ਨੌਜਵਾਨ ਪੁੱਛਦੇ ਹਨ
ਮੇਰੇ ਮਾਪੇ ਮੈਨੂੰ ਮੌਜ-ਮਸਤੀ ਕਿਉਂ ਨਹੀਂ ਕਰਨ ਦਿੰਦੇ?
ਆਸਟ੍ਰੇਲੀਆ ਵਿਚ ਰਹਿੰਦੀ 17 ਸਾਲਾਂ ਦੀ ਐਲੀਸਨa ਲਈ ਸਕੂਲ ਵਿਚ ਹਰ ਸੋਮਵਾਰ ਦੀ ਸਵੇਰ ਮੁਸ਼ਕਲ ਹੁੰਦੀ ਹੈ।
ਐਲੀਸਨ ਦੱਸਦੀ ਹੈ: “ਸਾਰੇ ਗੱਲਾਂ ਕਰਦੇ ਹਨ ਕਿ ਉਨ੍ਹਾਂ ਨੇ ਸ਼ਨੀਵਾਰ-ਐਤਵਾਰ ਨੂੰ ਕੀ ਕੀਤਾ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਉਨ੍ਹਾਂ ਨੇ ਕਿੰਨਾ ਮਜ਼ਾ ਲਿਆ, ਉਹ ਪਾਰਟੀਆਂ ʼਤੇ ਗਏ, ਦੋਸਤਾਂ ਨੂੰ ਮਿਲੇ ਅਤੇ ਪੁਲਸ ਤੋਂ ਵੀ ਭੱਜੇ . . . ਸੁਣ ਕੇ ਡਰ ਵੀ ਲੱਗਦਾ ਹੈ, ਪਰ ਮਜ਼ਾ ਵੀ ਆਉਂਦਾ ਹੈ! ਉਹ ਸਾਰੀ ਰਾਤ ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਾਪੇ ਕੁਝ ਨਹੀਂ ਕਹਿੰਦੇ! ਜਦੋਂ ਉਨ੍ਹਾਂ ਦੀ ਰਾਤ ਸ਼ੁਰੂ ਹੁੰਦੀ ਹੈ ਮੈਂ ਆਪਣੀ ਅੱਧੀ ਨੀਂਦ ਪੂਰੀ ਕਰ ਲਈ ਹੁੰਦੀ ਹੈ।
“ਆਪਣੀਆਂ ਕਹਾਣੀਆਂ ਦੱਸ ਕੇ ਉਹ ਫਿਰ ਮੈਨੂੰ ਪੁੱਛਦੇ ਹਨ ਕਿ ਮੈਂ ਕੀ ਕੀਤਾ। ਮੈਂ? ਮੈਂ ਮੀਟਿੰਗਾਂ ਵਿਚ ਗਈ ਅਤੇ ਪ੍ਰਚਾਰ ਕੀਤਾ। ਮੈਨੂੰ ਲੱਗਦਾ ਕਿ ਮੈਂ ਤਾਂ ਥੋੜ੍ਹਾ ਜਿਹਾ ਮਜ਼ਾ ਵੀ ਨਹੀਂ ਲਿਆ। ਸੋ ਮੇਰਾ ਇੱਕੋ ਜਵਾਬ ਹੁੰਦਾ ਕਿ ਮੈਂ ਕੁਝ ਨਹੀਂ ਕੀਤਾ। ਫਿਰ ਉਹ ਮੈਨੂੰ ਪੁੱਛਦੇ ਹਨ ਕਿ ਮੈਂ ਉਨ੍ਹਾਂ ਨਾਲ ਕਿਉਂ ਨਹੀਂ ਗਈ।
“ਸੋਮਵਾਰ ਬੀਤ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਗੱਲ ਖ਼ਤਮ। ਮੰਗਲਵਾਰ ਸ਼ੁਰੂ ਹੋਣ ਤੇ ਹੀ ਉਹ ਆਉਣ ਵਾਲੇ ਸ਼ਨੀਵਾਰ-ਐਤਵਾਰ ਦੀਆਂ ਗੱਲਾਂ ਸ਼ੁਰੂ ਕਰ ਲੈਂਦੇ ਹਨ। ਮੈਂ ਬਸ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਹਾਂ। ਮੈਂ ਕਿਉਂ ਨਹੀਂ ਉਨ੍ਹਾਂ ਵਾਂਗ ਕਰ ਸਕਦੀ?”
