ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g21 ਨੰ. 3 ਸਫ਼ੇ 10-13
  • ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
  • ਜਾਗਰੂਕ ਬਣੋ!—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕੀ ਨਹੀਂ ਕਹਿੰਦੀ ਹੈ?
  • ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?
    ਜਾਗਰੂਕ ਬਣੋ!—2006
  • ਉਤਪਤ 1:1—“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”
    ਬਾਈਬਲ ਆਇਤਾਂ ਦੀ ਸਮਝ
  • ਜੀਵਨ ਦੀ ਸ਼ੁਰੂਆਤ ਕਿਵੇਂ ਹੋਈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਕੀ ਵਿਗਿਆਨ ਬਾਈਬਲ ਨਾਲ ਸਹਿਮਤ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਜਾਗਰੂਕ ਬਣੋ!—2021
g21 ਨੰ. 3 ਸਫ਼ੇ 10-13

ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

“ਇਹ ਆਕਾਸ਼ ਅਤੇ ਧਰਤੀ ਨੂੰ ਬਣਾਏ ਜਾਣ ਦੇ ਸਮੇਂ ਦਾ ਇਤਿਹਾਸ ਹੈ।” (ਉਤਪਤ 2:4) ਬਾਈਬਲ ਇਨ੍ਹਾਂ ਥੋੜ੍ਹੇ ਸ਼ਬਦਾਂ ਨਾਲ ਧਰਤੀ ਨੂੰ ਬਣਾਏ ਜਾਣ ਬਾਰੇ ਦੱਸਦੀ ਹੈ। ਕੀ ਬਾਈਬਲ ਦੀਆਂ ਗੱਲਾਂ ਵਿਗਿਆਨ ਨਾਲ ਮੇਲ ਖਾਂਦੀਆਂ ਹਨ? ਆਓ ਕੁਝ ਮਿਸਾਲਾਂ ਦੇਖੀਏ।

ਸ਼ੁਰੂਆਤ: ਆਕਾਸ਼ ਅਤੇ ਧਰਤੀ ਨੂੰ ਬਣਾਇਆ ਗਿਆ ਹੈ।

ਕੀ ਬ੍ਰਹਿਮੰਡ ਹਮੇਸ਼ਾ ਤੋਂ ਹੈ?

ਉਤਪਤ 1:1 ਵਿਚ ਦੱਸਿਆ ਗਿਆ ਹੈ: “ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।”

ਲਗਭਗ 1950 ਤਕ ਬਹੁਤ ਸਾਰੇ ਮਸ਼ਹੂਰ ਵਿਗਿਆਨੀ ਮੰਨਦੇ ਸਨ ਕਿ ਬ੍ਰਹਿਮੰਡ ਹਮੇਸ਼ਾ ਤੋਂ ਹੈ। ਪਰ ਹਾਲ ਹੀ ਵਿਚ ਕੀਤੀਆਂ ਖੋਜਾਂ ਦੇ ਆਧਾਰ ʼਤੇ ਜ਼ਿਆਦਾਤਰ ਵਿਗਿਆਨੀ ਹੁਣ ਇਹ ਗੱਲ ਮੰਨਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਹੈ।

ਸ਼ੁਰੂ ਵਿਚ ਧਰਤੀ ਕਿਹੋ ਜਿਹੀ ਸੀ?

ਉਤਪਤ 1:2, 9 ਵਿਚ ਦੱਸਿਆ ਗਿਆ ਹੈ ਕਿ ਪਹਿਲਾਂ “ਧਰਤੀ ਵੀਰਾਨ ਸੀ ਅਤੇ ਇਸ ʼਤੇ ਕੁਝ ਵੀ ਨਹੀਂ ਸੀ।” ਧਰਤੀ ʼਤੇ ਪਾਣੀ ਹੀ ਪਾਣੀ ਸੀ।

