ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਹੈ ਕੋਈ ਉਮੀਦ?
ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਕਈ ਲੋਕ ਸ਼ਾਇਦ ਸੋਚਣ: “ਕੀ ਅਸੀਂ ਉਹ ਨੂੰ ਫਿਰ ਤੋਂ ਕਦੇ ਦੇਖਾਂਗੇ?” ਸ਼ਾਇਦ ਤੁਸੀਂ ਵੀ ਇੱਦਾਂ ਸੋਚਿਆ ਹੋਵੇ। ਜੇ ਤੁਹਾਨੂੰ ਕੋਈ ਕਹੇ ਕਿ ਤੁਹਾਡੇ ਅਜ਼ੀਜ਼ਾਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ ਅਤੇ ਤੁਸੀਂ ਉਨ੍ਹਾਂ ਨਾਲ ਸੋਹਣੀ ਧਰਤੀ ਉੱਤੇ ਦੁੱਖਾਂ ਤੋਂ ਬਗੈਰ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਸਕੋਗੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ?
ਬਾਈਬਲ ਵਿਚ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ‘ਸਾਡੇ ਮੁਰਦੇ ਜੀਉਣਗੇ, ਉਹ ਉੱਠਣਗੇ।’ ਬਾਈਬਲ ਵਿਚ ਇਹ ਵੀ ਕਿਹਾ ਗਿਆ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਯਸਾਯਾਹ 26:19; ਜ਼ਬੂਰਾਂ ਦੀ ਪੋਥੀ 37:29.
ਇਨ੍ਹਾਂ ਵਾਅਦਿਆਂ ਉੱਤੇ ਭਰੋਸਾ ਕਰਨ ਲਈ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: ਲੋਕ ਕਿਉਂ ਮਰਦੇ ਹਨ? ਮਰੇ ਹੋਏ ਲੋਕ ਕਿੱਥੇ ਹਨ? ਅਤੇ ਅਸੀਂ ਇਹ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਫਿਰ ਤੋਂ ਦੇਖਾਂਗੇ ਜਦ ਉਹ ਜੀਉਂਦੇ ਹੋਣਗੇ?
ਮੌਤ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਇਹ ਇਰਾਦਾ ਕਦੇ ਨਹੀਂ ਸੀ ਕਿ ਇਨਸਾਨ ਮਰਨ। ਜਦ ਪਰਮੇਸ਼ੁਰ ਨੇ ਪਹਿਲੇ ਜੋੜੇ, ਆਦਮ ਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਅਦਨ ਨਾਂ ਦੇ ਸੁੰਦਰ ਬਾਗ਼ ਵਿਚ ਆਪਣਾ ਘਰ ਵਸਾਉਣ ਲਈ ਰੱਖਿਆ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬੱਚੇ ਪੈਦਾ ਕਰਨ ਅਤੇ ਸਾਰੀ ਧਰਤੀ ਨੂੰ ਸੁੰਦਰ ਬਣਾ ਦੇਣ। ਪਰ ਉਸ ਨੇ ਮੌਤ ਦਾ ਕੋਈ ਜ਼ਿਕਰ ਨਹੀਂ ਕੀਤਾ। ਮੌਤ ਉਨ੍ਹਾਂ ਨੂੰ ਤਾਂ ਹੀ ਆਉਣੀ ਸੀ ਜੇ ਉਹ ਪਰਮੇਸ਼ੁਰ ਦੀ ਗੱਲ ਨਾ ਮੰਨਦੇ।—ਉਤਪਤ 1:28; 2:15-17.
ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਪਿਆਰ ਨੂੰ ਠੁਕਰਾਇਆ ਅਤੇ ਉਸ ਦੀ ਗੱਲ ਨਹੀਂ ਮੰਨੀ ਜਿਸ ਦੀ ਉਨ੍ਹਾਂ ਨੂੰ ਸਜ਼ਾ ਭੁਗਤਣੀ ਪਈ। ਪਰਮੇਸ਼ੁਰ ਨੇ ਆਦਮ ਨੂੰ ਦੱਸਿਆ: ‘ਤੂੰ ਮਿੱਟੀ ਵਿੱਚ ਫੇਰ ਮੁੜ ਜਾਵੇਂਗਾ, ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:19) ਆਦਮ ਦੇ ਬਣਾਏ ਜਾਣ ਤੋਂ ਪਹਿਲਾਂ ਉਹ ਹੋਰ ਕਿਤੇ ਨਹੀਂ ਸੀ, ਉਹ ਮਿੱਟੀ ਹੀ ਸੀ। ਪਾਪ ਕਰਨ ਤੋਂ ਬਾਅਦ ਆਦਮ ਆਪਣੀ ਜਾਨ ਗੁਆ ਬੈਠਾ, ਉਹ ਹੋਂਦ ਵਿਚ ਨਹੀਂ ਰਿਹਾ ਅਤੇ ਮੁੜ ਮਿੱਟੀ ਵਿਚ ਚਲਾ ਗਿਆ।
ਜਦ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਜੀਵਨ ਦੀ ਜੋਤ ਬੁੱਝ ਜਾਂਦੀ ਹੈ। ਜੀਵਨ ਅਤੇ ਮੌਤ ਬਾਰੇ ਬਾਈਬਲ ਕਹਿੰਦੀ ਹੈ: ‘ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।’ (ਰੋਮੀਆਂ 6:23) ਮਰਨ ਤੋਂ ਬਾਅਦ ਇਨਸਾਨ ਨੂੰ ਨਾ ਕੁਝ ਪਤਾ ਹੁੰਦਾ ਤੇ ਨਾ ਹੀ ਉਹ ਕੁਝ ਕਰ ਸਕਦਾ। ਬਾਈਬਲ ਕਹਿੰਦੀ ਹੈ ਕਿ ‘ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।’ (ਉਪਦੇਸ਼ਕ ਦੀ ਪੋਥੀ 9:5) ਪਰਮੇਸ਼ੁਰ ਦਾ ਬਚਨ ਸਮਝਾਉਂਦਾ ਹੈ ਕਿ ਜਦ ਕਿਸੇ ਦੇ ਜੀਵਨ ਦੀ ਜੋਤ ਬੁੱਝ ਜਾਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਉਸ ਦਾ ‘ਸਾਹ ਨਿੱਕਲ ਜਾਂਦਾ ਹੈ ਅਤੇ ਉਹ ਆਪਣੀ ਮਿੱਟੀ ਵਿੱਚ ਮੁੜ ਜਾਂਦਾ ਹੈ।’—ਜ਼ਬੂਰਾਂ ਦੀ ਪੋਥੀ 146:3.
ਪਰ ਸ਼ਾਇਦ ਕੋਈ ਪੁੱਛੇ ਕਿ ਅਦਨ ਦੇ ਬਾਗ਼ ਵਿਚ ਪਾਪ ਤਾਂ ਆਦਮ ਤੇ ਹੱਵਾਹ ਨੇ ਕੀਤਾ ਸੀ, ਤਾਂ ਫਿਰ ਬਾਕੀ ਸਾਰੇ ਇਨਸਾਨ ਕਿਉਂ ਮਰਦੇ ਹਨ? ਕਿਉਂਕਿ ਅਸੀਂ ਸਾਰੇ ਆਦਮ ਤੋਂ ਆਏ ਹਾਂ ਅਤੇ ਉਸ ਦੇ ਗ਼ਲਤੀ ਕਰਨ ਤੋਂ ਬਾਅਦ ਪੈਦਾ ਹੋਏ। ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। ਇਹ ਗੱਲ ਸਮਝਾਉਣ ਲਈ ਬਾਈਬਲ ਕਹਿੰਦੀ ਹੈ: “ਜਿਵੇਂ ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12; ਅੱਯੂਬ 14:4.
