ਵਧਦੀ ਮਹਿੰਗਾਈ ਕਿਵੇਂ ਕਰੀਏ ਗੁਜ਼ਾਰਾ?
ਚੰਗੇ ਭਵਿੱਖ ਦੀ ਉਮੀਦ ਰੱਖੋ
ਕੀ ਤੁਹਾਡੇ ਦੇਸ਼ ਵਿਚ ਚੀਜ਼ਾਂ ਦੇ ਭਾਅ ਵਧਦੇ ਹੀ ਜਾ ਰਹੇ ਹਨ, ਪਰ ਤੁਹਾਡੀ ਤਨਖ਼ਾਹ ਉੱਨੀ ਦੀ ਉੱਨੀ ਹੈ? ਕੀ ਤੁਹਾਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਇੱਦਾਂ ਦੇ ਹਾਲਾਤਾਂ ਵਿਚ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚਲਾਓਗੇ? ਤੁਸੀਂ ਸ਼ਾਇਦ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਜਾਓ ਕਿ ਪਤਾ ਨਹੀਂ ਕੱਲ੍ਹ ਕੀ ਹੋਵੇਗਾ? ਫਿਰ ਵੀ ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਤੁਸੀਂ ਉਮੀਦ ਰੱਖ ਸਕਦੇ ਹੋ ਕਿ ਅੱਗੇ ਚੱਲ ਕੇ ਹਾਲਾਤ ਜ਼ਰੂਰ ਸੁਧਰਨਗੇ।
ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?
ਜਿਹੜੇ ਲੋਕ ਚੰਗੇ ਕੱਲ੍ਹ ਦੀ ਉਮੀਦ ਰੱਖਦੇ ਹਨ, ਉਹ ਸਿਰਫ਼ ਸੋਚਦੇ ਹੀ ਨਹੀਂ ਕਿ ਇਕ ਦਿਨ ਸਭ ਠੀਕ ਹੋ ਜਾਵੇਗਾ, ਸਗੋਂ ਉਹ ਆਪਣੇ ਹਾਲਾਤ ਸੁਧਾਰਨ ਲਈ ਕਦਮ ਵੀ ਚੁੱਕਦੇ ਹਨ। ਮਿਸਾਲ ਲਈ, ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ . . .
ਮੁਸ਼ਕਲਾਂ ਆਉਣ ਤੇ ਜਲਦੀ ਹਾਰ ਨਹੀਂ ਮੰਨਦੇ
ਲੋੜ ਪੈਣ ਤੇ ਆਸਾਨੀ ਨਾਲ ਫੇਰ-ਬਦਲ ਕਰਦੇ ਹਨ
ਅਜਿਹੇ ਫ਼ੈਸਲੇ ਲੈ ਪਾਉਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਹ ਬਿਹਤਰ ਜ਼ਿੰਦਗੀ ਜੀ ਪਾਉਂਦੇ ਹਨ
ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?
ਪਹਿਲਾ, ਗੌਰ ਕਰੋ ਕਿ ਤੁਹਾਨੂੰ ਬਾਈਬਲ ਤੋਂ ਅੱਜ ਕਿਵੇਂ ਮਦਦ ਮਿਲ ਸਕਦੀ ਹੈ। ਬਾਈਬਲ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਧਦੀਆਂ ਕੀਮਤਾਂ ਨਾਲ ਸਿੱਝ ਸਕਦੇ ਹੋ। ਇਨ੍ਹਾਂ ਸੁਝਾਵਾਂ ਨੂੰ ਮੰਨ ਕੇ ਤੁਸੀਂ ਆਪਣੇ ਹਾਲਾਤਾਂ ਨੂੰ ਸੁਧਾਰ ਸਕਦੇ ਹੋ ਅਤੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਲਈ ਤਿਆਰ ਹੋ ਸਕਦੇ ਹੋ।
ਦੂਜਾ, ਗੌਰ ਕਰੋ ਕਿ ਬਾਈਬਲ ਵਿਚ ਭਵਿੱਖ ਬਾਰੇ ਕੀ ਦੱਸਿਆ ਗਿਆ ਹੈ। ਜਦੋਂ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਦਿੱਤੀਆਂ ਸਲਾਹਾਂ ਕਿੰਨੀਆਂ ਫ਼ਾਇਦੇਮੰਦ ਹਨ, ਤਾਂ ਸ਼ਾਇਦ ਤੁਸੀਂ ਇਹ ਵੀ ਜਾਣਨਾ ਚਾਹੋ ਕਿ ਇਸ ਵਿਚ ਹੋਰ ਕੀ ਦੱਸਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਈਬਲ ਵਿਚ ਇਕ ਚੰਗੇ ਕੱਲ੍ਹ ਬਾਰੇ ਦੱਸਿਆ ਹੈ। ਰੱਬ ਨੇ ਖ਼ੁਦ ਇਹ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਇਕ “ਚੰਗਾ ਭਵਿੱਖ” ਦੇਵੇਗਾ। (ਯਿਰਮਿਯਾਹ 29:11) ਪਰ ਰੱਬ ਆਪਣਾ ਇਹ ਵਾਅਦਾ ਕਿਵੇਂ ਪੂਰਾ ਕਰੇਗਾ? ਆਪਣੇ ਰਾਜ ਰਾਹੀਂ।
ਪਰਮੇਸ਼ੁਰ ਦਾ ਰਾਜ ਕੀ ਹੈ? ਇਹ ਕੀ ਕਰੇਗਾ?
ਪਰਮੇਸ਼ੁਰ ਦਾ ਰਾਜ ਇਕ ਅਜਿਹੀ ਸਰਕਾਰ ਹੈ ਜੋ ਸਵਰਗ ਵਿਚ ਹੈ ਅਤੇ ਬਹੁਤ ਜਲਦ ਪੂਰੀ ਧਰਤੀ ʼਤੇ ਹਕੂਮਤ ਕਰੇਗੀ। (ਦਾਨੀਏਲ 2:44; ਮੱਤੀ 6:10) ਇਹ ਰਾਜ ਦੁਨੀਆਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਅਤੇ ਗ਼ਰੀਬੀ ਨੂੰ ਖ਼ਤਮ ਕਰ ਦੇਵੇਗਾ। ਉਦੋਂ ਪੂਰੀ ਧਰਤੀ ʼਤੇ ਸ਼ਾਂਤੀ ਹੋਵੇਗੀ ਅਤੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।
ਲੱਖਾਂ ਹੀ ਲੋਕ ਇਨ੍ਹਾਂ ਵਾਅਦਿਆਂ ʼਤੇ ਯਕੀਨ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਰੱਬ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁਸ 1:2) ਇਸ ਲਈ ਕਿਉਂ ਨਾ ਤੁਸੀਂ ਖ਼ੁਦ ਬਾਈਬਲ ਪੜ੍ਹ ਕੇ ਦੇਖੋ? ਇਸ ਵਿਚ ਦਿੱਤੀ ਉਮੀਦ ਕਰਕੇ ਤੁਸੀਂ ਪੈਸੇ ਦੀ ਤੰਗੀ ਨਾਲ ਨਜਿੱਠ ਸਕੋਗੇ ਅਤੇ ਤੁਹਾਡਾ ਹੋਰ ਵੀ ਭਰੋਸਾ ਵਧੇਗਾ ਕਿ ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ।