ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 11/14 ਸਫ਼ੇ 4-6
  • ਅਸਲੀ ਕਾਮਯਾਬੀ ਕਿਵੇਂ ਹਾਸਲ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸਲੀ ਕਾਮਯਾਬੀ ਕਿਵੇਂ ਹਾਸਲ ਕਰੀਏ?
  • ਜਾਗਰੂਕ ਬਣੋ!—2014
  • ਮਿਲਦੀ-ਜੁਲਦੀ ਜਾਣਕਾਰੀ
  • ਜ਼ਿੰਦਗੀ ਵਿਚ ਸਫ਼ਲਤਾ ਪਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਅਸਲੀ ਕਾਮਯਾਬੀ ਕੀ ਹੁੰਦੀ ਹੈ?
    ਜਾਗਰੂਕ ਬਣੋ!—2014
  • ਤੁਸੀਂ ਸਫ਼ਲ ਕਿੱਦਾਂ ਹੋ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਫ਼ਲਤਾ ਪਾਉਣ ਦੀਆਂ ਛੇ ਕੁੰਜੀਆਂ
    ਜਾਗਰੂਕ ਬਣੋ!—2009
ਹੋਰ ਦੇਖੋ
ਜਾਗਰੂਕ ਬਣੋ!—2014
g 11/14 ਸਫ਼ੇ 4-6
ਸ਼ਾਰਲਟ ਅਤੇ ਟਿਮਥੀ

ਮੁੱਖ ਪੰਨੇ ਤੋਂ | ਅਸਲੀ ਕਾਮਯਾਬੀ ਕੀ ਹੁੰਦੀ ਹੈ?

ਅਸਲੀ ਕਾਮਯਾਬੀ ਕਿਵੇਂ ਹਾਸਲ ਕਰੀਏ?

ਬਾਈਬਲ ਸਾਨੂੰ ਕਾਮਯਾਬੀ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਉਂਦੀ ਹੈ। ਬਾਈਬਲ ਇਹ ਨਹੀਂ ਦੱਸਦੀ ਕਿ ਜ਼ਿੰਦਗੀ ਵਿਚ ਸਿਰਫ਼ ਕੁਝ ਲੋਕ ਹੀ ਕਾਮਯਾਬ ਹੋ ਸਕਦੇ ਹਨ। ਪਰ ਬਾਈਬਲ ਇਹ ਸਲਾਹ ਵੀ ਨਹੀਂ ਦਿੰਦੀ ਕਿ ਜੇ ਤੁਸੀਂ ‘ਆਪਣੇ ਸੁਪਨਿਆਂ ਨੂੰ ਖੰਭ ਲਾਓਗੇ,’ ਤਾਂ ਉਹ ਇਕ ਦਿਨ ਜ਼ਰੂਰ ਪੂਰੇ ਹੋਣਗੇ, ਜਿੱਦਾਂ ਖ਼ਿਆਲੀ ਕਹਾਣੀਆਂ ਵਿਚ ਦੱਸਿਆ ਜਾਂਦਾ ਹੈ। ਇਹ ਗੱਲ ਬਚਪਨ ਤੋਂ ਹੀ ਬੱਚਿਆਂ ਨੂੰ ਘੋਲ ਕੇ ਪਿਲ਼ਾਈ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਮਾਯੂਸੀ ਦਾ ਮੂੰਹ ਦੇਖਣਾ ਪੈ ਸਕਦਾ ਹੈ।

ਹਕੀਕਤ ਇਹ ਹੈ ਕਿ ਅਸਲੀ ਕਾਮਯਾਬੀ ਕੋਈ ਵੀ ਪਾ ਸਕਦਾ ਹੈ, ਪਰ ਇਸ ਦੇ ਲਈ ਮਿਹਨਤ ਕਰਨ ਦੀ ਲੋੜ ਹੈ। ਜ਼ਰਾ ਹੇਠਾਂ ਦਿੱਤੇ ਅਸੂਲਾਂ ʼਤੇ ਗੌਰ ਕਰੋ।

  • ਸਿੱਕੇ

    ਬਾਈਬਲ ਕੀ ਕਹਿੰਦੀ ਹੈ:

    “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”​—ਉਪਦੇਸ਼ਕ ਦੀ ਪੋਥੀ 5:10.