ਕੀ ਸਕੂਲ ਵਿਚ ਤੁਹਾਡਾ ਸੋਮਵਾਰ ਦਾ ਦਿਨ ਵੀ ਇਸੇ ਤਰ੍ਹਾਂ ਦਾ ਹੁੰਦਾ ਹੈ? ਤੁਸੀਂ ਸ਼ਾਇਦ ਸੋਚੋ ਕਿ ਦੁਨੀਆਂ ਦੇ ਲੋਕ ਮੌਜ-ਮਸਤੀ ਕਰਦੇ ਹਨ, ਪਰ ਮੇਰੇ ਮੰਮੀ-ਡੈਡੀ ਮੈਨੂੰ ਇੱਦਾਂ ਨਹੀਂ ਕਰਨ ਦਿੰਦੇ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਪਾਰਕ ਵਿਚ ਗਏ ਹੋ, ਪਰ ਤੁਹਾਨੂੰ ਉੱਥੇ ਝੂਟੇ ਲੈਣ ਤੋਂ ਰੋਕਿਆ ਜਾਂਦਾ ਹੈ। ਤੁਸੀਂ ਇਕੱਲੇ ਨਹੀਂ ਹੋ ਜੋ ਆਪਣੇ ਹਾਣੀਆਂ ਵਰਗੇ ਬਣਨਾ ਚਾਹੁੰਦੇ ਹੋ। ਤੁਸੀਂ ਵੀ ਕਦੇ-ਕਦਾਈਂ ਮੌਜ-ਮਸਤੀ ਕਰਨੀ ਚਾਹੁੰਦੇ ਹੋ! ਮਿਸਾਲ ਲਈ, ਤੁਸੀਂ ਸ਼ਨੀਵਾਰ-ਐਤਵਾਰ ਨੂੰ ਦਿਲਪਰਚਾਵੇ ਲਈ ਕੀ ਕਰਨਾ ਚਾਹੋਗੇ?
◯ ਡਾਂਸ
◯ ਮਿਊਜ਼ਿਕ ਕੰਨਸਰਟ
◯ ਫ਼ਿਲਮ
◯ ਪਾਰਟੀ
◯ ਹੋਰ ਕੁਝ ․․․․․
ਅਸੀਂ ਸਾਰੇ ਦਿਲਪਰਚਾਵਾ ਕਰਨਾ ਚਾਹੁੰਦੇ ਹਾਂ। (ਉਪਦੇਸ਼ਕ ਦੀ ਪੋਥੀ 3:1, 4) ਦਰਅਸਲ ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਤੁਸੀਂ ਆਪਣੀ ਜਵਾਨੀ ਦਾ ਆਨੰਦ ਮਾਣੋ। (ਉਪਦੇਸ਼ਕ ਦੀ ਪੋਥੀ 11:9) ਕਈ ਵੇਲੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ਮਾਪੇ ਨਹੀਂ ਚਾਹੁੰਦੇ ਕਿ ਤੁਸੀਂ ਮੌਜ-ਮਸਤੀ ਕਰੋ। ਪਰ ਤੁਹਾਡੇ ਮਾਪਿਆਂ ਨੂੰ ਦੋ ਗੱਲਾਂ ਦਾ ਫ਼ਿਕਰ ਹੋ ਸਕਦਾ ਹੈ: (1) ਤੁਸੀਂ ਕੀ ਕਰੋਗੇ ਅਤੇ (2) ਤੁਹਾਡੇ ਨਾਲ ਕੌਣ-ਕੌਣ ਹੋਵੇਗਾ।
ਉਦੋਂ ਕੀ ਜੇ ਤੁਸੀਂ ਆਪਣੇ ਦੋਸਤਾਂ ਨਾਲ ਬਾਹਰ ਘੁੰਮਣਾ ਚਾਹੁੰਦੇ ਹੋ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਮੰਮੀ-ਡੈਡੀ ਤੁਹਾਨੂੰ ਜਾਣ ਦੇਣਗੇ ਜਾਂ ਨਹੀਂ? ਜਦੋਂ ਤੁਹਾਨੂੰ ਕੋਈ ਫ਼ੈਸਲਾ ਲੈਣਾ ਪੈਂਦਾ ਹੈ, ਤਾਂ ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਤੁਸੀਂ ਚੰਗੇ ਤੇ ਮਾੜੇ ਨਤੀਜਿਆਂ ਬਾਰੇ ਪਹਿਲਾਂ ਹੀ ਸੋਚੋ। (ਬਿਵਸਥਾ ਸਾਰ 32:29; ਕਹਾਉਤਾਂ 7:6-23) ਜੇ ਤੁਹਾਡੇ ਦੋਸਤ ਤੁਹਾਨੂੰ ਆਪਣੇ ਨਾਲ ਬਾਹਰ ਘੁੰਮਣ ਲਈ ਕਹਿੰਦੇ ਹਨ, ਤਾਂ ਤੁਸੀਂ ਕੀ ਕਰੋਗੇ?
