ਬਾਈਬਲ ਕੀ ਕਹਿੰਦੀ ਹੈ
ਸ਼ੈਤਾਨ
ਕੀ ਸ਼ੈਤਾਨ ਅਸਲੀ ਹੈ?
“ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ, ਧਰਤੀ ਉੱਤੇ ਸੁੱਟ ਦਿੱਤਾ ਗਿਆ।”—ਪ੍ਰਕਾਸ਼ ਦੀ ਕਿਤਾਬ 12:9.
ਲੋਕੀ ਕੀ ਕਹਿੰਦੇ ਹਨ:
ਕਈ ਲੋਕ ਮੰਨਦੇ ਹਨ ਕਿ ਸ਼ੈਤਾਨ ਅਸਲੀ ਨਹੀਂ ਹੈ, ਸਗੋਂ ਸਾਰਿਆਂ ਅੰਦਰ ਬੁਰਾਈ ਹੈ।
ਬਾਈਬਲ ਕੀ ਕਹਿੰਦੀ ਹੈ:
ਸ਼ੈਤਾਨ ਅਸਲੀ ਹੈ। ਉਹ ਇਕ ਬਾਗ਼ੀ ਦੂਤ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ। ਬਾਈਬਲ ਉਸ ਨੂੰ ‘ਦੁਨੀਆਂ ਦਾ ਹਾਕਮ’ ਕਹਿੰਦੀ ਹੈ। (ਯੂਹੰਨਾ 12:31) ਉਹ “ਝੂਠੀਆਂ ਨਿਸ਼ਾਨੀਆਂ” ਅਤੇ “ਧੋਖਾ” ਦੇ ਕੇ ਆਪਣੇ ਇਰਾਦਿਆਂ ਨੂੰ ਨੇਪਰੇ ਚਾੜ੍ਹਦਾ ਹੈ।—2 ਥੱਸਲੁਨੀਕੀਆਂ 2:9, 10.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸ਼ੈਤਾਨ ਤੇ ਰੱਬ ਵਿਚ ਗੱਲਬਾਤ ਹੋਈ ਸੀ। ਜੇ ਸ਼ੈਤਾਨ ਸਿਰਫ਼ ਬੁਰਾਈ ਹੈ, ਤਾਂ ਪਰਮੇਸ਼ੁਰ ਕਿਹਦੇ ਨਾਲ ਗੱਲ ਕਰ ਰਿਹਾ ਸੀ? ਕੀ ਉਹ ਆਪਣੇ ਆਪ ਨਾਲ ਗੱਲ ਕਰ ਰਿਹਾ ਸੀ? ਇਹ ਹੋ ਹੀ ਨਹੀਂ ਸਕਦਾ ਕਿਉਂਕਿ ਰੱਬ ਪਾਕ ਅਤੇ ਪਵਿੱਤਰ ਹੈ। (ਬਿਵਸਥਾ ਸਾਰ 32:4; ਅੱਯੂਬ 2:1-6) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ੈਤਾਨ ਅਸਲੀ ਹੈ, ਨਾ ਕਿ ਸਿਰਫ਼ ਕਿਸੇ ਦੇ ਅੰਦਰ ਬੁਰਾਈ।
ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?
ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਸੋਚੋ ਕਿ ਉਹ ਅਸਲੀ ਨਹੀਂ ਹੈ। ਉਹ ਇਕ ਅਪਰਾਧੀ ਵਾਂਗ ਹੈ ਜੋ ਆਪਣੀ ਪਛਾਣ ਲੁਕਾਉਂਦਾ ਹੈ ਤਾਂਕਿ ਉਹ ਚੋਰੀ-ਛਿਪੇ ਕਾਨੂੰਨ ਤੋਂ ਉਲਟ ਕੰਮ ਕਰ ਸਕੇ। ਆਪਣੇ ਆਪ ਨੂੰ ਸ਼ੈਤਾਨ ਤੋਂ ਬਚਾਉਣ ਲਈ ਤੁਹਾਨੂੰ ਪਹਿਲਾਂ ਇਹ ਕਬੂਲ ਕਰਨ ਦੀ ਲੋੜ ਹੈ ਕਿ ਉਹ ਅਸਲੀ ਹੈ।
ਸ਼ੈਤਾਨ ਕਿੱਥੇ ਰਹਿੰਦਾ ਹੈ?
