ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g21 ਨੰ. 1 ਸਫ਼ੇ 4-5
  • ਘਰ ਵਿਚ ਸੁੱਖ-ਸ਼ਾਂਤੀ ਪਾਉਣ ਲਈ ਵਧੀਆ ਸਲਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘਰ ਵਿਚ ਸੁੱਖ-ਸ਼ਾਂਤੀ ਪਾਉਣ ਲਈ ਵਧੀਆ ਸਲਾਹ
  • ਜਾਗਰੂਕ ਬਣੋ!—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ
  • ਪਤਨੀਓ, ਆਪਣੇ ਪਤੀਆਂ ਦਾ ਆਦਰ ਕਰੋ
  • ਆਪਣੇ ਸਾਥੀ ਦੇ ਵਫ਼ਾਦਾਰ ਰਹੋ
  • ਮਾਪਿਓ, ਆਪਣੇ ਬੱਚਿਆਂ ਨੂੰ ਸਿਖਲਾਈ ਦਿਓ
  • ਬੱਚਿਓ, ਆਪਣੇ ਮਾਪਿਆਂ ਦਾ ਕਹਿਣਾ ਮੰਨੋ
  • ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣਾ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਪਤੀ-ਪਤਨੀ ਕਿਵੇਂ ਖ਼ੁਸ਼ ਰਹਿ ਸਕਦੇ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਜਾਗਰੂਕ ਬਣੋ!—2021
g21 ਨੰ. 1 ਸਫ਼ੇ 4-5
ਇਕ ਖ਼ੁਸ਼ਹਾਲ ਪਰਿਵਾਰ ਬਾਜ਼ਾਰ ਵਿਚ।

ਘਰ ਵਿਚ ਸੁੱਖ-ਸ਼ਾਂਤੀ ਪਾਉਣ ਲਈ ਵਧੀਆ ਸਲਾਹ

ਰੱਬ ਚਾਹੁੰਦਾ ਹੈ ਕਿ ਸਾਡੇ ਸਾਰਿਆਂ ਦੇ ਘਰਾਂ ਵਿਚ ਸੁੱਖ-ਸ਼ਾਂਤੀ ਹੋਵੇ। ਸਾਡਾ ਜੀਵਨ-ਸਾਥੀ ਤੇ ਸਾਡੇ ਬੱਚੇ ਉਸ ਵੱਲੋਂ ਤੋਹਫ਼ੇ ਹਨ। ਇਸ ਲਈ ਉਸ ਨੇ ਆਪਣੇ ਧਰਮ-ਗ੍ਰੰਥ ਵਿਚ ਸਾਨੂੰ ਸਾਰਿਆਂ ਨੂੰ ਯਾਨੀ ਪਤੀ-ਪਤਨੀਆਂ ਤੇ ਬੱਚਿਆਂ ਨੂੰ ਵਧੀਆ ਸਲਾਹ ਦਿੱਤੀ ਹੈ। ਜੇ ਅਸੀਂ ਉਸ ਦੀ ਸਲਾਹ ਮੰਨੀਏ, ਤਾਂ ਸਾਡੇ ਪਰਿਵਾਰ ਵਿਚ ਪਿਆਰ ਤੇ ਸ਼ਾਂਤੀ ਹੋਵੇਗੀ ਅਤੇ ਅਸੀਂ ਖ਼ੁਸ਼ ਰਹਾਂਗੇ। ਆਓ ਦੇਖੀਏ ਕਿ ਉਸ ਨੇ ਕੀ ਸਲਾਹ ਦਿੱਤੀ ਹੈ।

ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ

“ਪਤੀ ਆਪਣੀ ਪਤਨੀ ਨਾਲ ਆਪਣੇ ਸਰੀਰ ਵਾਂਗ ਪਿਆਰ ਕਰੇ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਉਹ ਇਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਇਸ ਦੀ ਦੇਖ-ਭਾਲ ਕਰਦਾ ਹੈ।”​—ਅਫ਼ਸੀਆਂ 5:28, 29.

ਪਤੀ ਪਰਿਵਾਰ ਦਾ ਮੁਖੀ ਹੈ। (ਅਫ਼ਸੀਆਂ 5:23) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਪਤਨੀ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਵੇ ਜਾਂ ਉਸ ʼਤੇ ਰੋਅਬ ਜਮਾਵੇ। ਇਕ ਪਤੀ ਨੂੰ ਆਪਣੀ ਪਤਨੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਨਾਲੇ ਉਸ ਨੂੰ ਆਪਣੀ ਪਤਨੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ। ਜੇ ਉਸ ਦੀ ਪਤਨੀ ਦੁਖੀ ਹੈ, ਤਾਂ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ। ਉਸ ਨੂੰ ਆਪਣੀ ਪਤਨੀ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਆਪਣੀ ਮਰਜ਼ੀ ਨਹੀਂ ਚਲਾਉਣੀ ਚਾਹੀਦੀ। (ਫ਼ਿਲਿੱਪੀਆਂ 2:4) ਉਸ ਨੂੰ ਆਪਣੀ ਪਤਨੀ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਉਸ ਨੂੰ ਨਾ ਤਾਂ ਗੁੱਸੇ ਵਿਚ ਆਪਣੀ ਪਤਨੀ ਨੂੰ ਮਾਰਨਾ-ਕੁੱਟਣਾ ਚਾਹੀਦਾ ਹੈ ਤੇ ਨਾ ਹੀ ਉਸ ਨੂੰ ਚੁਭਵੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਹਨ।​—ਕੁਲੁੱਸੀਆਂ 3:19.

