ਅਧਿਆਇ 7
ਅਸੀਂ ਇੱਥੇ ਕਿਉਂ ਹਾਂ
1. ਸੋਚਵਾਨ ਵਿਅਕਤੀ ਕਿਹੜੇ ਨਿਸ਼ਕਰਸ਼ ਉੱਤੇ ਪਹੁੰਚੇ ਹਨ?
ਲੋਕਾਂ ਨੇ ਬਹੁਤ ਸਮੇਂ ਲਈ ਇਸ ਧਰਤੀ ਉੱਤੇ ਜੀਵਨ ਦੇ ਅਰਥ ਬਾਰੇ ਵਿਚਾਰ ਕੀਤਾ ਹੈ। ਉਨ੍ਹਾਂ ਨੇ ਤਾਰਿਆਂ ਨਾਲ ਸਜੇ ਹੋਏ ਆਕਾਸ਼ ਨੂੰ ਵੇਖਿਆ ਹੈ। ਉਨ੍ਹਾਂ ਨੇ ਰੰਗੀਲੇ ਸੂਰਜ ਅਸਤ ਅਤੇ ਖੁਲ੍ਹੇ ਹਰਿਆਵਲੇ ਮੈਦਾਨਾਂ ਦੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ ਹੈ। ਸੋਚਵਾਨ ਵਿਅਕਤੀਆਂ ਨੇ ਇਹ ਤਰਕ ਕੀਤਾ ਹੈ ਕਿ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਕੋਈ ਸ਼ਾਨਦਾਰ ਮਕਸਦ ਹੋਣਾ ਹੈ। ਪਰ ਅਕਸਰ ਉਹ ਸੋਚਦੇ ਹਨ ਕਿ ਇਸ ਵਿਚ ਉਨ੍ਹਾਂ ਦਾ ਆਪਣਾ ਸਥਾਨ ਕਿੱਥੇ ਹੈ।—ਜ਼ਬੂਰਾਂ ਦੀ ਪੋਥੀ 8:3, 4.
2. ਲੋਕਾਂ ਨੇ ਕਿਹੜੇ ਸਵਾਲ ਪੁੱਛੇ ਹਨ?
2 ਆਪਣੇ ਜੀਵਨ ਵਿਚ ਕਿਸੇ-ਨ-ਕਿਸੇ ਸਮੇਂ ਅਧਿਕ ਲੋਕ ਪੁੱਛਦੇ ਹਨ: ਕੀ ਅਸੀਂ ਥੋੜ੍ਹੇ ਜਿਹੇ ਸਮੇਂ ਲਈ ਹੀ ਜੀਉਣਾ ਹੈ, ਅਤੇ ਜੀਵਨ ਵਿਚੋਂ ਜੋ ਮਿਲਦਾ ਹੈ ਉਹ ਪ੍ਰਾਪਤ ਕਰ ਕੇ ਫਿਰ ਮਰ ਜਾਣਾ ਹੈ? ਅਸੀਂ ਵਾਸਤਵ ਵਿਚ ਕਿੱਥੇ ਜਾ ਰਹੇ ਹਾਂ? ਕੀ ਜਨਮ, ਜੀਵਨ ਅਤੇ ਮੌਤ ਦੇ ਇਹ ਅਲਪਕਾਲੀਨ ਚੱਕਰ ਤੋਂ ਅਸੀਂ ਹੋਰ ਵੀ ਕੁਝ ਉਮੀਦ ਰੱਖ ਸਕਦੇ ਹਾਂ? (ਅੱਯੂਬ 14:1, 2) ਇਸ ਗੱਲ ਨੂੰ ਸਮਝਣ ਵਿਚ ਸਾਨੂੰ ਜਿਹੜੀ ਚੀਜ਼ ਮਦਦ ਦੇਵੇਗੀ ਉਹ ਇਸ ਸਵਾਲ ਦਾ ਜਵਾਬ ਹੈ: ਅਸੀਂ ਇੱਥੇ ਕਿਸ ਤਰ੍ਹਾਂ ਪਹੁੰਚੇ ਹਾਂ?