1: ਬਿਨਾਂ ਪੁੱਛੇ ਚਲੇ ਜਾਓ
ਤੁਸੀਂ ਇੱਦਾਂ ਕਿਉਂ ਕਰਨਾ ਚਾਹੋ: ਸ਼ਾਇਦ ਤੁਸੀਂ ਆਪਣੇ ਦੋਸਤਾਂ ਨੂੰ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਆਪਣੇ ਫ਼ੈਸਲੇ ਆਪ ਕਰ ਸਕਦੇ ਹੋ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਮਾਪਿਆਂ ਨਾਲੋਂ ਜ਼ਿਆਦਾ ਪਤਾ ਹੈ ਜਾਂ ਫਿਰ ਤੁਸੀਂ ਆਪਣੇ ਮਾਪਿਆਂ ਦੇ ਫ਼ੈਸਲਿਆਂ ਦੀ ਕੋਈ ਕਦਰ ਨਹੀਂ ਕਰਦੇ ਹੋ।—ਕਹਾਉਤਾਂ 15:5.
ਅੰਜਾਮ: ਤੁਹਾਡੇ ਇੱਦਾਂ ਕਰਨ ਤੇ ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਕਿਸੇ ਨੂੰ ਵੀ ਧੋਖਾ ਦੇ ਸਕਦੇ ਹੋ। ਜੇ ਤੁਸੀਂ ਆਪਣੇ ਮਾਪਿਆਂ ਨੂੰ ਧੋਖਾ ਦੇ ਸਕਦੇ ਹੋ, ਤਾਂ ਸ਼ਾਇਦ ਤੁਸੀਂ ਆਪਣੇ ਦੋਸਤਾਂ ਨੂੰ ਵੀ ਧੋਖਾ ਦਿਓ। ਜਦੋਂ ਤੁਹਾਡੇ ਮਾਪਿਆਂ ਨੂੰ ਪਤਾ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਧੋਖਾ ਦਿੱਤਾ ਹੈ, ਤਾਂ ਉਨ੍ਹਾਂ ਨੂੰ ਕਿੰਨਾ ਦੁੱਖ ਲੱਗੇਗਾ। ਫਿਰ ਉਹ ਸ਼ਾਇਦ ਤੁਹਾਡੇ ਨਾਲ ਹੋਰ ਜ਼ਿਆਦਾ ਸਖ਼ਤੀ ਕਰਨ। ਆਪਣੇ ਮਾਪਿਆਂ ਦਾ ਕਹਿਣਾ ਨਾ ਮੰਨ ਕੇ ਬਿਨਾਂ ਪੁੱਛੇ ਬਾਹਰ ਜਾਣਾ ਮੂਰਖਤਾ ਦੀ ਨਿਸ਼ਾਨੀ ਹੈ।—ਕਹਾਉਤਾਂ 12:15.
