ਮੁਲਾਕਾਤ | ਅਨਟੋਨਿਓ ਡੈਲਾ ਗਾਟਾ
ਇਕ ਪਾਦਰੀ ਨੇ ਆਪਣਾ ਧਰਮ ਕਿਉਂ ਛੱਡ ਦਿੱਤਾ?
ਰੋਮ ਵਿਚ ਨੌਂ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਅਨਟੋਨਿਓ ਡੈਲਾ ਗਾਟਾ 1969 ਵਿਚ ਪਾਦਰੀ ਬਣ ਗਿਆ। ਬਾਅਦ ਵਿਚ ਉਸ ਨੇ ਇਟਲੀ ਦੇ ਨੇਪਲਜ਼ ਸ਼ਹਿਰ ਦੇ ਨੇੜੇ ਪਾਦਰੀਆਂ ਦੇ ਸਕੂਲ ਵਿਚ ਮੁੱਖ ਪਾਦਰੀ ਵਜੋਂ ਸੇਵਾ ਕੀਤੀ। ਉੱਥੇ ਕਾਫ਼ੀ ਅਧਿਐਨ ਅਤੇ ਸੋਚ-ਵਿਚਾਰ ਕਰਨ ਤੋਂ ਬਾਅਦ ਉਹ ਇਸ ਸਿੱਟੇ ʼਤੇ ਪਹੁੰਚਿਆ ਕਿ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਬਾਈਬਲ ʼਤੇ ਆਧਾਰਿਤ ਨਹੀਂ ਹਨ। ਉਸ ਨੇ ਜਾਗਰੂਕ ਬਣੋ! ਨੂੰ ਦੱਸਿਆ ਕਿ ਰੱਬ ਦੀ ਖੋਜ ਵਿਚ ਉਸ ਨੇ ਕੀ-ਕੀ ਕੀਤਾ।
ਸਾਨੂੰ ਆਪਣੇ ਬਚਪਨ ਬਾਰੇ ਕੁਝ ਦੱਸੋ।
ਮੇਰਾ ਜਨਮ 1943 ਵਿਚ ਇਟਲੀ ਵਿਚ ਹੋਇਆ। ਮੈਂ ਤੇ ਮੇਰੇ ਭੈਣ-ਭਰਾ ਇਕ ਛੋਟੇ ਜਿਹੇ ਪਿੰਡ ਵਿਚ ਵੱਡੇ ਹੋਏ। ਸਾਡੇ ਡੈਡੀ ਜੀ ਕਿਸਾਨ ਸਨ ਅਤੇ ਲੱਕੜ ਦਾ ਕੰਮ ਵੀ ਕਰਦੇ ਸਨ। ਸਾਡੇ ਮਾਪਿਆਂ ਨੇ ਸ਼ੁਰੂ ਤੋਂ ਹੀ ਸਾਨੂੰ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ ਸੀ।
ਤੁਸੀਂ ਪਾਦਰੀ ਕਿਉਂ ਬਣਨਾ ਚਾਹੁੰਦੇ ਸੀ?
ਛੋਟੇ ਹੁੰਦਿਆਂ ਮੈਨੂੰ ਚਰਚ ਵਿਚ ਪਾਦਰੀਆਂ ਦੇ ਉਪਦੇਸ਼ ਸੁਣਨੇ ਬਹੁਤ ਚੰਗੇ ਲੱਗਦੇ ਸਨ। ਉਹ ਜਿਸ ਢੰਗ ਨਾਲ ਬੋਲਦੇ ਸਨ ਅਤੇ ਜਿਹੜੀਆਂ ਰਸਮਾਂ ਨਿਭਾਉਂਦੇ ਸਨ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਠਾਣ ਲਿਆ ਕਿ ਇਕ ਦਿਨ ਮੈਂ ਵੀ ਪਾਦਰੀ ਬਣਾਂਗਾ। ਜਦੋਂ ਮੈਂ 13 ਸਾਲਾਂ ਦਾ ਸੀ, ਤਾਂ ਮੇਰੇ ਮੰਮੀ ਮੈਨੂੰ ਬੋਰਡਿੰਗ ਸਕੂਲ ਲੈ ਗਏ ਜਿੱਥੇ ਮੁੰਡਿਆਂ ਨੂੰ ਪਾਦਰੀ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਸੀ।
ਕੀ ਇਸ ਸਿਖਲਾਈ ਵਿਚ ਬਾਈਬਲ ਦਾ ਅਧਿਐਨ ਵੀ ਸ਼ਾਮਲ ਸੀ?
