ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 10/09 ਸਫ਼ੇ 6-9
  • ‘ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ
  • ਜਾਗਰੂਕ ਬਣੋ!—2009
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਫਿਰ ਕਦੀ ਵੀ ਡਿਪਰੈਸ਼ਨ ਨਹੀਂ ਹੋਵੇਗਾ!
  • ਨਿਰਾਸ਼ਾ ਵਿਚ ਆਸ਼ਾ ਦੀ ਕਿਰਨ
    ਨਿਰਾਸ਼ਾ ਵਿਚ ਆਸ਼ਾ ਦੀ ਕਿਰਨ
  • ਡਿਪਰੈਸ਼ਨ
    ਜਾਗਰੂਕ ਬਣੋ!—2013
  • ਡਿਪਰੈਸ਼ਨ ਦੇ ਸ਼ਿਕਾਰ ਲੋਕ ਕੀ ਮਹਿਸੂਸ ਕਰਦੇ ਹਨ?
    ਜਾਗਰੂਕ ਬਣੋ!—2009
ਜਾਗਰੂਕ ਬਣੋ!—2009
g 10/09 ਸਫ਼ੇ 6-9

‘ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ

ਰਾਜਾ ਦਾਊਦ ਨੂੰ ਆਪਣੀ ਜ਼ਿੰਦਗੀ ਵਿਚ ਕਾਫ਼ੀ ਚਿੰਤਾ ਰਹੀ ਅਤੇ ਕਈ ਵਾਰ ਉਸ ਦੇ ਮਨ ਵਿਚ ਪਰੇਸ਼ਾਨ ਕਰਨ ਵਾਲੇ ‘ਖ਼ਿਆਲ’ ਸਨ। ਫਿਰ ਵੀ ਉਸ ਨੂੰ ਕੋਈ ਸ਼ੱਕ ਨਹੀਂ ਸੀ ਕਿ ਪਰਮੇਸ਼ੁਰ ਇਨਸਾਨਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਸ ਨੇ ਲਿਖਿਆ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ। ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ,—ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।”—ਜ਼ਬੂਰਾਂ ਦੀ ਪੋਥੀ 139:1, 2, 4, 23.

ਅਸੀਂ ਵੀ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਸਮਝਦਾ ਹੈ ਕਿ ਸਾਡੇ ਪਾਪੀ ਸਰੀਰਾਂ ਅਤੇ ਮਨਾਂ ʼਤੇ ਡਿਪਰੈਸ਼ਨ ਦਾ ਕਿੰਨਾ ਮਾੜਾ ਅਸਰ ਪੈਂਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਡਿਪਰੈਸ਼ਨ ਦਾ ਕਾਰਨ ਕੀ ਹੈ ਅਤੇ ਅਸੀਂ ਇਸ ਨੂੰ ਕਿੱਦਾਂ ਸਹਿ ਸਕਦੇ ਹਾਂ। ਇਸ ਤੋਂ ਇਲਾਵਾ ਉਸ ਨੇ ਸਾਨੂੰ ਦੱਸਿਆ ਹੈ ਕਿ ਉਹ ਹਮੇਸ਼ਾ ਲਈ ਡਿਪਰੈਸ਼ਨ ਨੂੰ ਖ਼ਤਮ ਕਰ ਦੇਵੇਗਾ। ਬਾਈਬਲ ਸਾਨੂੰ ਹੌਸਲਾ ਦਿੰਦੀ ਹੈ ਕਿ ‘ਪਰਮੇਸ਼ੁਰ ਦੁਖੀਆਂ ਨੂੰ ਸੁਖ ਅਤੇ ਦਿਲਾਸਾ ਦਿੰਦਾ ਹੈ।’—2 ਕੁਰਿੰਥੀਆਂ 7:6, ERV.

ਪਰ ਡਿਪਰੈਸ਼ਨ ਸਹਿ ਰਹੇ ਲੋਕ ਸ਼ਾਇਦ ਸੋਚਣ ਕਿ ਪਰਮੇਸ਼ੁਰ ਉਨ੍ਹਾਂ ਦੀ ਮਦਦ ਕਿੱਦਾਂ ਕਰ ਸਕਦਾ ਹੈ ਜਦ ਉਹ ਦੁਖੀ ਹੁੰਦੇ ਹਨ।