ਬਾਈਬਲ ਦੀ ਇਸ ਗੱਲ ਨਾਲ ਵਿਗਿਆਨ ਦੀਆਂ ਆਧੁਨਿਕ ਖੋਜਾਂ ਸਹਿਮਤ ਹਨ। ਜੀਵ-ਵਿਗਿਆਨੀ ਪੈਟਰਿਕ ਸ਼ੀ ਨੇ ਕਿਹਾ ਕਿ ਸ਼ੁਰੂ ਵਿਚ ਧਰਤੀ ʼਤੇ ਨਾ ਤਾਂ ਆਕਸੀਜਨ ਸੀ, ਨਾ ਹੀ ਪੇੜ-ਪੌਦੇ ਤੇ ਨਾ ਹੀ ਜੀਵ-ਜੰਤੂ ਸਨ। ਆਸਟਰੋਨਮੀ ਨਾਂ ਦਾ ਰਸਾਲਾ ਕਹਿੰਦਾ ਹੈ: “ਨਵੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ʼਤੇ ਪਾਣੀ ਹੀ ਪਾਣੀ ਸੀ ਅਤੇ ਕਿਤੇ ਵੀ ਸੁੱਕੀ ਜ਼ਮੀਨ ਨਹੀਂ ਸੀ।”

ਸਮੇਂ ਦੇ ਬੀਤਣ ਨਾਲ ਵਾਯੂਮੰਡਲ ਵਿਚ ਕੀ ਬਦਲਾਅ ਆਇਆ ਸੀ?

ਉਤਪਤ 1:3-5 ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ਵਿਚ ਵਾਯੂਮੰਡਲ ਸੰਘਣਾ ਸੀ ਜਿਸ ਕਰਕੇ ਧਰਤੀ ਤੋਂ ਪਤਾ ਨਹੀਂ ਲੱਗਦਾ ਸੀ ਕਿ ਰੌਸ਼ਨੀ ਦਾ ਸੋਮਾ ਕੀ ਸੀ। ਬਾਅਦ ਵਿਚ ਹੀ ਧਰਤੀ ਤੋਂ ਸੂਰਜ ਤੇ ਚੰਦ ਸਾਫ਼-ਸਾਫ਼ ਨਜ਼ਰ ਆਉਣ ਲੱਗੇ।—ਉਤਪਤ 1:14-18.

ਬਾਈਬਲ ਇਹ ਨਹੀਂ ਕਹਿੰਦੀ ਕਿ ਧਰਤੀ ʼਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ

ਇਕ ਰਿਸਰਚ ਸੈਂਟਰ ਮੁਤਾਬਕ ਪਹਿਲਾਂ ਵਾਯੂਮੰਡਲ ਤੋਂ ਧਰਤੀ ʼਤੇ ਬਹੁਤ ਹੀ ਘੱਟ ਰੌਸ਼ਨੀ ਆਉਂਦੀ ਸੀ। ਇਹ ਦੱਸਦਾ ਹੈ: “ਹਵਾ ਵਿਚ ਮੀਥੇਨ ਗੈਸ ਹੋਣ ਕਰਕੇ ਸ਼ੁਰੂ ਵਿਚ ਪੂਰੀ ਧਰਤੀ ʼਤੇ ਧੁੰਦ ਜਿਹੀ ਛਾਈ ਹੋਈ ਸੀ।” ਬਾਅਦ ਵਿਚ “ਜਦੋਂ ਇਹ ਧੁੰਦ ਹਟੀ, ਤਾਂ ਨੀਲਾ ਆਕਾਸ਼ ਦਿਖਾਈ ਦੇਣ ਲੱਗਾ।”​—ਸਮਿਥਸੋਨੀਅਨ ਐਨਵਾਈਰਮੈਂਟਲ ਰਿਸਰਚ ਸੈਂਟਰ।

ਧਰਤੀ ʼਤੇ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰਤੀਬ ਵਿਚ ਹੋਈ?

1​—ਪਹਿਲਾ ਦਿਨ: ਵਾਯੂਮੰਡਲ ਵਿੱਚੋਂ ਦੀ ਧਰਤੀ ʼਤੇ ਹਲਕੀ-ਹਲਕੀ ਰੌਸ਼ਨੀ ਆਉਣੀ ਸ਼ੁਰੂ ਹੋ ਗਈ।​—ਉਤਪਤ 1:3-5