ਮਾੜਾ-ਮੋਟਾ। ਜਦੋਂ ਮੈਂ 15 ਸਾਲਾਂ ਦਾ ਸੀ, ਤਾਂ ਮੇਰੇ ਇਕ ਅਧਿਆਪਕ ਨੇ ਮੈਨੂੰ ਇੰਜੀਲਾਂ ਦੀ ਕਿਤਾਬ ਦਿੱਤੀ। ਇਸ ਕਿਤਾਬ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਦੱਸਿਆ ਸੀ। ਮੈਂ ਇਹ ਕਿਤਾਬ ਕਈ ਵਾਰ ਪੜ੍ਹੀ। ਜਦੋਂ ਮੈਂ 18 ਸਾਲਾਂ ਦਾ ਹੋਇਆ, ਤਾਂ ਮੈਂ ਰੋਮ ਵਿਚ ਪੜ੍ਹਾਈ ਕਰਨ ਲਈ ਚਲਾ ਗਿਆ। ਉੱਥੇ ਮੈਂ ਤਿੰਨ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕੀਤੀ ਜੋ ਕਿ ਪੋਪ ਦੀ ਨਿਗਰਾਨੀ ਅਧੀਨ ਸਨ। ਉੱਥੇ ਮੈਂ ਲਾਤੀਨੀ ਅਤੇ ਯੂਨਾਨੀ ਭਾਸ਼ਾ ਦਾ ਅਧਿਐਨ ਕੀਤਾ। ਨਾਲੇ ਇਤਿਹਾਸ, ਫ਼ਿਲਾਸਫ਼ੀ, ਮਨੋ-ਵਿਗਿਆਨ ਅਤੇ ਧਰਮ-ਸ਼ਾਸਤਰ ਦੀ ਪੜ੍ਹਾਈ ਵੀ ਕੀਤੀ। ਭਾਵੇਂ ਅਸੀਂ ਬਾਈਬਲ ਦੀਆਂ ਆਇਤਾਂ ਮੂੰਹ-ਜ਼ਬਾਨੀ ਬੋਲਦੇ ਸੀ ਅਤੇ ਐਤਵਾਰ ਸਭਾ ਵਿਚ ਬਾਈਬਲ ਪੜ੍ਹਾਈ ਸੁਣਦੇ ਹੁੰਦੇ ਸੀ, ਪਰ ਅਸੀਂ ਕਦੇ ਵੀ ਬਾਈਬਲ ਦਾ ਅਧਿਐਨ ਨਹੀਂ ਕੀਤਾ।
ਤੁਸੀਂ ਮੁੱਖ ਪਾਦਰੀ ਬਣ ਗਏ। ਕੀ ਤੁਸੀਂ ਸਿਖਾਉਂਦੇ ਵੀ ਹੁੰਦੇ ਸੀ?
ਮੈਂ ਮੁੱਖ ਤੌਰ ਤੇ ਪ੍ਰਬੰਧਕ ਦਾ ਕੰਮ ਕਰਦਾ ਸੀ। ਪਰ ਮੈਂ ਕਲਾਸਾਂ ਵਿਚ ਦੂਜੀ ਵੈਟੀਕਨ ਸਭਾ ਦੀਆਂ ਸਿੱਖਿਆਵਾਂ ਵੀ ਸਿਖਾਉਂਦਾ ਸੀ।
ਚਰਚ ਦੀਆਂ ਕਿਹੜੀਆਂ ਗੱਲਾਂ ਕਰਕੇ ਤੁਹਾਡੇ ਮਨ ਵਿਚ ਸਵਾਲ ਉੱਠੇ?