ਪਰਮੇਸ਼ੁਰ ਆਪਣੇ ਉਨ੍ਹਾਂ ਸੇਵਕਾਂ ਦੇ ਨਜ਼ਦੀਕ ਹੈ ਜੋ ਡਿਪਰੈਸ਼ਨ ਦੇ ਸ਼ਿਕਾਰ ਹਨ। ਇਵੇਂ ਲੱਗਦਾ ਹੈ ਜਿਵੇਂ ‘ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਰਹਿੰਦਾ ਹੈ ਜਿਹੜੇ ਉਦਾਸ ਅਤੇ ਨਿਮਾਣੇ ਹਨ। ਉਹ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵੇਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਉਹ ਉਨ੍ਹਾਂ ਲੋਕਾਂ ਨੂੰ ਜੀਵਨ ਦੇਵੇਗਾ ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।’ (ਯਸਾਯਾਹ 57:15, ERV) ਸਾਨੂੰ ਇਹ ਪੜ੍ਹ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ‘ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।’—ਜ਼ਬੂਰਾਂ ਦੀ ਪੋਥੀ 34:18.

ਪਰਮੇਸ਼ੁਰ ਦੇ ਸੇਵਕ ਦਿਨ-ਰਾਤ “ਪ੍ਰਾਰਥਨਾ ਦੇ ਸੁਣਨ ਵਾਲੇ” ਅੱਗੇ ਦੁਹਾਈ ਦੇ ਸਕਦੇ ਹਨ ਅਤੇ ਉਹ ਔਖੀਆਂ ਘੜੀਆਂ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 65:2) ਬਾਈਬਲ ਸਾਨੂੰ ਦਿਲ ਖੋਲ੍ਹ ਕੇ ਉਸ ਨਾਲ ਗੱਲ ਕਰਨ ਦੀ ਤਾਕੀਦ ਕਰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

ਡਿਪਰੈਸ਼ਨ ਹੋਣ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਕਦੇ ਵੀ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ। ਪਰ ਪਰਮੇਸ਼ੁਰ ਸਾਡੇ ਨਾਜ਼ੁਕ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਬਾਈਬਲ ਭਰੋਸਾ ਦਿਵਾਉਂਦੀ ਹੈ ਕਿ “ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:19, 20) ਇਸ ਲਈ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਜ਼ਬੂਰਾਂ ਦੀ ਪੋਥੀ 9:9, 10; 10:12, 14, 17; ਅਤੇ 25:17 ਵਰਗੇ ਹਵਾਲਿਆਂ ਤੋਂ ਪੜ੍ਹੀਆਂ ਗੱਲਾਂ ਵਰਤ ਸਕਦੇ ਹੋ।

ਜਦ ਦਿਲ ਦੀ ਪੀੜ ਇੰਨੀ ਹੁੰਦੀ ਹੈ ਕਿ ਤੁਸੀਂ ਠੀਕ ਤਰ੍ਹਾਂ ਗੱਲ ਵੀ ਨਹੀਂ ਕਰ ਸਕਦੇ, ਤਾਂ ਵੀ ਹੌਸਲਾ ਨਾ ਹਾਰੋ! ‘ਦਿਆਲਗੀਆਂ ਦੇ ਪਿਤਾ ਅਤੇ ਸਰਬ ਦਿਲਾਸੇ ਦੇ ਪਰਮੇਸ਼ੁਰ’ ਅੱਗੇ ਵਾਰ-ਵਾਰ ਬੇਨਤੀ ਕਰੋ ਕਿਉਂਕਿ ਉਹ ਤੁਹਾਡੇ ਜਜ਼ਬਾਤਾਂ ਅਤੇ ਜ਼ਰੂਰਤਾਂ ਨੂੰ ਸਮਝਦਾ ਹੈ। (2 ਕੁਰਿੰਥੀਆਂ 1:3) ਮਰੀਯਾ, ਜਿਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੀ, ਕਹਿੰਦੀ ਹੈ: “ਕਦੇ-ਕਦੇ ਜਦ ਮੈਂ ਬਹੁਤ ਪਰੇਸ਼ਾਨ ਹੁੰਦੀ ਹਾਂ, ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਪ੍ਰਾਰਥਨਾ ਵਿਚ ਕੀ ਕਹਾਂ। ਪਰ ਮੈਂ ਜਾਣਦੀ ਹਾਂ ਕਿ ਪਰਮੇਸ਼ੁਰ ਮੈਨੂੰ ਸਮਝਦਾ ਹੈ ਤੇ ਮੇਰੀ ਮਦਦ ਕਰਦਾ ਹੈ।”

ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ੁਰ ਹੁਣੇ ਸਾਡੇ ਸਾਰੇ ਦੁੱਖ ਦੂਰ ਕਰੇਗਾ। ਪਰ ਉਹ ਸਾਨੂੰ ਸ਼ਕਤੀ ਜ਼ਰੂਰ ਦਿੰਦਾ ਹੈ ਕਿ ਅਸੀਂ “ਸੱਭੋ ਕੁਝ” ਸਹਿ ਸਕੀਏ, ਡਿਪਰੈਸ਼ਨ ਵੀ। (ਫ਼ਿਲਿੱਪੀਆਂ 4:13) ਮਾਰਟੀਨਾ ਦੱਸਦੀ ਹੈ: “ਜਦੋਂ ਮੈਨੂੰ ਡਿਪਰੈਸ਼ਨ ਹੋਇਆ ਸੀ, ਤਾਂ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਮੈਨੂੰ ਇਕਦਮ ਠੀਕ ਕਰ ਦੇਵੇ ਕਿਉਂਕਿ ਮੈਨੂੰ ਲੱਗਾ ਕਿ ਮੈਂ ਇਸ ਰੋਗ ਨੂੰ ਸਹਿ ਨਾ ਸਕਾਂਗੀ। ਹੁਣ ਮੈਂ ਹਰ ਰੋਜ਼ ਹੀ ਤਾਕਤ ਮੰਗ ਕੇ ਰਾਜ਼ੀ ਹਾਂ।”

ਬਾਈਬਲ ਤੋਂ ਸਾਨੂੰ ਅਜਿਹੀ ਤਾਕਤ ਮਿਲਦੀ ਹੈ ਜਿਸ ਨਾਲ ਅਸੀਂ ਡਿਪਰੈਸ਼ਨ ਸਹਿ ਸਕਦੇ ਹਾਂ। ਸੇਰਾਹ ਨੇ 35 ਸਾਲਾਂ ਲਈ ਇਸ ਬੀਮਾਰੀ ਦਾ ਸਾਮ੍ਹਣਾ ਕੀਤਾ ਹੈ ਅਤੇ ਉਸ ਨੇ ਰੋਜ਼ ਬਾਈਬਲ ਪੜ੍ਹਨ ਦੇ ਫ਼ਾਇਦੇ ਦੇਖੇ ਹਨ। ਉਹ ਕਹਿੰਦੀ ਹੈ: “ਮੈਂ ਡਾਕਟਰਾਂ ਦੀ ਮਦਦ ਲਈ ਬਹੁਤ ਧੰਨਵਾਦੀ ਹਾਂ। ਪਰ ਇਸ ਤੋਂ ਵੀ ਵੱਧ ਮੈਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਬਹੁਤ ਮਦਦ ਮਿਲੀ ਹੈ। ਇਸ ਲਈ ਮੈਂ ਬਾਈਬਲ ਪੜ੍ਹਨ ਦੀ ਆਦਤ ਪਾਈ ਹੈ।”

ਫਿਰ ਕਦੀ ਵੀ ਡਿਪਰੈਸ਼ਨ ਨਹੀਂ ਹੋਵੇਗਾ!

ਜਦ ਯਿਸੂ ਧਰਤੀ ʼਤੇ ਸੀ ਉਸ ਨੇ ਦਿਖਾਇਆ ਕਿ ਦੁਖਦਾਈ ਬੀਮਾਰੀਆਂ ਦੂਰ ਕਰਨ ਲਈ ਉਸ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ ਮਿਲੀ ਸੀ। ਯਿਸੂ ਉਨ੍ਹਾਂ ਲੋਕਾਂ ਨੂੰ ਰਾਹਤ ਦੇਣੀ ਚਾਹੁੰਦਾ ਸੀ ਜੋ ਬੀਮਾਰੀਆਂ ਨਾਲ ਪੀੜਿਤ ਸਨ। ਇੰਨਾ ਹੀ ਨਹੀਂ, ਉਹ ਖ਼ੁਦ ਜਾਣਦਾ ਹੈ ਕਿ ਦੁੱਖ ਸਹਿਣ ਦਾ ਕੀ ਮਤਲਬ ਹੈ। ਜਿਸ ਰਾਤ ਯਿਸੂ ਨੇ ਦਰਦਨਾਕ ਮੌਤ ਮਰਨਾ ਸੀ ਉਸ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸੱਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ।” (ਇਬਰਾਨੀਆਂ 5:7) ਭਾਵੇਂ ਇਹ ਯਿਸੂ ਲਈ ਬਹੁਤ ਦੁੱਖ ਭਰਿਆ ਸਮਾਂ ਸੀ, ਪਰ ਸਾਨੂੰ ਅੱਜ ਇਸ ਦਾ ਫ਼ਾਇਦਾ ਹੁੰਦਾ ਹੈ ਕਿਉਂਕਿ “ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।”—ਇਬਰਾਨੀਆਂ 2:18; 1 ਯੂਹੰਨਾ 2:1, 2.

