ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/11 ਸਫ਼ੇ 14-15
  • ਮੁਸੀਬਤਾਂ ਵਿਚ ਰੱਬ ਹੀ ਮੇਰਾ ਸਹਾਰਾ ਰਿਹਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੁਸੀਬਤਾਂ ਵਿਚ ਰੱਬ ਹੀ ਮੇਰਾ ਸਹਾਰਾ ਰਿਹਾ
  • ਜਾਗਰੂਕ ਬਣੋ!—2011
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੈਨੂੰ ਦਿਲਾਸਾ ਕਿਵੇਂ ਮਿਲਿਆ
  • ਮੁਸੀਬਤਾਂ ਦਾ ਸਾਮ੍ਹਣਾ ਕਰਨਾ
  • ਮਕਸਦ ਭਰੀ ਜ਼ਿੰਦਗੀ
  • ਮੁਸੀਬਤਾਂ ਦੇ ਬਾਵਜੂਦ ਤਨ-ਮਨ ਨਾਲ ਸੇਵਾ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਜਾਗਰੂਕ ਬਣੋ!—2011
g 4/11 ਸਫ਼ੇ 14-15

ਮੁਸੀਬਤਾਂ ਵਿਚ ਰੱਬ ਹੀ ਮੇਰਾ ਸਹਾਰਾ ਰਿਹਾ

ਵਿਕਟੋਰੀਆ ਕੋਹੋਈ ਦੀ ਜ਼ਬਾਨੀ

ਇਕ ਡਾਕਟਰ ਨੇ ਮੇਰੀ ਮੰਮੀ ਨੂੰ ਕਿਹਾ: “ਅਫ਼ਸੋਸ, ਅਸੀਂ ਤੁਹਾਡੀ ਬੇਟੀ ਲਈ ਹੋਰ ਕੁਝ ਨਹੀਂ ਕਰ ਸਕਦੇ, ਉਹ ਜ਼ਿੰਦਗੀ ਭਰ ਅਪਾਹਜ ਰਹੇਗੀ। ਉਸ ਨੂੰ ਹਮੇਸ਼ਾ ਲੱਤਾਂ ʼਤੇ ਬਰੈਸਿਜ਼ ਬੰਨ੍ਹ ਕੇ ਫੌੜੀਆਂ ਦੇ ਸਹਾਰੇ ਤੁਰਨਾ ਪਵੇਗਾ।” ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ! ਜੇ ਮੈਂ ਤੁਰ-ਫਿਰ ਨਹੀਂ ਸਕਾਂਗੀ, ਤਾਂ ਮੈਂ ਕੀ ਕਰਾਂਗੀ?

ਮੇਰਾ ਜਨਮ 17 ਨਵੰਬਰ 1949 ਵਿਚ ਮੈਕਸੀਕੋ ਦੇ ਚੀਆਪਾਸ ਰਾਜ ਵਿਚ ਟੌਪੌਚੁਲੋ ਸ਼ਹਿਰ ਵਿਚ ਹੋਇਆ ਸੀ। ਮੈਂ ਹੱਸਦੀ-ਖੇਡਦੀ ਆਪਣੇ ਮਾਪਿਆਂ ਦੇ ਚਾਰਾਂ ਬੱਚਿਆਂ ਵਿੱਚੋਂ ਸਭ ਤੋਂ ਵੱਡੀ, ਸਿਹਤਮੰਦ ਤੇ ਲਾਡਲੀ ਧੀ ਸੀ। ਪਰ ਛੇ ਮਹੀਨਿਆਂ ਬਾਅਦ ਮੈਂ ਅਚਾਨਕ ਰਿੜ੍ਹਨਾ ਬੰਦ ਕਰ ਦਿੱਤਾ। ਫਿਰ ਦੋ ਮਹੀਨਿਆਂ ਬਾਅਦ ਮੇਰਾ ਸਰੀਰ ਕੰਮ ਕਰਨੋਂ ਰਹਿ ਗਿਆ। ਡਾਕਟਰ ਹੈਰਾਨ-ਪਰੇਸ਼ਾਨ ਸਨ ਕਿਉਂਕਿ ਸਾਡੇ ਇਲਾਕੇ ਦੇ ਬਾਕੀ ਬੱਚਿਆਂ ਵਿਚ ਵੀ ਇਸੇ ਤਰ੍ਹਾਂ ਦੇ ਲੱਛਣ ਪਾਏ ਜਾ ਰਹੇ ਸਨ। ਸੋ ਮੈਕਸੀਕੋ ਸਿਟੀ ਤੋਂ ਇਕ ਸਪੈਸ਼ਲ ਡਾਕਟਰ ਨੂੰ ਬੁਲਾਇਆ ਗਿਆ ਜਿਸ ਨੇ ਸਾਨੂੰ ਸਾਰਿਆਂ ਨੂੰ ਚੈੱਕ ਕੀਤਾ। ਉਸ ਨੇ ਦੱਸਿਆ ਕਿ ਸਾਨੂੰ ਬੱਚਿਆਂ ਨੂੰ ਪੋਲੀਓ ਦੀ ਬੀਮਾਰੀ ਹੋ ਗਈ ਸੀ।

