ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 3/13 ਸਫ਼ੇ 6-9
  • ਵਿਦੇਸ਼ ਜਾਣਾ—ਸੁਪਨੇ ਤੇ ਹਕੀਕਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਦੇਸ਼ ਜਾਣਾ—ਸੁਪਨੇ ਤੇ ਹਕੀਕਤ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ
  • ਔਖਾ ਸਫ਼ਰ ਅਤੇ ਗੁਜ਼ਰ-ਬਸਰ
  • ਪੈਸਿਆਂ ਨਾਲੋਂ ਜ਼ਿਆਦਾ ਪਿਆਰਾ ਹੈ ਪਰਿਵਾਰ
  • “ਮੇਰੇ ਕਈ ਸਵਾਲ ਸਨ”
    ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਬਾਈਬਲ ਵਿਚ ਦੱਸੀਆਂ ਔਰਤਾਂ—ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਜਾਗਰੂਕ ਬਣੋ!—2013
g 3/13 ਸਫ਼ੇ 6-9

ਮੁੱਖ ਪੰਨੇ ਤੋਂ

ਵਿਦੇਸ਼ ਜਾਣਾ—ਸੁਪਨੇ ਤੇ ਹਕੀਕਤ

ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ

ਜੋਰਜ ਬੇਬੱਸ ਸੀ ਕਿਉਂਕਿ ਉਹ ਆਪਣੇ ਪਰਿਵਾਰ ਦਾ ਢਿੱਡ ਨਹੀਂ ਸੀ ਭਰ ਸਕਦਾ। ਨਾਲੇ ਗੁਆਂਢ ਦੇ ਲੋਕ ਬੀਮਾਰ ਹੋਈ ਜਾਂਦੇ ਸਨ ਅਤੇ ਕੁਝ ਭੁੱਖ ਨਾਲ ਤੜਫ਼ਦੇ ਲੱਗਦੇ ਸਨ। ਪਰ ਜੋਰਜ ਨੂੰ ਪਤਾ ਸੀ ਕਿ ਦੱਖਣ ਵੱਲ ਨੇੜਲੇ ਦੇਸ਼ ਵਿਚ ਹਾਲਾਤ ਬਿਹਤਰ ਸਨ। ਉਸ ਨੇ ਸੋਚਿਆ: ‘ਮੈਂ ਵਿਦੇਸ਼ ਜਾ ਕੇ ਨੌਕਰੀ ਕਰਾਂਗਾ ਤੇ ਆਪਣੇ ਪਰਿਵਾਰ ਨੂੰ ਸੱਦ ਲਵਾਂਗਾ।’

ਪਟਰਿਸ਼ਾ ਵੀ ਵਿਦੇਸ਼ ਵਿਚ ਬਿਹਤਰੀਨ ਜ਼ਿੰਦਗੀ ਦੇ ਸੁਪਨੇ ਲੈਣ ਲੱਗੀ। ਉਸ ਕੋਲ ਨਾ ਤਾਂ ਕੋਈ ਨੌਕਰੀ ਸੀ ਅਤੇ ਨਾ ਹੀ ਉਸ ਨੂੰ ਆਪਣੇ ਹਾਲਾਤ ਸੁਧਰਨ ਦੀ ਕੋਈ ਉਮੀਦ ਸੀ। ਪਟਰਿਸ਼ਾ ਤੇ ਉਸ ਦੇ ਬੁਆਏ-ਫ੍ਰੈਂਡ ਨੇ ਸਪੇਨ ਪਹੁੰਚਣ ਲਈ ਨਾਈਜੀਰੀਆ ਤੋਂ ਅਲਜੀਰੀਆ ਜਾਣ ਦਾ ਫ਼ੈਸਲਾ ਕੀਤਾ। ਪਰ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਸਹਾਰਾ ਰੇਗਿਸਤਾਨ ਦਾ ਸਫ਼ਰ ਕਿੰਨਾ ਔਖਾ ਹੋਣਾ ਸੀ। ਪਟਰਿਸ਼ਾ ਦੱਸਦੀ ਹੈ: “ਮੈਂ ਮਾਂ ਬਣਨ ਵਾਲੀ ਸੀ ਅਤੇ ਮੈਂ ਠਾਣ ਲਿਆ ਸੀ ਕਿ ਮੈਂ ਆਪਣੇ ਬੱਚੇ ਨੂੰ ਵਧੀਆ ਜ਼ਿੰਦਗੀ ਦੇਵਾਂਗੀ।”

ਰੇਚਲ ਯੂਰਪ ਵਿਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੀ ਸੀ। ਫ਼ਿਲਪੀਨ ਵਿਚ ਉਸ ਦੀ ਨੌਕਰੀ ਛੁੱਟ ਗਈ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਵਿਦੇਸ਼ਾਂ ਵਿਚ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਵਾਲੀਆਂ ਦੀ ਬੇਹੱਦ ਲੋੜ ਹੈ। ਸੋ ਉਸ ਨੇ ਉਧਾਰ ਪੈਸੇ ਲੈ ਕੇ ਜਹਾਜ਼ ਦੀ ਟਿਕਟ ਲਈ ਅਤੇ ਆਪਣੇ ਪਤੀ ਤੇ ਧੀ ਨੂੰ ਅਲਵਿਦਾ ਕਹਿੰਦਿਆਂ ਵਾਅਦਾ ਕੀਤਾ: “ਅਸੀਂ ਜ਼ਿਆਦਾ ਦੇਰ ਲਈ ਜੁਦਾ ਨਹੀਂ ਰਹਾਂਗੇ।”

