ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g23 ਨੰ. 1 ਸਫ਼ੇ 3-5
  • ਤਾਜ਼ਾ ਪਾਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਾਜ਼ਾ ਪਾਣੀ
  • ਜਾਗਰੂਕ ਬਣੋ!—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤਾਜ਼ੇ ਪਾਣੀ ਦੀ ਕਮੀ ਕਿਉਂ ਹੈ?
  • ਧਰਤੀ ਦੀ ਸ਼ਾਨਦਾਰ ਬਣਤਰ
  • ਇਨਸਾਨਾਂ ਦੀਆਂ ਕੋਸ਼ਿਸ਼ਾਂ
  • ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .
  • ਦੁਨੀਆਂ ਭਰ ਵਿਚ ਹੋ ਰਹੀ ਪਾਣੀ ਦੀ ਘਾਟ ਬਾਰੇ ਬਾਈਬਲ ਕੀ ਕਹਿੰਦੀ ਹੈ?
    ਹੋਰ ਵਿਸ਼ੇ
ਜਾਗਰੂਕ ਬਣੋ!—2023
g23 ਨੰ. 1 ਸਫ਼ੇ 3-5
ਨਦੀ ਦੇ ਵਹਿੰਦੇ ਪਾਣੀ ਵਿੱਚੋਂ ਇਕ ਔਰਤ ਨੇ ਸਾਫ਼ ਪਾਣੀ ਆਪਣੇ ਹੱਥਾਂ ਵਿਚ ਚੁੱਕਿਆ ਹੋਇਆ ਹੈ।

ਦਮ ਤੋੜ ਰਹੀ ਹੈ ਸਾਡੀ ਧਰਤੀ!

ਤਾਜ਼ਾ ਪਾਣੀ

ਪਾਣੀ ਤੋਂ ਬਗੈਰ ਜੀਉਣਾ ਔਖਾ ਹੈ, ਖ਼ਾਸ ਕਰਕੇ ਤਾਜ਼ੇ ਪਾਣੀ ਬਗੈਰ। ਚਾਹੇ ਇਨਸਾਨ ਹੋਣ ਜਾਂ ਜਾਨਵਰ ਸਾਰਿਆਂ ਦੇ ਸਰੀਰ ਵਿਚ ਪਾਣੀ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ, ਇੱਥੋਂ ਤਕ ਕਿ ਪੇੜ-ਪੌਦਿਆਂ ਵਿਚ ਵੀ। ਪਰ ਇਨਸਾਨਾਂ ਅਤੇ ਜਾਨਵਰਾਂ ਨੂੰ ਪੀਣ ਲਈ ਪਾਣੀ ਕਿੱਥੋਂ ਮਿਲਦਾ ਹੈ? ਝੀਲਾਂ, ਨਦੀਆਂ, ਦਲਦਲੀ ਇਲਾਕਿਆਂ ਅਤੇ ਜ਼ਮੀਨ ਹੇਠਲੇ ਪਾਣੀ (aquifers) ਤੋਂ। ਨਾਲੇ ਫ਼ਸਲਾਂ ਤੇ ਪੇੜ-ਪੌਦਿਆਂ ਨੂੰ ਵੀ ਇਹੀ ਪਾਣੀ ਦਿੱਤਾ ਜਾਂਦਾ ਹੈ।

ਤਾਜ਼ੇ ਪਾਣੀ ਦੀ ਕਮੀ ਕਿਉਂ ਹੈ?