    ਇਸ ਦਾ ਕੀ ਮਤਲਬ ਹੈ? ਪੈਸੇ ਜਾਂ ਚੀਜ਼ਾਂ ਪਿੱਛੇ ਭੱਜਣ ਨਾਲ ਸੰਤੁਸ਼ਟੀ ਨਹੀਂ ਮਿਲਦੀ, ਸਗੋਂ ਨੁਕਸਾਨ ਹੀ ਹੁੰਦਾ ਹੈ। ਆਪਣੀ ਕਿਤਾਬ ਸੁਆਰਥੀ ਲੋਕ (ਅੰਗ੍ਰੇਜ਼ੀ) ਵਿਚ ਡਾਕਟਰ ਜੀਨ ਐੱਮ. ਟਵਿੰਗੀ ਲਿਖਦੀ ਹੈ: “ਜਿਹੜੇ ਲੋਕ ਰੁਪਏ-ਪੈਸੇ ਦੇ ਮਗਰ ਭੱਜਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਫ਼ਿਕਰਾਂ ਵਿਚ ਡੁੱਬੇ ਰਹਿੰਦੇ ਹਨ ਜਿਹੜੇ ਰਿਸ਼ਤਿਆਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ।” ਉਹ ਅੱਗੇ ਦੱਸਦੀ ਹੈ: “ਖੋਜਕਾਰ ਵਾਰ-ਵਾਰ ਇਸੇ ਸਿੱਟੇ ʼਤੇ ਪਹੁੰਚੇ ਹਨ ਕਿ ਪੈਸੇ ਨਾਲ ਖ਼ੁਸ਼ੀ ਨਹੀਂ ਖ਼ਰੀਦੀ ਜਾ ਸਕਦੀ। ਜ਼ਿੰਦਗੀ ਦਾ ਗੁਜ਼ਾਰਾ ਤੋਰਨ ਲਈ ਤੁਹਾਡੇ ਕੋਲ ਜਿੰਨੇ ਪੈਸੇ ਹਨ, ਉਸ ਤੋਂ ਤੁਹਾਨੂੰ ਖ਼ੁਸ਼ੀ ਮਿਲੇਗੀ। ਇਸ ਤੋਂ ਜ਼ਿਆਦਾ ਪੈਸਾ ਹੋਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਤੁਹਾਡੀ ਖ਼ੁਸ਼ੀ ਹੋਰ ਵਧੇਗੀ।”

    ਤੁਸੀਂ ਕੀ ਕਰ ਸਕਦੇ ਹੋ? ਧਨ-ਦੌਲਤ ਅਤੇ ਚੀਜ਼ਾਂ ਇਕੱਠੀਆਂ ਕਰਨ ਦੀ ਬਜਾਇ ਕੁਝ ਹੋਰ ਕਰੋ ਜਿਸ ਤੋਂ ਤੁਹਾਨੂੰ ਸੱਚੀ ਖ਼ੁਸ਼ੀ ਮਿਲੇ। ਯਿਸੂ ਨੇ ਕਿਹਾ ਸੀ: “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”​—ਲੂਕਾ 12:15.

  • ਇਕ ਘਮੰਡੀ ਆਦਮੀ

    ਬਾਈਬਲ ਕੀ ਕਹਿੰਦੀ ਹੈ:

    “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”​—ਕਹਾਉਤਾਂ 16:18.