ਕ੍ਰਮ-ਵਿਕਾਸ ਯਾ ਰਚਨਾ
3. ਕ੍ਰਮ-ਵਿਕਾਸ ਦੀ ਸਿੱਖਿਆ ਕੀ ਹੈ?
3 ਕਈਆਂ ਸਥਾਨਾਂ ਵਿਚ ਇਹ ਸਾਧਾਰਣ ਤੌਰ ਤੇ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੋ ਕੁਝ ਵੀ ਅਸੀਂ ਦੇਖਦੇ ਹਾਂ ਉਹ ਆਪਣੇ ਆਪ ਹੀ ਵਾਪਰਿਆ ਸੀ, ਕਿ ਉਹ ਇਤਫ਼ਾਕੀਆ ਯਾ ਅਕਸਮਿਕ ਘਟਨਾ ਦੁਆਰਾ ਹੀ ਬਣਿਆ। ਇਹ ਕਿਹਾ ਜਾਂਦਾ ਹੈ ਕਿ ਬਹੁਤ ਕਰੋੜਾਂ ਹੀ ਸਾਲਾਂ ਦੇ ਦੌਰਾਨ, ਜੀਵਨ ਨਿਮਨਤਰ ਜੀਵ ਤੋਂ ਵਿਕਸਿਤ, ਯਾ ਵਿਗਸਿਣ ਹੋਇਆ ਅਤੇ ਆਖਰਕਾਰ ਮਨੁੱਖ ਹੋਂਦ ਵਿਚ ਆ ਗਏ। ਧਰਤੀ ਦੇ ਕਈ ਹਿੱਸਿਆਂ ਵਿਚ ਇਹ ਕ੍ਰਮ-ਵਿਕਾਸ ਦਾ ਸਿਧਾਂਤ ਇਕ ਹਕੀਕਤ ਦੇ ਰੂਪ ਵਿਚ ਸਿਖਾਇਆ ਜਾਂਦਾ ਹੈ। ਪਰ ਕੀ ਇਹ ਸੱਚ ਹੈ ਕਿ ਅਸੀਂ ਇਕ ਬਾਂਦਰ ਵਰਗੇ ਪਸ਼ੂ ਤੋਂ ਬਣੇ ਸੀ ਜਿਹੜਾ ਕਰੋੜਾਂ ਹੀ ਸਾਲ ਪਹਿਲਾਂ ਰਹਿੰਦਾ ਸੀ? ਕੀ ਇਹ ਮਹਾਨ ਵਿਸ਼ਵ-ਮੰਡਲ ਕੇਵਲ ਇਕ ਇਤਫ਼ਾਕ ਨਾਲ ਹੀ ਬਣਿਆ ਸੀ?
4. ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ “ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ” ਸੀ?
4 ਬਾਈਬਲ ਆਖਦੀ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਅਤੇ ਵਿਗਿਆਨ ਦੀਆਂ ਹਕੀਕਤਾਂ ਸਹਿਮਤ ਹਨ ਕਿ ਆਕਾਸ਼ ਦਾ, ਉਨ੍ਹਾਂ ਦੇ ਅਰਬਾਂ ਹੀ ਤਾਰਿਆਂ ਦੇ ਸਮੇਤ, ਅਤੇ ਸਾਡੀ ਧਰਤੀ ਦਾ ਇਕ ਆਰੰਭ ਹੋਇਆ ਸੀ। ਇਹ ਰਚੇ ਗਏ ਸਨ। ਇਨ੍ਹਾਂ ਤਾਰਿਆਂ ਅਤੇ ਗ੍ਰਹਿਆਂ ਦੀ ਗਤੀ ਇੰਨੀ ਨਿਯਮਕ ਹੈ ਕਿ ਸਾਲਾਂ ਹੀ ਅਗਾਊ ਉਨ੍ਹਾਂ ਦਾ ਸਥਾਨ ਸੰਪੂਰਣ ਅਚੂਕਤਾ ਨਾਲ ਨਿਰਧਾਰਣ ਕੀਤਾ ਜਾ ਸਕਦਾ ਹੈ। ਇਹ ਤਾਰੇ ਅਤੇ ਗ੍ਰਹਿ ਗਣਿਤ-ਵਿਦਿਆ ਦੇ ਸਿਧਾਂਤਾਂ ਅਤੇ ਨਿਯਮਾਂ ਦੇ ਅਨੁਸਾਰ ਵਿਸ਼ਵ-ਮੰਡਲ ਵਿਚ ਚੱਲਦੇ ਹਨ। ਕੇਮਬ੍ਰਿਜ ਦੀ ਯੂਨੀਵਰਸਿਟੀ ਤੋਂ ਗਣਿਤ-ਵਿਦਿਆ ਦੇ ਇਕ ਪ੍ਰੋਫ਼ੈਸਰ, ਪੀ. ਡਾਏਰਕ ਨੇ ਸਾਇੰਟੀਫ਼ਿਕ ਅਮੈਰੀਕਨ ਰਸਾਲੇ ਵਿਚ ਆਖਿਆ: “ਇਕ ਵਿਅਕਤੀ ਸ਼ਾਇਦ ਇਸ ਸਥਿਤੀ ਦਾ ਵਰਣਨ ਇਹ ਕਹਿ ਕੇ ਕਰ ਸਕਦਾ ਹੈ ਕਿ ਪਰਮੇਸ਼ੁਰ ਇਕ ਬਹੁਤ ਉੱਚ ਲਿਆਕਤ ਦਾ ਗਣਿਤ-ਸ਼ਾਸਤਰੀ ਹੈ, ਅਤੇ ਉਸ ਨੇ ਇਹ ਵਿਸ਼ਵ-ਮੰਡਲ ਨੂੰ ਬਣਾਉਣ ਲਈ ਬਹੁਤ ਉੱਨਤ ਗਣਿਤ-ਵਿਦਿਆ ਦਾ ਇਸਤੇਮਾਲ ਕੀਤਾ ਸੀ।”
5. ਸਾਡਾ ਭੌਤਿਕ ਸਰੀਰ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ ਕਿ ਅਸੀਂ ਕ੍ਰਮ-ਵਿਕਾਸ ਦਾ ਇਕ ਉਤਪਾਦਨ ਹੋਣ ਦੀ ਬਜਾਇ ਰਚੇ ਗਏ ਸਨ?
5 ਬਾਈਬਲ ਬਿਆਨ ਕਰਦੀ ਹੈ: “ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ [ਨਾ ਕਿ ਅਸਾਂ ਆਪਣੇ ਆਪ ਨੂੰ।]” (ਜ਼ਬੂਰਾਂ ਦੀ ਪੋਥੀ 100:3, ਫੁਟਨੋਟ) ਸਾਡਾ ਮਾਨਵ ਸਰੀਰ ਅਜਿਹੀ ਅਦਭੁਤ ਬਣਤਰ ਦਿਖਾਉਂਦਾ ਹੈ ਕਿ ਇਕ ਬਾਈਬਲ ਲਿਖਾਰੀ ਪਰਮੇਸ਼ੁਰ ਨੂੰ ਇਹ ਆਖਣ ਲਈ ਉਤੇਜਿਤ ਹੋਇਆ ਸੀ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, . . . ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, . . . ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।” (ਜ਼ਬੂਰਾਂ ਦੀ ਪੋਥੀ 139:14-16) ਇਕ ਬੱਚਾ ਆਪਣੀ ਮਾਂ ਦੇ ਅੰਦਰ ਇਕ ਅਦਭੁਤ ਤਰੀਕੇ ਨਾਲ ਵਿਕਸਿਤ ਹੁੰਦਾ ਹੈ। ਇਸ ਦੇ ਸੰਬੰਧ ਵਿਚ ਨਿਊਜ਼ਵੀਕ ਰਸਾਲਾ ਆਖਦਾ ਹੈ: “ਸਪੱਸ਼ਟ ਤੌਰ ਤੇ, ਇਹ ਇਕ ਚਮਤਕਾਰ ਹੈ।” ਫਿਰ ਇਹ ਹੋਰ ਆਖਦਾ ਹੈ: “ਗਰਭ-ਧਾਰਣ ਦੇ ਵਿਸ਼ਿਸ਼ਟ ਸਮੇਂ ਨੂੰ ਕੋਈ ਵੀ ਤਕਨੀਕ ਅਚੂਕਤਾ ਨਾਲ ਸੁਨਿਸ਼ਚਿਤ ਨਹੀਂ ਕਰ ਸਕਦੀ ਹੈ। ਕੋਈ ਵਿਗਿਆਨੀ ਇਹ ਨਹੀਂ ਕਹਿ ਸਕਦਾ ਹੈ ਕਿ ਇਸ ਤੋਂ ਬਾਅਦ ਮਾਨਵ ਭਰੂਣ ਦੇ ਅੰਗ ਅਤੇ ਅਣਗਿਣਤ ਤੰਤੂਆਂ ਦੇ ਸਿਲਸਿਲਿਆਂ ਨੂੰ ਵਿਕਸਿਤ ਕਰਨ ਲਈ ਫਿਰ ਕਿਹੜੀਆਂ ਅਦਭੁਤ ਸ਼ਕਤੀਆਂ ਕੰਮ ਕਰਨ ਲੱਗ ਪੈਂਦੀਆਂ ਹਨ।”
6. ਸਾਡੇ ਲਈ ਕ੍ਰਮ-ਵਿਕਾਸ ਨਾਲੋਂ ਰਚਨਾ ਵਿਚ ਵਿਸ਼ਵਾਸ ਕਰਨਾ ਕਿਉਂ ਤਰਕਸੰਗਤ ਹੈ?
6 ਸਾਡੇ ਮਹਾਨ ਵਿਸ਼ਵ-ਮੰਡਲ, ਅਤੇ ਸਾਡੇ ਸਰੀਰ ਅਤੇ ਉਸ ਦੀ ਅਦਭੁਤ ਬਣਾਵਟ ਅਤੇ ਬਣਤਰ ਉੱਤੇ ਵਿਚਾਰ ਕਰੋ। ਠੋਸ ਤਰਕ ਤੋਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਸਿਰਫ਼ ਆਪੇ ਹੀ ਨਹੀਂ ਵਿਕਸਿਤ ਹੋਈਆਂ ਯਾ ਆਪੇ ਹੀ ਨਹੀਂ ਬਣੀਆਂ ਸਨ। ਉਨ੍ਹਾਂ ਲਈ ਇਕ ਰੂਪਾਂਕਣਕਾਰ, ਇਕ ਸ੍ਰਿਸ਼ਟੀਕਰਤਾ ਦੀ ਜ਼ਰੂਰਤ ਸੀ। ਹੋਰ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ ਉਨ੍ਹਾਂ ਉੱਤੇ ਵਿਚਾਰ ਕਰੋ। ਜਦੋਂ ਤੁਸੀਂ ਆਪਣੇ ਘਰ ਵਿਚ ਹੋਵੋ, ਆਪਣੇ ਆਪ ਨੂੰ ਪੁੱਛੋ: ਕੀ ਮੇਰਾ ਡੈਸਕ, ਲੈਂਪ, ਮੰਜਾ, ਕੁਰਸੀ, ਮੇਜ਼, ਕੰਧਾਂ, ਯਾ ਇਹ ਘਰ, ਆਪਣੇ ਆਪ ਵਿਕਸਿਤ ਹੋਏ ਹਨ? ਯਾ ਕੀ ਇਨ੍ਹਾਂ ਨੂੰ ਇਕ ਬਣਾਉਣ ਵਾਲੇ ਦੀ ਜ਼ਰੂਰਤ ਸੀ? ਨਿਸ਼ਚੇ ਹੀ ਬੁੱਧਵਾਨ ਵਿਅਕਤੀਆਂ ਨੂੰ ਇਨ੍ਹਾਂ ਨੂੰ ਬਣਾਉਣਾ ਪਿਆ! ਤਾਂ ਫਿਰ ਇਹ ਕਿਸ ਤਰ੍ਹਾਂ ਦਾਅਵਾ ਕੀਤਾ ਜਾ ਸਕਦਾ ਹੈ ਕਿ ਸਾਡਾ ਇਹ ਹੋਰ ਵੀ ਜ਼ਿਆਦਾ ਜਟਿਲ ਵਿਸ਼ਵ-ਮੰਡਲ ਅਤੇ ਸਾਨੂੰ ਆਪ ਨੂੰ ਵੀ ਇਕ ਬਣਾਉਣ ਵਾਲੇ ਦੀ ਜ਼ਰੂਰਤ ਨਹੀਂ ਸੀ? ਅਤੇ ਅਗਰ ਪਰਮੇਸ਼ੁਰ ਨੇ ਸਾਨੂੰ ਇੱਥੇ ਰੱਖਿਆ ਹੈ, ਤਾਂ ਨਿਸ਼ਚੇ ਹੀ ਉਸ ਕੋਲ ਇਹ ਕਰਨ ਦਾ ਇਕ ਕਾਰਨ ਹੋਣਾ ਸੀ।
7. (ੳ) ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਰਚਨਾ ਵਿਚ ਵਿਸ਼ਵਾਸ ਕਰਦਾ ਸੀ? (ਅ) ਹੋਰ ਕਿਹੜਾ ਸਬੂਤ ਹੈ ਕਿ ਆਦਮ ਇਕ ਵਾਸਤਵਿਕ ਵਿਅਕਤੀ ਸੀ?
7 ਯਿਸੂ ਮਸੀਹ ਨੇ ਖ਼ੁਦ ਪਹਿਲੇ ਆਦਮੀ ਅਤੇ ਔਰਤ ਬਾਰੇ ਆਖਿਆ ਸੀ: “ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ। ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।” (ਮੱਤੀ 19:4, 5) ਇੱਥੇ ਯਿਸੂ ਨੇ ਆਦਮ ਅਤੇ ਹੱਵਾਹ ਦੀ ਰਚਨਾ ਬਾਰੇ ਉਤਪਤ 1:27 ਅਤੇ 2:24 ਤੋਂ ਉਤਕਥਨ ਕੀਤਾ ਸੀ। ਇਸ ਤਰ੍ਹਾਂ ਉਹ ਬਾਈਬਲ ਦੇ ਇਸ ਬਿਰਤਾਂਤ ਨੂੰ ਸੱਚਾ ਸੰਕੇਤ ਕਰ ਰਿਹਾ ਸੀ। (ਯੂਹੰਨਾ 17:17) ਇਸ ਦੇ ਇਲਾਵਾ, ਬਾਈਬਲ ਹਨੋਕ ਨੂੰ “ਆਦਮ ਤੋਂ ਸੱਤਵੀਂ ਪੀਹੜੀ ਦਾ” ਵਿਅਕਤੀ ਆਖਦੀ ਹੈ। (ਯਹੂਦਾਹ 14, ਟੇਢੇ ਟਾਈਪ ਸਾਡੇ) ਅਗਰ ਆਦਮ ਇਕ ਵਾਸਤਵਿਕ ਵਿਅਕਤੀ ਨਾ ਹੋਇਆ ਹੁੰਦਾ, ਤਾਂ ਬਾਈਬਲ ਉਸ ਦੀ ਇਸ ਵਿਸ਼ਿਸ਼ਟ ਤਰੀਕੇ ਨਾਲ ਪਛਾਣ ਨਹੀਂ ਕਰਦੀ।—ਲੂਕਾ 3:37, 38.
8. ਮਨੁੱਖ ਦੇ ਅਰੰਭ ਬਾਰੇ ਬਾਈਬਲ ਕਿਹੜਾ ਦ੍ਰਿਸ਼ਟੀਕੋਣ ਨਹੀਂ ਸਿਖਾਉਂਦੀ ਹੈ?
