ਕਿਸੇ ਬਿਪਤਾ ਦੌਰਾਨ ਆਪਣੇ ਰਿਸ਼ਤੇ ਬਣਾਈ ਰੱਖਣ ਲਈ ਇਹ ਕਦਮ ਚੁੱਕੋ
ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰੋ
ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰੋ
ਬਾਈਬਲ ਕਹਿੰਦੀ ਹੈ: “ਇਕ ਨਾਲੋਂ ਦੋ ਚੰਗੇ ਹੁੰਦੇ ਹਨ, . . . ਜੇ ਇਕ ਡਿਗ ਪੈਂਦਾ ਹੈ, ਤਾਂ ਦੂਜਾ ਆਪਣੇ ਸਾਥੀ ਦੀ ਉੱਠਣ ਵਿਚ ਮਦਦ ਕਰ ਸਕਦਾ ਹੈ।” (ਉਪਦੇਸ਼ਕ ਦੀ ਕਿਤਾਬ 4:9, 10) ਪਤੀ-ਪਤਨੀ ਨੂੰ ਮਿਲ ਕੇ ਇਕ ਟੀਮ ਵਿਚ ਖੇਡਦੇ ਰਹਿਣਾ ਚਾਹੀਦਾ ਹੈ, ਨਾ ਕਿ ਵਿਰੋਧੀ ਟੀਮ ਵਿਚ।
ਪੱਕਾ ਇਰਾਦਾ ਕਰੋ ਕਿ ਤੁਸੀਂ ਇਕ-ਦੂਜੇ ʼਤੇ ਆਪਣਾ ਗੁੱਸਾ ਨਹੀਂ ਕੱਢੋਗੇ। ਧੀਰਜ ਤੇ ਸ਼ਾਂਤੀ ਬਣਾਈ ਰੱਖੋ।
ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰੋ। ਮੁਸ਼ਕਲਾਂ ਨਾਲ ਲੜੋ, ਨਾ ਕਿ ਆਪਸ ਵਿਚ।
ਇਕ-ਦੂਜੇ ਲਈ ਸਮਾਂ ਕੱਢੋ ਤੇ ਮਿਲ ਕੇ ਉਹ ਕੰਮ ਕਰੋ ਜਿਸ ਤੋਂ ਤੁਹਾਨੂੰ ਖ਼ੁਸ਼ੀ ਮਿਲੇ।
ਮਿੱਠੀਆਂ ਯਾਦਾਂ ਤਾਜ਼ਾ ਕਰੋ। ਤੁਸੀਂ ਮਿਲ ਕੇ ਆਪਣੇ ਵਿਆਹ ਦੀਆਂ ਫੋਟੋਆਂ ਦੇਖ ਸਕਦੇ ਹੋ ਜਾਂ ਹੋਰ ਪਲਾਂ ਬਾਰੇ ਸੋਚ ਸਕਦੇ ਹੋ।
“ਇਹ ਜ਼ਰੂਰੀ ਨਹੀਂ ਕਿ ਪਤੀ-ਪਤਨੀ ਹਰ ਗੱਲ ʼਤੇ ਸਹਿਮਤ ਹੋਣ, ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਉਹ ਮਿਲ ਕੇ ਕੰਮ ਨਹੀਂ ਕਰ ਸਕਦੇ। ਪਤੀ-ਪਤਨੀ ਮਿਲ ਕੇ ਫ਼ੈਸਲੇ ਲੈ ਸਕਦੇ ਹਨ ਤੇ ਫਿਰ ਉਨ੍ਹਾਂ ਫ਼ੈਸਲਿਆਂ ਮੁਤਾਬਕ ਕੰਮ ਕਰ ਸਕਦੇ ਹਨ।”—ਡੇਵਿਡ।
ਆਪਣੇ ਦੋਸਤਾਂ ਨਾਲ ਗੱਲ ਕਰਦੇ ਰਹੋ
ਆਪਣੇ ਦੋਸਤਾਂ ਨਾਲ ਗੱਲ ਕਰਦੇ ਰਹੋ
ਦੋਸਤਾਂ ਤੋਂ ਮਦਦ ਲੈਣ ਦੇ ਨਾਲ-ਨਾਲ ਇਹ ਵੀ ਸੋਚੋ ਕਿ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ। ਦੂਸਰਿਆਂ ਦਾ ਹੌਸਲਾ ਵਧਾਉਣ ਕਰਕੇ ਤੁਹਾਡਾ ਖ਼ੁਦ ਦਾ ਵੀ ਹੌਸਲਾ ਵਧਦਾ ਹੈ।
ਹਰ ਰੋਜ਼ ਕੁਝ ਦੋਸਤਾਂ ਨਾਲ ਗੱਲ ਕਰੋ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛੋ।
ਤੁਹਾਡੇ ʼਤੇ ਜੋ ਮੁਸ਼ਕਲਾਂ ਆ ਰਹੀਆਂ ਹਨ, ਉਹ ਸ਼ਾਇਦ ਤੁਹਾਡੇ ਦੋਸਤਾਂ ʼਤੇ ਵੀ ਆਈਆਂ ਹੋਣ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਮੁਸ਼ਕਲਾਂ ਦੌਰਾਨ ਕੀ ਕੀਤਾ ਸੀ।