    ਇਸ ਦਾ ਕੀ ਮਤਲਬ ਹੈ? ਵੱਡਾ ਨਾਂ ਕਮਾਉਣ ਦੀ ਲਾਲਸਾ ਅਤੇ ਘਮੰਡੀ ਹੋਣ ਨਾਲ ਤੁਹਾਨੂੰ ਅਸਲੀ ਕਾਮਯਾਬੀ ਨਹੀਂ ਮਿਲੇਗੀ। ਦਰਅਸਲ, ਗੁੱਡ ਟੂ ਗ੍ਰੇਟ ਨਾਂ ਦੀ ਕਿਤਾਬ ਦੱਸਦੀ ਹੈ ਕਿ ਜਿਨ੍ਹਾਂ ਕੰਪਨੀਆਂ ਦੇ ਡਾਇਰੈਕਟਰ ਲੰਬੇ ਸਮੇਂ ਤੋਂ ਕਾਮਯਾਬ ਰਹੇ ਹਨ, ਉਹ “ਨਿਮਰ ਸੁਭਾਅ ਦੇ ਹੁੰਦੇ ਹਨ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਦੇ। ਇਸ ਤੋਂ ਉਲਟ, ਉਨ੍ਹਾਂ ਦੇ ਮੁਕਾਬਲੇ ਵਿਚ ਦੋ-ਤਿਹਾਈ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਮੰਡੀ ਰਵੱਈਏ ਕਾਰਨ ਜਾਂ ਤਾਂ ਉਨ੍ਹਾਂ ਦੀਆਂ ਕੰਪਨੀਆਂ ਡੁੱਬ ਗਈਆਂ ਜਾਂ ਫਿਰ ਉਨ੍ਹਾਂ ਦੀਆਂ ਕੰਪਨੀਆਂ ਵਧੀਆ ਨਹੀਂ ਚੱਲਦੀਆਂ।” ਇਸ ਤੋਂ ਕੀ ਸਿੱਖਣ ਨੂੰ ਮਿਲਦਾ ਹੈ? ਜੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦੇ ਹੋ, ਤਾਂ ਤੁਹਾਡੇ ਹੱਥ ਨਾਕਾਮਯਾਬੀ ਲੱਗੇਗੀ।

    ਤੁਸੀਂ ਕੀ ਕਰ ਸਕਦੇ ਹੋ? ਸ਼ੌਹਰਤ ਹਾਸਲ ਕਰਨ ਦੀ ਬਜਾਇ ਨਿਮਰਤਾ ਦਾ ਗੁਣ ਪੈਦਾ ਕਰੋ। ਬਾਈਬਲ ਕਹਿੰਦੀ ਹੈ: “ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ, ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।” (ਗਲਾਤੀਆਂ 6:3) ਇਹ ਕਾਮਯਾਬ ਇਨਸਾਨ ਦੀ ਪਛਾਣ ਨਹੀਂ ਹੈ!

  • ਹੱਥ ਵਿਚ ਹਥੌੜਾ

    ਬਾਈਬਲ ਕੀ ਕਹਿੰਦੀ ਹੈ:

    ‘ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਉਹ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।’​—ਉਪਦੇਸ਼ਕ ਦੀ ਪੋਥੀ 2:24.