2: ਨਾ ਹੀ ਪੁੱਛੋ ਤੇ ਨਾ ਹੀ ਜਾਓ
ਤੁਸੀਂ ਇੱਦਾਂ ਕਿਉਂ ਕਰਨਾ ਚਾਹੋ: ਤੁਸੀਂ ਸ਼ਾਇਦ ਆਪਣੇ ਦੋਸਤਾਂ ਦੀ ਗੱਲ ਬਾਰੇ ਸੋਚੋ ਤੇ ਫ਼ੈਸਲਾ ਕਰੋ ਕਿ ਇੱਦਾਂ ਕਰਨਾ ਤੁਹਾਡੇ ਅਸੂਲਾਂ ਦੇ ਖ਼ਿਲਾਫ਼ ਹੈ ਜਾਂ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਹੈ ਉਹ ਚੰਗੇ ਨਹੀਂ ਹਨ। (1 ਕੁਰਿੰਥੀਆਂ 15:33; ਫ਼ਿਲਿੱਪੀਆਂ 4:8) ਦੂਜੇ ਪਾਸੇ ਸ਼ਾਇਦ ਤੁਸੀਂ ਜਾਣਾ ਚਾਹੋ, ਪਰ ਆਪਣੇ ਮਾਪਿਆਂ ਤੋਂ ਪੁੱਛਣ ਦੀ ਤੁਹਾਡੀ ਹਿੰਮਤ ਨਹੀਂ ਹੈ।
ਅੰਜਾਮ: ਜੇ ਤੁਸੀਂ ਇਸ ਲਈ ਨਹੀਂ ਜਾਂਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਸਹੀ ਨਹੀਂ ਹੈ, ਤਾਂ ਤੁਸੀਂ ਆਪਣੇ ਦੋਸਤਾਂ ਨੂੰ ਆਪਣੇ ਨਾ ਆਉਣ ਬਾਰੇ ਚੰਗੀ ਤਰ੍ਹਾਂ ਸਮਝਾ ਸਕੋਗੇ। ਜੇ ਤੁਸੀਂ ਸਿਰਫ਼ ਇਸ ਲਈ ਨਹੀਂ ਜਾਂਦੇ ਕਿਉਂਕਿ ਤੁਹਾਡੇ ਕੋਲ ਆਪਣੇ ਮਾਪਿਆਂ ਤੋਂ ਪੁੱਛਣ ਦੀ ਹਿੰਮਤ ਨਹੀਂ ਹੈ, ਤਾਂ ਤੁਸੀਂ ਸ਼ਾਇਦ ਇਹੀ ਸੋਚੋ ਕਿ ਪੂਰੀ ਦੁਨੀਆਂ ਵਿਚ ਇਕ ਤੁਸੀਂ ਹੀ ਹੋ ਜੋ ਮੌਜ-ਮਸਤੀ ਨਹੀਂ ਕਰ ਸਕਦੇ।
3: ਉਨ੍ਹਾਂ ਨੂੰ ਪੁੱਛ ਕੇ ਦੇਖੋ
ਤੁਸੀਂ ਇੱਦਾਂ ਕਿਉਂ ਕਰਨਾ ਚਾਹੋ: ਇੱਦਾਂ ਕਰਨ ਨਾਲ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੇ ਮਾਪਿਆਂ ਦੇ ਅਧਿਕਾਰ ਤੇ ਫ਼ੈਸਲਿਆਂ ਦੀ ਕਦਰ ਕਰਦੇ ਹੋ। (ਕੁਲੁੱਸੀਆਂ 3:20) ਤੁਸੀਂ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹੋ ਤੇ ਚੋਰੀ-ਛਿਪੇ ਕੋਈ ਕੰਮ ਕਰ ਕੇ ਉਨ੍ਹਾਂ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ ਹੋ। (ਕਹਾਉਤਾਂ 10:1) ਤੁਹਾਡੇ ਕੋਲ ਉਨ੍ਹਾਂ ਨੂੰ ਪੁੱਛਣ ਦਾ ਮੌਕਾ ਵੀ ਹੁੰਦਾ ਹੈ।
ਅੰਜਾਮ: ਤੁਹਾਡੇ ਮਾਪਿਆਂ ਨੂੰ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤੇ ਉਨ੍ਹਾਂ ਦੀ ਇੱਜ਼ਤ ਕਰਦੇ ਹੋ। ਜੇ ਉਨ੍ਹਾਂ ਨੂੰ ਤੁਹਾਡਾ ਜਾਣਾ ਠੀਕ ਲੱਗੇ, ਤਾਂ ਉਹ ਹਾਂ ਜ਼ਰੂਰ ਕਹਿਣਗੇ।
