ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 109
  • ਪਤਰਸ ਕੁਰਨੇਲਿਯੁਸ ਨੂੰ ਮਿਲਣ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਤਰਸ ਕੁਰਨੇਲਿਯੁਸ ਨੂੰ ਮਿਲਣ ਗਿਆ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਕੁਰਨੇਲੀਅਸ ʼਤੇ ਪਵਿੱਤਰ ਸ਼ਕਤੀ ਆਈ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਆਓ ਅਸੀਂ ਆਪਣੀ ਬਹੁਮੁੱਲੀ ਨਿਹਚਾ ਨੂੰ ਫੜੀ ਰੱਖੀਏ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 109

ਕਹਾਣੀ 109

ਪਤਰਸ ਕੁਰਨੇਲਿਯੁਸ ਨੂੰ ਮਿਲਣ ਗਿਆ

ਤਸਵੀਰ ਵਿਚ ਪਤਰਸ ਰਸੂਲ ਦੇ ਨਾਲ ਉਸ ਦੇ ਦੋ ਦੋਸਤ ਖੜ੍ਹੇ ਹਨ। ਤੁਹਾਨੂੰ ਪਤਾ ਜੋ ਬੰਦਾ ਪਤਰਸ ਨੂੰ ਮੱਥਾ ਟੇਕ ਰਿਹਾ ਹੈ, ਉਹ ਕੌਣ ਹੈ? ਉਸ ਨੇ ਭਲਾ ਪਤਰਸ ਨੂੰ ਮੱਥਾ ਕਿਉਂ ਟੇਕਿਆ ਸੀ? ਨਾਲੇ ਕੀ ਇਨਸਾਨਾਂ ਨੂੰ ਮੱਥਾ ਟੇਕਣਾ ਠੀਕ ਗੱਲ ਹੈ?

ਇਸ ਬੰਦੇ ਦਾ ਨਾਂ ਕੁਰਨੇਲਿਯੁਸ ਹੈ। ਉਹ ਰੋਮੀ ਫ਼ੌਜ ਦਾ ਅਫ਼ਸਰ ਸੀ। ਕੁਰਨੇਲਿਯੁਸ ਪਤਰਸ ਨੂੰ ਜਾਣਦਾ ਤਾਂ ਨਹੀਂ ਸੀ, ਪਰ ਕਿਸੇ ਨੇ ਉਸ ਨੂੰ ਕਿਹਾ ਕਿ ਉਹ ਪਤਰਸ ਨੂੰ ਆਪਣੇ ਘਰ ਬੁਲਾਵੇ। ਚਲੋ ਆਓ ਦੇਖੀਏ ਇਹ ਸਭ ਕੁਝ ਕਿਵੇਂ ਹੋਇਆ।

ਪਹਿਲਾਂ-ਪਹਿਲ ਜੋ ਲੋਕ ਯਿਸੂ ਦੇ ਚੇਲੇ ਬਣੇ ਸਨ, ਉਹ ਸਭ ਯਹੂਦੀ ਸਨ। ਪਰ ਕੁਰਨੇਲਿਯੁਸ ਯਹੂਦੀ ਨਹੀਂ ਸੀ। ਉਹ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਉਸ ਅੱਗੇ ਪ੍ਰਾਰਥਨਾ ਕਰਦਾ ਹੁੰਦਾ ਸੀ। ਉਹ ਦੂਸਰੇ ਲੋਕਾਂ ਨਾਲ ਵੀ ਚੰਗੀ ਤਰ੍ਹਾਂ ਪੇਸ਼ ਆਉਂਦਾ ਸੀ। ਇਕ ਦਿਨ ਦੁਪਹਿਰ ਦੇ ਵੇਲੇ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਕੁਰਨੇਲਿਯੁਸ ਨਾਲ ਗੱਲ ਕੀਤੀ। ਉਸ ਨੇ ਕੁਰਨੇਲਿਯੁਸ ਨੂੰ ਕਿਹਾ: ‘ਪਰਮੇਸ਼ੁਰ ਤੇਰੇ ਤੋਂ ਖ਼ੁਸ਼ ਹੈ ਅਤੇ ਉਸ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ। ਜਾ ਆਪਣੇ ਬੰਦਿਆਂ ਨੂੰ ਪਤਰਸ ਨਾਂ ਦੇ ਬੰਦੇ ਨੂੰ ਬੁਲਾਉਣ ਲਈ ਭੇਜ। ਉਹ ਯਾੱਪਾ ਸ਼ਹਿਰ ਵਿਚ ਸਮੁੰਦਰ ਦੇ ਕੰਢੇ ਸ਼ਮਊਨ ਦੇ ਘਰ ਠਹਿਰਿਆ ਹੈ।’