ਮੈਂ ਤਿੰਨ ਗੱਲਾਂ ਕਰਕੇ ਪਰੇਸ਼ਾਨ ਸੀ। ਪਹਿਲੀ ਗੱਲ ਸੀ ਕਿ ਚਰਚ ਰਾਜਨੀਤੀ ਵਿਚ ਹਿੱਸਾ ਲੈ ਰਿਹਾ ਸੀ। ਚਰਚ ਵਿਚ ਪਾਦਰੀਆਂ ਅਤੇ ਹੋਰ ਮੈਂਬਰਾਂ ਦਾ ਗ਼ਲਤ ਚਾਲ-ਚਲਣ ਬਰਦਾਸ਼ਤ ਕੀਤਾ ਜਾਂਦਾ ਸੀ। ਨਾਲੇ ਕੈਥੋਲਿਕ ਧਰਮ ਦੀਆਂ ਕਈ ਸਿੱਖਿਆਵਾਂ ਮੈਨੂੰ ਸਹੀ ਨਹੀਂ ਲੱਗੀਆਂ। ਮਿਸਾਲ ਲਈ, ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਲੋਕਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਹਮੇਸ਼ਾ ਲਈ ਸਜ਼ਾ ਕਿੱਦਾਂ ਦੇ ਸਕਦਾ ਹੈ? ਨਾਲੇ ਕੀ ਰੱਬ ਸੱਚੀਂ ਚਾਹੁੰਦਾ ਹੈ ਕਿ ਅਸੀਂ ਸਾਰਾ ਦਿਨ ਮਾਲਾ ਜਪ-ਜਪ ਕੇ ਉਸ ਨੂੰ ਪ੍ਰਾਰਥਨਾ ਕਰਦੇ ਰਹੀਏ?a
ਫਿਰ ਤੁਸੀਂ ਕੀ ਕੀਤਾ?
ਮੈਂ ਰੋਇਆ ਅਤੇ ਰੱਬ ਨੂੰ ਸੇਧ ਲਈ ਪ੍ਰਾਰਥਨਾ ਕੀਤੀ। ਮੈਂ ਕੈਥੋਲਿਕ ਯਰੂਸ਼ਲਮ ਬਾਈਬਲ ਖ਼ਰੀਦ ਕੇ ਪੜ੍ਹਨ ਲੱਗਾ ਜੋ ਕਿ ਹਾਲ ਹੀ ਵਿਚ ਇਤਾਲਵੀ ਭਾਸ਼ਾ ਵਿਚ ਛਪੀ ਸੀ। ਇਕ ਐਤਵਾਰ ਦੀ ਸਵੇਰ ਮਾਸ ਮਨਾਉਣ ਤੋਂ ਬਾਅਦ ਜਦੋਂ ਮੈਂ ਆਪਣੇ ਕੱਪੜੇ ਟੰਗ ਰਿਹਾ ਸੀ, ਤਾਂ ਦੋ ਆਦਮੀ ਸਕੂਲ ਵਿਚ ਆਏ। ਉਹ ਯਹੋਵਾਹ ਦੇ ਗਵਾਹ ਸਨ। ਅਸੀਂ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤਕ ਬਾਈਬਲ ʼਤੇ ਚਰਚਾ ਕੀਤੀ ਅਤੇ ਇਸ ਵਿੱਚੋਂ ਜਾਣਿਆ ਕਿ ਸੱਚੇ ਧਰਮ ਦੀ ਪਛਾਣ ਕੀ ਹੈ।
ਤੁਹਾਨੂੰ ਗਵਾਹਾਂ ਬਾਰੇ ਕਿਹੜੀ ਗੱਲ ਚੰਗੀ ਲੱਗੀ?