2​—ਦੂਜਾ ਦਿਨ: ਪਹਿਲਾਂ ਪੂਰੀ ਧਰਤੀ ਪਾਣੀ ਨਾਲ ਢਕੀ ਹੋਈ ਸੀ ਅਤੇ ਸਾਰੇ ਪਾਸੇ ਭਾਫ਼ ਹੀ ਭਾਫ਼ ਸੀ। ਫਿਰ ਇਨ੍ਹਾਂ ਦੋਹਾਂ ਨੂੰ ਅਲੱਗ ਕੀਤਾ ਗਿਆ ਅਤੇ ਵਿਚਕਾਰ ਖਾਲੀ ਥਾਂ ਬਣਾਈ ਗਈ।​—ਉਤਪਤ 1:6-8

3​—ਤੀਜਾ ਦਿਨ: ਧਰਤੀ ਦੀ ਸਤਹ ʼਤੇ ਪਾਣੀ ਘੱਟ ਗਿਆ ਅਤੇ ਸੁੱਕੀ ਜ਼ਮੀਨ ਦਿਖਾਈ ਦੇਣ ਲੱਗੀ।​—ਉਤਪਤ 1:9-13

4​—ਚੌਥਾ ਦਿਨ: ਧਰਤੀ ਤੋਂ ਸੂਰਜ ਤੇ ਚੰਦ ਦਿਖਾਈ ਦੇਣ ਲੱਗ ਪਏ ਹੋਣੇ।​—ਉਤਪਤ 1:14-19

5​—ਪੰਜਵਾਂ ਦਿਨ: ਰੱਬ ਨੇ ਪਾਣੀ ਵਾਲੇ ਜੀਵ-ਜੰਤੂ ਅਤੇ ਉੱਡਣ ਵਾਲੇ ਜੀਵ ਬਣਾਏ ਜੋ ਆਪਣੇ ਵਰਗੇ ਜੀਵ ਪੈਦਾ ਕਰ ਸਕਦੇ ਹਨ।—ਉਤਪਤ 1:20-23

6​—ਛੇਵਾਂ ਦਿਨ: ਜ਼ਮੀਨ ʼਤੇ ਰਹਿਣ ਵਾਲੇ ਛੋਟੇ-ਵੱਡੇ ਜੀਵ-ਜੰਤੂ ਬਣਾਏ। ਪਹਿਲੇ ਇਨਸਾਨੀ ਜੋੜੇ ਦੀ ਸ੍ਰਿਸ਼ਟੀ ਤੋਂ ਬਾਅਦ ਛੇਵਾਂ ਦਿਨ ਖ਼ਤਮ ਹੋ ਗਿਆ।​—ਉਤਪਤ 1:24-31

ਉਤਪਤ 1:20-27 ਵਿਚ ਦੱਸਿਆ ਗਿਆ ਹੈ ਕਿ ਪਹਿਲਾਂ ਮੱਛੀਆਂ ਬਣਾਈਆਂ ਗਈਆਂ, ਫਿਰ ਪੰਛੀ, ਜਾਨਵਰ ਤੇ ਅਖ਼ੀਰ ਵਿਚ ਇਨਸਾਨਾਂ ਨੂੰ ਬਣਾਇਆ ਗਿਆ। ਵਿਗਿਆਨੀ ਵੀ ਮੰਨਦੇ ਹਨ ਕਿ ਪਹਿਲਾਂ ਮੱਛੀਆਂ ਹੋਂਦ ਵਿਚ ਆਈਆਂ, ਫਿਰ ਜਾਨਵਰ ਤੇ ਉਸ ਤੋਂ ਕਾਫ਼ੀ ਸਮੇਂ ਬਾਅਦ ਇਨਸਾਨ ਹੋਂਦ ਵਿਚ ਆਏ।