ਉਸੇ ਵੇਲੇ ਕੁਰਨੇਲਿਯੁਸ ਨੇ ਆਪਣੇ ਕੁਝ ਬੰਦਿਆਂ ਨੂੰ ਸ਼ਮਊਨ ਦੇ ਘਰ ਭੇਜਿਆ। ਅਗਲੇ ਦਿਨ ਜਦ ਕੁਰਨੇਲਿਯੁਸ ਦੇ ਬੰਦੇ ਯਾੱਪਾ ਸ਼ਹਿਰ ਦੇ ਨੇੜੇ ਪਹੁੰਚੇ ਹੀ ਸਨ, ਤਾਂ ਪਤਰਸ ਨਾਲ ਇਕ ਅਜੀਬ ਘਟਨਾ ਵਾਪਰੀ। ਉਹ ਸ਼ਮਊਨ ਦੇ ਘਰ ਦੇ ਕੋਠੇ ਤੇ ਬੈਠਾ ਹੋਇਆ ਸੀ। ਉਸ ਨੇ ਦੇਖਿਆ ਕਿ ਸਵਰਗੋਂ ਇਕ ਵੱਡੀ ਸਾਰੀ ਚਾਦਰ ਥੱਲੇ ਆ ਰਹੀ ਹੈ। ਇਸ ਚਾਦਰ ਵਿਚ ਉਸ ਨੇ ਕਈ ਤਰ੍ਹਾਂ ਦੇ ਜਾਨਵਰ ਦੇਖੇ। ਪਰਮੇਸ਼ੁਰ ਦੇ ਨਿਯਮ ਅਨੁਸਾਰ ਯਹੂਦੀਆਂ ਲਈ ਇਹ ਜਾਨਵਰ ਅਸ਼ੁੱਧ ਸਨ ਅਤੇ ਇਨ੍ਹਾਂ ਨੂੰ ਖਾਣਾ ਮਨ੍ਹਾ ਸੀ। ਪਰ ਫਿਰ ਇਕ ਆਵਾਜ਼ ਆਈ: ‘ਹੇ ਪਤਰਸ, ਉੱਠ। ਇਨ੍ਹਾਂ ਨੂੰ ਮਾਰ ਅਤੇ ਖਾ।’

ਪਤਰਸ ਨੇ ਜਵਾਬ ਦਿੱਤਾ: ‘ਨਹੀਂ, ਮੈਂ ਨਹੀਂ ਖਾਵਾਂਗਾ। ਮੈਂ ਕਦੇ ਵੀ ਕੋਈ ਅਸ਼ੁੱਧ ਚੀਜ਼ ਨਹੀਂ ਖਾਧੀ।’ ਫਿਰ ਆਵਾਜ਼ ਨੇ ਕਿਹਾ: ‘ਉਨ੍ਹਾਂ ਚੀਜ਼ਾਂ ਨੂੰ ਅਸ਼ੁੱਧ ਨਾ ਕਹਿ ਜਿਨ੍ਹਾਂ ਨੂੰ ਪਰਮੇਸ਼ੁਰ ਸ਼ੁੱਧ ਕਹਿੰਦਾ ਹੈ।’ ਤਿੰਨ ਵਾਰ ਪਤਰਸ ਨਾਲ ਇੰਜ ਹੋਇਆ। ਜਦ ਉਹ ਮਨ ਹੀ ਮਨ ਵਿਚ ਅਜੇ ਸੋਚ ਹੀ ਰਿਹਾ ਸੀ ਕਿ ਇਸ ਸਭ ਦਾ ਕੀ ਮਤਲਬ ਹੈ, ਤਾਂ ਉੱਧਰੋਂ ਕੁਰਨੇਲਿਯੁਸ ਦੇ ਬੰਦੇ ਸ਼ਮਊਨ ਦੇ ਘਰ ਆ ਪਹੁੰਚੇ। ਉਨ੍ਹਾਂ ਨੇ ਪਤਰਸ ਬਾਰੇ ਪੁੱਛਿਆ।