ਸਾਡੀ ਧਰਤੀ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ। ਪਰ ਸੰਯੁਕਤ ਰਾਸ਼ਟਰ-ਸੰਘ ਦੀ ਮੌਸਮ ਏਜੰਸੀ (World Meteorological Organization) ਮੁਤਾਬਕ, “ਧਰਤੀ ਦਾ ਸਿਰਫ਼ 0.5% ਪਾਣੀ ਹੀ ਤਾਜ਼ਾ ਪਾਣੀ ਹੈ।” ਚਾਹੇ ਕਿ ਇਸ ਤਾਜ਼ੇ ਪਾਣੀ ਦੀ ਮਾਤਰਾ ਬਹੁਤ ਘੱਟ ਹੈ, ਫਿਰ ਵੀ ਧਰਤੀ ਉਤਲੇ ਜੀਵਨ ਲਈ ਇਹ ਕਾਫ਼ੀ ਹੈ। ਪਰ ਇਹ ਪਾਣੀ ਵੀ ਘੱਟਦਾ ਜਾ ਰਿਹਾ ਹੈ। ਇੱਦਾਂ ਕਿਉਂ? ਕਿਉਂਕਿ ਜਾਂ ਤਾਂ ਇਨਸਾਨ ਇਸ ਨੂੰ ਬਹੁਤ ਪ੍ਰਦੂਸ਼ਿਤ ਕਰ ਰਿਹਾ ਹੈ ਜਾਂ ਫਿਰ ਇਸ ਦੀ ਵਧਦੀ ਮੰਗ ਅਤੇ ਮੌਸਮ ਵਿਚ ਹੋ ਰਹੇ ਭਾਰੀ ਬਦਲਾਅ ਕਰਕੇ ਤਾਜ਼ਾ ਪਾਣੀ ਮਿਲਣਾ ਔਖਾ ਹੋ ਰਿਹਾ ਹੈ। ਮਾਹਰਾਂ ਨੇ ਅੰਦਾਜ਼ਾ ਲਾਇਆ ਹੈ ਕਿ 30 ਸਾਲਾਂ ਦੇ ਅੰਦਰ-ਅੰਦਰ ਪੰਜ ਅਰਬ ਲੋਕਾਂ ਨੂੰ ਜ਼ਿਆਦਾ ਮਾਤਰਾ ਵਿਚ ਤਾਜ਼ਾ ਪਾਣੀ ਨਹੀਂ ਮਿਲੇਗਾ।

ਧਰਤੀ ਦੀ ਸ਼ਾਨਦਾਰ ਬਣਤਰ

ਧਰਤੀ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਉੱਤੋਂ ਪਾਣੀ ਕਦੇ ਵੀ ਖ਼ਤਮ ਨਹੀਂ ਹੋ ਸਕਦਾ। ਨਾਲੇ ਮਿੱਟੀ, ਸਮੁੰਦਰੀ ਜੀਵ-ਜੰਤੂ ਅਤੇ ਧੁੱਪ ਮਿਲ ਕੇ ਪਾਣੀ ਨੂੰ ਸਾਫ਼ ਕਰਦੇ ਹਨ। ਆਓ ਆਪਾਂ ਕੁਝ ਸਬੂਤਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਬਚ ਸਕਦੀ ਹੈ।

  • ਦੇਖਿਆ ਗਿਆ ਹੈ ਕਿ ਮਿੱਟੀ ਬਹੁਤ ਵਧੀਆ ਤਰੀਕੇ ਨਾਲ ਪਾਣੀ ਵਿੱਚੋਂ ਦੂਸ਼ਿਤ ਪਦਾਰਥਾਂ ਨੂੰ ਵੱਖ ਕਰ ਸਕਦੀ ਹੈ। ਦਲਦਲੀ ਇਲਾਕਿਆਂ ਵਿਚ ਕਈ ਅਜਿਹੇ ਪੌਦੇ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਣੀ ਵਿੱਚੋਂ ਨਾਈਟ੍ਰੋਜਨ, ਫਾਸਫੋਰਸ ਅਤੇ ਕੀਟਨਾਸ਼ਕ ਨੂੰ ਬਾਹਰ ਕੱਢ ਦਿੰਦੇ ਹਨ।

  • ਵਿਗਿਆਨੀਆਂ ਨੇ ਖੋਜ ਕਰ ਕੇ ਪਤਾ ਲਗਾਇਆ ਹੈ ਕਿ ਪਾਣੀ ਕੁਦਰਤੀ ਤੌਰ ਤੇ ਕਿਵੇਂ ਆਪਣੇ ਆਪ ਨੂੰ ਸਾਫ਼ ਰੱਖਦਾ ਹੈ। ਜਦੋਂ ਪਾਣੀ ਤੇਜ਼ੀ ਨਾਲ ਵਹਿੰਦਾ ਹੈ, ਤਾਂ ਉਸ ਵਿਚ ਮੌਜੂਦ ਦੂਸ਼ਿਤ ਪਦਾਰਥ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਬੈਕਟੀਰੀਆ ਇਨ੍ਹਾਂ ਨੂੰ ਖ਼ਤਮ ਕਰ ਦਿੰਦੇ ਹਨ।