ਮਾਪੇ ਸ਼ਾਇਦ ਨਾਂਹ ਕਿਉਂ ਕਰਨ
ਪਰ ਉਦੋਂ ਕੀ ਜਦੋਂ ਤੁਹਾਡੇ ਮਾਪੇ ਨਾਂਹ ਕਰ ਦੇਣ? ਹੋ ਸਕਦਾ ਹੈ ਕਿ ਤੁਹਾਨੂੰ ਚੰਗਾ ਨਾ ਲੱਗੇ। ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਨਾਲ ਤੁਸੀਂ ਜਾਣ ਸਕਦੇ ਹੋ ਕਿ ਉਨ੍ਹਾਂ ਨੇ ਨਾਂਹ ਕਿਉਂ ਕੀਤੀ। ਮਿਸਾਲ ਲਈ, ਉਹ ਹੇਠਾਂ ਦਿੱਤੇ ਕਾਰਨਾਂ ਕਰਕੇ ਤੁਹਾਨੂੰ ਨਾਂਹ ਕਰਨ।
ਜ਼ਿੰਦਗੀ ਦਾ ਤਜਰਬਾ। ਮੰਨ ਲਓ ਕਿ ਤੁਸੀਂ ਤੈਰਨਾ ਚਾਹੁੰਦੇ ਹੋ, ਤਾਂ ਤੁਸੀਂ ਸਮੁੰਦਰ ਦੇ ਕਿਨਾਰੇ ਤੈਰਨਾ ਚਾਹੋਗੇ ਜਿੱਥੇ ਗੋਤਾਖੋਰ ਨਿਗਰਾਨੀ ਕਰ ਰਹੇ ਹੋਣ। ਕਿਉਂ? ਕਿਉਂਕਿ ਜਦ ਤੁਸੀਂ ਪਾਣੀ ਵਿਚ ਮੌਜ-ਮਸਤੀ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਖ਼ਤਰਿਆਂ ਤੋਂ ਅਣਜਾਣ ਹੁੰਦੇ ਹੋ। ਪਰ ਗੋਤਾਖੋਰ ਉਨ੍ਹਾਂ ਖ਼ਤਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਇਸੇ ਤਰ੍ਹਾਂ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੋਣ ਕਰਕੇ ਤੁਹਾਡੇ ਮਾਪੇ ਉਨ੍ਹਾਂ ਖ਼ਤਰਿਆਂ ਤੋਂ ਜਾਣੂ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਦੇਖ ਨਹੀਂ ਸਕਦੇ। ਉਨ੍ਹਾਂ ਗੋਤਾਖੋਰਾਂ ਵਾਂਗ ਤੁਹਾਡੇ ਮਾਪਿਆਂ ਦਾ ਮਕਸਦ ਤੁਹਾਨੂੰ ਮੌਜ-ਮਸਤੀ ਕਰਨ ਤੋਂ ਰੋਕਣਾ ਨਹੀਂ ਹੈ, ਪਰ ਉਹ ਤੁਹਾਨੂੰ ਖ਼ਤਰਿਆਂ ਤੋਂ ਬਚਾਉਣਾ ਚਾਹੁੰਦੇ ਹਨ।
ਪਿਆਰ ਦੀ ਖ਼ਾਤਰ। ਤੁਹਾਡੇ ਮਾਪੇ ਹਮੇਸ਼ਾ ਤੁਹਾਡੀ ਹਿਫਾਜ਼ਤ ਕਰਨੀ ਚਾਹੁੰਦੇ ਹਨ। ਪਿਆਰ ਕਰਕੇ ਉਹ ਤੁਹਾਨੂੰ ਹਾਂ ਜਾਂ ਨਾਂਹ ਕਹਿੰਦੇ ਹਨ। ਜਦੋਂ ਤੁਸੀਂ ਉਨ੍ਹਾਂ ਤੋਂ ਕਿਸੇ ਕੰਮ ਲਈ ਇਜਾਜ਼ਤ ਮੰਗਦੇ ਹੋ, ਤਾਂ ਉਹ ਪਹਿਲਾਂ ਖ਼ੁਦ ਨੂੰ ਪੁੱਛਦੇ ਹਨ ਕਿ ਉਹ ਹਾਂ ਕਹਿਣ ਜਾਂ ਨਾਂਹ ਕਿਉਂਕਿ ਬਾਅਦ ਵਿਚ ਉਨ੍ਹਾਂ ਨੂੰ ਹੀ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ। ਉਹ ਹਾਂ ਉਦੋਂ ਹੀ ਕਹਿਣਗੇ ਜਦੋਂ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਜਾਣਕਾਰੀ ਦੀ ਕਮੀ। ਪਿਆਰ ਕਰਨ ਵਾਲੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੀ ਰਾਖੀ ਕਰਨੀ ਚਾਹੁੰਦੇ ਹਨ। ਜੇ ਉਹ ਇਹ ਨਹੀਂ ਸਮਝਦੇ ਕਿ ਤੁਸੀਂ ਕੀ ਮੰਗ ਰਹੇ ਹੋ ਜਾਂ ਉਨ੍ਹਾਂ ਨੂੰ ਲੱਗੇ ਕਿ ਤੁਸੀਂ ਕੁਝ ਲੁਕੋ ਰਹੇ ਹੋ, ਤਾਂ ਉਹ ਤੁਹਾਨੂੰ ਨਾਂਹ ਕਹਿਣਗੇ।
ਤੁਸੀਂ ਉਨ੍ਹਾਂ ਤੋਂ ਇਜਾਜ਼ਤ ਕਿੱਦਾਂ ਲੈ ਸਕਦੇ ਹੋ
ਚਾਰ ਗੱਲਾਂ ਵੱਲ ਧਿਆਨ ਦਿਓ।
ਈਮਾਨਦਾਰ ਬਣੋ: ਪਹਿਲਾਂ ਆਪਣੇ ਆਪ ਤੋਂ ਪੁੱਛੋ: ‘ਮੈਂ ਕਿਉਂ ਜਾਣਾ ਚਾਹੁੰਦਾ ਹਾਂ? ਕੀ ਇਹ ਉਹ ਦਿਲਪਰਚਾਵਾ ਹੈ ਜਿਸ ਦਾ ਮੈਂ ਆਨੰਦ ਲੈਣਾ ਚਾਹੁੰਦਾ ਹਾਂ ਜਾਂ ਕੀ ਮੈਂ ਆਪਣੇ ਹਾਣੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ? ਕੀ ਮੈਨੂੰ ਉੱਥੇ ਕੋਈ ਪਸੰਦ ਹੈ ਜਿਸ ਕਰਕੇ ਮੈਂ ਜਾਣਾ ਚਾਹੁੰਦਾ ਹਾਂ?’ ਫਿਰ ਆਪਣੇ ਮਾਪਿਆਂ ਨੂੰ ਸਾਫ਼-ਸਾਫ਼ ਦੱਸੋ। ਉਹ ਵੀ ਜਵਾਨ ਸਨ ਅਤੇ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਉਹ ਤੁਹਾਡੀਆਂ ਖ਼ਾਹਸ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਤੁਹਾਡੀ ਈਮਾਨਦਾਰੀ ਦੀ ਕਦਰ ਕਰਨਗੇ ਤੇ ਤੁਸੀਂ ਉਨ੍ਹਾਂ ਦੀ ਸਮਝਦਾਰੀ ਤੋਂ ਫ਼ਾਇਦਾ ਲਵੋਗੇ। (ਕਹਾਉਤਾਂ 7:1, 2) ਜੇ ਤੁਸੀਂ ਖੁੱਲ੍ਹ ਕੇ ਨਾ ਦੱਸੋ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਤੋੜਦੇ ਹੋ ਅਤੇ ਉਦੋਂ ਉਹ ਤੁਹਾਨੂੰ ਹਾਂ ਨਹੀਂ ਕਹਿਣਗੇ।