ਬਾਈਬਲ ਮੁਤਾਬਕ ਪਰਮੇਸ਼ੁਰ ਦਾ ਮਕਸਦ ਹੈ ਕਿ ਉਹ ਡਿਪਰੈਸ਼ਨ ਨਾਲ ਸੰਬੰਧਿਤ ਸਾਰੀਆਂ ਮੁਸ਼ਕਲਾਂ ਦਾ ਅੰਤ ਲਿਆਵੇਗਾ। ਉਹ ਵਾਅਦਾ ਕਰਦਾ ਹੈ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ।” (ਯਸਾਯਾਹ 65:17, 18) “ਨਵਾਂ ਅਕਾਸ਼” ਪਰਮੇਸ਼ੁਰ ਦਾ ਰਾਜ ਹੈ ਅਤੇ “ਨਵੀਂ ਧਰਤੀ” ਉਸ ʼਤੇ ਰਹਿਣ ਵਾਲੇ ਧਰਮੀ ਲੋਕ। ਪਰਮੇਸ਼ੁਰ ਦੇ ਰਾਜ ਅਧੀਨ ਇਹ ਲੋਕ ਪਰਮੇਸ਼ੁਰ ਦੇ ਨਜ਼ਦੀਕ ਹੋਣਗੇ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ। ਉਸ ਸਮੇਂ ਸਾਰੇ ਰੋਗ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ। (g09 07)

“ਹੇ ਪ੍ਰਭੂ [ਯਹੋਵਾਹ], ਤਦ ਮੈਂ ਉਸ ਟੋਏ ਦੀ ਡੂੰਘਾਈ ਵਿਚੋਂ ਤੈਨੂੰ ਪੁਕਾਰਿਆ, ਅਤੇ ਤੇਰੇ ਅੱਗੇ ਬੇਨਤੀ ਕੀਤੀ, ਤਾਂ ਤੂੰ ਮੇਰੀ ਸੁਣ ਲਈ। ਤੂੰ ਮੈਨੂੰ ਉੱਤਰ ਦਿੱਤਾ ਅਤੇ ਕਿਹਾ, ‘ਡਰ ਨਾ!’”—ਵਿਰਲਾਪ 3:55-57, CL.

“ਕਮਦਿਲਿਆਂ ਨੂੰ ਦਿਲਾਸਾ ਦਿਓ”

ਬਾਰਬਰਾ ਡਿਪਰੈਸ਼ਨ ਦੀ ਸ਼ਿਕਾਰ ਹੈ। ਜਦ ਉਹ ਇੰਨੀ ਦੁਖੀ ਤੇ ਨਿਕੰਮੀ ਮਹਿਸੂਸ ਕਰਦੀ ਹੈ ਕਿ ਉਹ ਇਸ ਨੂੰ ਸਹਿ ਨਹੀਂ ਸਕਦੀ, ਤਾਂ ਉਹ ਤੇ ਉਸ ਦਾ ਪਤੀ, ਜੈਰਾਡ ਨਾਂ ਦੇ ਦੋਸਤ ਨੂੰ ਫ਼ੋਨ ਕਰਦੇ ਹਨ ਜੋ ਯਹੋਵਾਹ ਦਾ ਗਵਾਹ ਹੈ। ਜਦ ਬਾਰਬਰਾ ਰੋ-ਰੋ ਕੇ ਉਹੀ ਦੁੱਖ ਭਰੀਆਂ ਗੱਲਾਂ ਦੱਸਦੀ ਹੈ ਜੋ ਉਹ ਕਈ ਵਾਰ ਪਹਿਲਾਂ ਵੀ ਸੁਣ ਚੁੱਕਾ ਹੈ, ਤਾਂ ਉਹ ਹਮੇਸ਼ਾ ਧੀਰਜ ਨਾਲ ਸੁਣਦਾ ਹੈ।