ਅੰਦਾਜ਼ਾ ਲਾਇਆ ਗਿਆ ਹੈ ਕਿ ਹਾਲ ਦੇ ਦਹਾਕਿਆਂ ਵਿਚ ਜੋਰਜ, ਪਟਰਿਸ਼ਾ ਅਤੇ ਰੇਚਲ ਵਰਗੇ 20 ਕਰੋੜ ਤੋਂ ਜ਼ਿਆਦਾ ਲੋਕ ਵਿਦੇਸ਼ ਗਏ ਹਨ। ਭਾਵੇਂ ਕਿ ਕਈ ਯੁੱਧਾਂ, ਕੁਦਰਤੀ ਆਫ਼ਤਾਂ ਜਾਂ ਅਤਿਆਚਾਰ ਕਰਕੇ ਵਿਦੇਸ਼ ਗਏ ਹਨ, ਪਰ ਜ਼ਿਆਦਾਤਰ ਲੋਕ ਪੈਸੇ ਕਮਾਉਣ ਲਈ ਵਿਦੇਸ਼ ਗਏ ਹਨ। ਇਨ੍ਹਾਂ ਪਰਵਾਸੀਆਂ ਨੂੰ ਨਵੇਂ ਦੇਸ਼ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਕੀ ਸਾਰਿਆਂ ਨੂੰ ਬਿਹਤਰ ਜ਼ਿੰਦਗੀ ਮਿਲ ਜਾਂਦੀ ਹੈ? ਬੱਚਿਆਂ ਉੱਤੇ ਕੀ ਅਸਰ ਪੈਂਦਾ ਹੈ ਜਦੋਂ ਉਨ੍ਹਾਂ ਦਾ ਇਕ ਮਾਪਾ ਪੈਸੇ ਕਮਾਉਣ ਲਈ ਵਿਦੇਸ਼ ਜਾਂਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅੱਗੇ ਦੇਖੋ।

ਇਕ ਪੁਰਾਣਾ ਪਰਵਾਸੀ

ਅਰਥ-ਵਿਗਿਆਨੀ ਜੇ. ਕੇ. ਗਲਬ੍ਰੈਥ ਨੇ ਲਿਖਿਆ: “ਗ਼ਰੀਬੀ ਤੋਂ ਤੰਗ ਆ ਕੇ ਪਰਵਾਸ ਕਰਨ ਦਾ ਸਿਲਸਿਲਾ ਬਹੁਤ ਪੁਰਾਣਾ ਹੈ।” ਇਜ਼ਰਾਈਲ ਕੌਮ ਦੇ ਮੋਢੀ ਤੇ ਪੂਰਵਜ ਯਾਕੂਬ ਨੇ ਇਸੇ ਤਰ੍ਹਾਂ ਕੀਤਾ। ਕਨਾਨ ਦੇਸ਼ ਵਿਚ ਕਾਲ਼ ਪੈਣ ਕਰਕੇ ਯਾਕੂਬ ਅਤੇ ਉਸ ਦੇ ਪਰਿਵਾਰ ਦੇ ਤਕਰੀਬਨ 70 ਮੈਂਬਰ ਮਿਸਰ ਦੇਸ਼ ਚਲੇ ਗਏ ਸਨ ਜਿੱਥੇ ਉਹ ਕਾਫ਼ੀ ਸਮੇਂ ਲਈ ਰਹੇ। (ਉਤਪਤ 42:1-5; 45:9-11; 46:26, 27) ਦਰਅਸਲ ਯਾਕੂਬ ਦੀ ਮੌਤ ਮਿਸਰ ਵਿਚ ਹੀ ਹੋ ਗਈ ਸੀ ਅਤੇ ਉਸ ਦੀ ਔਲਾਦ ਤਕਰੀਬਨ 200 ਸਾਲ ਬਾਅਦ ਕਨਾਨ ਦੇਸ਼ ਵਾਪਸ ਗਈ ਸੀ।

ਔਖਾ ਸਫ਼ਰ ਅਤੇ ਗੁਜ਼ਰ-ਬਸਰ

ਵਿਦੇਸ਼ ਜਾਣ ਦੀ ਪਹਿਲੀ ਚੁਣੌਤੀ ਸਫ਼ਰ ਹੁੰਦਾ ਹੈ। ਪਹਿਲੇ ਲੇਖ ਵਿਚ ਜ਼ਿਕਰ ਕੀਤੇ ਜੋਰਜ ਨੇ ਸੈਂਕੜੇ ਕਿਲੋਮੀਟਰ ਸਫ਼ਰ ਬਹੁਤ ਥੋੜ੍ਹੇ ਖਾਣੇ ਨਾਲ ਕੀਤਾ ਸੀ। ਉਹ ਯਾਦ ਕਰਦਾ ਹੈ: “ਸਫ਼ਰ ਬਹੁਤ ਮੁਸ਼ਕਲਾਂ ਭਰਿਆ ਸੀ।” ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਤਾਂ ਆਪਣੀ ਮੰਜ਼ਲ ਤਕ ਵੀ ਨਹੀਂ ਪਹੁੰਚ ਪਾਉਂਦੇ।