ਪਤਨੀਓ, ਆਪਣੇ ਪਤੀਆਂ ਦਾ ਆਦਰ ਕਰੋ

“ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”​—ਅਫ਼ਸੀਆਂ 5:33.

ਇਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਜਦੋਂ ਉਹ ਕੋਈ ਫ਼ੈਸਲਾ ਕਰਦਾ ਹੈ, ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਘਰ ਵਿਚ ਸ਼ਾਂਤੀ ਬਣੀ ਰਹੇਗੀ। ਜੇ ਪਤੀ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਪਤਨੀ ਨੂੰ ਤਾਅਨੇ-ਮਿਹਣੇ ਨਹੀਂ ਮਾਰਨੇ ਚਾਹੀਦੇ। (1 ਪਤਰਸ 3:4) ਜੇ ਉਹ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੈ, ਤਾਂ ਉਸ ਨੂੰ ਆਪਣੇ ਪਤੀ ਨਾਲ ਗੱਲ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਫਿਰ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ।​—ਉਪਦੇਸ਼ਕ ਦੀ ਕਿਤਾਬ 3:7.

ਆਪਣੇ ਸਾਥੀ ਦੇ ਵਫ਼ਾਦਾਰ ਰਹੋ

“ਆਦਮੀ . . . ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਇਕ ਸਰੀਰ ਹੋਣਗੇ।”​—ਉਤਪਤ 2:24.

ਜਦੋਂ ਇਕ ਕੁੜੀ-ਮੁੰਡੇ ਦਾ ਵਿਆਹ ਹੁੰਦਾ ਹੈ, ਤਾਂ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਹੈ। ਜੇ ਉਹ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਇਕ-ਦੂਜੇ ਨੂੰ ਖ਼ੁਸ਼ ਕਰਨ ਲਈ ਛੋਟੇ-ਛੋਟੇ ਕੰਮ ਕਰਨ, ਤਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ। ਜੇ ਕੋਈ ਆਪਣੇ ਸਾਥੀ ਨਾਲ ਬੇਵਫ਼ਾਈ ਕਰਦਾ ਹੈ, ਤਾਂ ਉਸ ਦੇ ਸਾਥੀ ਨੂੰ ਬਹੁਤ ਦੁੱਖ ਪਹੁੰਚੇਗਾ ਅਤੇ ਉਸ ਦਾ ਭਰੋਸਾ ਟੁੱਟ ਜਾਵੇਗਾ। ਨਾਲੇ ਹੋ ਸਕਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਬਿਖਰ ਜਾਵੇ।—ਇਬਰਾਨੀਆਂ 13:4.

ਮਾਪਿਓ, ਆਪਣੇ ਬੱਚਿਆਂ ਨੂੰ ਸਿਖਲਾਈ ਦਿਓ

“ਬੱਚੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ; ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।”​—ਕਹਾਉਤਾਂ 22:6, ਫੁਟਨੋਟ।

ਬੱਚਿਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਰੱਬ ਨੇ ਮਾਪਿਆਂ ਨੂੰ ਦਿੱਤੀ ਹੈ। ਉਨ੍ਹਾਂ ਨੂੰ ਸਿਰਫ਼ ਬੱਚਿਆਂ ਨੂੰ ਇਹੀ ਨਹੀਂ ਦੱਸਣਾ ਚਾਹੀਦਾ ਕਿ ਕੀ ਕਰਨਾ ਹੈ ਤੇ ਕੀ ਨਹੀਂ, ਸਗੋਂ ਉਨ੍ਹਾਂ ਨੂੰ ਖ਼ੁਦ ਵੀ ਉੱਦਾਂ ਹੀ ਕਰਨਾ ਚਾਹੀਦਾ ਹੈ। (ਬਿਵਸਥਾ ਸਾਰ 6:6, 7) ਜੇ ਬੱਚਿਆਂ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਉਨ੍ਹਾਂ ਨੂੰ ਗੁੱਸੇ ਵਿਚ ਨਹੀਂ ਭੜਕਣਾ ਚਾਹੀਦਾ। ਕੁਝ ਕਹਿਣ ਤੋਂ ਪਹਿਲਾਂ ਸ਼ਾਂਤੀ ਨਾਲ ਬੱਚਿਆਂ ਦੀ ਗੱਲ ਸੁਣਨੀ ਚਾਹੀਦੀ ਹੈ। (ਯਾਕੂਬ 1:19) ਫਿਰ ਜੇ ਉਨ੍ਹਾਂ ਨੂੰ ਲੱਗੇ ਕਿ ਬੱਚਿਆਂ ਨੂੰ ਅਨੁਸ਼ਾਸਨ ਦੇਣ ਦੀ ਲੋੜ ਹੈ, ਤਾਂ ਪਿਆਰ ਨਾਲ ਅਨੁਸ਼ਾਸਨ ਦੇਣਾ ਚਾਹੀਦਾ ਹੈ।