    ਇਸ ਦਾ ਕੀ ਮਤਲਬ ਹੈ? ਜੇ ਤੁਸੀਂ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪਾਉਂਦੇ ਹੋ, ਤਾਂ ਤੁਹਾਨੂੰ ਕੰਮ ਕਰ ਕੇ ਹੋਰ ਵੀ ਮਜ਼ਾ ਆਵੇਗਾ। ਆਪਣੀ ਕਿਤਾਬ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਓ (ਅੰਗ੍ਰੇਜ਼ੀ) ਵਿਚ ਡਾਕਟਰ ਮੈਡਲਿਨ ਲਵਾਈਨ ਲਿਖਦੀ ਹੈ: “ਕਾਮਯਾਬ ਹੋਣ ਲਈ ਕੋਈ ਕੰਮ ਵਧੀਆ ਤਰੀਕੇ ਨਾਲ ਕਰਨਾ ਜ਼ਰੂਰੀ ਹੈ, ਪਰ ਕੋਈ ਕੰਮ ਵਧੀਆ ਤਰੀਕੇ ਨਾਲ ਕਰਨ ਲਈ ਮਿਹਨਤ ਕਰਨੀ ਅਤੇ ਉਸ ਕੰਮ ਵਿਚ ਲੱਗੇ ਰਹਿਣਾ ਜ਼ਰੂਰੀ ਹੈ।” ਇਸ ਵਿਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਮੁਸ਼ਕਲਾਂ ਆਉਣ ʼਤੇ ਹਿੰਮਤ ਨਹੀਂ ਹਾਰੋਗੇ।

    ਤੁਸੀਂ ਕੀ ਕਰ ਸਕਦੇ ਹੋ? ਹੁਨਰਮੰਦ ਬਣਨ ਲਈ ਮਿਹਨਤ ਕਰੋ ਅਤੇ ਮੁਸ਼ਕਲਾਂ ਆਉਣ ʼਤੇ ਹੌਸਲਾ ਨਾ ਹਾਰੋ। ਜੇ ਤੁਹਾਡੇ ਬੱਚੇ ਹਨ, ਤਾਂ ਉਨ੍ਹਾਂ ਨੂੰ (ਉਮਰ ਤੇ ਕਾਬਲੀਅਤ ਮੁਤਾਬਕ) ਆਪਣੀਆਂ ਮੁਸ਼ਕਲਾਂ ਸੁਲਝਾਉਣ ਦਾ ਮੌਕਾ ਦਿਓ। ਤੁਸੀਂ ਆਪ ਫਟਾਫਟ ਉਨ੍ਹਾਂ ਦੀਆਂ ਮੁਸ਼ਕਲਾਂ ਨਾ ਹੱਲ ਕਰੋ। ਜਦ ਬੱਚੇ ਆਪ ਆਪਣੀਆਂ ਮੁਸ਼ਕਲਾਂ ਹੱਲ ਕਰਨੀਆਂ ਸਿੱਖਦੇ ਹਨ, ਤਾਂ ਉਨ੍ਹਾਂ ਨੂੰ ਦਿਲੋਂ ਖ਼ੁਸ਼ੀ ਹੁੰਦੀ ਹੈ ਅਤੇ ਇਸ ਟ੍ਰੇਨਿੰਗ ਦਾ ਉਨ੍ਹਾਂ ਨੂੰ ਵੱਡੇ ਹੋ ਕੇ ਵੀ ਫ਼ਾਇਦਾ ਹੋਵੇਗਾ।

  • ਕੁੱਤਾ

    ਬਾਈਬਲ ਕੀ ਕਹਿੰਦੀ ਹੈ:

    “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ।”​—ਉਪਦੇਸ਼ਕ ਦੀ ਪੋਥੀ 9:4.

    ਇਸ ਦਾ ਕੀ ਮਤਲਬ ਹੈ? ਕੰਮ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ, ਨਾ ਕਿ ਤੁਹਾਡੀ ਜ਼ਿੰਦਗੀ। ਵਾਕਈ ਜੇ ਤੁਸੀਂ ਕੈਰੀਅਰ ਦੇ ਉੱਚੇ ਮੁਕਾਮ ʼਤੇ ਪਹੁੰਚ ਜਾਂਦੇ ਹੋ, ਪਰ ਆਪਣੀ ਸਿਹਤ ਵਿਗਾੜ ਲੈਂਦੇ ਹੋ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਇੱਜ਼ਤ ਨਹੀਂ ਕਰਦੇ, ਤਾਂ ਕੀ ਤੁਸੀਂ ਖ਼ੁਦ ਨੂੰ ਕਾਮਯਾਬ ਮਹਿਸੂਸ ਕਰੋਗੇ? ਜ਼ਿੰਦਗੀ ਵਿਚ ਅਸਲੀ ਕਾਮਯਾਬੀ ਹਾਸਲ ਕਰਨ ਵਾਲੇ ਲੋਕ ਆਪਣੇ ਕੰਮ ਦੇ ਨਾਲ-ਨਾਲ ਆਪਣੀ ਸਿਹਤ ਅਤੇ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਵੀ ਅਹਿਮੀਅਤ ਦਿੰਦੇ ਹਨ।

