ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 2 ਸਫ਼ੇ 8-15
  • ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਪਾਰ ਕਰਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਪਾਰ ਕਰਾਓ
  • ਜਾਗਰੂਕ ਬਣੋ!—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ
  • ਤੁਸੀਂ ਕੀ ਕਰ ਸਕਦੇ ਹੋ
  • ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲਬਾਤ ਕਿਵੇਂ ਕਰੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਜਵਾਨੀ ਆਪਣੇ ਪੈਰਾਂ ʼਤੇ ਖੜ੍ਹੇ ਹੋਣ ਦੀ ਤਿਆਰੀ
    ਜਾਗਰੂਕ ਬਣੋ!—2011
  • ਵਿਸ਼ਾ ਸੂਚੀ
    ਜਾਗਰੂਕ ਬਣੋ!—2016
  • ਜਦੋਂ ਤੁਹਾਡਾ ਬੱਚਾ ਤੁਹਾਡੇ ਵਿਸ਼ਵਾਸਾਂ ʼਤੇ ਸ਼ੱਕ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 2 ਸਫ਼ੇ 8-15
ਇਕ ਪਿਤਾ ਆਪਣੇ ਮੁੰਡੇ ਨਾਲ ਗੱਲ ਕਰਦਾ ਹੋਇਆ

ਪਰਿਵਾਰ ਦੀ ਮਦਦ ਲਈ | ਮਾਪੇ

ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਪਾਰ ਕਰਾਓ

ਇਕ ਪਿਤਾ ਤੇ ਪੁੱਤਰ ਸਾਈਨ-ਬੋਰਡ ਵੱਲ ਦੇਖਦੇ ਹੋਏ ਜਿਸ ਉੱਤੇ ਦਿਖਾਏ ਰਾਹ ਉੱਤੇ ਬਚਪਨ, ਅੱਲ੍ਹੜ ਉਮਰ ਤੇ ਬਾਲਗ ਉਮਰ ਹੈ

ਚੁਣੌਤੀ

ਇੰਜ ਲੱਗਦਾ ਹੈ ਜਿਵੇਂ ਤੁਸੀਂ ਕੱਲ੍ਹ ਹੀ ਆਪਣੇ ਬੱਚੇ ਨੂੰ ਗੋਦੀ ਖਿਡਾ ਰਹੇ ਸੀ ਤੇ ਹੁਣ ਉਹ 9 ਤੋਂ 12 ਸਾਲ ਦਾ ਹੋ ਗਿਆ ਹੈ। ਪਰ ਉਹ ਹਾਲੇ ਹੈ ਤਾਂ ਬੱਚਾ ਹੀ, ਜੋ ਜਵਾਨੀ ਦੀ ਦਹਿਲੀਜ਼ ʼਤੇ ਪੈਰ ਰੱਖਣ ਵਾਲਾ ਹੈ ਜਿਸ ਤੋਂ ਬਾਅਦ ਉਹ ਬਾਲਗ ਹੋ ਜਾਵੇਗਾ।

ਤੁਸੀਂ ਇਸ ਉਮਰ ਦੇ ਪੁੱਤਰ ਜਾਂ ਧੀ ਦੀ ਕਿਵੇਂ ਮਦਦ ਕਰ ਸਕਦੇ ਹੋ ਜਿਸ ਉਮਰ ਵਿਚ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ ਅਤੇ ਕਦੇ-ਕਦੇ ਤਾਂ ਉਨ੍ਹਾਂ ਨੂੰ ਸਦਮਾ ਲੱਗਦਾ ਹੈ ਜਦੋਂ ਉਨ੍ਹਾਂ ਦੇ ਜਣਨ-ਅੰਗਾਂ ਵਿਚ ਤਬਦੀਲੀਆਂ ਆਉਂਦੀਆਂ ਹਨ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਕਿਸ਼ੋਰ-ਅਵਸਥਾ ਦੀਆਂ ਤਬਦੀਲੀਆਂ ਦਾ ਇਕ ਸਮਾਂ ਹੁੰਦਾ ਹੈ। ਇਹ ਤਬਦੀਲੀਆਂ ਅੱਠ ਜਾਂ 14-15 ਸਾਲ ਦੀ ਉਮਰ ਵਿਚ ਹੋਣੀਆਂ ਸ਼ੁਰੂ ਹੋ ਸਕਦੀਆਂ ਹਨ। ਇਕ ਕਿਤਾਬ ਕਹਿੰਦੀ ਹੈ: “ਕਿਸ਼ੋਰ-ਅਵਸਥਾ ਦੀਆਂ ਤਬਦੀਲੀਆਂ ਹੋਣ ਦਾ ਸਮਾਂ ਵੱਖੋ-ਵੱਖਰਾ ਹੋ ਸਕਦਾ ਹੈ।”​—ਪਿਆਰ ਅਤੇ ਵਿਸ਼ਵਾਸ ਨਾਲ ਆਪਣੇ ਬੱਚੇ ਨੂੰ ਆਜ਼ਾਦੀ ਦਿਓ (ਅੰਗ੍ਰੇਜ਼ੀ)।