ਜੈਰਾਡ ਨੇ ਦੋਸ਼ ਲਾਉਣ ਜਾਂ ਬਹਿਸ ਕਰਨ ਤੋਂ ਬਿਨਾਂ ਬਾਰਬਰਾ ਦੀ ਗੱਲ ਸੁਣਨੀ ਸਿੱਖੀ ਹੈ। (ਯਾਕੂਬ 1:19) ਜਿਸ ਤਰ੍ਹਾਂ ਬਾਈਬਲ ਸਲਾਹ ਦਿੰਦੀ ਹੈ ਉਸ ਨੇ “ਕਮਦਿਲਿਆਂ ਨੂੰ ਦਿਲਾਸਾ” ਦੇਣਾ ਸਿੱਖਿਆ ਹੈ। (1 ਥੱਸਲੁਨੀਕੀਆਂ 5:14) ਧੀਰਜ ਨਾਲ ਉਹ ਬਾਰਬਰਾ ਨੂੰ ਯਾਦ ਕਰਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ, ਉਸ ਦਾ ਪਰਿਵਾਰ ਅਤੇ ਉਸ ਦੇ ਦੋਸਤ-ਮਿੱਤਰ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੇ ਇਕ-ਦੋ ਹਵਾਲੇ ਪੜ੍ਹ ਕੇ ਸੁਣਾਉਂਦਾ ਹੈ, ਭਾਵੇਂ ਉਸ ਨੇ ਇਹ ਪਹਿਲਾਂ ਵੀ ਪੜ੍ਹ ਕੇ ਸੁਣਾਏ ਹੋਣ। ਫਿਰ ਜੇ ਉਹ ਰਾਜ਼ੀ ਹੋਣ, ਤਾਂ ਉਹ ਉਨ੍ਹਾਂ ਦੋਹਾਂ ਨਾਲ ਫ਼ੋਨ ʼਤੇ ਪ੍ਰਾਰਥਨਾ ਕਰਦਾ ਹੈ ਜਿਸ ਤੋਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਦਾ ਹੈ।—ਯਾਕੂਬ 5:14, 15.

ਜੈਰਾਡ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਡਾਕਟਰ ਨਹੀਂ ਹੈ, ਇਸ ਲਈ ਉਹ ਬਾਰਬਰਾ ਦੇ ਡਾਕਟਰਾਂ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰਦਾ। ਪਰ ਉਹ ਉਸ ਨੂੰ ਅਜਿਹੀ ਚੀਜ਼ ਦੇ ਸਕਦਾ ਹੈ ਜੋ ਡਾਕਟਰ ਨਹੀਂ ਦੇ ਸਕਦੇ—ਬਾਈਬਲ ਤੋਂ ਹੌਸਲਾ। ਇਸ ਦੇ ਨਾਲ-ਨਾਲ ਉਹ ਉਸ ਲਈ ਦਿਲਾਸੇ ਭਰੀਆਂ ਪ੍ਰਾਰਥਨਾਵਾਂ ਕਰਦਾ ਹੈ।

“ਕਮਦਿਲਿਆਂ ਨੂੰ ਦਿਲਾਸਾ” ਦੇਣ ਲਈ

ਤੁਸੀਂ ਕਹਿ ਸਕਦੇ ਹੋ: “ਮੈਂ ਤੁਹਾਡੇ ਬਾਰੇ ਸੋਚ ਰਿਹਾ ਸੀ। ਮੈਨੂੰ ਪਤਾ ਕਿ ਤੁਸੀਂ ਠੀਕ ਨਹੀਂ ਰਹਿੰਦੇ। ਕੀ ਹਾਲ ਹੈ?”

ਯਾਦ ਰੱਖੋ: ਦਿਲੋਂ ਗੱਲ ਕਰੋ ਅਤੇ ਚਾਹੇ ਵਿਅਕਤੀ ਉਹੀ ਗੱਲਾਂ ਕਹਿੰਦਾ ਹੈ ਜੋ ਪਹਿਲਾਂ ਵੀ ਕਹਿ ਚੁੱਕਾ ਹੈ, ਹਮਦਰਦੀ ਨਾਲ ਸੁਣੋ।