ਜਦੋਂ ਮੈਂ ਤਿੰਨ ਸਾਲਾਂ ਦੀ ਸੀ ਉਦੋਂ ਮੇਰੀ ਕਮਰ, ਗੋਡਿਆਂ ਅਤੇ ਗਿੱਟਿਆਂ ਦੇ ਉਪਰੇਸ਼ਨ ਹੋਏ। ਬਾਅਦ ਵਿਚ ਇਸ ਬੀਮਾਰੀ ਨੇ ਮੇਰੇ ਸੱਜੇ ਮੋਢੇ ʼਤੇ ਬੜਾ ਬੁਰਾ ਅਸਰ ਪਾਇਆ। ਛੇ ਸਾਲ ਦੀ ਉਮਰ ਵਿਚ ਮੈਨੂੰ ਮੈਕਸੀਕੋ ਸਿਟੀ ਵਿਚ ਲਿਜਾਇਆ ਗਿਆ ਤਾਂਕਿ ਬੱਚਿਆਂ ਦੇ ਹਸਪਤਾਲ ਵਿਚ ਮੇਰਾ ਇਲਾਜ ਜਾਰੀ ਰਹਿ ਸਕੇ। ਮੇਰੀ ਮੰਮੀ ਚੀਆਪਾਸ ਦੇ ਖੇਤਾਂ ਵਿਚ ਕੰਮ ਕਰਦੀ ਸੀ, ਸੋ ਮੈਂ ਮੈਕਸੀਕੋ ਸਿਟੀ ਵਿਚ ਆਪਣੀ ਨਾਨੀ ਨਾਲ ਰਹਿਣ ਲੱਗ ਪਈ। ਪਰ ਮੈਂ ਜ਼ਿਆਦਾਤਰ ਹਸਪਤਾਲ ਵਿਚ ਹੀ ਹੁੰਦੀ ਸੀ।

ਅੱਠ ਸਾਲਾਂ ਦੀ ਉਮਰ ਵਿਚ ਮੈਂ ਥੋੜ੍ਹਾ ਜਿਹਾ ਠੀਕ ਹੋਈ। ਪਰ ਬਾਅਦ ਵਿਚ ਮੇਰੀ ਸਿਹਤ ਹੋਰ ਵਿਗੜ ਗਈ ਤੇ ਮੈਂ ਹਿਲਣੋਂ-ਜੁਲਣੋਂ ਵੀ ਰਹਿ ਗਈ। ਇਸ ਸਮੇਂ ਡਾਕਟਰਾਂ ਨੇ ਕਿਹਾ ਕਿ ਮੈਨੂੰ ਉਮਰ ਭਰ ਲੱਤਾਂ ʼਤੇ ਬਰੈਸਿਜ਼ ਬੰਨ੍ਹ ਕੇ ਫੌੜੀਆਂ ਦੇ ਸਹਾਰੇ ਹੀ ਚੱਲਣਾ ਪਵੇਗਾ।