ਕਿਸ਼ੋਰ-ਅਵਸਥਾ ਦੀਆਂ ਚਿੰਤਾਵਾਂ। ਅੱਲ੍ਹੜ ਉਮਰ ਦੇ ਬੱਚੇ ਚਿੰਤਾ ਕਰਨ ਲੱਗ ਪੈਂਦੇ ਹਨ ਕਿ ਦੂਸਰੇ ਉਨ੍ਹਾਂ ਬਾਰੇ ਕੀ ਸੋਚਦੇ ਹਨ। ਜੈਰਡa ਨਾਂ ਦਾ ਨੌਜਵਾਨ ਦੱਸਦਾ ਹੈ: “ਮੈਂ ਜ਼ਿਆਦਾ ਸੋਚਣ ਲੱਗ ਪਿਆ ਕਿ ਮੈਂ ਕਿਸ ਤਰ੍ਹਾਂ ਦਾ ਦਿਸਦਾ ਹਾਂ ਤੇ ਵਰਤਾਓ ਕਰਦਾ ਹਾਂ। ਜਦੋਂ ਮੈਂ ਦੂਜਿਆਂ ਨਾਲ ਹੁੰਦਾ ਸੀ, ਤਾਂ ਮੈਂ ਸੋਚਦਾ ਸੀ ਕਿ ਦੂਸਰੇ ਪਤਾ ਨਹੀਂ ਮੈਨੂੰ ਅਜੀਬ ਨਾ ਸਮਝਦੇ ਹੋਣ।” ਉੱਪਰੋਂ ਦੀ ਜੇ ਮੁਹਾਸੇ ਨਿਕਲ ਆਉਣ, ਤਾਂ ਆਤਮ-ਵਿਸ਼ਵਾਸ ਹੋਰ ਘੱਟ ਸਕਦਾ ਹੈ। 17 ਸਾਲਾਂ ਦੀ ਕੈਲੀ ਕਹਿੰਦੀ ਹੈ: “ਮੈਨੂੰ ਇੱਦਾਂ ਲੱਗਾ ਜਿਵੇਂ ਮੇਰੇ ਚਿਹਰੇ ʼਤੇ ਹਮਲਾ ਹੋ ਰਿਹਾ ਹੋਵੇ! ਮੈਨੂੰ ਯਾਦ ਹੈ ਕਿ ਮੈਂ ਰੋਂਦੀ ਰਹਿੰਦੀ ਸੀ ਤੇ ਆਪਣੇ ਆਪ ਨੂੰ ਬਦਸੂਰਤ ਕਹਿੰਦੀ ਸੀ।”

ਉਮਰ ਤੋਂ ਪਹਿਲਾਂ ਜਵਾਨ ਦਿਸਣ ਵਾਲਿਆਂ ਦੀਆਂ ਖ਼ਾਸ ਚੁਣੌਤੀਆਂ। ਇਹ ਖ਼ਾਸ ਕਰਕੇ ਕੁੜੀਆਂ ਬਾਰੇ ਸੱਚ ਹੈ ਜਿਨ੍ਹਾਂ ਨੂੰ ਸ਼ਾਇਦ ਉਦੋਂ ਛੇੜਿਆ ਜਾਵੇ ਜਦੋਂ ਉਨ੍ਹਾਂ ਦੀਆਂ ਛਾਤੀਆਂ ਦੇ ਆਕਾਰ ਵਿਚ ਬਦਲਾਅ ਆਉਂਦਾ ਹੈ। ਇਕ ਕਿਤਾਬ ਦੱਸਦੀ ਹੈ: “ਉਨ੍ਹਾਂ ਨੂੰ ਇਹ ਵੀ ਖ਼ਤਰਾ ਹੁੰਦਾ ਹੈ ਕਿ ਉਨ੍ਹਾਂ ਤੋਂ ਵੱਡੇ ਮੁੰਡਿਆਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਂਦਾ ਹੈ ਜਿਹੜੇ ਪਹਿਲਾਂ ਹੀ ਕਿਸੇ ਨਾਲ ਜਿਨਸੀ ਸੰਬੰਧ ਬਣਾ ਚੁੱਕੇ ਹੁੰਦੇ ਹਨ।”​—ਅੱਲ੍ਹੜ ਉਮਰ ਵਿਚ ਮਾਪਿਆਂ ਦੀ ਸੇਧ (ਅੰਗ੍ਰੇਜ਼ੀ)।