ਬਾਈਬਲ ਇਹ ਨਹੀਂ ਕਹਿੰਦੀ ਕਿ ਸਮੇਂ ਦੇ ਬੀਤਣ ਨਾਲ ਜੀਉਂਦੀਆਂ ਚੀਜ਼ਾਂ ਵਿਚ ਬਦਲਾਅ ਨਹੀਂ ਹੋ ਸਕਦਾ

“ਭਾਵੇਂ ਕਿ ਬਾਈਬਲ ਵਿਚ ਉਤਪਤ ਦੇ ਪਹਿਲੇ ਅਧਿਆਇ ਵਿਚ ਇਸ ਬਾਰੇ ਥੋੜ੍ਹੇ ਸ਼ਬਦਾਂ ਵਿਚ ਦੱਸਿਆ ਗਿਆ ਹੈ ਕਿ ਕਿਹੜੇ ਦਿਨ ਕੀ ਬਣਿਆ, ਪਰ ਫਿਰ ਵੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਜਾਣਕਾਰੀ ਆਧੁਨਿਕ ਵਿਗਿਆਨਕ ਖੋਜਾਂ ਨਾਲ ਮੇਲ ਖਾਂਦੀ ਹੈ।”​—ਜੈਰਲਡ ਐੱਲ. ਸ਼ਰੋਡਰ, ਭੌਤਿਕ-ਵਿਗਿਆਨੀ।

ਬਾਈਬਲ ਕੀ ਨਹੀਂ ਕਹਿੰਦੀ ਹੈ?

ਕੁਝ ਲੋਕ ਦਾਅਵਾ ਕਰਦੇ ਹਨ ਕਿ ਬਾਈਬਲ ਦੀਆਂ ਗੱਲਾਂ ਵਿਗਿਆਨ ਦੀਆਂ ਨਵੀਆਂ ਖੋਜਾਂ ਨਾਲ ਮੇਲ ਨਹੀਂ ਖਾਂਦੀਆਂ। ਪਰ ਇਸ ਤਰ੍ਹਾਂ ਦੇ ਦਾਅਵੇ ਅਕਸਰ ਬਾਈਬਲ ਦੀਆਂ ਗੱਲਾਂ ਬਾਰੇ ਗ਼ਲਤਫ਼ਹਿਮੀਆਂ ʼਤੇ ਆਧਾਰਿਤ ਹੁੰਦੇ ਹਨ।

ਬਾਈਬਲ ਇਹ ਨਹੀਂ ਕਹਿੰਦੀ ਕਿ ਬ੍ਰਹਿਮੰਡ ਜਾਂ ਧਰਤੀ ਸਿਰਫ਼ 6,000 ਸਾਲ ਪੁਰਾਣੀ ਹੈ। ਇਸ ਦੀ ਬਜਾਇ, ਇਹ ਕਹਿੰਦੀ ਹੈ ਕਿ “ਸ਼ੁਰੂ ਵਿਚ” ਧਰਤੀ ਤੇ ਬ੍ਰਹਿਮੰਡ ਨੂੰ ਬਣਾਇਆ ਗਿਆ ਸੀ। (ਉਤਪਤ 1:1) ਪਰ ਬਾਈਬਲ ਇਹ ਨਹੀਂ ਦੱਸਦੀ ਕਿ ਇਨ੍ਹਾਂ ਨੂੰ ਕਿੰਨਾ ਚਿਰ ਪਹਿਲਾਂ ਬਣਾਇਆ ਗਿਆ ਸੀ।

ਬਾਈਬਲ ਇਹ ਨਹੀਂ ਕਹਿੰਦੀ ਕਿ ਧਰਤੀ ʼਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ। ਇਸ ਦੀ ਬਜਾਇ, ਉਤਪਤ 1 ਵਿਚ ਵਰਤਿਆ ਗਿਆ ਸ਼ਬਦ “ਦਿਨ” ਲੰਬੇ ਸਮੇਂ ਨੂੰ ਦਰਸਾਉਂਦਾ ਹੈ। ਮਿਸਾਲ ਲਈ, ਇਸ ਵਿਚ ਧਰਤੀ ਅਤੇ ਇਸ ʼਤੇ ਜੀਉਂਦੀਆਂ ਚੀਜ਼ਾਂ ਬਣਾਉਣ ਦੇ ਪੂਰੇ ਸਮੇਂ ਨੂੰ ਇਕ “ਦਿਨ” ਕਿਹਾ ਗਿਆ ਹੈ ਜਿਸ ਵਿਚ “ਯਹੋਵਾਹa ਪਰਮੇਸ਼ੁਰ ਨੇ ਧਰਤੀ ਅਤੇ ਆਕਾਸ਼ ਨੂੰ ਬਣਾਇਆ ਸੀ।” (ਉਤਪਤ 2:4) ਇਸ ਵਿਚ ਸ੍ਰਿਸ਼ਟੀ ਦੇ ਉਹ ਛੇ ਦਿਨ ਵੀ ਸ਼ਾਮਲ ਹਨ ਜਿਨ੍ਹਾਂ ਦਾ ਜ਼ਿਕਰ ਉਤਪਤ 1 ਵਿਚ ਕੀਤਾ ਗਿਆ ਹੈ। ਪਰ ਇਹ ਦਿਨ 24 ਘੰਟਿਆਂ ਵਾਲੇ ਦਿਨ ਨਹੀਂ ਸਨ। ਇਸ ਦੀ ਬਜਾਇ, ਇਹ ਛੇ “ਦਿਨ” ਬਹੁਤ ਹੀ ਲੰਬੇ ਸਮੇਂ ਨੂੰ ਦਰਸਾਉਂਦੇ ਸਨ ਜਿਨ੍ਹਾਂ ਵਿਚ ਰੱਬ ਨੇ ਧਰਤੀ ਨੂੰ ਰਹਿਣ ਦੇ ਯੋਗ ਬਣਾਇਆ ਅਤੇ ਇਸ ʼਤੇ ਜੀਉਂਦੀਆਂ ਚੀਜ਼ਾਂ ਬਣਾਈਆਂ।

ਬਾਈਬਲ ਇਹ ਨਹੀਂ ਕਹਿੰਦੀ ਕਿ ਸਮੇਂ ਦੇ ਬੀਤਣ ਨਾਲ ਜੀਉਂਦੀਆਂ ਚੀਜ਼ਾਂ ਵਿਚ ਬਦਲਾਅ ਨਹੀਂ ਹੋ ਸਕਦਾ। ਉਤਪਤ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਾਰੇ ਜੀਵ-ਜੰਤੂਆਂ ਨੂੰ “ਉਨ੍ਹਾਂ ਦੀਆਂ ਕਿਸਮਾਂ ਅਨੁਸਾਰ” ਬਣਾਇਆ ਗਿਆ ਸੀ। (ਉਤਪਤ 1:24, 25) ਜਦੋਂ ਬਾਈਬਲ ਵਿਚ “ਕਿਸਮਾਂ” ਸ਼ਬਦ ਵਰਤਿਆ ਜਾਂਦਾ ਹੈ, ਤਾਂ ਇਸ ਦਾ ਮਤਲਬ ਵੱਖੋ-ਵੱਖਰੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਹੁੰਦਾ ਹੈ। ਇਸ ਲਈ ਇਕ ‘ਕਿਸਮ’ ਵਿਚ ਬਹੁਤ ਸਾਰੀਆਂ ਨਸਲਾਂ ਹੋ ਸਕਦੀਆਂ ਹਨ। ਸਮੇਂ ਦੇ ਬੀਤਣ ਨਾਲ, ਇਕ ‘ਕਿਸਮ’ ਦੇ ਜੀਵ-ਜੰਤੂਆਂ ਵਿਚ ਕੁਝ ਬਦਲਾਅ ਆ ਸਕਦੇ ਹਨ ਜਿਸ ਕਰਕੇ ਕੋਈ ਨਵੀਂ ਨਸਲ ਪੈਦਾ ਹੋ ਸਕਦੀ ਹੈ, ਪਰ ਕਿਸਮ ਉਹੀ ਰਹਿੰਦੀ ਹੈ।

ਤੁਹਾਨੂੰ ਕੀ ਲੱਗਦਾ ਹੈ?

ਅਸੀਂ ਹੁਣ ਤਕ ਦੇਖਿਆ ਕਿ ਬਾਈਬਲ ਵਿਚ ਸੌਖੇ ਅਤੇ ਸਹੀ-ਸਹੀ ਸ਼ਬਦਾਂ ਨਾਲ ਦੱਸਿਆ ਗਿਆ ਹੈ ਕਿ ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਸ਼ੁਰੂ ਵਿਚ ਧਰਤੀ ਕਿਹੋ ਜਿਹੀ ਸੀ। ਤਾਂ ਫਿਰ, ਕੀ ਇਹ ਮੁਮਕਿਨ ਨਹੀਂ ਹੈ ਕਿ ਬਾਈਬਲ ਵਿਚ ਉਸ ਬਾਰੇ ਵੀ ਸਹੀ-ਸਹੀ ਦੱਸਿਆ ਹੋਣਾ ਜਿਸ ਨੇ ਇਹ ਸਾਰਾ ਕੁਝ ਬਣਾਇਆ ਹੈ? ਇਕ ਵਿਸ਼ਵ-ਕੋਸ਼ ਵਿਚ ਲਿਖਿਆ ਹੈ: “ਜ਼ਿੰਦਗੀ ਦੀ ਸ਼ੁਰੂਆਤ ਕਿਸੇ ਅਲੌਕਿਕ ਘਟਨਾ ਨਾਲ ਹੋਈ ਤੇ ਇਹ ਗੱਲ ਵਿਗਿਆਨ ਦੇ ਆਧੁਨਿਕ ਗਿਆਨ ਨਾਲ ਮੇਲ ਖਾਂਦੀ ਹੈ।”b​—ਐਨਸਾਈਕਲੋਪੀਡੀਆ ਬ੍ਰਿਟੈਨਿਕਾ।