15 ਸਾਲ ਦੀ ਉਮਰ ਵਿਚ ਮੇਰੀ ਰੀੜ੍ਹ ਦੀ ਹੱਡੀ, ਲੱਤਾਂ, ਗੋਡਿਆਂ, ਗਿੱਟਿਆਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ 25 ਉਪਰੇਸ਼ਨ ਹੋ ਚੁੱਕੇ ਸਨ। ਹਰ ਉਪਰੇਸ਼ਨ ਤੋਂ ਬਾਅਦ ਮੈਨੂੰ ਠੀਕ ਹੋਣ ਵਿਚ ਸਮਾਂ ਲੱਗਦਾ ਸੀ। ਇਕ ਉਪਰੇਸ਼ਨ ਤੋਂ ਬਾਅਦ ਮੇਰੀਆਂ ਲੱਤਾਂ ʼਤੇ ਪਲਸਤਰ ਬੰਨ੍ਹਿਆ ਗਿਆ। ਜਦੋਂ ਪਲਸਤਰ ਉਤਾਰਿਆ ਗਿਆ, ਤਾਂ ਮੈਨੂੰ ਕਸਰਤ ਕਰਨੀ ਪਈ ਜਿਸ ਨਾਲ ਬਹੁਤ ਦਰਦ ਹੁੰਦਾ ਸੀ।

ਮੈਨੂੰ ਦਿਲਾਸਾ ਕਿਵੇਂ ਮਿਲਿਆ

ਜਦੋਂ ਮੈਂ ਗਿਆਰਾਂ ਸਾਲਾਂ ਦੀ ਸੀ, ਤਾਂ ਇਕ ਉਪਰੇਸ਼ਨ ਤੋਂ ਬਾਅਦ ਮੇਰੀ ਮੰਮੀ ਮੈਨੂੰ ਮਿਲਣ ਲਈ ਆਈ। ਉਸ ਨੇ ਸਿੱਖਿਆ ਸੀ ਕਿ ਯਿਸੂ ਨੇ ਬੀਮਾਰਾਂ ਨੂੰ ਚੰਗਾ ਕੀਤਾ ਸੀ ਅਤੇ ਅਧਰੰਗੀਆਂ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਸੀ। ਮੰਮੀ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਪਹਿਰਾਬੁਰਜ ਰਸਾਲੇ ਦੀ ਇਕ ਕਾਪੀ ਮੈਨੂੰ ਦਿੱਤੀ ਜਿਸ ਤੋਂ ਉਸ ਨੇ ਇਹ ਸਾਰੀਆਂ ਗੱਲਾਂ ਸਿੱਖੀਆਂ ਸਨ। ਮੈਂ ਇਸ ਰਸਾਲੇ ਨੂੰ ਆਪਣੇ ਸਿਰਹਾਣੇ ਹੇਠਾਂ ਲੁਕੋ ਲਿਆ, ਪਰ ਇਕ ਦਿਨ ਨਰਸਾਂ ਨੇ ਰਸਾਲਾ ਉੱਥੋਂ ਚੁੱਕ ਲਿਆ। ਉਨ੍ਹਾਂ ਨੇ ਮੈਨੂੰ ਝਿੜਕਿਆ ਅਤੇ ਦੁਬਾਰਾ ਪੜ੍ਹਨ ਤੋਂ ਮਨ੍ਹਾ ਕੀਤਾ।