“ਧਰਤੀ . . . ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ।”—ਪ੍ਰਕਾਸ਼ ਦੀ ਕਿਤਾਬ 12:12.
ਲੋਕੀ ਕੀ ਕਹਿੰਦੇ ਹਨ:
ਕਈ ਲੋਕ ਮੰਨਦੇ ਹਨ ਕਿ ਸ਼ੈਤਾਨ ਧਰਤੀ ਦੀ ਡੂੰਘਾਈ ਵਿਚ ਨਰਕ ਦੀ ਬਲ਼ਦੀ ਅੱਗ ਵਿਚ ਰਹਿੰਦਾ ਹੈ। ਹੋਰ ਲੋਕ ਮੰਨਦੇ ਹਨ ਕਿ ਉਹ ਬੁਰੇ ਲੋਕਾਂ ਅੰਦਰ ਰਹਿੰਦਾ ਹੈ।
ਬਾਈਬਲ ਕੀ ਕਹਿੰਦੀ ਹੈ:
ਸ਼ੈਤਾਨ ਇਕ ਦੂਤ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਕਿਉਂਕਿ ਉਹ ਆਤਮਿਕ ਸੰਸਾਰ ਵਿਚ ਰਹਿੰਦਾ ਹੈ। ਥੋੜ੍ਹੇ ਸਮੇਂ ਲਈ ਸ਼ੈਤਾਨ ਸਵਰਗ ਵਿਚ ਉੱਥੇ ਜਾ ਸਕਦਾ ਸੀ ਜਿੱਥੇ ਰੱਬ ਅਤੇ ਦੂਤ ਰਹਿੰਦੇ ਹਨ। (ਅੱਯੂਬ 1:6) ਪਰ ਹੁਣ ਉਸ ਕੋਲ ਰੱਬ ਦੇ ਸਾਮ੍ਹਣੇ ਜਾਣ ਦੀ ਆਜ਼ਾਦੀ ਨਹੀਂ ਹੈ ਕਿਉਂਕਿ ਉਸ ਨੂੰ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਧਰਤੀ ʼਤੇ ਸੁੱਟ ਦਿੱਤਾ ਗਿਆ।—ਪ੍ਰਕਾਸ਼ ਦੀ ਕਿਤਾਬ 12:12.
ਕੀ ਇਸ ਦਾ ਇਹ ਮਤਲਬ ਹੈ ਕਿ ਉਹ ਧਰਤੀ ਉੱਪਰ ਇੱਕੋ ਜਗ੍ਹਾ ʼਤੇ ਹੀ ਰਹਿੰਦਾ ਹੈ? ਮਿਸਾਲ ਲਈ, ਤੁਸੀਂ ਸ਼ਾਇਦ ਪੁਰਾਣੇ ਸ਼ਹਿਰ ਪਰਗਮੁਮ ਬਾਰੇ ਪੜ੍ਹਿਆ ਹੋਵੇ ਜਿਸ ਬਾਰੇ ਕਿਹਾ ਗਿਆ ਸੀ ਕਿ ‘ਸ਼ੈਤਾਨ ਨੇ ਉੱਥੇ ਡੇਰਾ ਲਾਇਆ ਹੋਇਆ ਹੈ।’ (ਪ੍ਰਕਾਸ਼ ਦੀ ਕਿਤਾਬ 2:13) ਇਸ ਦਾ ਇਹ ਮਤਲਬ ਸੀ ਕਿ ਉੱਥੇ ਸ਼ੈਤਾਨ ਦੀ ਜ਼ਿਆਦਾਤਰ ਭਗਤੀ ਕੀਤੀ ਜਾਂਦੀ ਸੀ। ਸ਼ੈਤਾਨ ਨੇ ਧਰਤੀ ਦੇ ਇਕ ਕੋਨੇ ʼਤੇ ਆਪਣਾ ਡੇਰਾ ਨਹੀਂ ਲਾਇਆ। ਇਸ ਦੀ ਬਜਾਇ, ਬਾਈਬਲ ਦੱਸਦੀ ਹੈ ਕਿ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ” ਉਸ ਦੀਆਂ ਹਨ।—ਲੂਕਾ 4:5, 6.
ਕੀ ਸ਼ੈਤਾਨ ਇਨਸਾਨਾਂ ਦਾ ਨੁਕਸਾਨ ਜਾਂ ਉਨ੍ਹਾਂ ਨੂੰ ਕੰਟ੍ਰੋਲ ਕਰ ਸਕਦਾ ਹੈ?
“ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।”—1 ਯੂਹੰਨਾ 5:19.
ਬਾਈਬਲ ਕੀ ਕਹਿੰਦੀ ਹੈ:
ਬਹੁਤ ਸਾਰੇ ਲੋਕ ਸ਼ੈਤਾਨ ਦੇ ਬੁਰੇ ਅਸਰ ਹੇਠ ਹਨ ਅਤੇ ਅਣਜਾਣੇ ਵਿਚ ਉਸ ਦੇ ਵੱਸ ਵਿਚ ਆ ਗਏ ਹਨ। (2 ਕੁਰਿੰਥੀਆਂ 11:14) ਇਹ ਗੱਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਇਨਸਾਨ ਦੁਨੀਆਂ ਦੇ ਹਾਲਾਤਾਂ ਨੂੰ ਕਿਉਂ ਨਹੀਂ ਸੁਧਾਰ ਸਕੇ।
ਬਾਈਬਲ ਉਨ੍ਹਾਂ ਹੋਰ ਲੋਕਾਂ ਬਾਰੇ ਵੀ ਦੱਸਦੀ ਹੈ ਜੋ ਸ਼ੈਤਾਨ ਤੇ ਹੋਰ ਬਾਗ਼ੀ ਦੂਤਾਂ ਦੇ ਕੰਟ੍ਰੋਲ ਵਿਚ ਸਨ ਤੇ ਉਹ ਉਨ੍ਹਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਂਦੇ ਸਨ।—ਮੱਤੀ 12:22; 17:15-18; ਮਰਕੁਸ 5:2-5.
ਤੁਸੀਂ ਕੀ ਕਰ ਸਕਦੇ ਹੋ
ਤੁਹਾਨੂੰ ਸ਼ੈਤਾਨ ਦੀ ਤਾਕਤ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸ਼ੈਤਾਨ ਦੇ ਪ੍ਰਭਾਵ ਤੋਂ ਬਚਣ ਲਈ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਸ਼ੈਤਾਨ ਲੋਕਾਂ ਉੱਤੇ ਆਪਣਾ ਪ੍ਰਭਾਵ ਕਿਵੇਂ ਪਾਉਂਦਾ ਹੈ। ਇਸ ਤਰ੍ਹਾਂ ਤੁਸੀਂ “ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ” ਰਹੋਗੇ। (2 ਕੁਰਿੰਥੀਆਂ 2:11) ਬਾਈਬਲ ਪੜ੍ਹਨ ਨਾਲ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਜਾਣੋਗੇ ਅਤੇ ਉਸ ਦੇ ਸ਼ਿਕਾਰ ਬਣਨ ਤੋਂ ਬਚੋਗੇ।
ਜਾਦੂ-ਟੂਣੇ ਨਾਲ ਸੰਬੰਧਿਤ ਹਰ ਚੀਜ਼ ਸੁੱਟ ਦਿਓ। (ਰਸੂਲਾਂ ਦੇ ਕੰਮ 19:19) ਇਸ ਵਿਚ ਤਵੀਤ, ਕਿਤਾਬਾਂ, ਵੀਡੀਓ, ਸੰਗੀਤ ਅਤੇ ਕੰਪਿਊਟਰ ਪ੍ਰੋਗ੍ਰਾਮ ਜਾਂ ਐਪ ਸ਼ਾਮਲ ਹਨ।
ਬਾਈਬਲ ਕਹਿੰਦੀ ਹੈ: “ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।” (ਯਾਕੂਬ 4:7) ਬਾਈਬਲ ਦੀ ਸਲਾਹ ਮੰਨ ਕੇ ਤੁਸੀਂ ਆਪਣੇ ਆਪ ਨੂੰ ਸ਼ੈਤਾਨ ਦੀਆਂ ਭੈੜੀਆਂ ਚਾਲਾਂ ਤੋਂ ਬਚਾ ਸਕਦੇ ਹੋ।—ਅਫ਼ਸੀਆਂ 6:11-18. (g13 06-E)