ਪਤਰਸ ਕੋਠੇ ਤੋਂ ਥੱਲੇ ਆਇਆ ਤੇ ਕਹਿਣ ਲੱਗਾ: ‘ਮੈਂ ਹੀ ਪਤਰਸ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਸੀਂ ਕਾਹਦੇ ਲਈ ਆਏ ਹੋ?’ ਉਨ੍ਹਾਂ ਨੇ ਕਿਹਾ: ‘ਸਾਡੇ ਮਾਲਕ ਕੁਰਨੇਲਿਯੁਸ ਨੂੰ ਇਕ ਫ਼ਰਿਸ਼ਤੇ ਨੇ ਕਿਹਾ ਕਿ ਉਹ ਤੁਹਾਨੂੰ ਆਪਣੇ ਘਰ ਬੁਲਾਵੇ ਤੇ ਅਸੀਂ ਤੁਹਾਨੂੰ ਲੈਣ ਆਏ ਹਾਂ।’ ਇਹ ਗੱਲ ਸੁਣ ਕੇ ਪਤਰਸ ਉਨ੍ਹਾਂ ਨਾਲ ਜਾਣ ਲਈ ਰਾਜ਼ੀ ਹੋ ਗਿਆ। ਅਗਲੇ ਦਿਨ ਪਤਰਸ ਅਤੇ ਉਸ ਦੇ ਦੋਸਤ ਕੁਰਨੇਲਿਯੁਸ ਨੂੰ ਮਿਲਣ ਲਈ ਕੈਸਰਿਯਾ ਨੂੰ ਰਵਾਨਾ ਹੋ ਗਏ।

ਕੁਰਨੇਲਿਯੁਸ ਨੇ ਆਪਣੇ ਘਰ ਕੁਝ ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੂੰ ਸੱਦਿਆ ਹੋਇਆ ਸੀ। ਪਤਰਸ ਜਦ ਕੁਰਨੇਲਿਯੁਸ ਦੇ ਘਰ ਪਹੁੰਚਿਆ, ਤਾਂ ਉਸ ਨੇ ਪਤਰਸ ਨੂੰ ਮੱਥਾ ਟੇਕਿਆ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਪਰ ਪਤਰਸ ਨੇ ਉਸ ਨੂੰ ਕਿਹਾ: ‘ਉੱਠ, ਇਸ ਤਰ੍ਹਾਂ ਨਾ ਕਰ, ਮੈਂ ਵੀ ਤਾਂ ਤੇਰੇ ਵਰਗਾ ਇਨਸਾਨ ਹਾਂ।’ ਪਤਰਸ ਨੇ ਠੀਕ ਹੀ ਕਿਹਾ ਸੀ ਕਿਉਂਕਿ ਬਾਈਬਲ ਇਹੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਇਨਸਾਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਸਾਨੂੰ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਹੀ ਭਗਤੀ ਕਰਨੀ ਚਾਹੀਦੀ ਹੈ।

ਪਤਰਸ ਨੇ ਕੁਰਨੇਲਿਯੁਸ ਦੇ ਘਰ ਆਏ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ। ਪਤਰਸ ਨੇ ਕਿਹਾ: ‘ਮੈਂ ਜਾਣ ਗਿਆ ਹਾਂ ਕਿ ਪਰਮੇਸ਼ੁਰ ਉਨ੍ਹਾਂ ਸਭ ਲੋਕਾਂ ਨੂੰ ਸਵੀਕਾਰ ਕਰਦਾ ਹੈ ਜੋ ਉਸ ਦੀ ਭਗਤੀ ਕਰਨੀ ਚਾਹੁੰਦੇ ਹਨ।’ ਪਤਰਸ ਅਜੇ ਲੋਕਾਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪਰਮੇਸ਼ੁਰ ਨੇ ਆਪਣੀ ਸ਼ਕਤੀ ਉੱਥੇ ਖੜ੍ਹੇ ਸਾਰੇ ਲੋਕਾਂ ਨੂੰ ਦਿੱਤੀ ਅਤੇ ਉਹ ਸਭ ਵੱਖ-ਵੱਖ ਭਾਸ਼ਾਵਾਂ ਬੋਲਣ ਲੱਗ ਪਏ। ਇਹ ਦੇਖ ਕੇ ਪਤਰਸ ਦੇ ਨਾਲ ਆਏ ਯਹੂਦੀ ਦੋਸਤ ਹੈਰਾਨ ਰਹਿ ਗਏ। ਉਹ ਸੋਚਦੇ ਸਨ ਕਿ ਪਰਮੇਸ਼ੁਰ ਦੀ ਕਿਰਪਾ ਸਿਰਫ਼ ਯਹੂਦੀਆਂ ਤੇ ਹੀ ਸੀ। ਇਹ ਸਭ ਕੁਝ ਦੇਖ ਕੇ ਉਹ ਵੀ ਜਾਣ ਗਏ ਕਿ ਪਰਮੇਸ਼ੁਰ ਕਿਸੇ ਇਕ ਕੌਮ ਨੂੰ ਦੂਸਰੀ ਕੌਮ ਤੋਂ ਉੱਚਾ ਨਹੀਂ ਸਮਝਦਾ। ਸਾਨੂੰ ਵੀ ਪਰਮੇਸ਼ੁਰ ਵਾਂਗ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ।

ਰਸੂਲਾਂ ਦੇ ਕਰਤੱਬ 10:1-48; 11:1-18; ਪਰਕਾਸ਼ ਦੀ ਪੋਥੀ 19:10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