8 ਕੁਝ ਵਿਅਕਤੀ ਆਖਦੇ ਹਨ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਰਚਣ ਵਾਸਤੇ ਕ੍ਰਮ-ਵਿਕਾਸ ਦੀ ਪ੍ਰਕ੍ਰਿਆ ਦਾ ਇਸਤੇਮਾਲ ਕੀਤਾ ਸੀ। ਉਹ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਵਿਕਸਿਤ ਹੋਣ ਦਿੱਤਾ, ਅਤੇ ਜਦੋਂ ਉਹ ਇਕ ਖ਼ਾਸ ਨੁਕਤੇ ਤੇ ਪਹੁੰਚ ਗਿਆ, ਉਹ ਨੇ ਉਸ ਵਿਚ ਇਕ ਪ੍ਰਾਣ ਪਾ ਦਿੱਤਾ। ਲੇਕਨ ਬਾਈਬਲ ਵਿਚ ਇਹ ਵਿਚਾਰ ਕਿਤੇ ਵੀ ਨਹੀਂ ਪਾਇਆ ਜਾਂਦਾ ਹੈ। ਇਸ ਦੀ ਬਜਾਇ, ਬਾਈਬਲ ਆਖਦੀ ਹੈ ਕਿ ਬੂਟੇ ਅਤੇ ਪਸ਼ੂ “ਆਪਣੀ ਜਿਨਸ ਦੇ ਅਨੁਸਾਰ” ਰਚੇ ਗਏ। (ਉਤਪਤ 1:11, 21, 24) ਅਤੇ ਹਕੀਕਤਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਸਮੇਂ ਦੇ ਬੀਤਣ ਨਾਲ, ਇਕ ਜਿਨਸ ਦੇ ਬੂਟੇ ਯਾ ਪਸ਼ੂ ਦੂਸਰੇ ਜਿਨਸ ਵਿਚ ਵਿਕਸਿਤ ਨਹੀਂ ਹੁੰਦੇ ਹਨ। ਇਹ ਸਾਬਤ ਕਰਨ ਲਈ ਕਿ ਅਸੀਂ ਕ੍ਰਮ-ਵਿਕਾਸ ਦਾ ਉਤਪਾਦਨ ਨਹੀਂ ਹਾਂ, ਹੋਰ ਜਾਣਕਾਰੀ ਲਾਈਫ਼—ਹਾਓ ਡਿੱਡ ਇਟ ਗੈਟ ਹੇਅਰ? ਬਾਈ ਇਵੋਲੂਸ਼ਨ ਔਰ ਬਾਈ ਕ੍ਰੀਏਸ਼ਨ? ਕਿਤਾਬ ਵਿਚ ਪਾਈ ਜਾ ਸਕਦੀ ਹੈ।
ਪਰਮੇਸ਼ੁਰ ਨੇ ਮਨੁੱਖ ਨੂੰ ਕਿਸ ਤਰ੍ਹਾਂ ਰਚਿਆ
9. (ੳ) ਬਾਈਬਲ ਮਨੁੱਖ ਦੀ ਰਚਨਾ ਬਾਰੇ ਕਿਸ ਤਰ੍ਹਾਂ ਵਰਣਨ ਕਰਦੀ ਹੈ? (ਅ) ਜਦੋਂ ਪਰਮੇਸ਼ੁਰ ਨੇ ਮਨੁੱਖ ਦੀਆਂ ਨਾਸਾਂ ਵਿਚ “ਜੀਵਣ ਦਾ ਸਾਹ” ਫੂਕਿਆ ਤਦ ਕੀ ਹੋਇਆ?