  • ਤਾਜ਼ੇ ਪਾਣੀ ਵਿਚ ਪਾਈਆਂ ਜਾਂਦੀਆਂ ਕੁਝ ਸਿੱਪੀਆਂ (clams and mussels) ਪਾਣੀ ਵਿੱਚੋਂ ਜ਼ਹਿਰੀਲੇ ਰਸਾਇਣਕ ਪਦਾਰਥਾਂ ਨੂੰ ਸੌਖ ਸਕਦੀਆਂ ਹਨ, ਉਹ ਵੀ ਸਿਰਫ਼ ਕੁਝ ਹੀ ਦਿਨਾਂ ਵਿਚ। ਇੰਨਾ ਹੀ ਨਹੀਂ, ਇਹ ਸਿੱਪੀਆਂ ਪਾਣੀ ਨੂੰ ਪੀਣ ਯੋਗ ਬਣਾਉਣ ਦੀ ਤਕਨੀਕ (ਵਾਟਰ ਟ੍ਰੀਟਮੈਂਟ ਪਲਾਂਟ) ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਪਾਣੀ ਨੂੰ ਸਾਫ਼ ਕਰਦੀਆਂ ਹਨ।

  • ਪਾਣੀ ਦੇ ਚੱਕਰ ਕਰਕੇ ਧਰਤੀ ਦਾ ਪਾਣੀ ਧਰਤੀ ʼਤੇ ਹੀ ਰਹਿੰਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਕਈ ਹੋਰ ਕ੍ਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਪਾਣੀ ਨਾ ਤਾਂ ਸਾਡੇ ਵਾਯੂਮੰਡਲ ਤੋਂ ਬਾਹਰ ਜਾਂਦਾ ਅਤੇ ਨਾ ਹੀ ਖ਼ਤਮ ਹੁੰਦਾ ਹੈ।

    ਕੀ ਤੁਸੀਂ ਜਾਣਦੇ ਹੋ?

    ਮਿੱਟੀ​—ਇਕ ਕੁਦਰਤੀ ਛਾਣਨੀ

    ਦੇਖਿਆ ਗਿਆ ਹੈ ਕਿ ਮਿੱਟੀ ਪਾਣੀ ਨੂੰ ਵਧੀਆ ਤਰੀਕੇ ਨਾਲ ਛਾਣ ਸਕਦੀ ਹੈ। ਜਦੋਂ ਪਾਣੀ ਮਿੱਟੀ ਵਿੱਚੋਂ ਛਣ ਕੇ ਜ਼ਮੀਨ ਹੇਠਾਂ ਜਾਂਦਾ ਹੈ, ਤਾਂ ਇਸ ਵਿਚ ਮੌਜੂਦ ਧਾਤ ਦੇ ਕਣ, ਜ਼ਹਿਰੀਲੇ ਰਸਾਇਣ, ਜਾਨਵਰਾਂ ਦਾ ਗੰਦ-ਮੰਦ, ਸੜੀਆਂ ਹੋਈਆਂ ਫਲ-ਸਬਜ਼ੀਆਂ ਜਾਂ ਉਨ੍ਹਾਂ ਦੇ ਛਿਲਕੇ ਅਤੇ ਹੋਰ ਦੂਸ਼ਿਤ ਪਦਾਰਥ ਅਲੱਗ ਹੋ ਜਾਂਦੇ ਹਨ। ਜ਼ਮੀਨ ਹੇਠਾਂ ਪਹੁੰਚਦਿਆਂ-ਪਹੁੰਚਦਿਆਂ ਇਹ ਪਾਣੀ ਇੰਨਾ ਸਾਫ਼ ਹੋ ਜਾਂਦਾ ਹੈ ਕਿ ਤੁਸੀਂ ਇਸ ਨੂੰ ਪੀ ਵੀ ਸਕਦੇ ਹੋ।