ਇਕ ਸਾਲ ਬਾਅਦ ਮੇਰੀ ਮੰਮੀ ਚੀਆਪਾਸ ਤੋਂ ਫਿਰ ਮੈਨੂੰ ਮਿਲਣ ਆਈ। ਉਹ ਉਦੋਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਹੀ ਸੀ। ਇਸ ਵਾਰ ਉਸ ਨੇ ਮੈਨੂੰ ਕਿਤਾਬ ਦਿੱਤੀ ਜੋ ਪਰਮੇਸ਼ੁਰ ਦੇ ਰਾਜ ਅਧੀਨ ਮਿਲਣ ਵਾਲੀਆਂ ਬਰਕਤਾਂ ਬਾਰੇ ਸੀ। ਉਸ ਨੇ ਕਿਹਾ ਕਿ “ਜੇ ਤੂੰ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦੀ ਹੈਂ ਜਿੱਥੇ ਯਿਸੂ ਤੈਨੂੰ ਚੰਗਾ ਕਰੇਗਾ, ਤਾਂ ਤੈਨੂੰ ਬਾਈਬਲ ਸਟੱਡੀ ਕਰਨੀ ਪਵੇਗੀ।” ਮੈਂ ਆਪਣੀ ਨਾਨੀ ਦੇ ਵਿਰੋਧ ਦੇ ਬਾਵਜੂਦ 14 ਸਾਲ ਦੀ ਉਮਰ ਵਿਚ ਬਾਈਬਲ ਸਟੱਡੀ ਕਰਨ ਲੱਗ ਪਈ। ਅਗਲੇ ਸਾਲ ਮੈਨੂੰ ਹਸਪਤਾਲ ਛੱਡਣਾ ਪਿਆ ਕਿਉਂਕਿ ਉਹ ਸਿਰਫ਼ ਨਿਆਣਿਆਂ ਦਾ ਹੀ ਇਲਾਜ ਕਰਦੇ ਸਨ।

ਮੁਸੀਬਤਾਂ ਦਾ ਸਾਮ੍ਹਣਾ ਕਰਨਾ

ਮੈਂ ਬਹੁਤ ਨਿਰਾਸ਼ ਹੋ ਗਈ। ਆਪਣੀ ਨਾਨੀ ਦੇ ਸਖ਼ਤ ਵਿਰੋਧ ਦੇ ਕਾਰਨ ਮੈਨੂੰ ਚੀਆਪਾਸ ਵਾਪਸ ਜਾ ਕੇ ਆਪਣੇ ਮਾਪਿਆਂ ਨਾਲ ਰਹਿਣਾ ਪਿਆ। ਮੇਰੇ ਡੈਡੀ ਬਹੁਤ ਸ਼ਰਾਬ ਪੀਂਦੇ ਸਨ ਜਿਸ ਕਰਕੇ ਘਰ ਵਿਚ ਬਹੁਤ ਮੁਸ਼ਕਲਾਂ ਸਨ। ਕਈ ਵਾਰ ਮੈਨੂੰ ਲੱਗਦਾ ਸੀ ਕਿ ਇਹ ਜੀਣਾ ਵੀ ਕੋਈ ਜੀਣਾ ਹੈ। ਮੈਂ ਸੋਚਿਆ ਕਿ ਮੈਨੂੰ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ ਹੈ। ਪਰ ਜਿਉਂ-ਜਿਉਂ ਮੈਂ ਬਾਈਬਲ ਦੀ ਸਟੱਡੀ ਕਰਦੀ ਗਈ ਮੇਰਾ ਨਜ਼ਰੀਆ ਬਦਲਦਾ ਗਿਆ। ਬਾਈਬਲ ਵਿਚ ਦਿੱਤੀ ਨਵੀਂ ਦੁਨੀਆਂ ਦੀ ਉਮੀਦ ਬਾਰੇ ਸੋਚ ਕੇ ਮੈਂ ਬੜੀ ਖ਼ੁਸ਼ ਰਹਿਣ ਲੱਗ ਪਈ।