ਪਰ ਕੋਈ ਸ਼ਾਇਦ ਪੁੱਛੇ: ‘ਕੀ ਇਹ ਸੱਚ ਨਹੀਂ ਕਿ ਇਨਸਾਨ ਦੇ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ?’ ਕਈ ਇਹ ਸਿੱਖਿਆ ਦਿੰਦੇ ਹਨ ਕਿ ਆਤਮਾ ਅਮਰ ਹੈ ਅਤੇ ਇਹ ਵੀ ਕਹਿੰਦੇ ਹਨ ਕਿ ਮਰਨ ਤੋਂ ਬਾਅਦ ਅਸੀਂ ਦੁਬਾਰਾ ਜਨਮ ਲੈਂਦੇ ਹਾਂ। ਪਰ ਬਾਈਬਲ ਇਸ ਤਰ੍ਹਾਂ ਨਹੀਂ ਸਿਖਾਉਂਦੀ। ਇਸ ਵਿਚ ਇਹ ਨਹੀਂ ਲਿਖਿਆ ਕਿ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ।
ਇਨਸਾਨ ਦੁਬਾਰਾ ਜੀ ਸਕਦੇ ਹਨ
ਜਦ ਇਨਸਾਨ ਪਾਪ ਕਰ ਕੇ ਮੌਤ ਦੇ ਸ਼ਿਕਾਰ ਬਣੇ, ਤਾਂ ਪਰਮੇਸ਼ੁਰ ਨੇ ਆਪਣਾ ਮਕਸਦ ਦੱਸਿਆ ਕਿ ਉਹ ਮੁਰਦਿਆਂ ਨੂੰ ਮੌਤ ਦੀ ਨੀਂਦ ਤੋਂ ਜਗਾਵੇਗਾ। ਸਦੀਆਂ ਪਹਿਲਾਂ ਪਰਮੇਸ਼ੁਰ ਦਾ ਭਗਤ ਅਬਰਾਹਾਮ ਵੀ ਮੰਨਦਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਜੀਉਂਦਾ ਕਰੇਗਾ। ਇਸੇ ਲਈ ਬਾਈਬਲ ਕਹਿੰਦੀ ਹੈ ਕਿ “ਅਬਰਾਹਾਮ ਦਾ ਭਰੋਸਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਵੀ ਫਿਰ ਜੀਵਨ ਦੇ ਸਕਦਾ ਹੈ।” (ਇਬਰਾਨੀਆਂ 11:17-19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਬਰਾਹਾਮ ਦਾ ਵਿਸ਼ਵਾਸ ਸੱਚਾ ਸੀ ਕਿਉਂਕਿ ਬਾਈਬਲ ਪਰਮੇਸ਼ੁਰ ਬਾਰੇ ਕਹਿੰਦੀ ਹੈ ਕਿ “ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।”—ਲੂਕਾ 20:37, 38.
ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਕੋਲ ਮਰੇ ਹੋਏ ਲੋਕਾਂ ਨੂੰ ਜੀਉਂਦੇ ਕਰਨ ਦੀ ਸ਼ਕਤੀ ਹੀ ਨਹੀਂ, ਪਰ ਉਨ੍ਹਾਂ ਨੂੰ ਜੀਵਨ ਬਖ਼ਸ਼ਣ ਦੀ ਖ਼ਾਹਸ਼ ਵੀ ਹੈ। ਯਿਸੂ ਨੇ ਵੀ ਕਿਹਾ ਸੀ ਕਿ “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.