    ਇੱਥੇ ਦਿਖਾਇਆ ਗਿਆ ਹੈ ਕਿ ਮਿੱਟੀ ਦੂਸ਼ਿਤ ਪਾਣੀ ਨੂੰ ਕਿਵੇਂ

    ਰੇਤ ਅਤੇ ਪੱਥਰ

    ਰੇਤ ਦੇ ਕਣ ਅਤੇ ਪੱਥਰਾਂ ਦੇ ਛੋਟੇ-ਛੋਟੇ ਟੁਕੜੇ ਬਾਰੀਕ ਛਾਣਨੀ ਵਾਂਗ ਕੰਮ ਕਰਦੇ ਹਨ। ਉਹ ਪਾਣੀ ਵਿੱਚੋਂ ਕੁਝ ਦੂਸ਼ਿਤ ਪਦਾਰਥਾਂ ਨੂੰ ਵੱਖ ਕਰ ਦਿੰਦੇ ਹਨ।

    ਬੈਕਟੀਰੀਆ

    ਮਿੱਟੀ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਅਜਿਹੇ ਪਦਾਰਥਾਂ ਦੀ ਜ਼ਹਿਰ ਖ਼ਤਮ ਕਰ ਸਕਦੇ ਹਨ ਜੋ ਇਨਸਾਨਾਂ ਲਈ ਖ਼ਤਰਨਾਕ ਹੋ ਸਕਦੇ ਹਨ। ਕੁਝ ਬੈਕਟੀਰੀਆ ਤਾਂ ਜ਼ਹਿਰੀਲੇ ਤੇਲ ਨੂੰ ਵੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿਚ ਬਦਲ ਸਕਦੇ ਹਨ।

    ਮਿੱਟੀ ਦਾ ਚਾਰਜ

    ਮਿੱਟੀ ਵਿਚ ਹਲਕਾ ਜਿਹਾ ਬਿਜਲਈ ਚਾਰਜ (electric charge) ਹੁੰਦਾ ਹੈ। ਇਸ ਕਰਕੇ ਉਲਟ ਕਿਸਮ ਦੇ ਚਾਰਜ (opposite charge) ਦੇ ਜ਼ਹਿਰੀਲੇ ਰਸਾਇਣ ਇਸ ਨਾਲ ਚਿੰਬੜ ਜਾਂਦੇ ਹਨ। ਉਦਾਹਰਣ ਲਈ, ਚਿਕਣੀ ਮਿੱਟੀ ਵਿਚ ਰਿਣ ਚਾਰਜ (Negative charge) ਹੁੰਦਾ ਹੈ। ਇਸ ਲਈ ਇਹ ਪਾਣੀ ਵਿੱਚੋਂ ਜ਼ਹਿਰੀਲੇ ਅਮੋਨੀਆ ਨੂੰ ਅਲੱਗ ਕਰ ਸਕਦੀ ਹੈ ਜਿਸ ਵਿਚ ਧਨ ਚਾਰਜ (positively charged) ਹੁੰਦਾ ਹੈ।

ਇਨਸਾਨਾਂ ਦੀਆਂ ਕੋਸ਼ਿਸ਼ਾਂ

ਤਸਵੀਰਾਂ: 1. ਇਕ ਆਦਮੀ ਦੀ ਕਾਰ ਥੱਲਿਓਂ ਤੇਲ ਚੋਂਦਾ ਹੈ ਤੇ ਉਹ ਉਸ ਦੀ ਮੁਰੰਮਤ ਕਰਦਾ ਹੋਇਆ। ਉਹ ਚੋਂਦੇ ਹੋਏ ਤੇਲ ਨੂੰ ਇਕ ਭਾਂਡੇ ਵਿਚ ਇਕੱਠਾ ਕਰ ਰਿਹਾ ਹੈ। 2. ਇਕ ਆਦਮੀ ਰੀਸਾਈਕਲਿੰਗ ਕੇਂਦਰ ਵਿਚ ਇਸਤੇਮਾਲ ਕੀਤੇ ਰਸਾਇਣਾਂ ਦੇ ਡੱਬੇ ਜਾਂ ਬੋਤਲਾਂ ਵਗੈਰਾ ਦੇਣ ਆਇਆ ਹੈ ਤਾਂਕਿ ਇਨ੍ਹਾਂ ਦਾ ਸਹੀ ਤਰੀਕੇ ਨਾਲ ਨਿਪਟਾਰਾ ਹੋ ਸਕੇ।