    ਤੁਸੀਂ ਕੀ ਕਰ ਸਕਦੇ ਹੋ? ਆਪਣਾ ਖ਼ਿਆਲ ਰੱਖੋ। ਚੰਗੀ ਤਰ੍ਹਾਂ ਆਰਾਮ ਕਰੋ। ਜੇ ਤੁਸੀਂ ਕਾਮਯਾਬ ਹੋਣ ਲਈ ਆਪਣੀ ਸਿਹਤ, ਪਰਿਵਾਰ ਅਤੇ ਰਿਸ਼ਤਿਆਂ ਨੂੰ ਦਾਅ ʼਤੇ ਲਾ ਕੇ 24 ਘੰਟੇ ਕੰਮ ਵਿਚ ਖੁੱਭੇ ਰਹਿੰਦੇ ਹੋ, ਤਾਂ ਕੀ ਇਸ ਦਾ ਤੁਹਾਨੂੰ ਕੋਈ ਫ਼ਾਇਦਾ ਹੋਵੇਗਾ?

  • ਖੁੱਲ੍ਹੀ ਹੋਈ ਬਾਈਬਲ

    ਬਾਈਬਲ ਕੀ ਕਹਿੰਦੀ ਹੈ:

    “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

    ਇਸ ਦਾ ਕੀ ਮਤਲਬ ਹੈ? ਅਸਲੀ ਕਾਮਯਾਬੀ ਹਾਸਲ ਕਰਨ ਲਈ ਬਾਈਬਲ ਦੀ ਸਟੱਡੀ ਕਰਨੀ ਅਤੇ ਇਸ ਵਿਚ ਦਿੱਤੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਅਸਲ ਵਿਚ ਯਹੋਵਾਹ ਦੇ ਲੱਖਾਂ ਹੀ ਗਵਾਹਾਂ ਨੇ ਦੇਖਿਆ ਹੈ ਕਿ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਨਾਲ ਪੈਸੇ ਜਾਂ ਚੀਜ਼ਾਂ ਵਗੈਰਾ ਲਈ ਉਨ੍ਹਾਂ ਦੀ ਚਿੰਤਾ ਘੱਟ ਗਈ ਹੈ।​—ਮੱਤੀ 6:31-33.

    ਤੁਸੀਂ ਕੀ ਕਰ ਸਕਦੇ ਹੋ? ਜਾਣੋ ਕਿ ਅਸਲੀ ਕਾਮਯਾਬੀ ਹਾਸਲ ਕਰਨ ਵਿਚ ਬਾਈਬਲ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ। ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਾਡੀ ਵੈੱਬਸਾਈਟ www.jw.org ਦੇਖੋ। (g14 10-E)

“ਮੈਂ ਸਹੀ ਮਾਅਨਿਆਂ ਵਿਚ ਕਾਮਯਾਬ ਨਹੀਂ ਸੀ”