ਇਹ ਕਹਿਣ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਨੇ ਇਸਰਾਏਲ ਦੇ ਨਾਇਨ ਸ਼ਹਿਰ ਦੇ ਲੋਕਾਂ ਨੂੰ ਕਿਸੇ ਨੌਜਵਾਨ ਦੀ ਅਰਥੀ ਲੈ ਜਾਂਦੇ ਦੇਖਿਆ। ਇਹ ਨੌਜਵਾਨ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਵਿਧਵਾ ਦੇ ਦੁੱਖ ਨੂੰ ਦੇਖ ਕੇ ਯਿਸੂ ਨੂੰ ਤਰਸ ਆ ਗਿਆ। ਸੋ ਮੁੰਡੇ ਦੀ ਲਾਸ਼ ਵੱਲ ਦੇਖ ਕੇ ਉਸ ਨੇ ਕਿਹਾ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਉਹ ਮਰਿਆ ਮੁੰਡਾ ਉੱਠ ਬੈਠਾ ਅਤੇ ਯਿਸੂ ਨੇ ਉਸ ਨੂੰ ਉਹ ਦੀ ਮਾਂ ਦੇ ਹਵਾਲੇ ਕੀਤਾ।—ਲੂਕਾ 7:11-17.
ਉਸ ਵਿਧਵਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ! ਇਸੇ ਤਰ੍ਹਾਂ ਦੀ ਖ਼ੁਸ਼ੀ ਉਦੋਂ ਹੋਈ ਜਦੋਂ ਯਿਸੂ ਯਹੂਦੀਆਂ ਦੇ ਸਮਾਜ ਦੇ ਇਕ ਸਰਦਾਰ ਜੈਰੁਸ ਦੇ ਘਰ ਗਿਆ ਸੀ। ਜੈਰੁਸ ਦੀ 12 ਸਾਲਾਂ ਦੀ ਧੀ ਦਮ ਤੋੜ ਗਈ ਸੀ। ਪਰ ਜਦ ਯਿਸੂ ਜੈਰੁਸ ਦੇ ਘਰ ਪਹੁੰਚਿਆ, ਤਾਂ ਉਸ ਨੇ ਕੁੜੀ ਕੋਲ ਜਾ ਕੇ ਕਿਹਾ: “ਕੁੜੀਏ, ਉੱਠ!” ਉਹ ਉਸੇ ਵਕਤ ਉੱਠ ਖੜ੍ਹੀ ਹੋਈ!—ਲੂਕਾ 8:40-56.
ਇਸ ਘਟਨਾ ਤੋਂ ਬਾਅਦ ਯਿਸੂ ਦੇ ਦੋਸਤ ਲਾਜ਼ਰ ਦੀ ਮੌਤ ਹੋ ਗਈ। ਜਦ ਯਿਸੂ ਲਾਜ਼ਰ ਦੇ ਘਰ ਪਹੁੰਚਿਆ, ਤਾਂ ਉਸ ਨੂੰ ਗੁਜ਼ਰਿਆਂ ਚਾਰ ਦਿਨ ਹੋ ਗਏ ਸਨ। ਉਸ ਦੀ ਭੈਣ ਮਾਰਥਾ ਭਾਵੇਂ ਬਹੁਤ ਦੁਖੀ ਸੀ, ਫਿਰ ਵੀ ਉਸ ਨੇ ਕਿਹਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” ਪਰ ਯਿਸੂ ਕਬਰ ਕੋਲ ਗਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਪੱਥਰ ਹਟਾਇਆ ਜਾਵੇ। ਫਿਰ ਉਸ ਨੇ ਆਵਾਜ਼ ਮਾਰ ਕੇ ਕਿਹਾ “ਲਾਜ਼ਰ, ਬਾਹਰ ਆ!” ਅਤੇ ਉਹ ਬਾਹਰ ਨਿਕਲ ਆਇਆ!—ਯੂਹੰਨਾ 11:11-44.