ਜੇ ਗੱਡੀ ਦਾ ਤੇਲ ਚੋਂਦਾ ਹੈ, ਤਾਂ ਇਸ ਦੀ ਮੁਰੰਮਤ ਕਰਾਓ। ਨਾਲੇ ਜ਼ਹਿਰੀਲੇ ਪਦਾਰਥਾਂ ਦਾ ਸਹੀ ਢੰਗ ਨਾਲ ਨਿਪਟਾਰਾ ਕਰੋ। ਇੱਦਾਂ ਕਰਕੇ ਅਸੀਂ ਤਾਜ਼ੇ ਪਾਣੀ ਦੇ ਸੋਮਿਆਂ ਨੂੰ ਸਾਫ਼ ਰੱਖ ਸਕਾਂਗੇ।

ਮਾਹਰ ਸਲਾਹ ਦਿੰਦੇ ਹਨ ਕਿ ਪਾਣੀ ਨੂੰ ਬਰਬਾਦ ਨਾ ਕੀਤਾ ਜਾਵੇ। ਇਸ ਤੋਂ ਇਲਾਵਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਕੁਝ ਸੁਝਾਅ ਦਿੱਤੇ ਹਨ, ਜਿਵੇਂ ਕਿ ਜੇ ਸਾਡੇ ਕਿਸੇ ਵਾਹਨ ਵਿੱਚੋਂ ਤੇਲ ਚੋਂਦਾ ਹੈ, ਤਾਂ ਅਸੀਂ ਉਸ ਦੀ ਮੁਰੰਮਤ ਕਰਵਾਈਏ। ਜੇ ਅਸੀਂ ਕੋਈ ਦਵਾਈ ਸੁੱਟਣੀ ਹੈ, ਤਾਂ ਅਸੀਂ ਉਸ ਨੂੰ ਟਾਇਲਟ ਵਿਚ ਫਲੱਸ਼ ਨਾ ਕਰੀਏ। ਨਾਲੇ ਅਸੀਂ ਕੋਈ ਜ਼ਹਿਰੀਲਾ ਰਸਾਇਣ ਨਾਲੀਆਂ ਵਿਚ ਨਾ ਸੁੱਟੀਏ।

ਇੰਜੀਨੀਅਰਾਂ ਨੇ ਨਵੇਂ-ਨਵੇਂ ਤਰੀਕੇ ਲੱਭੇ ਹਨ ਜਿਨ੍ਹਾਂ ਰਾਹੀਂ ਖਾਰੇ ਪਾਣੀ ਨੂੰ ਮਿੱਠਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇੱਦਾਂ ਇਸ ਲਈ ਕੀਤਾ ਹੈ ਤਾਂਕਿ ਲੋਕਾਂ ਨੂੰ ਪੀਣ ਲਈ ਹੋਰ ਵੀ ਜ਼ਿਆਦਾ ਸਾਫ਼ ਪਾਣੀ ਮਿਲ ਸਕੇ।

ਪਰ ਸਿਰਫ਼ ਇੰਨਾ ਹੀ ਕਰਨਾ ਕਾਫ਼ੀ ਨਹੀਂ ਹੈ। ਇੱਥੋਂ ਤਕ ਕਿ ਖਾਰੇ ਪਾਣੀ ਨੂੰ ਮਿੱਠਾ ਬਣਾਉਣਾ ਵੀ ਕੋਈ ਵਧੀਆ ਹੱਲ ਨਹੀਂ ਹੈ। ਕਿਉਂ? ਕਿਉਂਕਿ ਇਸ ਵਿਚ ਬਹੁਤ ਖ਼ਰਚਾ ਹੁੰਦਾ ਹੈ ਅਤੇ ਕਾਫ਼ੀ ਮਾਤਰਾ ਵਿਚ ਊਰਜਾ ਦੀ ਖਪਤ ਹੁੰਦੀ ਹੈ। 2021 ਵਿਚ ਸੰਯੁਕਤ ਰਾਸ਼ਟਰ-ਸੰਘ ਨੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਬਾਰੇ ਇਕ ਰਿਪੋਰਟ ਵਿਚ ਕਿਹਾ: “ਪੂਰੀ ਦੁਨੀਆਂ ਵਿਚ ਪਾਣੀ ਨੂੰ ਉਪਲਬਧ ਕਰਾਉਣ ਅਤੇ ਇਸ ਨੂੰ ਸੰਭਾਲੀ ਰੱਖਣ ਵਿਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ, ਪਰ ਇਸ ਨੂੰ ਦੁਗਣਾ ਕਰਨ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।”

ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .

‘ਪਰਮੇਸ਼ੁਰ ਪਾਣੀ ਦੀਆਂ ਬੂੰਦਾਂ ਉਤਾਂਹ ਖਿੱਚਦਾ ਹੈ; ਅਤੇ ਧੁੰਦ ਤੋਂ ਮੀਂਹ ਬਣ ਜਾਂਦਾ ਹੈ; ਫਿਰ ਬੱਦਲ ਇਸ ਨੂੰ ਡੋਲ੍ਹ ਦਿੰਦੇ ਹਨ; ਉਹ ਮਨੁੱਖਜਾਤੀ ਉੱਤੇ ਇਸ ਨੂੰ ਵਰ੍ਹਾ ਦਿੰਦੇ ਹਨ।’​—ਅੱਯੂਬ 36:26-28.

ਪਰਮੇਸ਼ੁਰ ਨੇ ਧਰਤੀ ʼਤੇ ਪਾਣੀ ਨੂੰ ਬਚਾਉਣ ਲਈ ਕਈ ਕੁਦਰਤੀ ਚੱਕਰ ਬਣਾਏ।​—ਉਪਦੇਸ਼ਕ ਦੀ ਕਿਤਾਬ 1:7.

ਜ਼ਰਾ ਸੋਚੋ: ਜੇ ਸ੍ਰਿਸ਼ਟੀਕਰਤਾ ਨੇ ਧਰਤੀ ਨੂੰ ਇੱਦਾਂ ਬਣਾਇਆ ਹੈ ਕਿ ਇਸ ਦਾ ਪਾਣੀ ਸਾਫ਼ ਰਹੇ, ਤਾਂ ਇਨਸਾਨਾਂ ਨੇ ਪਾਣੀ ਨੂੰ ਦੂਸ਼ਿਤ ਕਰ ਕੇ ਜੋ ਸਮੱਸਿਆ ਖੜ੍ਹੀ ਕੀਤੀ ਹੈ, ਕੀ ਰੱਬ ਉਸ ਨੂੰ ਸੁਲਝਾ ਨਹੀਂ ਸਕਦਾ? ਜੀ ਹਾਂ, ਬਿਲਕੁਲ ਸੁਲਝਾ ਸਕਦਾ ਹੈ। ਨਾਲੇ ਉਹ ਇੱਦਾਂ ਕਰਨਾ ਵੀ ਚਾਹੁੰਦਾ ਹੈ। ਇਸ ਬਾਰੇ ਜਾਣਨ ਲਈ ਸਫ਼ਾ 15 ʼਤੇ “ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ” ਨਾਂ ਦਾ ਲੇਖ ਪੜ੍ਹੋ।

ਹੋਰ ਜਾਣੋ

ਪਾਣੀ ਦੇ ਅਣੂਆਂ ਨੂੰ ਬਹੁਤ ਵੱਡਾ ਕਰਕੇ ਦਿਖਾਇਆ ਗਿਆ ਹੈ।

ਪਾਣੀ ਦੀਆਂ ਬਹੁਤ ਸਾਰੀਆਂ ਖ਼ਾਸੀਅਤਾਂ ਹਨ ਜਿਨ੍ਹਾਂ ਕਰਕੇ ਜ਼ਿੰਦਗੀ ਕਾਇਮ ਰਹਿੰਦੀ ਹੈ। jw.org/pa ʼਤੇ ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ​—ਪਾਣੀ  ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