ਸ਼ਾਰਲਟ ਅਤੇ ਟਿਮਥੀ

ਟਿਮਥੀ ਅਤੇ ਸ਼ਾਰਲਟ ਇਕ ਬਹੁਤ ਵੱਡੀ ਕੋਠੀ ਵਿਚ ਰਹਿੰਦੇ ਸਨ। ਉਨ੍ਹਾਂ ਕੋਲ ਕਈ ਮਹਿੰਗੀਆਂ ਕਾਰਾਂ ਸਨ ਅਤੇ ਉਹ ਢੇਰ ਸਾਰਾ ਪੈਸਾ ਖ਼ਰਚ ਕੇ ਸਾਲ ਵਿਚ ਕਈ ਵਾਰ ਛੁੱਟੀਆਂ ਮਨਾਉਣ ਜਾਂਦੇ ਸਨ। ਪਰ ਤਰੱਕੀ ਦੀਆਂ ਪੌੜੀਆਂ ਚੜ੍ਹਨ ਦੇ ਬਾਵਜੂਦ ਉਨ੍ਹਾਂ ਨੇ ਸਭ ਕੁਝ ਛੱਡ ਦਿੱਤਾ। ਜਾਗਰੂਕ ਬਣੋ! ਨੇ ਟਿਮਥੀ ਨੂੰ ਪੁੱਛਿਆ ਕਿ ਕਿਹੜੀ ਗੱਲ ਨੇ ਉਸ ਦੀ ਸੋਚ ਬਦਲ ਦਿੱਤੀ।

ਤੁਸੀਂ ਕੀ ਕੰਮ ਕਰਦੇ ਸੀ?

ਮੈਂ ਮਿਊਜ਼ਿਕ ਇੰਡਸਟ੍ਰੀ ਵਿਚ ਕੰਮ ਕੀਤਾ ਅਤੇ ਅਕਾਊਂਟਸ ਦਾ ਕੰਮ ਵੀ ਕੀਤਾ। ਸ਼ਾਰਲਟ ਨੇ ਕਾਇਰੋਪ੍ਰੈਕਟਿਕ ਐਸਿਸਟੈਂਟ ਵਜੋਂ ਕੰਮ ਕੀਤਾ ਅਤੇ ਫਿਰ ਬੈਂਕ ਵਿਚ। ਬਾਅਦ ਵਿਚ ਅਸੀਂ ਨਾਈ ਦੀਆਂ ਚਾਰ ਦੁਕਾਨਾਂ ਖੋਲ੍ਹੀਆਂ। ਲੋਕ ਕਹਿੰਦੇ ਸਨ ਕਿ ਮੈਂ ਹਰ ਪੱਖੋਂ ਕਾਮਯਾਬ ਸੀ। ਮੈਨੂੰ ਘੱਟ ਹੀ ਕੰਮ ਕਰਨਾ ਪੈਂਦਾ ਸੀ ਕਿਉਂਕਿ ਮੈਂ ਕੰਮ ਕਰਨ ਲਈ ਬੰਦੇ ਰੱਖੇ ਸਨ। ਆਖ਼ਰਕਾਰ ਇਕ ਦਿਨ ਮੈਂ ਤੇ ਸ਼ਾਰਲਟ ਨੇ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ। ਸਾਡੇ ਕੋਲ ਜੋ ਵੀ ਸੀ, ਉਸ ਵਿੱਚੋਂ ਅਸੀਂ ਕਾਫ਼ੀ ਕੁਝ ਵੇਚ ਦਿੱਤਾ।

ਤੁਸੀਂ ਬਦਲਾਅ ਕਰਨ ਦਾ ਫ਼ੈਸਲਾ ਕਿਉਂ ਕੀਤਾ?

ਸਾਨੂੰ ਮਹਿਸੂਸ ਹੋਇਆ ਕਿ ਅਸੀਂ ਸਹੀ ਮਾਅਨਿਆਂ ਵਿਚ ਕਾਮਯਾਬ ਨਹੀਂ ਸੀ। ਅਸੀਂ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਦੇ ਸੀ, ਫਿਰ ਵੀ ਅਸੀਂ ਅੰਦਰੋਂ ਖ਼ੁਸ਼ ਨਹੀਂ ਸੀ ਕਿਉਂਕਿ ਚੀਜ਼ਾਂ ਖ਼ਰੀਦਣ ਦੀ ਖ਼ੁਸ਼ੀ ਥੋੜ੍ਹੇ ਹੀ ਪਲਾਂ ਦੀ ਹੁੰਦੀ ਸੀ।

ਤੁਹਾਨੂੰ ਅਸਲੀ ਕਾਮਯਾਬੀ ਕਿੱਦਾਂ ਮਿਲੀ?