ਅੱਲ੍ਹੜ ਉਮਰ ਦਾ ਹੋਣਾ ਅਕਲਮੰਦ ਹੋਣਾ ਨਹੀਂ। ਕਹਾਉਤਾਂ 22:15 ਕਹਿੰਦਾ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” ਅੱਲ੍ਹੜ ਉਮਰ ਇਸ ਗੱਲ ਨੂੰ ਬਦਲ ਨਹੀਂ ਸਕਦੀ। ਸ਼ਾਇਦ ਬੱਚਾ ਆਪਣੀ ਉਮਰ ਤੋਂ ਵੱਡਾ ਨਜ਼ਰ ਆਵੇ, ਪਰ ਇਕ ਕਿਤਾਬ ਮੁਤਾਬਕ “ਇਸ ਦਾ ਇਹ ਮਤਲਬ ਨਹੀਂ ਕਿ ਉਸ ਵਿਚ ਚੰਗੇ ਫ਼ੈਸਲੇ ਕਰਨ ਦੀ ਕਾਬਲੀਅਤ ਹੋਵੇ, ਉਹ ਸਮਝਦਾਰੀ ਨਾਲ ਪੇਸ਼ ਆਵੇ, ਆਪਣੇ ʼਤੇ ਕਾਬੂ ਰੱਖੇ ਜਾਂ ਕਿਸੇ ਹੋਰ ਤਰ੍ਹਾਂ ਦੀ ਅਕਲਮੰਦੀ ਦਿਖਾਵੇ।”—ਤੁਸੀਂ ਅਤੇ ਤੁਹਾਡਾ ਨੌਜਵਾਨ (ਅੰਗ੍ਰੇਜ਼ੀ)।

ਤੁਸੀਂ ਕੀ ਕਰ ਸਕਦੇ ਹੋ

ਅੱਲ੍ਹੜ ਉਮਰ ਸ਼ੁਰੂ ਹੋਣ ਤੋਂ ਪਹਿਲਾਂ ਇਸ ਬਾਰੇ ਗੱਲ ਕਰੋ। ਆਪਣੇ ਬੱਚੇ ਨੂੰ ਦੱਸੋ ਕਿ ਉਸ ਨੂੰ ਕਿਹੜੀਆਂ ਤਬਦੀਲੀਆਂ ਹੋਣ ਦੀ ਉਮੀਦ ਰੱਖਣੀ ਚਾਹੀਦੀ ਹੈ, ਖ਼ਾਸ ਕਰਕੇ ਮਾਹਵਾਰੀ (ਕੁੜੀਆਂ ਵਿਚ) ਅਤੇ ਰਾਤ ਨੂੰ ਹੋਣ ਵਾਲਾ ਰਿਸਾਵ (ਮੁੰਡਿਆਂ ਵਿਚ)। ਅੱਲ੍ਹੜ ਉਮਰ ਵਿਚ ਜੋ ਤਬਦੀਲੀਆਂ ਹੌਲੀ-ਹੌਲੀ ਹੁੰਦੀਆਂ ਹਨ, ਉਨ੍ਹਾਂ ਦੇ ਉਲਟ ਮਾਹਵਾਰੀ ਅਤੇ ਰਿਸਾਵ ਅਚਾਨਕ ਸ਼ੁਰੂ ਹੋ ਜਾਂਦਾ ਹੈ। ਇਸ ਹਾਲਤ ਵਿਚ ਸ਼ਾਇਦ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਉਹ ਕੀ ਕਰਨ ਅਤੇ ਉਹ ਡਰ ਵੀ ਸਕਦੇ ਹਨ। ਇਨ੍ਹਾਂ ਤਬਦੀਲੀਆਂ ਬਾਰੇ ਗੱਲ ਕਰਦੇ ਸਮੇਂ ਸਹੀ ਨਜ਼ਰੀਆ ਰੱਖੋ। ਮਤਲਬ ਕਿ ਅੱਲ੍ਹੜ ਉਮਰ ਵਿਚ ਜੋ ਤਬਦੀਲੀਆਂ ਆਉਂਦੀਆਂ ਹਨ, ਉਹ ਫ਼ਾਇਦੇਮੰਦ ਹਨ ਜੋ ਬੱਚੇ ਨੂੰ ਬਾਲਗ ਬਣਨ ਲਈ ਤਿਆਰ ਕਰਦੀਆਂ ਹਨ।​—ਬਾਈਬਲ ਦਾ ਅਸੂਲ: ਭਜਨ 139:14, CL.