ਪਟਰਿਸ਼ਾ ਦੀ ਮੰਜ਼ਲ ਸਪੇਨ ਸੀ। ਉਸ ਨੇ ਟਰੱਕ ਵਿਚ ਸਹਾਰਾ ਰੇਗਿਸਤਾਨ ਪਾਰ ਕੀਤਾ। ਉਹ ਦੱਸਦੀ ਹੈ: “ਨਾਈਜੀਰੀਆ ਤੋਂ ਅਲਜੀਰੀਆ ਪਹੁੰਚਣ ਲਈ ਇਕ ਹਫ਼ਤਾ ਲੱਗ ਗਿਆ ਅਤੇ 25 ਲੋਕਾਂ ਨਾਲ ਟਰੱਕ ਤੁੰਨਿਆ ਹੋਇਆ ਸੀ। ਰਸਤੇ ਵਿਚ ਅਸੀਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ ਅਤੇ ਅਜਿਹੇ ਲੋਕ ਵੀ ਜੋ ਮੌਤ ਦੀ ਉਡੀਕ ਵਿਚ ਮਾਰੇ-ਮਾਰੇ ਘੁੰਮ-ਫਿਰ ਰਹੇ ਸਨ। ਕਈ ਡਰਾਈਵਰ ਇੰਨੇ ਬੇਰਹਿਮ ਹੁੰਦੇ ਹਨ ਕਿ ਉਹ ਲੋਕਾਂ ਨੂੰ ਰਸਤੇ ਵਿਚ ਹੀ ਟਰੱਕ ਵਿੱਚੋਂ ਲਾਹ ਦਿੰਦੇ।”

ਜੋਰਜ ਅਤੇ ਪਟਰਿਸ਼ਾ ਦੇ ਉਲਟ ਰੇਚਲ ਜਹਾਜ਼ ਵਿਚ ਯੂਰਪ ਪਹੁੰਚ ਗਈ ਜਿੱਥੇ ਉਸ ਨੂੰ ਕਿਸੇ ਦੇ ਘਰ ਵਿਚ ਕੰਮ ਮਿਲ ਗਿਆ। ਪਰ ਉਸ ਨੇ ਇਹ ਕਦੇ ਵੀ ਨਹੀਂ ਸੋਚਿਆ ਕਿ ਉਸ ਨੂੰ ਆਪਣੀ ਦੋ ਸਾਲਾਂ ਦੀ ਨੰਨ੍ਹੀ ਬੱਚੀ ਦੀ ਯਾਦ ਕਿੰਨੀ ਸਤਾਵੇਗੀ। ਉਹ ਯਾਦ ਕਰਦੀ ਹੈ: “ਜਦੋਂ ਵੀ ਮੈਂ ਕਿਸੇ ਮਾਂ ਨੂੰ ਆਪਣੇ ਬੱਚੇ ਨਾਲ ਦੇਖਦੀ ਸੀ, ਤਾਂ ਮੇਰਾ ਕਲੇਜਾ ਚੀਰਿਆ ਜਾਂਦਾ ਸੀ।”

ਜੋਰਜ ਲਈ ਵਿਦੇਸ਼ ਦੇ ਰਹਿਣ-ਸਹਿਣ ਮੁਤਾਬਕ ਜੀਣਾ ਇੰਨਾ ਸੌਖਾ ਨਹੀਂ ਸੀ। ਕਈ ਮਹੀਨੇ ਬੀਤਣ ਤੋਂ ਬਾਅਦ ਹੀ ਉਹ ਘਰ ਪੈਸੇ ਭੇਜ ਸਕਿਆ। ਉਹ ਦੱਸਦਾ ਹੈ: “ਤਨਹਾਈ ਅਤੇ ਮਾਯੂਸੀ ਕਰਕੇ ਮੈਂ ਕਈ ਰਾਤਾਂ ਰੋ-ਰੋ ਕੇ ਕੱਟੀਆਂ।”

ਅਲਜੀਰੀਆ ਵਿਚ ਕਈ ਮਹੀਨੇ ਕੱਟਣ ਤੋਂ ਬਾਅਦ ਪਟਰਿਸ਼ਾ ਮੋਰਾਕੋ ਦੀ ਸਰਹੱਦ ʼਤੇ ਪਹੁੰਚ ਗਈ। ਉਹ ਕਹਿੰਦੀ ਹੈ: “ਉੱਥੇ ਮੈਂ ਆਪਣੀ ਬੱਚੀ ਨੂੰ ਜਨਮ ਦਿੱਤਾ। ਮੈਨੂੰ ਦੇਹ ਵਪਾਰ ਕਰਨ ਵਾਲਿਆਂ ਤੋਂ ਲੁਕਣਾ ਪਿਆ ਜੋ ਜ਼ਬਰਦਸਤੀ ਵਿਦੇਸ਼ੀ ਤੀਵੀਆਂ ਨੂੰ ਇਸ ਧੰਦੇ ਲਈ ਅਗਵਾ ਕਰ ਲੈਂਦੇ ਹਨ। ਆਖ਼ਰ ਮੈਂ ਸਪੇਨ ਜਾਣ ਲਈ ਸਮੁੰਦਰ ਪਾਰ ਕਰਨ ਵਾਸਤੇ ਪੈਸੇ ਇਕੱਠੇ ਕਰ ਲਏ। ਉੱਥੇ ਜਾਣ ਵਾਲੀ ਕਿਸ਼ਤੀ ਟੁੱਟੀ-ਫੁੱਟੀ ਸੀ ਅਤੇ ਇਸ ਵਿਚ ਜਿੰਨੀਆਂ ਸਵਾਰੀਆਂ ਸਨ, ਉੱਨੇ ਜਣਿਆਂ ਲਈ ਇਹ ਨਹੀਂ ਸੀ ਬਣਾਈ ਗਈ। ਸਾਨੂੰ ਆਪਣੀਆਂ ਜੁੱਤੀਆਂ ਨਾਲ ਬੇੜੀ ਵਿੱਚੋਂ ਪਾਣੀ ਕੱਢਣਾ ਪਿਆ! ਜਦੋਂ ਅਸੀਂ ਸਪੇਨ ਪਹੁੰਚੇ, ਤਾਂ ਮੈਂ ਇੰਨੀ ਕਮਜ਼ੋਰ ਹੋ ਗਈ ਸੀ ਕਿ ਬੇੜੀ ਵਿੱਚੋਂ ਨਿਕਲ ਕੇ ਸਮੁੰਦਰ ਕੰਢੇ ਤੁਰਨ ਲਈ ਮੇਰੇ ਵਿਚ ਤਾਕਤ ਵੀ ਨਹੀਂ ਸੀ।”

ਦੂਜੇ ਦੇਸ਼ ਵਿਚ ਵਸਣ ਬਾਰੇ ਸੋਚਣ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਖ਼ਤਰਿਆਂ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ਼ ਸਫ਼ਰ ਬਾਰੇ। ਉਨ੍ਹਾਂ ਨੂੰ ਵਿਦੇਸ਼ੀ ਭਾਸ਼ਾ, ਨਵੇਂ ਸਭਿਆਚਾਰ, ਖ਼ਰਚੇ ਅਤੇ ਉਸ ਦੇਸ਼ ਦੇ ਨਾਗਰਿਕ ਬਣਨ ਲਈ ਕਾਨੂੰਨੀ ਤੌਰ ਤੇ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਜਿਹੜੇ ਗ਼ੈਰ-ਕਾਨੂੰਨੀ ਢੰਗ ਨਾਲ ਜਾਂਦੇ ਹਨ, ਉਨ੍ਹਾਂ ਨੂੰ ਪੱਕੀ ਨੌਕਰੀ, ਵਧੀਆ ਘਰ, ਚੰਗੀ ਪੜ੍ਹਾਈ ਜਾਂ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਸੰਸ ਲੈਣ ਵਿਚ ਮੁਸ਼ਕਲ ਆ ਸਕਦੀ ਹੈ। ਕਾਗਜ਼-ਪੱਤਰਾਂ ਬਿਨਾਂ ਰਹਿ ਰਹੇ ਲੋਕਾਂ ਦਾ ਜ਼ਿਆਦਾਤਰ ਸ਼ੋਸ਼ਣ ਕੀਤਾ ਜਾਂਦਾ ਹੈ, ਖ਼ਾਸ ਕਰ ਕੇ ਉਨ੍ਹਾਂ ਨੂੰ ਘੱਟ ਪੈਸੇ ਦੇ ਕੇ ਮਜ਼ਦੂਰੀ ਕਰਾਈ ਜਾਂਦੀ ਹੈ।

ਇਕ ਹੋਰ ਸੋਚਣ ਵਾਲੀ ਗੱਲ ਹੈ ਪੈਸਾ। ਅਸੀਂ ਪੈਸੇ ʼਤੇ ਕਿੰਨਾ ਕੁ ਭਰੋਸਾ ਰੱਖ ਸਕਦੇ ਹਾਂ? ਬਾਈਬਲ ਇਹ ਚੰਗੀ ਸਲਾਹ ਦਿੰਦੀ ਹੈ: ‘ਤੂੰ ਧਨ ਇਕੱਠਾ ਕਰਨ ਲਈ ਲੋੜ ਤੋਂ ਅਧਿਕ ਕੋਸ਼ਿਸ਼ ਨਾ ਕਰਨਾ, ਕਿਉਂਕਿ ਤੇਰਾ ਧਨ ਅੱਖ ਦੇ ਇਕ ਝਮਕਾਰੇ ਨਾਲ ਤੇਰੇ ਤੋਂ ਦੂਰ, ਇਸ ਤਰ੍ਹਾਂ ਜਾ ਸਕਦਾ ਹੈ, ਜਿਸ ਤਰ੍ਹਾਂ ਉਸ ਨੂੰ ਖੰਭ ਲੱਗ ਗਏ ਹੋਣ ਅਤੇ ਉਕਾਬ ਦੀ ਤਰ੍ਹਾਂ ਉਤਾਂਹ ਉੱਠ ਗਿਆ ਹੈ।’ (ਕਹਾਉਤਾਂ 23:4, 5, CL) ਇਹ ਵੀ ਯਾਦ ਰੱਖੋ ਕਿ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਪੈਸਾ ਨਹੀਂ ਖ਼ਰੀਦ ਸਕਦਾ ਜਿਵੇਂ ਪਿਆਰ, ਸੁਰੱਖਿਆ ਅਤੇ ਪਰਿਵਾਰਕ ਏਕਤਾ। ਕਿੰਨੇ ਦੁੱਖ ਦੀ ਗੱਲ ਹੈ ਜਦੋਂ ਮਾਤਾ-ਪਿਤਾ ਆਪਸੀ ਪਿਆਰ ਜਾਂ ਬੱਚਿਆਂ ਲਈ ‘ਮੋਹ’ ਨਾਲੋਂ ਜ਼ਿਆਦਾ ਪੈਸਿਆਂ ਨੂੰ ਅਹਿਮੀਅਤ ਦਿੰਦੇ ਹਨ!—2 ਤਿਮੋਥਿਉਸ 3:1-3.