ਹੁਣ ਜ਼ਰਾ ਸੋਚੋ: ਲਾਜ਼ਰ ਨੂੰ ਗੁਜ਼ਰਿਆਂ ਚਾਰ ਦਿਨ ਹੋ ਚੁੱਕੇ ਸਨ। ਇਨ੍ਹਾਂ ਚਾਰ ਦਿਨਾਂ ਦੌਰਾਨ ਉਹ ਕਿੱਥੇ ਸੀ? ਜੇ ਲਾਜ਼ਰ ਸਵਰਗ ਜਾਂ ਨਰਕ ਵਿਚ ਗਿਆ ਹੁੰਦਾ, ਤਾਂ ਉਹ ਜੀਉਂਦਾ ਹੋਣ ਤੋਂ ਬਾਅਦ ਇਸ ਬਾਰੇ ਜ਼ਰੂਰ ਕੁਝ ਦੱਸਦਾ। ਪਰ ਉਸ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਕਿਉਂ? ਕਿਉਂਕਿ ਮਰਨ ਤੋਂ ਬਾਅਦ ਲਾਜ਼ਰ ਨੂੰ ਕੋਈ ਸੁੱਧ ਨਹੀਂ ਸੀ। ਉਹ ਮੌਤ ਦੀ ਨੀਂਦ ਸੁੱਤਾ ਪਿਆ ਸੀ। ਜੇ ਯਿਸੂ ਉਸ ਨੂੰ ਉਦੋਂ ਜੀਉਂਦਾ ਨਾ ਕਰਦਾ, ਤਾਂ ਲਾਜ਼ਰ ਨੇ ‘ਅੰਤ ਦੇ ਉਹ ਦਿਨ’ ਆਉਣ ਤਕ ਇਸੇ ਤਰ੍ਹਾਂ ਪਿਆ ਰਹਿਣਾ ਸੀ ਜਦ ਪਰਮੇਸ਼ੁਰ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ।
ਇਹ ਤਾਂ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ, ਉਹ ਦੁਬਾਰਾ ਮਰ ਗਏ ਸਨ। ਪਰ ਉਸ ਨੇ 1,900 ਤੋਂ ਜ਼ਿਆਦਾ ਸਾਲ ਪਹਿਲਾਂ ਇਹ ਸਬੂਤ ਦੇ ਦਿੱਤਾ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਨਾਲ ਮੁਰਦੇ ਸੱਚ-ਮੁੱਚ ਦੁਬਾਰਾ ਜੀ ਸਕਦੇ ਹਨ! ਉਦੋਂ ਤਾਂ ਯਿਸੂ ਨੇ ਛੋਟੇ ਪੈਮਾਨੇ ਤੇ ਮਰੇ ਲੋਕਾਂ ਨੂੰ ਜੀਉਂਦਾ ਕੀਤਾ ਸੀ, ਪਰ ਪਰਮੇਸ਼ੁਰ ਦੇ ਰਾਜ ਵਿਚ ਵੱਡੀ ਗਿਣਤੀ ਵਿਚ ਲੋਕ ਜੀਉਂਦੇ ਕੀਤੇ ਜਾਣਗੇ।
ਜਦ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ
ਭਾਵੇਂ ਤੁਸੀਂ ਵਿਸ਼ਵਾਸ ਰੱਖਦੇ ਹੋ ਕਿ ਮਰੇ ਲੋਕ ਫਿਰ ਤੋਂ ਜੀ ਉਠਾਏ ਜਾਣਗੇ, ਫਿਰ ਵੀ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਬਹੁਤ ਔਖਾ ਹੁੰਦਾ ਹੈ। ਅਬਰਾਹਾਮ ਨੂੰ ਵੀ ਵਿਸ਼ਵਾਸ ਸੀ ਕਿ ਸਮਾਂ ਆਉਣ ਤੇ ਉਸ ਦੀ ਪਤਨੀ ਫਿਰ ਤੋਂ ਜੀਉਂਦਾ ਕੀਤੀ ਜਾਵੇਗੀ, ਫਿਰ ਵੀ ਅਸੀਂ ਦੇਖਦੇ ਹਾਂ ਕਿ ਆਪਣੀ ਪਤਨੀ ਦੀ ਮੌਤ ਹੋਣ ਤੇ “ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉਸ ਲਈ ਰੋਂਦਾ ਰਿਹਾ।” (ਉਤਪਤ 23:2, ਈਜ਼ੀ ਟੂ ਰੀਡ ਵਰਯਨ) ਯਿਸੂ ਬਾਰੇ ਕੀ? ਜਦ ਉਸ ਦਾ ਮਿੱਤਰ ਲਾਜ਼ਰ ਗੁਜ਼ਰਿਆ ਸੀ, ਤਾਂ ਉਸ ਦਾ “ਦਿਲ ਭਰ ਆਇਆ ਅਤੇ ਉਹ ਆਪਣੇ ਆਪ ਵਿਚ ਬਹੁਤ ਦੁੱਖੀ” ਹੋਇਆ ਅਤੇ ਬਾਅਦ ਵਿਚ ‘ਰੋਇਆ।’ (ਯੂਹੰਨਾ 11:33, 35, ਨਵਾਂ ਅਨੁਵਾਦ) ਇਸ ਲਈ ਜਦੋਂ ਤੁਹਾਡਾ ਕੋਈ ਆਪਣਾ ਗੁਜ਼ਰ ਜਾਂਦਾ ਹੈ, ਤਾਂ ਦਿਲ ਹੌਲਾ ਕਰਨ ਲਈ ਰੋਣਾ ਕੁਦਰਤੀ ਹੈ।
ਮਾਂ ਦਾ ਦੁੱਖ ਅਸਹਿ ਹੁੰਦਾ ਹੈ ਜਦ ਉਸ ਦਾ ਬੱਚਾ ਦਮ ਤੋੜ ਦਿੰਦਾ ਹੈ। ਬਾਈਬਲ ਵੀ ਦੱਸਦੀ ਹੈ ਕਿ ਇਕ ਮਾਂ ਦਾ ਦਰਦ ਕੀ ਹੁੰਦਾ ਹੈ। (2 ਰਾਜਿਆਂ 4:27) ਇਕ ਪਿਤਾ ਲਈ ਵੀ ਆਪਣੇ ਬੱਚੇ ਦੀ ਮੌਤ ਦੇ ਗਮ ਨੂੰ ਸਹਿਣਾ ਬਹੁਤ ਔਖਾ ਹੁੰਦਾ ਹੈ। ਜਦੋਂ ਰਾਜਾ ਦਾਊਦ ਦਾ ਮੁੰਡਾ ਅਬਸ਼ਾਲੋਮ ਮਰ ਗਿਆ ਸੀ, ਤਾਂ ਉਸ ਨੇ ਭੁੱਬਾਂ ਮਾਰ-ਮਾਰ ਕੇ ਕਿਹਾ: “ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ!”—2 ਸਮੂਏਲ 18:33.
ਸਾਨੂੰ ਭਰੋਸਾ ਹੈ ਕਿ ਪਰਮੇਸ਼ੁਰ ਸਾਡੇ ਅਜ਼ੀਜ਼ਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ, ਇਸ ਲਈ ਅਸੀਂ ਹੱਦੋਂ ਬਾਹਰਾ ਨਹੀਂ ਰੋਂਦੇ-ਪਿੱਟਦੇ। ਬਾਈਬਲ ਕਹਿੰਦੀ ਹੈ ਕਿ ਅਸੀਂ “ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ” ਨਹੀਂ ਕਰਦੇ। (1 ਥੱਸਲੁਨੀਕੀਆਂ 4:13) ਹਾਂ, ਇਸ ਮੁਸ਼ਕਲ ਘੜੀ ਦੌਰਾਨ ਅਸੀਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ ਅਤੇ ਬਾਈਬਲ ਵਾਅਦਾ ਕਰਦੀ ਹੈ ਕਿ ‘ਉਹ ਸਾਨੂੰ ਸੰਭਾਲੇਗਾ।’—ਜ਼ਬੂਰਾਂ ਦੀ ਪੋਥੀ 55:22.
ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।