ਯਹੋਵਾਹ ਦੇ ਗਵਾਹ ਵਜੋਂ ਮੈਂ ਹਮੇਸ਼ਾ ਪ੍ਰਚਾਰ ਵਿਚ ਹਿੱਸਾ ਲੈਂਦਾ ਆਇਆ ਹਾਂ। ਭਾਵੇਂ ਮੈਂ ਤੇ ਸ਼ਾਰਲਟ ਨੇ ਕੁਝ ਸਮੇਂ ਲਈ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣ ਲਈ ਹਰ ਮਹੀਨੇ 70 ਘੰਟੇ ਬਿਤਾਏ ਸਨ, ਪਰ ਅਸੀਂ ਪ੍ਰਚਾਰ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਨਹੀਂ ਦਿੰਦੇ ਸੀ। ਇਸ ਲਈ ਆਪਣਾ ਬਿਜ਼ਨਿਸ ਵੇਚਣ ਤੋਂ ਬਾਅਦ ਅਸੀਂ ਉੱਥੇ ਜਾ ਕੇ ਸੇਵਾ ਕੀਤੀ ਜਿੱਥੇ ਬਾਈਬਲ ਬਾਰੇ ਸਿਖਾਉਣ ਲਈ ਹੋਰ ਪ੍ਰਚਾਰਕਾਂ ਦੀ ਲੋੜ ਸੀ। ਅੱਜ ਅਸੀਂ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਾਂ। ਸਾਨੂੰ ਇਸ ਦਾ ਕੋਈ ਪੈਸਾ ਨਹੀਂ ਮਿਲਦਾ ਅਤੇ ਨਾ ਹੀ ਸਾਨੂੰ ਕੋਈ ਖ਼ਾਸ ਰੁਤਬਾ ਮਿਲਦਾ ਹੈ। ਜਿੰਨਾ ਸਾਨੂੰ ਚਾਹੀਦਾ ਹੈ, ਉੱਨਾ ਸਾਡੇ ਕੋਲ ਹੈ। ਪਰ ਪੈਸਾ ਕਮਾਉਣਾ ਸਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੈ।

ਕੀ ਤੁਸੀਂ ਪਹਿਲਾਂ ਨਾਲੋਂ ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰਦੇ ਹੋ?

ਬਿਲਕੁਲ। ਪਹਿਲਾਂ ਮੈਂ ਸਹੀ ਮਾਅਨਿਆਂ ਵਿਚ ਕਾਮਯਾਬ ਨਹੀਂ ਸੀ। ਹੁਣ ਮੈਂ ਜੋ ਕਰ ਰਿਹਾ ਹਾਂ, ਉਸ ਤੋਂ ਮੈਨੂੰ ਦਿਲੋਂ ਖ਼ੁਸ਼ੀ ਮਿਲਦੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਜੋ ਕੰਮ ਕਰ ਰਿਹਾ ਹਾਂ, ਉਸ ਕਰਕੇ ਬਾਈਬਲ ਦਾ ਸੰਦੇਸ਼ ਪੂਰੀ ਦੁਨੀਆਂ ਦੇ ਲੋਕਾਂ ਤਕ ਪਹੁੰਚ ਰਿਹਾ ਹੈ ਅਤੇ ਇਸ ਕਰਕੇ ਲੋਕ ਆਪਣੀ ਜ਼ਿੰਦਗੀ ਬਦਲ ਰਹੇ ਹਨ।a

a ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਲਈ ਕੋਈ ਪੈਸਾ ਨਹੀਂ ਮਿਲਦਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