ਮੈਂ ਇਹ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਕਿ ਇਨ੍ਹਾਂ ਆਦਮੀਆਂ ਦਾ ਵਿਸ਼ਵਾਸ ਕਿੰਨਾ ਪੱਕਾ ਸੀ ਅਤੇ ਉਹ ਕਿੰਨੀ ਆਸਾਨੀ ਨਾਲ ਕੈਥੋਲਿਕ ਬਾਈਬਲ ਦੀਆਂ ਆਇਤਾਂ ਦਾ ਹਵਾਲਾ ਦਿੰਦੇ ਸਨ। ਬਾਅਦ ਵਿਚ ਇਕ ਹੋਰ ਗਵਾਹ ਮਾਰੀਓ ਮੈਨੂੰ ਸਟੱਡੀ ਕਰਾਉਣ ਲੱਗ ਪਿਆ। ਚਾਹੇ ਮੀਂਹ ਹੋਵੇ ਜਾਂ ਧੁੱਪ, ਉਹ ਹਰ ਸ਼ਨੀਵਾਰ ਸਵੇਰੇ ਨੌਂ ਵਜੇ ਆ ਕੇ ਘੰਟੀ ਵਜਾ ਦਿੰਦਾ ਸੀ। ਉਹ ਬੜੇ ਧੀਰਜ ਨਾਲ ਮੈਨੂੰ ਸਿਖਾਉਂਦਾ ਸੀ।
ਤੁਹਾਡਾ ਗਵਾਹਾਂ ਨਾਲ ਸਟੱਡੀ ਕਰਨਾ ਦੂਜੇ ਪਾਦਰੀਆਂ ਨੂੰ ਕਿੱਦਾਂ ਲੱਗਾ?
ਮੈਂ ਉਨ੍ਹਾਂ ਨੂੰ ਵੀ ਆਪਣੇ ਨਾਲ ਸਟੱਡੀ ਵਿਚ ਬੈਠਣ ਲਈ ਕਿਹਾ, ਪਰ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਸੀ ਜਦ ਕਿ ਮੈਨੂੰ ਸਟੱਡੀ ਕਰ ਕੇ ਬਹੁਤ ਮਜ਼ਾ ਆ ਰਿਹਾ ਸੀ। ਮੈਂ ਨਵੀਆਂ-ਨਵੀਆਂ ਗੱਲਾਂ ਸਿੱਖ ਰਿਹਾ ਸੀ, ਜਿਵੇਂ ਰੱਬ ਬੁਰਾਈ ਅਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ। ਅਜਿਹੀਆਂ ਗੱਲਾਂ ਕਰਕੇ ਮੈਂ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ।
ਕੀ ਵੱਡੇ ਪਾਦਰੀਆਂ ਨੇ ਤੁਹਾਨੂੰ ਬਾਈਬਲ ਦਾ ਅਧਿਐਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ?
1975 ਵਿਚ ਮੈਂ ਕਈ ਵਾਰ ਰੋਮ ਗਿਆ ਤਾਂਕਿ ਆਪਣੇ ਤੋਂ ਵੱਡੇ ਪਾਦਰੀਆਂ ਨੂੰ ਦੱਸ ਸਕਾਂ ਕਿ ਮੈਂ ਕੀ ਸਿੱਖ ਰਿਹਾ ਸੀ। ਉੱਥੇ ਦੇ ਪਾਦਰੀਆਂ ਨੇ ਮੇਰੀ ਸੋਚ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬਾਈਬਲ ਨਹੀਂ ਵਰਤੀ। 