤਰਾਜ਼ ਕਰ ਰਹੇ ਹਨ, ਤਾਂ ਫ਼ਜ਼ੂਲ ਦੀ ਬਹਿਸ ਕਰਨ ਦੀ ਬਜਾਇ ਪੁੱਛੋ: “ਜੇ ਕੋਈ ਸਿਆਣਾ ਦੋਸਤ-ਮਿੱਤਰ ਮੇਰੇ ਨਾਲ ਚੱਲੇ, ਤਾਂ ਕੀ ਮੈਨੂੰ ਜਾਣ ਦੀ ਇਜਾਜ਼ਤ ਹੈ?” ਸ਼ਾਇਦ ਹਮੇਸ਼ਾ ਤੁਹਾਡੇ ਮਾਪੇ ਤੁਹਾਡੀ ਗੱਲ ਨਾ ਮੰਨਣ, ਪਰ ਗੱਲਬਾਤ ਕਰਨ ਨਾਲ ਤੁਸੀਂ ਸਮਝ ਪਾਓਗੇ ਕਿ ਉਹ ਨਾ ਕਿਉਂ ਕਹਿ ਰਹੇ ਹਨ। ਇੱਦਾਂ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਕੋਈ ਹੋਰ ਸੁਝਾਅ ਵੀ ਦੇ ਸਕਦੇ ਹੋ ਜਿਸ ਨਾਲ ਸ਼ਾਇਦ ਉਹ ਤੁਹਾਡੀ ਗੱਲ ਮੰਨ ਜਾਣ।

ਮਾਪਿਆਂ ਦਾ ਭਰੋਸਾ ਜਿੱਤਣਾ ਬੈਂਕ ਵਿਚ ਪੈਸੇ ਜਮ੍ਹਾ ਕਰਾਉਣ ਵਾਂਗ ਹੈ। ਤੁਸੀਂ ਪੈਸੇ ਤਾਂ ਹੀ ਕਢਾ ਸਕਦੇ ਹੋ ਜੇ ਪਹਿਲਾਂ ਜਮ੍ਹਾ ਕਰਵਾਏ ਹਨ ਤੇ ਜਿੰਨਾ ਪੈਸਾ ਜਮ੍ਹਾ ਕਰਾਇਆ ਹੈ, ਉਸ ਤੋਂ ਜ਼ਿਆਦਾ ਕਢਾ ਹੀ ਨਹੀਂ ਸਕਦੇ। ਮਾਪਿਆਂ ਤੋਂ ਕਿਸੇ ਗੱਲ ਦੀ ਇਜਾਜ਼ਤ ਲੈਣੀ ਵੀ ਬੈਂਕ ਵਿੱਚੋਂ ਪੈਸੇ ਕਢਾਉਣ ਦੇ ਬਰਾਬਰ ਹੈ। ਉਹ ਤੁਹਾਨੂੰ ਤਾਂ ਹੀ ਇਜਾਜ਼ਤ ਦੇਣਗੇ ਜੇ ਤੁਸੀਂ ਪਹਿਲਾਂ ਆਪਣੇ ਚੰਗੇ ਕੰਮਾਂ-ਕਾਰਾਂ ਰਾਹੀਂ ਉਨ੍ਹਾਂ ਦਾ ਭਰੋਸਾ ਜਿੱਤ ਚੁੱਕੇ ਹੋ।

ਮਾਪੇ ਤੁਹਾਡੇ ਤੇ ਕਿਸੇ ਹੱਦ ਤਕ ਬੰਦਸ਼ਾਂ ਲਾ ਸਕਦੇ ਹਨ। ਬਾਈਬਲ ਵਿਚ ਇਸ ਕਰਕੇ “ਪਿਤਾ ਦੀ ਆਗਿਆ” ਅਤੇ “ਮਾਤਾ ਦੀ ਤਾਲੀਮ” ਬਾਰੇ ਗੱਲ ਕੀਤੀ ਗਈ ਹੈ। (ਕਹਾਉਤਾਂ 6:20) ਪਰ ਤੁਹਾਨੂੰ ਇੰਜ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ ਕਿ ਨਿਯਮ ਤੁਹਾਡਾ ਜੀਣਾ ਮੁਸ਼ਕਲ ਕਰ ਦੇਣਗੇ। ਅਸਲ ਵਿਚ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਆਪਣੀ ਜਵਾਨੀ ਵਿਚ ਮਾਪਿਆਂ ਦੇ ਕਹਿਣੇ ਵਿਚ ਰਹਿਣ ਨਾਲ ‘ਤੁਹਾਡਾ ਭਲਾ ਹੋਵੇਗਾ।’—ਅਫ਼ਸੀਆਂ 6:1-3. (g 12/06)