ਇਨਸਾਨ ਹੋਣ ਦੇ ਨਾਤੇ ਸਾਨੂੰ ਪਰਮੇਸ਼ੁਰ ਦੀ ਅਗਵਾਈ ਦੀ ਵੀ ਲੋੜ ਹੈ। (ਮੱਤੀ 5:3) ਜ਼ਿੰਮੇਵਾਰ ਮਾਪੇ ਪੂਰੀ ਵਾਹ ਲਾ ਕੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ, ਉਸ ਦੇ ਮਕਸਦ ਅਤੇ ਮਿਆਰਾਂ ਬਾਰੇ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਜ਼ਿੰਮੇਵਾਰੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ।—ਅਫ਼ਸੀਆਂ 6:4.

“ਕਾਸ਼ ਉਨ੍ਹਾਂ ਨੇ ਹੋਰ ਫ਼ੈਸਲਾ ਕੀਤਾ ਹੁੰਦਾ”

ਆਇਰਨ, ਜੋ ਫ਼ਿਲਪੀਨ ਵਿਚ ਰਹਿੰਦੀ ਸੀ, ਦੱਸਦੀ ਹੈ: “ਮੈਂ ਤਿੰਨ ਕੁੜੀਆਂ ਵਿੱਚੋਂ ਸਭ ਤੋਂ ਵੱਡੀ ਹਾਂ ਅਤੇ ਮੈਂ ਨੌਂ ਸਾਲਾਂ ਦੀ ਸੀ ਜਦੋਂ ਸਾਡੀ ਮੰਮੀ ਸਾਨੂੰ ਛੱਡ ਕੇ ਯੂਰਪ ਚਲੀ ਗਈ। ਉਸ ਨੇ ਵਾਅਦਾ ਕੀਤਾ ਕਿ ਅਸੀਂ ਚੰਗਾ ਖਾਣਾ ਖਾਵਾਂਗੇ, ਸਾਨੂੰ ਚੰਗਾ ਪੜ੍ਹਾਇਆ ਜਾਵੇਗਾ ਤੇ ਸੋਹਣਾ ਘਰ ਮਿਲੇਗਾ। ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ ਉਹ ਸਾਨੂੰ ਛੱਡ ਕੇ ਚਲੀ ਗਈ ਸੀ। ਉਸ ਨੇ ਮੈਨੂੰ ਕਲਾਵੇ ਵਿਚ ਲਿਆ ਅਤੇ ਮੈਨੂੰ ਆਪਣੀਆਂ ਭੈਣਾਂ ਰੀਆ ਅਤੇ ਸ਼ੂਲਮਾਇਟ ਦਾ ਖ਼ਿਆਲ ਰੱਖਣ ਲਈ ਕਿਹਾ। ਮੈਂ ਬਹੁਤ ਦੇਰ ਤਕ ਰੋਂਦੀ ਰਹੀ।

“ਚਾਰ ਸਾਲ ਬਾਅਦ ਡੈਡੀ ਜੀ ਵੀ ਮੰਮੀ ਕੋਲ ਚਲੇ ਗਏ। ਜਦੋਂ ਉਹ ਸਾਡੇ ਨਾਲ ਸਨ, ਤਾਂ ਉਹ ਜਿੱਧਰ ਜਾਂਦੇ ਸਨ ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੀ ਸੀ। ਅਲਵਿਦਾ ਕਹਿੰਦੇ ਸਮੇਂ ਮੈਂ ਤੇ ਮੇਰੀਆਂ ਭੈਣਾਂ ਨੇ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾਈ ਰੱਖੀ ਜਦ ਤਕ ਉਹ ਬਸ ਵਿਚ ਨਹੀਂ ਚੜ੍ਹ ਗਏ। ਮੈਂ ਉਦੋਂ ਵੀ ਇੰਨਾ ਰੋਈ ਕਿ ਮੈਨੂੰ ਕੋਈ ਚੁੱਪ ਨਹੀਂ ਸੀ ਕਰਾ ਸਕਿਆ।”

ਸਭ ਤੋਂ ਛੋਟੀ ਕੁੜੀ ਸ਼ੂਲਮਾਇਟ ਯਾਦ ਕਰਦੀ ਹੈ: “ਜਦੋਂ ਆਇਰਨ ਨੌਂ ਸਾਲ ਦੀ ਸੀ, ਤਾਂ ਇਕ ਤਰ੍ਹਾਂ ਨਾਲ ਉਹ ਮੇਰੀ ਮੰਮੀ ਬਣ ਗਈ। ਮੈਂ ਉਸ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੀ ਸੀ ਅਤੇ ਉਸ ਨੇ ਮੈਨੂੰ ਮੇਰੇ ਕੱਪੜੇ ਧੋਣੇ, ਬਿਸਤਰਾ ਬਣਾਉਣਾ ਤੇ ਹੋਰ ਘਰ ਦੇ ਕੰਮ ਸਿਖਾਏ। ਜਦੋਂ ਸਾਡੇ ਮੰਮੀ-ਡੈਡੀ ਸਾਨੂੰ ਫ਼ੋਨ ਕਰਦੇ ਸਨ, ਮੈਂ ਉਨ੍ਹਾਂ ਨੂੰ ਕਦੇ-ਕਦੇ ਆਪਣੀ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦੀ ਸੀ, ਪਰ ਮੈਂ ਚੰਗੀ ਤਰ੍ਹਾਂ ਨਹੀਂ ਸੀ ਦੱਸ ਪਾਉਂਦੀ ਕਿ ਮੈਂ ਕਿਵੇਂ ਮਹਿਸੂਸ ਕਰਦੀ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਮੇਰੀਆਂ ਭਾਵਨਾਵਾਂ ਨੂੰ ਸਮਝ ਸਕੇ।