ਚੰਗੀ ਤਰ੍ਹਾਂ ਗੱਲ ਸਮਝਾਓ। ਜੌਨ ਨਾਂ ਦਾ ਨੌਜਵਾਨ ਕਹਿੰਦਾ ਹੈ: “ਜਦੋਂ ਮੇਰੇ ਮਾਪਿਆਂ ਨੇ ਮੇਰੇ ਨਾਲ ਅੱਲ੍ਹੜ ਉਮਰ ਦੀਆਂ ਤਬਦੀਲੀਆਂ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਕਾਸ਼! ਉਨ੍ਹਾਂ ਨੇ ਮੈਨੂੰ ਹੋਰ ਸਾਫ਼-ਸਾਫ਼ ਦੱਸਿਆ ਹੁੰਦਾ।” 17 ਸਾਲਾਂ ਦੀ ਅਲਾਨਾ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ। ਉਹ ਕਹਿੰਦੀ ਹੈ: “ਮੇਰੇ ਮੰਮੀ ਨੇ ਮੇਰੇ ਸਰੀਰ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਸਮਝਣ ਵਿਚ ਮੇਰੀ ਮਦਦ ਕੀਤੀ, ਪਰ ਕਾਸ਼ ਉਹ ਮੇਰੀ ਇਹ ਵੀ ਸਮਝਣ ਵਿਚ ਮਦਦ ਕਰਦੇ ਕਿ ਮੈਂ ਇਹ ਤਬਦੀਲੀਆਂ ਹੋਣ ʼਤੇ ਡਰਾ ਨਾ।” ਸਬਕ? ਸ਼ਾਇਦ ਇੱਦਾਂ ਦੀਆਂ ਗੱਲਾਂ ਕਰਨੀਆਂ ਚੰਗੀਆਂ ਨਾ ਲੱਗਣ, ਪਰ ਆਪਣੇ ਬੱਚੇ ਨਾਲ ਅੱਲ੍ਹੜ ਉਮਰ ਵਿਚ ਆਉਂਦੀਆਂ ਸਾਰੀਆਂ ਤਬਦੀਲੀਆਂ ਬਾਰੇ ਗੱਲ ਕਰੋ।​—ਬਾਈਬਲ ਦਾ ਅਸੂਲ: ਰਸੂਲਾਂ ਦੇ ਕੰਮ 20:20.