ਜਦ ਤੁਹਾਡੇ ਤੋਂ ਕੋਈ ਨਿਯਮ ਟੁੱਟ ਜਾਂਦਾ ਹੈ

ਅਗਲੀ ਘਟਨਾ ਸ਼ਾਇਦ ਤੁਹਾਨੂੰ ਜਾਣੀ-ਪਛਾਣੀ ਲੱਗੇ: ਤੁਸੀਂ ਰਾਤ ਨੂੰ ਘਰ ਦੇਰ ਨਾਲ ਆਏ ਹੋ, ਤੁਸੀਂ ਘਰ ਵਿਚ ਆਪਣੇ ਹਿੱਸੇ ਦਾ ਕੰਮ ਨਹੀਂ ਕੀਤਾ ਜਾਂ ਫਿਰ ਫ਼ੋਨ ਤੇ ਜਿੰਨਾ ਸਮਾਂ ਤੁਹਾਨੂੰ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਤੋਂ ਜ਼ਿਆਦਾ ਸਮਾਂ ਲਿਆ ਹੈ। ਹੁਣ ਤੁਸੀਂ ਆਪਣੇ ਮਾਪਿਆਂ ਦੇ ਅੱਗੇ ਖੜ੍ਹੇ ਹੋ ਤੇ ਉਹ ਤੁਹਾਨੂੰ ਪੁੱਛ ਰਹੇ ਹਨ ਕਿ ਤੁਸੀਂ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ। ਮਾਮਲੇ ਨੂੰ ਹੋਰ ਵਿਗੜਨ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ?

ਘੁਮਾ-ਫਿਰਾ ਕੇ ਗੱਲਾਂ ਨਾ ਕਰੋ, ਸਾਰੀ ਗੱਲ ਸੱਚ-ਸੱਚ ਦੱਸ ਦਿਓ। (ਕਹਾਉਤਾਂ 28:13) ਬਹਾਨੇਬਾਜ਼ੀ ਜਾਂ ਕਹਾਣੀ ਘੜਨ ਲੱਗੇ, ਤਾਂ ਮਾਪਿਆਂ ਦਾ ਰਹਿੰਦਾ-ਖੂੰਹਦਾ ਵਿਸ਼ਵਾਸ ਵੀ ਤੁਹਾਡੇ ਤੋਂ ਉੱਠ ਜਾਵੇਗਾ। ਸਫ਼ਾਈ ਦੇਣ ਦੀ ਬਜਾਇ ਆਪਣੀ ਗ਼ਲਤੀ ਕਬੂਲ ਕਰੋ। ਹਮੇਸ਼ਾ ਯਾਦ ਰੱਖੋ ਕਿ “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ” ਹੈ।—ਕਹਾਉਤਾਂ 15:1.

ਮਾਪਿਆਂ ਨੂੰ ਇਸ ਗੱਲ ਦਾ ਯਕੀਨ ਦਿਲਾਓ ਕਿ ਉਨ੍ਹਾਂ ਨੂੰ ਤੁਹਾਡੀ ਗ਼ਲਤੀ ਕਰਕੇ ਜੋ ਦੁੱਖ ਪਹੁੰਚਿਆ ਹੈ, ਉਸ ਲਈ ਤੁਹਾਨੂੰ ਬੇਹੱਦ ਅਫ਼ਸੋਸ ਹੈ। ਇਸ ਤਰ੍ਹਾਂ ਸ਼ਾਇਦ ਤੁਹਾਡੀ ਸਜ਼ਾ ਥੋੜ੍ਹੀ-ਬਹੁਤ ਘੱਟ ਜਾਵੇ। (1 ਸਮੂਏਲ 25:24) ਪਰ ਯਾਦ ਰੱਖੋ ਤੁਹਾਡਾ ਪਛਤਾਵਾ ਦਿਲੋਂ ਹੋਣਾ ਚਾਹੀਦਾ ਹੈ, ਫੋਕੀਆਂ ਗੱਲਾਂ ਨਹੀਂ।

ਸਜ਼ਾ ਮਿਲਣ ਤੇ ਸ਼ਾਇਦ ਤੁਸੀਂ ਇਕਦਮ ਸੋਚੋ ਕਿ ਮੈਨੂੰ ਆਪਣੇ ਹੱਕ ਵਿਚ ਬੋਲਣਾ ਚਾਹੀਦਾ ਹੈ, ਖ਼ਾਸਕਰ ਜੇ ਤੁਹਾਨੂੰ ਲੱਗਦਾ ਹੈ ਕਿ ਸਜ਼ਾ ਕੁਝ ਜ਼ਿਆਦਾ ਹੀ ਮਿਲ ਰਹੀ ਹੈ। (ਕਹਾਉਤਾਂ 20:3) ਪਰ ਯਾਦ ਰੱਖੋ ਗ਼ਲਤੀ ਤੇ ਸਜ਼ਾ ਕਬੂਲ ਕਰਕੇ ਤੁਸੀਂ ਸਮਝਦਾਰੀ ਦਿਖਾ ਰਹੇ ਹੋ। (ਗਲਾਤੀਆਂ 6:7) ਬਿਹਤਰ ਇਹੀ ਹੋਵੇਗਾ ਕਿ ਤੁਸੀਂ ਗ਼ਲਤੀ ਨੂੰ ਕਬੂਲ ਕਰੋ ਤੇ ਫਿਰ ਤੋਂ ਆਪਣੇ ਮਾਪਿਆਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰੋ।

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/​ype

ਇਸ ਬਾਰੇ ਸੋਚੋ

  •  ਕਿਨ੍ਹਾਂ ਨਿਯਮਾਂ ਤੇ ਚੱਲਣਾ ਤੁਹਾਨੂੰ ਸਭ ਤੋਂ ਔਖਾ ਲੱਗਦਾ ਹੈ?

  •  ਇਸ ਲੇਖ ਦੀ ਕਿਹੜੀ ਗੱਲ ਨਿਯਮਾਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਦੀ ਹੈ?

  •  ਤੁਸੀਂ ਆਪਣੇ ਮਾਪਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