ਜ਼ਰਾ ਗੌਰ ਕਰੋ:

ਉਤਪਤ 1:1–2:4 ਪੜ੍ਹੋ। ਬਾਈਬਲ ਵਿਚ ਸ੍ਰਿਸ਼ਟੀ ਦਾ ਬਿਰਤਾਂਤ ਪੁਰਾਣੀਆਂ ਕਥਾ-ਕਹਾਣੀਆਂ ਤੋਂ ਕਿਤੇ ਵੱਖਰਾ ਹੈ। ਮਿਸਾਲ ਲਈ, ਬਾਬਲੀ ਲੋਕ ਮੰਨਦੇ ਸਨ ਕਿ ਬ੍ਰਹਿਮੰਡ ਅਤੇ ਇਨਸਾਨ ਇਕ ਦੇਵੀ ਦੀ ਲਾਸ਼ ਤੇ ਇਕ ਦੇਵਤੇ ਦੇ ਲਹੂ ਤੋਂ ਬਣਾਏ ਗਏ ਸਨ। ਮਿਸਰੀ ਮੰਨਦੇ ਸਨ ਕਿ ਰਾ ਨਾਮ ਦੇ ਦੇਵਤੇ ਨੇ ਇਨਸਾਨਾਂ ਨੂੰ ਹੰਝੂਆਂ ਤੋਂ ਬਣਾਇਆ ਸੀ। ਚੀਨ ਵਿਚ ਕੁਝ ਲੋਕ ਮੰਨਦੇ ਸਨ ਕਿ ਇਕ ਦੈਂਤ ਦੀ ਲਾਸ਼ ਧਰਤੀ ਦੇ ਕੁਦਰਤੀ ਤੱਤਾਂ ਵਿਚ ਤਬਦੀਲ ਹੋ ਗਈ। ਉਸ ਦੀ ਲਾਸ਼ ʼਤੇ ਜੋ ਮਾਂਗਣੂ (ਖ਼ੂਨ ਚੂਸਣ ਵਾਲਾ ਕੀੜੇ) ਸਨ, ਉਹ ਇਨਸਾਨ ਬਣ ਗਏ। ਕੀ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਵਿਚ ਦਿੱਤਾ ਸ੍ਰਿਸ਼ਟੀ ਦਾ ਬਿਰਤਾਂਤ ਇਨ੍ਹਾਂ ਕਥਾ-ਕਹਾਣੀਆਂ ਵਰਗਾ ਹੈ ਜਾਂ ਇਹ ਵਿਗਿਆਨ ਦੀਆਂ ਗੱਲਾਂ ਨਾਲ ਸਹਿਮਤ ਹੈ?

ਕੀ ਬ੍ਰਹਿਮੰਡ ਬਣਾਇਆ ਗਿਆ ਸੀ? ਨਾਂ ਦੀ ਚਾਰ ਮਿੰਟ ਦੀ ਵੀਡੀਓ ਦੇਖੋ। jw.org ʼਤੇ ਵੀਡੀਓ ਲੱਭੋ।

a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

b ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਸ ਵਿਚਾਰ ਦਾ ਸਮਰਥਨ ਨਹੀਂ ਕਰਦਾ ਕਿ ਜੀਉਂਦੀਆਂ ਚੀਜ਼ਾਂ ਨੂੰ ਬਣਾਇਆ ਗਿਆ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