ਇਹ ਕਿਸ ਦਾ ਕਮਾਲ ਹੈ?
ਵਾਟਰ-ਪਰੂਫ ਕਮਲ ਦਾ ਪੱਤਾ
◼ ਖ਼ੁਦ ਸਾਫ਼ ਹੋਣ ਵਾਲੇ ਪਲਾਸਟਿਕ ਦੇ ਕੱਪ। ਖਿੜਕੀਆਂ ਜੋ ਬਾਰਸ਼ ਵਿਚ ਵੀ ਨਹੀਂ ਭਿੱਜਦੀਆਂ। ਛੋਟੀਆਂ-ਛੋਟੀਆਂ ਮਸ਼ੀਨਾਂ ਜਿਨ੍ਹਾਂ ਵਿਚ ਪਾਣੀ ਨਹੀਂ ਪੈ ਸਕਦਾ। ਵਿਗਿਆਨੀ ਕਹਿੰਦੇ ਹਨ ਕਿ ਇਹ ਸਿਰਫ਼ ਥੋੜ੍ਹੇ ਜਿਹੇ ਲਾਭ ਹੋ ਸਕਦੇ ਹਨ ਜੇ ਅਸੀਂ ਕਮਲ ਦੇ ਪੱਤੇ ਦੇ ਡੀਜ਼ਾਈਨ ਬਾਰੇ ਹੋਰ ਸਿੱਖੀਏ।
ਜ਼ਰਾ ਸੋਚੋ: ਕਮਲ ਦੇ ਪੱਤੇ ਦਾ ਉਪਰਲਾ ਹਿੱਸਾ ਛੋਟੋ-ਛੋਟੇ ਦਾਣਿਆਂ ਨਾਲ ਭਰਿਆ ਹੋਇਆ ਹੈ ਜੋ ਮੋਮ ਦੇ ਕ੍ਰਿਸਟਲ ਨਾਲ ਢਕੇ ਹੋਏ ਹਨ। ਪੱਤੇ ਉੱਤੇ ਜਦ ਪਾਣੀ ਦੇ ਤੁਪਕੇ ਡਿੱਗਦੇ ਹਨ, ਤਾਂ ਇਨ੍ਹਾਂ ਕ੍ਰਿਸਟਲਾਂ ਕਰਕੇ ਪਾਣੀ ਪੱਤੇ ਦੇ ਉੱਪਰ-ਉੱਪਰ ਹੀ ਰਹਿੰਦਾ ਹੈ। ਪੱਤੇ ਦੀ ਢਲਾਣ ਕਰਕੇ ਪਾਣੀ ਪੱਤੇ ਦੇ ਉਪਰਲੇ ਹਿੱਸੇ ਉੱਤੇ ਡਿੱਗ ਕੇ ਰੁੜ੍ਹ ਜਾਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਨਾ ਸਿਰਫ਼ ਪੱਤਾ ਸੁੱਕਾ ਰਹਿੰਦਾ ਹੈ, ਪਰ ਸਾਫ਼ ਵੀ ਕਿਉਂਕਿ ਪਾਣੀ ਦੇ ਤੁਪਕਿਆਂ ਨਾਲ ਹੀ ਮਿੱਟੀ-ਘੱਟਾ ਡਿੱਗ ਜਾਂਦਾ ਹੈ।
ਵਿਗਿਆਨੀ ਕਮਲ ਦੇ ਪੱਤੇ ਦੀ ਖੋਜ ਕਰ ਰਹੇ ਹਨ ਤਾਂਕਿ ਉਹ ਉਸ ਦੇ ਡੀਜ਼ਾਈਨ ਦੀ ਨਕਲ ਕਰ ਸਕਣ। ਇਸ ਤਰ੍ਹਾਂ ਕਰ ਕੇ ਉਨ੍ਹਾਂ ਛੋਟੀਆਂ-ਛੋਟੀਆਂ ਮਸ਼ੀਨਾਂ ਨੂੰ ਵੀ ਵਾਟਰ-ਪਰੂਫ ਬਣਾਇਆ ਜਾ ਸਕੇਗਾ ਜਿਨ੍ਹਾਂ ਵਿਚ ਹੁਣ ਪਾਣੀ ਪੈ ਸਕਦਾ ਹੈ। ਸਾਇੰਸ ਡੇਲੀ ਦੱਸਦੀ ਹੈ ਕਿ “ਇਸ ਡੀਜ਼ਾਈਨ ਦੇ ਫ਼ਾਇਦੇ ਅਣਗਿਣਤ ਹੋ ਸਕਦੇ ਹਨ।”
ਤੁਹਾਡਾ ਕੀ ਖ਼ਿਆਲ ਹੈ? ਕੀ ਕਮਲ ਦਾ ਪੱਤਾ ਆਪਣੇ ਆਪ ਹੀ ਬਣ ਗਿਆ? ਜਾਂ ਕੀ ਇਹ ਕਿਸੇ ਬੁੱਧੀਮਾਨ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ? (g09 04)