ਬੱਚਿਓ, ਆਪਣੇ ਮਾਪਿਆਂ ਦਾ ਕਹਿਣਾ ਮੰਨੋ

“ਬੱਚਿਓ, ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ। . . . ‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।’”​—ਅਫ਼ਸੀਆਂ 6:1, 2.

ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਅਤੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਜਦੋਂ ਬੱਚੇ ਇੱਦਾਂ ਕਰਦੇ ਹਨ, ਤਾਂ ਘਰ ਵਿਚ ਖ਼ੁਸ਼ੀ ਤੇ ਸ਼ਾਂਤੀ ਹੁੰਦੀ ਹੈ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨੀ ਅਤੇ ਉਨ੍ਹਾਂ ਦਾ ਆਦਰ ਚਾਹੀਦਾ ਹੈ। ਜੇ ਮਾਪੇ ਉਨ੍ਹਾਂ ਦੇ ਨਾਲ ਨਹੀਂ ਰਹਿੰਦੇ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪੈਸੇ ਪੱਖੋਂ ਆਪਣੇ ਮਾਪਿਆਂ ਦੀ ਮਦਦ ਕਰਨ। ਨਾਲੇ ਉਨ੍ਹਾਂ ਦੇ ਘਰ ਦੀ ਸਾਂਭ-ਸੰਭਾਲ ਅਤੇ ਮੁਰੰਮਤ ਕਰਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।​—1 ਤਿਮੋਥਿਉਸ 5:3, 4.

ਮੈਂ ਇਕ ਚੰਗਾ ਪਤੀ ਬਣਿਆ

ਰਾਹੁਲ ਕਹਿੰਦਾ ਹੈ: “ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰੀ ਪਤਨੀ ਨੂੰ ਮੇਰੀ ਹਰ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਮੈਂ ਬਚਪਨ ਤੋਂ ਆਪਣੇ ਘਰ ਵਿਚ ਇੱਦਾਂ ਹੀ ਹੁੰਦਾ ਦੇਖਿਆ ਸੀ। ਪਰ ਫਿਰ ਮੈਂ ਸਿੱਖਿਆ ਕਿ ਮੈਨੂੰ ਆਪਣੀ ਪਤਨੀ ਦੀ ਗੱਲ ਸੁਣਨੀ ਚਾਹੀਦੀ ਹੈ, ਹਮੇਸ਼ਾ ਆਪਣੀ ਨਹੀਂ ਚਲਾਉਣੀ ਚਾਹੀਦੀ ਤੇ ਨਾ ਹੀ ਉਸ ʼਤੇ ਰੋਹਬ ਝਾੜਨਾ ਚਾਹੀਦਾ ਹੈ। ਰੱਬ ਨੇ ਸਾਨੂੰ ਇਕ ਬੰਧਨ ਵਿਚ ਬੰਨ੍ਹਿਆ ਹੈ ਅਤੇ ਅਸੀਂ ਦੋਵੇਂ ਉਸ ਦੀਆਂ ਨਜ਼ਰਾਂ ਵਿਚ ਇਕ ਹਾਂ। ਸੋ ਜਿੱਦਾਂ ਮੈਂ ਆਪਣਾ ਖ਼ਿਆਲ ਰੱਖਦਾ ਹਾਂ, ਉੱਦਾਂ ਹੀ ਮੈਨੂੰ ਉਸ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਸਲਾਹ ਨੂੰ ਮੰਨ ਕੇ ਮੈਨੂੰ ਫ਼ਾਇਦਾ ਹੋਇਆ ਅਤੇ ਅਸੀਂ ਦੋਵੇਂ ਖ਼ੁਸ਼ ਹਾਂ।”

ਰਾਹੁਲ ਅਤੇ ਉਸ ਦੀ ਪਤਨੀ।

ਹੋਰ ਜਾਣੋ:

ਤੁਹਾਡਾ ਪਰਿਵਾਰ ਖ਼ੁਸ਼ ਕਿਵੇਂ ਰਹਿ ਸਕਦਾ ਹੈ, ਇਸ ਬਾਰੇ ਹੋਰ ਜਾਣਨ ਲਈ jw.org ʼਤੇ “ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” ਹੇਠਾਂ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