ਮੈਂ ਦੂਜਿਆਂ ਨੂੰ ਵੀ ਬਾਈਬਲ ਦੀ ਇਸ ਸ਼ਾਨਦਾਰ ਉਮੀਦ ਬਾਰੇ ਦੱਸਣ ਲੱਗ ਪਈ। (ਯਸਾਯਾਹ 2:4; 9:6, 7; 11:6-9; ਪਰਕਾਸ਼ ਦੀ ਪੋਥੀ 21:3, 4) ਆਖ਼ਰਕਾਰ 18 ਸਾਲ ਦੀ ਉਮਰ ਵਿਚ ਮੈਂ 8 ਮਈ 1968 ਵਿਚ ਯਹੋਵਾਹ ਦੀ ਇਕ ਗਵਾਹ ਵਜੋਂ ਬਪਤਿਸਮਾ ਲੈ ਲਿਆ। ਮੈਂ 1974 ਤੋਂ ਲੈ ਕੇ ਹੁਣ ਤਕ ਹਰ ਮਹੀਨੇ ਪ੍ਰਚਾਰ ਵਿਚ 70 ਤੋਂ ਜ਼ਿਆਦਾ ਘੰਟੇ ਬਿਤਾਉਂਦੀ ਆਈ ਹਾਂ ਅਤੇ ਲੋਕਾਂ ਨੂੰ ਉਸੇ ਉਮੀਦ ਬਾਰੇ ਦੱਸਦੀ ਹਾਂ ਜਿਸ ਨੇ ਮੈਨੂੰ ਅੱਜ ਤਕ ਜ਼ਿੰਦਾ ਰੱਖਿਆ ਹੈ।

ਮਕਸਦ ਭਰੀ ਜ਼ਿੰਦਗੀ

ਕੁਝ ਸਮੇਂ ਬਾਅਦ ਮੰਮੀ ਤੇ ਮੈਂ ਟੀਉਵਾਨਾ ਸ਼ਹਿਰ ਵਿਚ ਜਾ ਕੇ ਰਹਿਣ ਲੱਗ ਪਈਆਂ ਜੋ ਮੈਕਸੀਕੋ ਅਤੇ ਅਮਰੀਕਾ ਦੇ ਬਾਰਡਰ ਵਿਚਕਾਰ ਪੈਂਦਾ ਹੈ। ਸਾਡਾ ਘਰ ਭਾਵੇਂ ਛੋਟਾ ਹੈ, ਪਰ ਸਾਡੇ ਲਈ ਠੀਕ ਹੈ। ਮੈਂ ਹਾਲੇ ਵੀ ਬਰੈਸਿਜ਼ ਬੰਨ੍ਹ ਕੇ ਫੌੜੀਆਂ ਦੇ ਸਹਾਰੇ ਘਰ ਵਿਚ ਚੱਲ-ਫਿਰ ਸਕਦੀ ਹਾਂ। ਮੈਂ ਵ੍ਹੀਲ-ਚੇਅਰ ਵਿਚ ਬੈਠ ਕੇ ਖਾਣਾ ਪਕਾ ਸਕਦੀ ਹਾਂ, ਆਪਣੇ ਕੱਪੜੇ ਧੋ ਅਤੇ ਪ੍ਰੈੱਸ ਕਰ ਸਕਦੀ ਹਾਂ। ਮੈਂ ਪ੍ਰਚਾਰ ਵਿਚ ਬਿਜਲੀ ਨਾਲ ਚੱਲਦੀ ਛੋਟੀ ਜਿਹੀ ਗੱਡੀ ਵਰਤਦੀ ਹਾਂ ਜੋ ਮੇਰੀਆਂ ਲੋੜਾਂ ਅਨੁਸਾਰ ਬਣਾਈ ਗਈ ਹੈ।

ਸੜਕਾਂ ਅਤੇ ਘਰਾਂ ਵਿਚ ਲੋਕਾਂ ਨੂੰ ਬਾਈਬਲ ਬਾਰੇ ਦੱਸਣ ਤੋਂ ਇਲਾਵਾ, ਮੈਂ ਆਪਣੇ ਲਾਗੇ ਦੇ ਇਕ ਹਸਪਤਾਲ ਵਿਚ ਜਾ ਕੇ ਮਰੀਜ਼ਾਂ ਨਾਲ ਬਾਈਬਲ ਤੋਂ ਗੱਲਾਂ ਕਰਦੀ ਹਾਂ। ਉਸ ਤੋਂ ਬਾਅਦ ਮੈਂ ਆਪਣੇ ਗੱਡੀ ਵਿਚ ਬਾਜ਼ਾਰੋਂ ਰਾਸ਼ਨ-ਪਾਣੀ ਖ਼ਰੀਦ ਕੇ ਘਰ ਲਿਆਉਂਦੀ ਹਾਂ। ਫਿਰ ਮੈਂ ਖਾਣਾ ਪਕਾਉਣ ਅਤੇ ਹੋਰ ਕੰਮਾਂ-ਕਾਰਾਂ ਵਿਚ ਮੰਮੀ ਦੀ ਮਦਦ ਕਰਦੀ ਹਾਂ।