ਤੁਸੀਂ ਕਹਿ ਸਕਦੇ ਹੋ: “ਮਾੜੀ ਸਹਿਤ ਦੇ ਬਾਵਜੂਦ ਮੈਂ ਹੈਰਾਨ ਹਾਂ ਕਿ ਤੁਸੀਂ ਕਿੰਨਾ ਕਰ ਪਾਉਂਦੇ ਹੋ (ਜਾਂ “ਮੈਨੂੰ ਹੌਸਲਾ ਮਿਲਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹੋ।”) ਤੁਸੀਂ ਜਿੰਨਾ ਕਰ ਪਾਉਂਦੇ ਹੋ ਉਸ ਤੋਂ ਯਹੋਵਾਹ ਖ਼ੁਸ਼ ਹੈ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।”

ਯਾਦ ਰੱਖੋ: ਕੋਮਲ ਅਤੇ ਹਮਦਰਦ ਬਣੋ।

ਤੁਸੀਂ ਕਹਿ ਸਕਦੇ ਹੋ: “ਮੈਨੂੰ ਬਾਈਬਲ ਦੇ ਇਸ ਹਵਾਲੇ ਤੋਂ ਬਹੁਤ ਹੌਸਲਾ ਮਿਲਿਆ।” ਜਾਂ “ਬਾਈਬਲ ਵਿੱਚੋਂ ਮੈਂ ਆਪਣਾ ਇਕ ਮਨਪਸੰਦ ਹਵਾਲਾ ਪੜ੍ਹ ਰਿਹਾ ਸੀ ਅਤੇ ਮੈਂ ਤੁਹਾਡੇ ਬਾਰੇ ਸੋਚਿਆ।” ਫਿਰ ਉਸ ਨੂੰ ਹਵਾਲਾ ਪੜ੍ਹ ਕੇ ਸੁਣਾਓ।

ਯਾਦ ਰੱਖੋ: ਪਿਆਰ ਨਾਲ ਗੱਲ ਕਰੋ।

ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ

ਲਰੈਨ ਨੂੰ ਯਸਾਯਾਹ 41:10 ਵਿਚ ਯਹੋਵਾਹ ਦੇ ਵਾਅਦੇ ਤੋਂ ਬਹੁਤ ਤਸੱਲੀ ਮਿਲਦੀ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”

ਆਲਵਰੂ ਕਹਿੰਦਾ ਹੈ ਕਿ ਜ਼ਬੂਰ 34:4, 6 ਦੇ ਸ਼ਬਦਾਂ ਤੋਂ ਉਸ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ: “ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦਿਆਂ ਸਾਰਿਆਂ ਦੁਖਾਂ ਤੋਂ ਉਹ ਨੂੰ ਬਚਾਇਆ।”

ਨਾਓਆ ਦੱਸਦਾ ਹੈ ਕਿ ਜ਼ਬੂਰ 40:1, 2 ਪੜ੍ਹ ਕੇ ਉਸ ਨੂੰ ਹਮੇਸ਼ਾ ਦਿਲਾਸਾ ਮਿਲਦਾ ਹੈ: “ਮੈਂ ਜਿਗਰਾ ਕਰ ਕੇ ਯਹੋਵਾਹ ਨੂੰ ਉਡੀਕਿਆ, ਅਤੇ ਉਸ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ। ਉਸ ਨੇ . . . ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ।”

ਨਾਯੋਕੋ ਨੂੰ ਜ਼ਬੂਰ 147:3 ਤੋਂ ਹੌਸਲਾ ਮਿਲਦਾ ਹੈ ਕਿ ਯਹੋਵਾਹ “ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”

ਲੂਕਾ 12:6, 7 ਵਿਚ ਯਿਸੂ ਦੇ ਸ਼ਬਦਾਂ ਨੇ ਯਹੋਵਾਹ ʼਤੇ ਭਰੋਸਾ ਰੱਖਣ ਵਿਚ ਏਲੀਜ਼ ਦੀ ਮਦਦ ਕੀਤੀ ਹੈ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”

ਬਾਈਬਲ ਦੇ ਹੋਰ ਹਵਾਲੇ:

  • ਜ਼ਬੂਰ 39:12: “ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਧਰ, ਮੇਰਿਆਂ ਅੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ।”

  • 2 ਕੁਰਿੰਥੀਆਂ 7:6: ਪਰਮੇਸ਼ੁਰ “ਦੁਖੀਆਂ ਨੂੰ ਸੁਖ ਦਿੰਦਾ ਹੈ।”—ERV.

  • 1 ਪਤਰਸ 5:7: “ਆਪਣੀ ਸਾਰੀ ਚਿੰਤਾ [ਪਰਮੇਸ਼ੁਰ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