“ਕੋਈ ਮੁਸ਼ਕਲ ਆਉਣ ਤੇ ਤੁਹਾਡੇ ਦੋਸਤ ਤੁਹਾਨੂੰ ਸਹੀ ਰਾਹ ਦਿਖਾ ਸਕਦੇ ਹਨ। ਕਈ ਵਾਰ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈ, ਬਸ ਤੁਹਾਨੂੰ ਯਾਦ ਕਰਾਉਣ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਦੋਸਤ ਇਹੀ ਕਰਦੇ ਹਨ। ਦੋਸਤ ਤੁਹਾਡੀ ਪਰਵਾਹ ਕਰਦੇ ਹਨ ਤੇ ਤੁਸੀਂ ਉਨ੍ਹਾਂ ਦੀ।”—ਨਿਕੋਲ।
ਆਪਣੇ ਬੱਚਿਆਂ ਵੱਲ ਧਿਆਨ ਦਿਓ
ਆਪਣੇ ਬੱਚਿਆਂ ਵੱਲ ਧਿਆਨ ਦਿਓ
ਬਾਈਬਲ ਕਹਿੰਦੀ ਹੈ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।” (ਯਾਕੂਬ 1:19) ਪਹਿਲਾਂ-ਪਹਿਲ ਸ਼ਾਇਦ ਤੁਹਾਡੇ ਬੱਚੇ ਆਪਣੀਆਂ ਚਿੰਤਾਵਾਂ-ਪਰੇਸ਼ਾਨੀਆਂ ਦੱਸਣ ਤੋਂ ਝਿਜਕਣ। ਪਰ ਜਦੋਂ ਤੁਸੀਂ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋਗੇ, ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਦੱਸ ਪਾਉਣਗੇ।
ਇੱਦਾਂ ਦਾ ਮਾਹੌਲ ਬਣਾਓ ਕਿ ਤੁਹਾਡੇ ਬੱਚੇ ਖੁੱਲ੍ਹ ਕੇ ਗੱਲ ਕਰ ਸਕਣ। ਕੁਝ ਬੱਚੇ ਆਪਣੇ ਮਾਪਿਆਂ ਨਾਲ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲ ਨਹੀਂ ਕਰ ਪਾਉਂਦੇ, ਪਰ ਉਹ ਉਦੋਂ ਖੁੱਲ੍ਹ ਕੇ ਗੱਲ ਕਰ ਪਾਉਂਦੇ ਹਨ ਜਦੋਂ ਉਹ ਸੈਰ ਕਰਨ ਜਾਂਦੇ ਹਨ ਜਾਂ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ।
ਧਿਆਨ ਰੱਖੋ ਕਿ ਤੁਹਾਡੇ ਬੱਚੇ ਹੱਦੋਂ ਵੱਧ ਬੁਰੀਆਂ ਖ਼ਬਰਾਂ ਨਾ ਦੇਖਣ।
ਆਪਣੇ ਬੱਚਿਆਂ ਨੂੰ ਦੱਸੋ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਕਿਹੜੇ ਕੁਝ ਕਦਮ ਚੁੱਕੇ ਹਨ।
ਪਹਿਲਾਂ ਤੋਂ ਹੀ ਤੈਅ ਕਰੋ ਕਿ ਅਚਾਨਕ ਕੋਈ ਖ਼ਤਰਾ ਆਉਣ ʼਤੇ ਤੁਹਾਡਾ ਪਰਿਵਾਰ ਕੀ ਕਰੇਗਾ। ਫਿਰ ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸੋ ਤੇ ਉਨ੍ਹਾਂ ਨਾਲ ਇਸ ਦੀ ਪ੍ਰੈਕਟਿਸ ਕਰੋ।
“ਹੋ ਸਕਦਾ ਹੈ ਕਿ ਤੁਹਾਡੇ ਬੱਚੇ ਡਰੇ ਹੋਏ ਹੋਣ, ਪਰੇਸ਼ਾਨ ਹੋਣ ਜਾਂ ਗੁੱਸੇ ਹੋਣ। ਉਨ੍ਹਾਂ ਨਾਲ ਗੱਲ ਕਰੋ ਤੇ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣ ਲਈ ਕਹੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ ਤੇ ਦੱਸੋ ਕਿ ਤੁਸੀਂ ਇਨ੍ਹਾਂ ਭਾਵਨਾਵਾਂ ਨਾਲ ਕਿਵੇਂ ਲੜ ਰਹੇ ਹੋ।”—ਬੈਥਨੀ।