9 ਜਨਵਰੀ 1976 ਨੂੰ ਮੈਂ ਰੋਮ ਦੇ ਵੈਟੀਕਨ ਚਰਚ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਹੁਣ ਤੋਂ ਮੈਂ ਕੈਥੋਲਿਕ ਨਹੀਂ ਹਾਂ। ਉਸ ਤੋਂ ਦੋ ਦਿਨਾਂ ਬਾਅਦ ਮੈਂ ਸਕੂਲ ਛੱਡ ਦਿੱਤਾ ਅਤੇ ਰੇਲ-ਗੱਡੀ ਫੜ ਕੇ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਗਿਆ। ਇਹ ਸਭਾ ਉਨ੍ਹਾਂ ਦਾ ਸੰਮੇਲਨ ਸੀ ਜਿੱਥੇ ਕਈ ਮੰਡਲੀਆਂ ਇਕੱਠੀਆਂ ਹੋਈਆਂ ਸਨ। ਇਹ ਸਭਾ ਚਰਚ ਵਿਚ ਹੋਣ ਵਾਲੀ ਸਭਾ ਤੋਂ ਬਿਲਕੁਲ ਵੱਖਰੀ ਸੀ। ਉੱਥੇ ਸਾਰਿਆਂ ਕੋਲ ਆਪੋ-ਆਪਣੀ ਬਾਈਬਲ ਸੀ। ਜਦੋਂ ਭਾਸ਼ਣਕਾਰ ਕਿਸੇ ਆਇਤ ਦਾ ਹਵਾਲਾ ਦਿੰਦਾ ਸੀ, ਤਾਂ ਸਾਰੇ ਆਪਣੀਆਂ ਬਾਈਬਲਾਂ ਵਿੱਚੋਂ ਦੇਖਦੇ ਸਨ।
ਇਸ ਸਭ ਬਾਰੇ ਤੁਹਾਡੇ ਪਰਿਵਾਰ ਨੂੰ ਕਿੱਦਾਂ ਲੱਗਾ?
ਜ਼ਿਆਦਾਤਰ ਜਣਿਆਂ ਨੇ ਮੇਰਾ ਸਖ਼ਤ ਵਿਰੋਧ ਕੀਤਾ। ਪਰ ਫਿਰ ਮੈਨੂੰ ਪਤਾ ਲੱਗਾ ਕਿ ਮੇਰਾ ਇਕ ਭਰਾ ਉੱਤਰੀ ਇਟਲੀ ਦੇ ਲੋਂਬਾਰਡੀ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਿਹਾ ਸੀ। ਮੈਂ ਉਸ ਨੂੰ ਮਿਲਣ ਗਿਆ। ਉੱਥੇ ਦੇ ਗਵਾਹਾਂ ਨੇ ਕੰਮ ਅਤੇ ਘਰ ਲੱਭਣ ਵਿਚ ਮੇਰੀ ਮਦਦ ਕੀਤੀ। ਫਿਰ ਕੁਝ ਮਹੀਨਿਆਂ ਬਾਅਦ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।
ਹੁਣ ਮੈਂ ਰੱਬ ਦੇ ਨੇੜੇ ਮਹਿਸੂਸ ਕਰਦਾ ਹਾਂ
ਕੀ ਤੁਹਾਨੂੰ ਆਪਣੇ ਫ਼ੈਸਲੇ ʼਤੇ ਕੋਈ ਪਛਤਾਵਾ ਹੈ?
ਬਿਲਕੁਲ ਨਹੀਂ! ਹੁਣ ਮੈਂ ਰੱਬ ਦੇ ਨੇੜੇ ਮਹਿਸੂਸ ਕਰਦਾ ਹਾਂ ਕਿਉਂਕਿ ਮੈਂ ਉਸ ਬਾਰੇ ਜੋ ਸਿੱਖਿਆ ਉਹ ਬਾਈਬਲ ʼਤੇ ਆਧਾਰਿਤ ਹੈ, ਨਾ ਕਿ ਇਨਸਾਨੀ ਫ਼ਲਸਫ਼ਿਆਂ ਜਾਂ ਚਰਚ ਦੀਆਂ ਪਰੰਪਰਾਵਾਂ ʼਤੇ। ਹੁਣ ਮੈਂ ਪੂਰੇ ਯਕੀਨ ਤੇ ਸਾਫ਼ ਦਿਲ ਨਾਲ ਦੂਜਿਆਂ ਨੂੰ ਸਿਖਾ ਸਕਦਾ ਹਾਂ।
a ਬਾਈਬਲ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੰਦੀ ਹੈ। “ਬਾਈਬਲ ਦੀਆਂ ਸਿੱਖਿਆਵਾਂ” > “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਹੇਠਾਂ ਦੇਖੋ।