“ਲੋਕ ਅਕਸਰ ਪੁੱਛਦੇ ਸਨ ਕਿ ਮੈਨੂੰ ਆਪਣੇ ਮੰਮੀ-ਡੈਡੀ ਦੀ ਯਾਦ ਆਉਂਦੀ ਸੀ ਜਾਂ ਨਹੀਂ। ਮੈਂ ‘ਹਾਂ’ ਵਿਚ ਜਵਾਬ ਦਿੰਦੀ ਸੀ ਪਰ ਜੇ ਸੱਚ ਦੱਸਾਂ, ਤਾਂ ਮੈਨੂੰ ਆਪਣੀ ਮੰਮੀ ਦੀ ਇੰਨੀ ਯਾਦ ਨਹੀਂ ਸੀ ਆਉਂਦੀ। ਮੈਂ ਚਾਰ ਸਾਲਾਂ ਦੀ ਸੀ ਜਦੋਂ ਉਹ ਸਾਨੂੰ ਛੱਡ ਕੇ ਚਲੀ ਗਈ, ਸੋ ਮੈਂ ਉਸ ਤੋਂ ਬਿਨਾਂ ਰਹਿਣਾ ਸਿੱਖ ਲਿਆ।”

ਆਇਰਨ ਦੱਸਦੀ ਹੈ: “ਜਦੋਂ ਮੈਂ 16 ਸਾਲਾਂ ਦੀ ਸੀ, ਤਾਂ ਮੈਂ ਤੇ ਮੇਰੀਆਂ ਭੈਣਾਂ ਮੰਮੀ-ਡੈਡੀ ਕੋਲ ਚਲੀਆਂ ਗਈਆਂ। ਮੈਂ ਬਹੁਤ ਖ਼ੁਸ਼ ਸੀ! ਪਰ ਜਦੋਂ ਅਸੀਂ ਉੱਥੇ ਪਹੁੰਚੀਆਂ, ਤਾਂ ਮੈਨੂੰ ਲੱਗਾ ਕਿ ਸਾਡੇ ਵਿਚ ਇੰਨਾ ਪਿਆਰ ਨਹੀਂ ਸੀ।”

ਰੀਆ ਅੱਗੇ ਦੱਸਦੀ ਹੈ: “ਮੈਂ ਆਪਣੀਆਂ ਮੁਸ਼ਕਲਾਂ ਕਿਸੇ ਨੂੰ ਨਹੀਂ ਸੀ ਦੱਸਦੀ। ਮੈਂ ਸ਼ਰਮੀਲੇ ਸੁਭਾਅ ਦੀ ਸੀ ਅਤੇ ਮੇਰੇ ਲਈ ਦੂਸਰਿਆਂ ਨੂੰ ਪਿਆਰ ਦਿਖਾਉਣਾ ਔਖਾ ਸੀ। ਫ਼ਿਲਪੀਨ ਵਿਚ ਅਸੀਂ ਆਪਣੇ ਮਾਮੇ-ਮਾਮੀ ਨਾਲ ਰਹਿੰਦੀਆਂ ਸੀ ਜਿਨ੍ਹਾਂ ਦੇ ਤਿੰਨ ਬੱਚੇ ਸਨ। ਭਾਵੇਂ ਇਨ੍ਹਾਂ ਰਿਸ਼ਤੇਦਾਰਾਂ ਨੇ ਸਾਡਾ ਖ਼ਿਆਲ ਰੱਖਿਆ, ਪਰ ਇਹ ਸਾਡੇ ਅਸਲੀ ਮਾਂ-ਬਾਪ ਵਰਗੇ ਨਹੀਂ ਸਨ।”

ਆਖ਼ਰ ਵਿਚ ਆਇਰਨ ਦੱਸਦੀ ਹੈ: “ਭਾਵੇਂ ਅਸੀਂ ਗ਼ਰੀਬ ਹੁੰਦੇ ਸੀ, ਸਾਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਈ। ਅਸੀਂ ਕਦੇ ਖਾਲੀ ਢਿੱਡ ਨਹੀਂ ਸੁੱਤੇ। ਪਰ ਜਦੋਂ ਸਾਡੇ ਮੰਮੀ-ਡੈਡੀ ਸਾਨੂੰ ਛੱਡ ਕੇ ਚਲੇ ਗਏ, ਤਾਂ ਸਾਨੂੰ ਉਨ੍ਹਾਂ ਦੀ ਘਾਟ ਬਹੁਤ ਮਹਿਸੂਸ ਹੋਈ। ਸਾਡੇ ਪਰਿਵਾਰ ਨੂੰ ਇਕੱਠੇ ਹੋਏ ਨੂੰ ਤਕਰੀਬਨ ਪੰਜ ਸਾਲ ਹੋ ਚੁੱਕੇ ਹਨ ਪਰ ਉਸ ਜੁਦਾਈ ਦਾ ਸਾਡੇ ਉੱਤੇ ਬਹੁਤ ਗਹਿਰਾ ਅਸਰ ਪਿਆ ਹੈ। ਸਾਨੂੰ ਪਤਾ ਹੈ ਕਿ ਸਾਡੇ ਮੰਮੀ-ਡੈਡੀ ਸਾਨੂੰ ਪਿਆਰ ਕਰਦੇ ਹਨ, ਪਰ ਕਾਸ਼ ਉਨ੍ਹਾਂ ਨੇ ਹੋਰ ਫ਼ੈਸਲਾ ਕੀਤਾ ਹੁੰਦਾ।” (g13 02-E)

