ਸੰਸਾਰ ਉੱਤੇ ਨਜ਼ਰ
ਸੰਯੁਕਤ ਰਾਜ ਅਮਰੀਕਾ
ਅਮਰੀਕੀ ਹੋਮਲੈਂਡ ਸਕਿਓਰਿਟੀ ਦੀ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਪਿਛਲੇ 10 ਸਾਲਾਂ ਤੋਂ ਕੁਝ 50 ਲੱਖ ਚੀਜ਼ਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਜਹਾਜ਼ ਵਿਚ ਨਹੀਂ ਲੈ ਜਾ ਸਕਦੇ। ਸਿਰਫ਼ 2011 ਵਿਚ ਕਰਮਚਾਰੀਆਂ ਨੇ ਲੋਕਾਂ ਤੋਂ 1,200 ਤੋਂ ਜ਼ਿਆਦਾ ਹਥਿਆਰਾਂ ਨੂੰ ਜ਼ਬਤ ਕੀਤਾ ਸੀ। ਜਿਨ੍ਹਾਂ ਕੋਲ ਹਥਿਆਰ ਸਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਚੇਤਾ ਨਹੀਂ ਰਿਹਾ ਕਿ ਉਨ੍ਹਾਂ ਕੋਲ ਹਥਿਆਰ ਸਨ।
ਬ੍ਰਾਜ਼ੀਲ
ਸਿੱਖਿਆ ਅਧਿਕਾਰੀਆਂ ਨੇ ਸਕੂਲ ਦੀਆਂ ਵਰਦੀਆਂ ਵਿਚ ਇਲੈਕਟ੍ਰਾਨਿਕ ਚਿਪ ਲਾਉਣੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਉਹ ਬੱਚਿਆਂ ʼਤੇ ਨਜ਼ਰ ਰੱਖ ਸਕਣ ਜਿਹੜੇ ਜਾਣ-ਬੁੱਝ ਕੇ ਸਕੂਲ ਨਹੀਂ ਜਾਂਦੇ। ਮਾਪਿਆਂ ਨੂੰ ਇਕ ਐੱਸ. ਐੱਮ. ਐੱਸ. ਮਿਲਦਾ ਹੈ ਜਦ ਉਨ੍ਹਾਂ ਦਾ ਬੱਚਾ ਸਕੂਲ ਪਹੁੰਚ ਜਾਂਦਾ ਹੈ ਅਤੇ ਜੇ ਉਨ੍ਹਾਂ ਦਾ ਬੱਚਾ 20 ਮਿੰਟ ਲੇਟ ਸਕੂਲ ਪਹੁੰਚਦਾ ਹੈ, ਤਾਂ ਉਨ੍ਹਾਂ ਨੂੰ ਇਕ ਵੱਖਰਾ ਐੱਸ. ਐੱਮ. ਐੱਸ. ਮਿਲਦਾ ਹੈ।
ਨਾਰਵੇ
ਲੂਥਰਨ ਧਰਮ ਹੁਣ ਕੌਮੀ ਧਰਮ ਨਹੀਂ ਰਿਹਾ। ਨਾਰਵੇ ਦੀ ਸਰਕਾਰ ਨੇ ਪਹਿਲੀ ਵਾਰ ਸੰਵਿਧਾਨ ਨੂੰ ਬਦਲਣ ਲਈ ਵੋਟ ਪਾਈ ਸੀ ਕਿ ਧਰਮ ਤੇ ਸਰਕਾਰ ਨੂੰ ਅਲੱਗ ਰੱਖਿਆ ਜਾਵੇ।
ਚੈੱਕ ਗਣਰਾਜ
ਜਦੋਂ ਸਰਵੇ ਕੀਤਾ ਗਿਆ, ਤਾਂ ਚੈੱਕ ਗਣਰਾਜ ਦੇ ਦੋ-ਤਿਹਾਈ ਕਰਮਚਾਰੀਆਂ ਨੇ ਮੰਨਿਆ ਕਿ ਕੰਮ ʼਤੇ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੰਮ ਸੰਬੰਧੀ ਫ਼ੋਨ ਸੁਣਨ, ਈ-ਮੇਲ ਜਾਂ ਮੈਸਿਜ ਪੜ੍ਹਨ। ਇਕ-ਤਿਹਾਈ ਤੋਂ ਜ਼ਿਆਦਾ ਦਾ ਮੰਨਣਾ ਹੈ ਕਿ ਜੇ ਉਹ ਇਸ ਤਰ੍ਹਾਂ ਨਾ ਕਰਨ, ਤਾਂ ਕੰਪਨੀ ਨੂੰ ਨੁਕਸਾਨ ਹੋ ਸਕਦਾ ਹੈ।
ਭਾਰਤ
ਭਾਵੇਂ ਪਿਛਲੇ 20 ਸਾਲਾਂ ਤੋਂ 50% ਅਨਾਜ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ ਅਤੇ 71 ਲੱਖ ਟਨ ਝੋਨਾ ਤੇ ਕਣਕ ਮੰਡੀਆਂ ਵਿਚ ਹੈ, ਫਿਰ ਵੀ ਭਾਰਤ ਦੇ ਕੁਝ ਲੋਕ ਭੁੱਖੇ ਮਰਦੇ ਹਨ। ਮੰਡੀਆਂ ਵਿੱਚੋਂ ਸਿਰਫ਼ 40% ਅਨਾਜ ਲੋਕਾਂ ਦੇ ਘਰਾਂ ਵਿਚ ਪਹੁੰਚਦਾ ਹੈ। ਭ੍ਰਿਸ਼ਟਾਚਾਰ ਤੇ ਬਰਬਾਦੀ ਇਸ ਸਮੱਸਿਆ ਦੀ ਜੜ੍ਹ ਹੈ। (g13 05-E)