ਅਜਿਹੇ ਸਵਾਲ ਪੁੱਛੋ ਕਿ ਬੱਚਾ ਆਪਣੇ ਮਨ ਦੀ ਦੱਸੇ। ਚੁੱਪੀ ਤੋੜਨ ਲਈ ਪੁੱਛੋ ਕਿ ਅੱਲ੍ਹੜ ਉਮਰ ਦੇ ਦੂਜੇ ਬੱਚਿਆਂ ਨੂੰ ਕਿਸ ਤਰ੍ਹਾਂ ਲੱਗਦਾ ਹੈ। ਮਿਸਾਲ ਲਈ, ਤੁਸੀਂ ਆਪਣੀ ਧੀ ਨੂੰ ਪੁੱਛ ਸਕਦੇ ਹੋ, “ਕੀ ਤੇਰੀ ਕਲਾਸ ਦੀ ਕਿਸੇ ਕੁੜੀ ਨੇ ਹਾਲੇ ਤਕ ਮਾਹਵਾਰੀ ਬਾਰੇ ਕੋਈ ਗੱਲ ਕੀਤੀ ਹੈ?” “ਕੀ ਬੱਚੇ ਉਨ੍ਹਾਂ ਕੁੜੀਆਂ ਦਾ ਮਜ਼ਾਕ ਉਡਾਉਂਦੇ ਹਨ ਜਿਹੜੀਆਂ ਉਮਰ ਤੋਂ ਪਹਿਲਾਂ ਹੀ ਵੱਡੀਆਂ ਨਜ਼ਰ ਆਉਂਦੀਆਂ ਹਨ?” ਤੁਸੀਂ ਆਪਣੇ ਮੁੰਡੇ ਨੂੰ ਪੁੱਛ ਸਕਦੇ ਹੋ, “ਕੀ ਬੱਚੇ ਉਨ੍ਹਾਂ ਬੱਚਿਆਂ ਦਾ ਮਜ਼ਾਕ ਉਡਾਉਂਦੇ ਹਨ ਜੋ ਆਪਣੀ ਉਮਰ ਤੋਂ ਛੋਟੇ ਦਿੱਸਦੇ ਹਨ?” ਜਦੋਂ ਬੱਚੇ ਦੱਸਣਾ ਸ਼ੁਰੂ ਕਰਦੇ ਹਨ ਕਿ ਅੱਲ੍ਹੜ ਉਮਰ ਦੇ ਦੂਜੇ ਬੱਚਿਆਂ ਨੂੰ ਕਿੱਦਾਂ ਲੱਗਦਾ ਹੈ, ਤਾਂ ਉਨ੍ਹਾਂ ਲਈ ਸ਼ਾਇਦ ਆਪਣੀਆਂ ਭਾਵਨਾਵਾਂ ਅਤੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਆਸਾਨ ਹੋ ਜਾਂਦੀ ਹੈ। ਜਦੋਂ ਉਹ ਦੱਸਦੇ ਹਨ, ਤਾਂ ਬਾਈਬਲ ਦੀ ਇਸ ਸਲਾਹ ਨੂੰ ਮੰਨੋ: ‘ਸੁਣਨ ਲਈ ਤਿਆਰ ਰਹੋ, ਬੋਲਣ ਵਿਚ ਕਾਹਲੀ ਨਾ ਕਰੋ।’​—ਯਾਕੂਬ 1:19.

“ਬੁੱਧੀ ਤੇ ਸੂਝ” ਨੂੰ ਪੈਦਾ ਕਰਨ ਵਿਚ ਆਪਣੇ ਕਿਸ਼ੋਰ ਦੀ ਮਦਦ ਕਰੋ। (ਕਹਾਉਤਾਂ 3:21, CL) ਅੱਲ੍ਹੜ ਉਮਰ ਵਿਚ ਸਿਰਫ਼ ਸਰੀਰਕ ਅਤੇ ਜਜ਼ਬਾਤੀ ਤਬਦੀਲੀਆਂ ਹੀ ਨਹੀਂ ਹੁੰਦੀਆਂ। ਇਸ ਉਮਰ ਵਿਚ ਬੱਚੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵੀ ਵਧਾਉਂਦੇ ਹਨ ਜੋ ਉਨ੍ਹਾਂ ਦੀ ਵੱਡੇ ਹੋ ਕੇ ਸਹੀ ਫ਼ੈਸਲੇ ਲੈਣ ਵਿਚ ਮਦਦ ਕਰੇਗੀ। ਇਸ ਸਮੇਂ ਦਾ ਫ਼ਾਇਦਾ ਉਠਾ ਕੇ ਆਪਣੇ ਬੱਚੇ ਦੇ ਦਿਲ ਵਿਚ ਚੰਗੀਆਂ ਕਦਰਾਂ-ਕੀਮਤਾਂ ਬਿਠਾਓ।​—ਬਾਈਬਲ ਦਾ ਅਸੂਲ: ਇਬਰਾਨੀਆਂ 5:14.

ਹਾਰ ਨਾ ਮੰਨੋ। ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਨਾਲ ਅੱਲ੍ਹੜ ਉਮਰ ਵਿਚ ਆਉਂਦੀਆਂ ਤਬਦੀਲੀਆਂ ਬਾਰੇ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ, ਪਰ ਧੋਖਾ ਨਾ ਖਾਓ। ਇਕ ਕਿਤਾਬ ਕਹਿੰਦੀ ਹੈ: “ਜਿਹੜੇ ਨੌਜਵਾਨ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਤੁਹਾਡੀ ਕਿਸੇ ਗੱਲ ਵਿਚ ਦਿਲਚਸਪੀ ਨਹੀਂ, ਉਹ ਬੋਰ ਹਨ, ਨੱਕ ਚੜ੍ਹਾਉਂਦੇ ਹਨ ਜਾਂ ਗੱਲ ਨਹੀਂ ਸੁਣਦੇ, ਪਰ ਹੋ ਸਕਦਾ ਹੈ ਕਿ ਉਹ ਤੁਹਾਡੀ ਹਰ ਗੱਲ ਯਾਦ ਰੱਖ ਰਹੇ ਹੋਣ।”​—ਤੁਸੀਂ ਅਤੇ ਤੁਹਾਡਾ ਨੌਜਵਾਨ। ◼ (g16-E No. 2)

a ਇਸ ਲੇਖ ਵਿਚ ਨਾਂ ਬਦਲੇ ਗਏ ਹਨ।

ਮੁੱਖ ਹਵਾਲੇ

  • “ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।”​—ਭਜਨ 139:14, CL.

  • “ਮੈਂ ਅਜਿਹੀ ਕੋਈ ਵੀ ਗੱਲ ਜਿਹੜੀ ਤੁਹਾਡੇ ਫ਼ਾਇਦੇ ਲਈ ਸੀ, ਤੁਹਾਨੂੰ ਦੱਸਣ ਤੋਂ ਪਿੱਛੇ ਨਹੀਂ ਹਟਿਆ।”​—ਰਸੂਲਾਂ ਦੇ ਕੰਮ 20:20.

  • ‘ਸਮਝਦਾਰ ਲੋਕ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।’​—ਇਬਰਾਨੀਆਂ 5:14.

“ਜਦੋਂ ਮੈਂ ਅੱਲ੍ਹੜ ਉਮਰ ਵਿੱਚੋਂ ਗੁਜ਼ਰ ਰਹੀ ਸੀ, ਤਾਂ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਖ਼ਾਸ ਕਰਕੇ ਮੇਰੀ ਮੰਮੀ ਨੇ। ਉਨ੍ਹਾਂ ਨੇ ਸਮਾਂ ਕੱਢ ਕੇ ਮੈਨੂੰ ਸਾਰਾ ਕੁਝ ਸਮਝਾਇਆ। ਮੈਨੂੰ ਪਤਾ ਸੀ ਕਿ ਕੀ ਹੋਣ ਵਾਲਾ ਸੀ, ਇਸ ਲਈ ਅੱਲ੍ਹੜ ਉਮਰ ਦੀ ਹੋਣ ਤੇ ਮੈਨੂੰ ਡਰ ਨਹੀਂ ਲੱਗਾ। ਇਸ ਤੋਂ ਇਲਾਵਾ, ਮੇਰੀ ਮੰਮੀ ਨੇ ਧਿਆਨ ਰੱਖਿਆ ਕਿ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਵਿਚ ਕਦੇ ਕੋਈ ਝਿਜਕ ਮਹਿਸੂਸ ਨਾ ਹੋਵੇ। ਜਿਹੜੀਆਂ ਗੱਲਾਂ ਮੇਰੇ ਲਈ ਔਖੀਆਂ ਸਨ, ਮੇਰੇ ਮਾਪਿਆਂ ਨੇ ਉਹ ਸੌਖੀਆਂ ਬਣਾ ਦਿੱਤੀਆਂ।”​—ਮੈਰੀ, 16.

“ਮੇਰੇ ਮਾਪਿਆਂ ਨੇ ਮੇਰਾ ਸਾਥ ਦਿੱਤਾ। ਮਿਸਾਲ ਲਈ, ਉਨ੍ਹਾਂ ਨੇ ਮੇਰੀ ਜ਼ਿੰਦਗੀ ਵਿਚ ਹੱਦੋਂ ਵੱਧ ਦਖ਼ਲ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅੱਲ੍ਹੜ ਉਮਰ ਦੀਆਂ ਤਬਦੀਲੀਆਂ ਕਾਰਨ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਮੇਰੇ ਲਈ ਇਹ ਵੀ ਚੰਗੀ ਗੱਲ ਸਾਬਤ ਹੋਈ ਕਿ ਉਨ੍ਹਾਂ ਨੇ ਇਸ ਬਾਰੇ ਕਿਸੇ ਸਾਮ੍ਹਣੇ ਢੰਡੋਰਾ ਨਹੀਂ ਪਿੱਟਿਆ। ਮੇਰੇ ਨਾਲ ਜੋ ਹੋਣ ਵਾਲਾ ਸੀ ਉਨ੍ਹਾਂ ਨੇ ਪਹਿਲਾਂ ਹੀ ਮੈਨੂੰ ਦੱਸਿਆ ਸੀ।”​—ਜੋਨ, 18.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