ਪੈਸਿਆਂ ਨਾਲੋਂ ਜ਼ਿਆਦਾ ਪਿਆਰਾ ਹੈ ਪਰਿਵਾਰ

ਹਰ ਪਰਵਾਸੀ ਦੀ ਕਹਾਣੀ ਸ਼ਾਇਦ ਅਲੱਗ-ਅਲੱਗ ਹੋਵੇ, ਪਰ ਉਨ੍ਹਾਂ ਦੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹਨ ਜਿਵੇਂ ਅਸੀਂ ਇਸ ਲੇਖ ਲੜੀ ਵਿਚ ਜ਼ਿਕਰ ਕੀਤੇ ਜੋਰਜ, ਰੇਚਲ ਅਤੇ ਪਟਰਿਸ਼ਾ ਦੇ ਤਜਰਬਿਆਂ ਤੋਂ ਦੇਖ ਸਕਦੇ ਹਾਂ। ਪਰਿਵਾਰ ʼਤੇ ਬੁਰਾ ਅਸਰ ਪੈਂਦਾ ਹੈ ਜਦੋਂ ਮਾਤਾ ਜਾਂ ਪਿਤਾ, ਪਤਨੀ ਜਾਂ ਪਤੀ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁੜ ਇਕੱਠੇ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ। ਜੋਰਜ ਤੇ ਉਸ ਦੇ ਪਰਿਵਾਰ ਨੂੰ ਮੁੜ ਇਕੱਠੇ ਹੋਣ ਵਿਚ ਚਾਰ ਤੋਂ ਜ਼ਿਆਦਾ ਸਾਲ ਲੱਗ ਗਏ।

ਰੇਚਲ ਆਪਣੀ ਧੀ ਨੂੰ ਲੈ ਜਾਣ ਵਾਸਤੇ ਆਖ਼ਰ ਫ਼ਿਲਪੀਨ ਵਾਪਸ ਗਈ। ਉਹ ਆਪਣੀ ਬੇਟੀ ਤੋਂ ਤਕਰੀਬਨ ਪੰਜ ਸਾਲ ਦੂਰ ਰਹੀ। ਪਟਰਿਸ਼ਾ ਜਦੋਂ ਸਪੇਨ ਪਹੁੰਚੀ, ਉਸ ਦੇ ਹੱਥਾਂ ਵਿਚ ਉਸ ਦੀ ਨੰਨ੍ਹੀ ਧੀ ਸੀ। ਉਹ ਕਹਿੰਦੀ ਹੈ: “ਮੇਰੀ ਬੇਟੀ ਮੇਰੇ ਲਈ ਸਭ ਕੁਝ ਹੈ, ਸੋ ਮੈਂ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦੀ ਹਾਂ।”

ਕਈ ਲੋਕ ਤਨਹਾਈ, ਪੈਸਿਆਂ ਦੀ ਤੰਗੀ ਅਤੇ ਆਪਣੇ ਪਰਿਵਾਰ ਤੋਂ ਲੰਬੇ ਸਮੇਂ ਲਈ ਜੁਦਾ ਰਹਿਣ ਦੇ ਬਾਵਜੂਦ ਸਾਲਾਂ ਤਾਈਂ ਵਿਦੇਸ਼ ਵਿਚ ਹੀ ਰਹਿੰਦੇ ਹਨ। ਉਹ ਬਹੁਤ ਸਾਰਾ ਪੈਸਾ ਲਾ ਕੇ ਵਿਦੇਸ਼ ਜਾਂਦੇ ਹਨ, ਇਸ ਲਈ ਜਦੋਂ ਉਹ ਸਫ਼ਲ ਨਹੀਂ ਹੁੰਦੇ, ਤਾਂ ਬਦਨਾਮੀ ਦੇ ਡਰੋਂ ਘਰ ਆਉਣ ਲਈ ਉਨ੍ਹਾਂ ਵਿਚ ਹਿੰਮਤ ਨਹੀਂ ਹੁੰਦੀ।

ਪਰ ਫ਼ਿਲਪੀਨ ਦੇ ਐਲਨ ਨੇ ਵਾਪਸ ਆਉਣ ਦੀ ਹਿੰਮਤ ਕੀਤੀ। ਉਸ ਨੂੰ ਸਪੇਨ ਵਿਚ ਚੰਗੀ ਨੌਕਰੀ ਮਿਲ ਗਈ ਸੀ, ਪਰ 18 ਮਹੀਨਿਆਂ ਬਾਅਦ ਉਹ ਆਪਣੇ ਵਤਨ ਵਾਪਸ ਚਲਾ ਗਿਆ। ਉਹ ਦੱਸਦਾ ਹੈ: “ਮੈਨੂੰ ਆਪਣੀ ਪਤਨੀ ਅਤੇ ਛੋਟੀ ਬੱਚੀ ਦੀ ਬਹੁਤ ਯਾਦ ਆਉਂਦੀ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਉਦੋਂ ਹੀ ਵਿਦੇਸ਼ ਜਾ ਕੇ ਕੰਮ ਕਰਾਂਗਾ ਜੇ ਮੇਰਾ ਪਰਿਵਾਰ ਵੀ ਮੇਰੇ ਨਾਲ ਆਵੇ। ਅਤੇ ਅਖ਼ੀਰ ਅਸੀਂ ਸਾਰੇ ਜਣੇ ਚਲੇ ਗਏ। ਪਰਿਵਾਰ ਮੇਰੇ ਲਈ ਪੈਸਿਆਂ ਨਾਲੋਂ ਜ਼ਿਆਦਾ ਪਿਆਰਾ ਹੈ।”

ਪੈਸੇ ਨਾਲੋਂ ਇਕ ਹੋਰ ਚੀਜ਼ ਵੀ ਪਿਆਰੀ ਹੈ ਜਿਸ ਬਾਰੇ ਪਟਰਿਸ਼ਾ ਨੇ ਜਾਣਿਆ। ਜਦੋਂ ਉਹ ਸਪੇਨ ਗਈ, ਤਾਂ ਉਹ ਆਪਣੇ ਨਾਲ ਬਾਈਬਲ ਦਾ “ਨਵਾਂ ਨੇਮ” ਲੈ ਗਈ ਜੋ ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ ਹੈ। ਉਹ ਕਹਿੰਦੀ ਹੈ: “ਮੈਂ ਇਸ ਬਾਈਬਲ ਨੂੰ ਇਕ ਤਵੀਤ ਵਾਂਗ ਸਮਝਦੀ ਸੀ। ਫਿਰ ਮੈਂ ਇਕ ਔਰਤ ਨੂੰ ਮਿਲੀ ਜੋ ਯਹੋਵਾਹ ਦੀ ਗਵਾਹ ਸੀ। ਮੈਂ ਪਹਿਲਾਂ ਇਸ ਧਰਮ ਦੇ ਲੋਕਾਂ ਨਾਲ ਗੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਰੱਖਦੀ। ਸੋ ਇਸ ਗਵਾਹ ਦੇ ਵਿਸ਼ਵਾਸਾਂ ਨੂੰ ਗ਼ਲਤ ਸਾਬਤ ਕਰਨ ਲਈ ਮੈਂ ਉਸ ਨੂੰ ਬਹੁਤ ਸਾਰੇ ਸਵਾਲ ਪੁੱਛੇ। ਪਰ ਉਸ ਨੇ ਹਰ ਸਵਾਲ ਦਾ ਜਵਾਬ ਬਾਈਬਲ ਤੋਂ ਦੇ ਕੇ ਆਪਣੇ ਵਿਸ਼ਵਾਸਾਂ ਬਾਰੇ ਚੰਗੀ ਤਰ੍ਹਾਂ ਸਮਝਾਇਆ।”

ਪਟਰਿਸ਼ਾ ਨੇ ਸਿੱਖਿਆ ਕਿ ਬੇਹੱਦ ਖ਼ੁਸ਼ੀ ਅਤੇ ਭਵਿੱਖ ਲਈ ਪੱਕੀ ਉਮੀਦ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੱਥੇ ਰਹਿੰਦੇ ਹੋ ਜਾਂ ਤੁਹਾਡੇ ਕੋਲ ਕਿੰਨੇ ਪੈਸੇ ਹਨ, ਬਲਕਿ ਪਰਮੇਸ਼ੁਰ ਅਤੇ ਸਾਡੇ ਲਈ ਉਸ ਦੇ ਮਕਸਦ ਬਾਰੇ ਜਾਣਨ ਉੱਤੇ ਨਿਰਭਰ ਕਰਦੀ ਹੈ। (ਯੂਹੰਨਾ 17:3) ਹੋਰ ਗੱਲਾਂ ਦੇ ਨਾਲ-ਨਾਲ ਪਟਰਿਸ਼ਾ ਨੇ ਸਿੱਖਿਆ ਕਿ ਸੱਚੇ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18) ਉਸ ਨੇ ਬਾਈਬਲ ਵਿੱਚੋਂ ਇਹ ਵੀ ਪੜ੍ਹਿਆ ਕਿ ਪਰਮੇਸ਼ੁਰ ਆਪਣੇ ਰਾਜ, ਜਿਸ ਦਾ ਰਾਜਾ ਯਿਸੂ ਮਸੀਹ ਹੈ, ਦੇ ਜ਼ਰੀਏ ਬਹੁਤ ਜਲਦੀ ਸਾਰੀ ਗ਼ਰੀਬੀ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 7:13, 14) ਜ਼ਬੂਰਾਂ ਦੀ ਪੋਥੀ 72:12, 14 ਵਿਚ ਲਿਖਿਆ ਹੈ: “[ਯਿਸੂ] ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”

ਕਿਉਂ ਨਾ ਤੁਸੀਂ ਵੀ ਸਮਾਂ ਕੱਢ ਕੇ ਬਾਈਬਲ ਦੀ ਜਾਂਚ ਕਰੋ? ਪਰਮੇਸ਼ੁਰੀ ਬੁੱਧ ਨਾਲ ਭਰੀ ਇਹ ਕਿਤਾਬ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਨੂੰ ਪਹਿਲ ਦੇਣ, ਚੰਗੇ ਫ਼ੈਸਲੇ ਕਰਨ ਅਤੇ ਕਿਸੇ ਵੀ ਮੁਸ਼ਕਲ ਨੂੰ ਖ਼ੁਸ਼ੀ ਤੇ ਉਮੀਦ ਨਾਲ ਸਹਿਣ ਵਿਚ ਮਦਦ ਕਰੇਗੀ।—ਕਹਾਉਤਾਂ 2:6-9, 20, 21. (g13 02-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