ਸਹੀ ਸਮੇਂ ʼਤੇ ਪੁੱਛੋ: ਜਦੋਂ ਤੁਹਾਡੇ ਮਾਪੇ ਕੰਮ ਤੋਂ ਘਰ ਵਾਪਸ ਆਉਣ ਜਾਂ ਹੋਰ ਕੋਈ ਜ਼ਰੂਰੀ ਕੰਮ ਕਰ ਰਹੇ ਹੋਣ, ਤਾਂ ਸ਼ਾਇਦ ਇਹ ਗੱਲ ਕਰਨ ਦਾ ਸਹੀ ਸਮਾਂ ਨਾ ਹੋਵੇ। ਜਦੋਂ ਉਹ ਥੋੜ੍ਹਾ ਆਰਾਮ ਕਰ ਲੈਣ ਉਦੋਂ ਉਨ੍ਹਾਂ ਕੋਲੋਂ ਪੁੱਛੋ। ਪਰ ਐਨ ਮੌਕੇ ʼਤੇ ਆ ਕੇ ਉਨ੍ਹਾਂ ਤੋਂ ਇਜਾਜ਼ਤ ਨਾ ਮੰਗੋ ਅਤੇ ਨਾ ਹੀ ਉਨ੍ਹਾਂ ਉੱਤੇ ਕੋਈ ਦਬਾਅ ਪਾਓ। ਤੁਹਾਡੇ ਮਾਪੇ ਜਲਦਬਾਜ਼ੀ ਵਿਚ ਕੋਈ ਵੀ ਫ਼ੈਸਲਾ ਕਰ ਕੇ ਖ਼ੁਸ਼ ਨਹੀਂ ਹੋਣਗੇ। ਸਮੇਂ ਤੋਂ ਪਹਿਲਾਂ ਹੀ ਪੁੱਛਣ ਨਾਲ ਤੁਹਾਡੇ ਮੰਮੀ-ਡੈਡੀ ਤੁਹਾਡੀ ਗੱਲ ਵੱਲ ਧਿਆਨ ਦੇਣਗੇ।
ਸਾਫ਼-ਸਾਫ਼ ਦੱਸੋ: ਗੋਲਮੋਲ ਗੱਲ ਨਾ ਕਰੋ। ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਨੂੰ ਸਾਫ਼-ਸਾਫ਼ ਦੱਸੋ। ਤੁਹਾਡੇ ਮਾਪੇ ਇਹ ਸੁਣ ਕੇ ਖ਼ੁਸ਼ ਨਹੀਂ ਹੋਣਗੇ ਕਿ “ਮੈਨੂੰ ਨਹੀਂ ਪਤਾ,” ਖ਼ਾਸ ਕਰਕੇ ਉਦੋਂ ਜਦੋਂ ਉਹ ਤੁਹਾਨੂੰ ਪੁੱਛਣ: “ਉੱਥੇ ਕੌਣ-ਕੌਣ ਹੋਵੇਗਾ?” “ਕੀ ਕੋਈ ਸਿਆਣਾ ਉੱਥੇ ਹੋਵੇਗਾ?” ਜਾਂ “ਪ੍ਰੋਗਰਾਮ ਕਦੋਂ ਖ਼ਤਮ ਹੋਵੇਗਾ?”
ਸਹੀ ਰਵੱਈਆ ਰੱਖੋ: ਆਪਣੇ ਮਾਪਿਆਂ ਨੂੰ ਆਪਣਾ ਦੁਸ਼ਮਣ ਨਾ ਸਮਝੋ, ਪਰ ਉਨ੍ਹਾਂ ਨੂੰ ਆਪਣੇ ਦੋਸਤ ਸਮਝੋ। ਜੇ ਤੁਸੀਂ ਆਪਣੇ ਮਾਪਿਆਂ ਨਾਲ ਦੋਸਤਾਂ ਵਾਂਗ ਪੇਸ਼ ਆਓਗੇ, ਤਾਂ ਤੁਸੀਂ ਉਨ੍ਹਾਂ ਨਾਲ ਲੜੋਗੇ ਨਹੀਂ, ਸਗੋਂ ਉਨ੍ਹਾਂ ਦੀ ਗੱਲ ਮੰਨੋਗੇ। ਜੇ ਉਹ ਨਾਂਹ ਕਹਿੰਦੇ ਹਨ, ਤਾਂ ਉਨ੍ਹਾਂ ਕੋਲੋਂ ਪਿਆਰ ਨਾਲ ਇਸ ਦੀ ਵਜ੍ਹਾ ਪੁੱਛੋ। ਮਿਸਾਲ ਲਈ, ਜੇ ਉਹ ਤੁਹਾਨੂੰ ਕੰਨਸਰਟ ʼਤੇ ਜਾਣ ਲਈ ਮਨ੍ਹਾ ਕਰਦੇ ਹਨ, ਤਾਂ ਉਨ੍ਹਾਂ ਦੀ ਨਾਂਹ ਕਹਿਣ ਦੀ ਵਜ੍ਹਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੀ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਅਦਾਕਾਰ ਕੌਣ ਹੈ, ਤੁਸੀਂ ਕਿੱਥੇ ਤੇ ਕਿਨ੍ਹਾਂ ਨਾਲ ਜਾਣਾ ਹੈ ਜਾਂ ਟਿਕਟ ਦਾ ਖ਼ਰਚਾ ਕਿੰਨਾ ਆਉਣਾ ਹੈ? ਇਹ ਨਾ ਕਹੋ “ਤੁਸੀਂ ਮੇਰੇ ʼਤੇ ਵਿਸ਼ਵਾਸ ਨਹੀਂ ਕਰਦੇ,” “ਸਾਰੇ ਜਾ ਰਹੇ ਹਨ,” ਜਾਂ “ਮੇਰੇ ਦੋਸਤਾਂ ਦੇ ਮੰਮੀ-ਡੈਡੀ ਨੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ!” ਆਪਣੇ ਮਾਪਿਆਂ ਨੂੰ ਦਿਖਾਓ ਕਿ ਤੁਸੀਂ ਸਿਆਣੇ ਹੋ ਅਤੇ ਉਨ੍ਹਾਂ ਦੇ ਕਿਸੇ ਵੀ ਫ਼ੈਸਲੇ ਨੂੰ ਮੰਨਣ ਲਈ ਤਿਆਰ ਹੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਉਹ ਤੁਹਾਡੀ ਇੱਜ਼ਤ ਕਰਨਗੇ। ਅਗਲੀ ਵਾਰੀ ਸ਼ਾਇਦ ਉਹ ਤੁਹਾਨੂੰ ਹਾਂ ਕਹਿ ਦੇਣ। (g11-E 02)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ʼਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
a ਨਾਂ ਬਦਲਿਆ ਗਿਆ ਹੈ।
[ਸਫ਼ਾ 13 ਉੱਤੇ ਡੱਬੀ/ਤਸਵੀਰ]
“ਮੇਰੇ ਮੰਮੀ-ਡੈਡੀ ਨੂੰ ਮੇਰੇ ʼਤੇ ਪੂਰਾ ਯਕੀਨ ਹੈ ਕਿਉਂਕਿ ਮੈਂ ਹਰ ਕੰਮ ਚੰਗੀ ਤਰ੍ਹਾਂ ਕਰਦੀ ਹਾਂ। ਉਹ ਮੇਰੇ ਦੋਸਤਾਂ-ਮਿੱਤਰਾਂ ਨੂੰ ਜਾਣਦੇ ਹਨ। ਨਾਲੇ ਉਨ੍ਹਾਂ ਨੂੰ ਪਤਾ ਹੈ ਕਿ ਜੇ ਮੈਂ ਕਿਤੇ ਹੋਵਾਂ ਅਤੇ ਉੱਥੇ ਮੈਨੂੰ ਕੁਝ ਠੀਕ ਨਾ ਲੱਗੇ ਮੈਂ ਇਕਦਮ ਘਰ ਆ ਜਾਵਾਂਗੀ।”
[ਤਸਵੀਰ]
ਕਿੰਬਰਲੀ
[ਸਫ਼ਾ 14 ਉੱਤੇ ਡੱਬੀ]
ਆਪਣੇ ਮਾਪਿਆਂ ਨੂੰ ਪੁੱਛੋ
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕੀ ਤੁਹਾਡੇ ਮਾਪੇ ਕੀ ਸੋਚਦੇ ਹਨ? ਇਸ ਬਾਰੇ ਪਤਾ ਕਰਨ ਲਈ ਉਨ੍ਹਾਂ ਨੂੰ ਪੁੱਛੋ। ਸਹੀ ਸਮਾਂ ਆਉਣ ਤੇ ਉਨ੍ਹਾਂ ਨਾਲ ਗੱਲਬਾਤ ਕਰੋ ਕਿ ਉਹ ਤੁਹਾਡੀ ਮੌਜ-ਮਸਤੀ ਕਰਨ ਬਾਰੇ ਕੀ ਸੋਚਦੇ ਹਨ। ਤੁਸੀਂ ਉਨ੍ਹਾਂ ਤੋਂ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਨੂੰ ਹੇਠਾਂ ਲਿਖ ਲਓ।
․․․․․
[ਸਫ਼ਾ 14 ਉੱਤੇ ਤਸਵੀਰ]
ਗੋਤਾਖੋਰਾਂ ਵਾਂਗ ਤੁਹਾਡੇ ਮਾਪੇ ਤੁਹਾਨੂੰ ਆਉਣ ਵਾਲੇ ਖ਼ਤਰਿਆਂ ਤੋਂ ਖ਼ਬਰਦਾਰ ਕਰ ਸਕਦੇ ਹਨ