ਆਪਣਾ ਖ਼ਰਚਾ ਤੋਰਨ ਲਈ ਮੈਂ ਪੁਰਾਣੇ ਕੱਪੜੇ ਵੇਚਦੀ ਹਾਂ। ਮੰਮੀ ਹੁਣ 78 ਸਾਲਾਂ ਦੀ ਹੈ ਅਤੇ ਉਸ ਨੂੰ ਦਿਲ ਦੇ ਤਿੰਨ ਦੌਰੇ ਪੈ ਚੁੱਕੇ ਹਨ ਜਿਸ ਕਰਕੇ ਉਹ ਹੁਣ ਘੱਟ ਹੀ ਕੰਮ ਕਰ ਸਕਦੀ ਹੈ। ਇਸ ਕਰਕੇ ਮੈਂ ਉਸ ਦੀ ਦਵਾਈ ਅਤੇ ਖਾਣ-ਪੀਣ ਦਾ ਪੂਰਾ ਧਿਆਨ ਰੱਖਦੀ ਹਾਂ। ਮਾੜੀ ਸਿਹਤ ਦੇ ਬਾਵਜੂਦ ਅਸੀਂ ਦੋਵੇਂ ਮੀਟਿੰਗਾਂ ਵਿਚ ਜਾਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਾਂ। ਮੈਂ ਹੁਣ ਤਕ 30 ਤੋਂ ਜ਼ਿਆਦਾ ਜਣਿਆਂ ਨੂੰ ਬਾਈਬਲ ਸਟੱਡੀ ਕਰਾਂ ਚੁੱਕੀ ਹਾਂ ਜੋ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ।

ਮੈਨੂੰ ਯਕੀਨ ਹੈ ਕਿ ਬਾਈਬਲ ਦੀ ਇਹ ਭਵਿੱਖਬਾਣੀ ਅਖ਼ੀਰ ਵਿਚ ਜ਼ਰੂਰ ਪੂਰੀ ਹੋਵੇਗੀ: “[ਪਰਮੇਸ਼ੁਰ ਦੇ ਰਾਜ ਵਿਚ] ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ।” ਫਿਲਹਾਲ, ਮੈਨੂੰ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਹੌਸਲਾ ਮਿਲਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”—ਯਸਾਯਾਹ 35:6; 41:10.a (g10-E 12)

[ਫੁਟਨੋਟ]

a 30 ਨਵੰਬਰ 2009 ਨੂੰ ਵਿਕਟੋਰੀਆ ਕੋਹੋਈ ਦੀ ਮੌਤ ਹੋ ਗਈ। ਉਹ 60 ਸਾਲਾਂ ਦੀ ਸੀ। ਉਸ ਦੀ ਮੰਮੀ 5 ਜੁਲਾਈ 2009 ਨੂੰ ਗੁਜ਼ਰ ਗਈ ਸੀ।

[ਸਫ਼ਾ 14 ਉੱਤੇ ਤਸਵੀਰ]

ਸੱਤ ਸਾਲਾਂ ਦੀ ਉਮਰ ਵਿਚ ਲੱਤਾਂ ʼਤੇ ਬਰੈਸਿਜ਼ ਬੰਨ੍ਹੇ

[ਸਫ਼ਾ 15 ਉੱਤੇ ਤਸਵੀਰ]

ਪ੍ਰਚਾਰ ਵਿਚ ਮੈਂ ਬਿਜਲੀ ਨਾਲ ਚੱਲਦੀ ਛੋਟੀ ਜਿਹੀ ਗੱਡੀ ਵਰਤਦੀ ਹਾਂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