9 ਪਰਮੇਸ਼ੁਰ ਨੇ ਮਨੁੱਖ ਨੂੰ ਧਰਤੀ ਉੱਤੇ ਜੀਉਣ ਲਈ ਧਰਤੀ ਵਿਚੋਂ ਰਚਿਆ ਸੀ, ਜਿਸ ਤਰ੍ਹਾਂ ਬਾਈਬਲ ਆਖਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ [“ਜੀਉਂਦਾ ਪ੍ਰਾਣੀ,” ਨਿਵ] ਹੋ ਗਿਆ।” (ਉਤਪਤ 2:7) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਨੁੱਖ ਪਰਮੇਸ਼ੁਰ ਦੀ ਇਕ ਸਿੱਧੀ ਰਚਨਾ ਸੀ। ਰਚਨਾ ਦੇ ਇਕ ਵਿਸ਼ੇਸ਼ ਕਾਰਜ ਦੁਆਰਾ ਪਰਮੇਸ਼ੁਰ ਨੇ ਮਨੁੱਖ ਨੂੰ ਇਕ ਪੂਰਾ, ਨਰੋਆ ਵਿਅਕਤੀ ਬਣਾਇਆ ਸੀ। ਜਦੋਂ ਪਰਮੇਸ਼ੁਰ ਨੇ ਮਨੁੱਖ ਦੀਆਂ ਨਾਸਾਂ ਵਿਚ “ਜੀਵਣ ਦਾ ਸਾਹ” ਫੂਕਿਆ, ਮਨੁੱਖ ਦੇ ਫੇਫੜੇ ਹਵਾ ਨਾਲ ਭਰ ਗਏ ਸਨ। ਪਰ ਇਸ ਤੋਂ ਕੁਝ ਜ਼ਿਆਦਾ ਸੰਪੰਨ ਕੀਤਾ ਗਿਆ ਸੀ। ਇਸ ਦੇ ਜ਼ਰੀਏ ਪਰਮੇਸ਼ੁਰ ਨੇ ਮਨੁੱਖ ਦੇ ਸਰੀਰ ਨੂੰ ਜੀਵਨ ਦਿੱਤਾ ਸੀ। ਇਹ ਜੀਵਨ-ਸ਼ਕਤੀ ਸਾਹ ਲੈਣ ਨਾਲ ਕਾਇਮ, ਯਾ ਜਾਰੀ ਰੱਖੀ ਜਾਂਦੀ ਹੈ।
10. ਮਾਨਵ ਪ੍ਰਾਣ ਕੀ ਹੈ, ਅਤੇ ਇਸ ਦੀ ਰਚਨਾ ਕਿਸ ਤਰ੍ਹਾਂ ਹੋਈ ਸੀ?
10 ਪਰ, ਧਿਆਨ ਦਿਓ ਕਿ ਬਾਈਬਲ ਇਹ ਨਹੀਂ ਆਖਦੀ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਇਕ ਪ੍ਰਾਣ [soul] ਦਿੱਤਾ ਸੀ। ਇਸ ਦੀ ਬਜਾਇ, ਉਹ ਆਖਦੀ ਹੈ ਕਿ ਜਦੋਂ ਪਰਮੇਸ਼ੁਰ ਨੇ ਮਨੁੱਖ ਨੂੰ ਸਾਹ ਲੈਣਾ ਸ਼ੁਰੂ ਕਰਵਾਇਆ ਤਾਂ ਉਸ ਤੋਂ ਬਾਅਦ “ਆਦਮੀ ਜੀਉਂਦਾ ਪ੍ਰਾਣੀ ਹੋ ਗਿਆ।” ਤਾਂ ਮਨੁੱਖ ਇਕ ਪ੍ਰਾਣੀ [soul] ਸੀ, ਜਿਸ ਤਰ੍ਹਾਂ ਇਕ ਮਨੁੱਖ ਜਿਹੜਾ ਡਾਕਟਰ ਬਣਦਾ ਹੈ ਉਹ ਇਕ ਡਾਕਟਰ ਹੈ। (1 ਕੁਰਿੰਥੀਆਂ 15:45) “ਜ਼ਮੀਨ ਦੀ ਮਿੱਟੀ” ਜਿਸ ਤੋਂ ਇਹ ਭੌਤਿਕ ਸਰੀਰ ਬਣਦਾ ਹੈ, ਉਹ ਪ੍ਰਾਣ ਨਹੀਂ ਹੈ। ਨਾ ਹੀ ਬਾਈਬਲ ਇਹ ਆਖਦੀ ਹੈ ਕਿ “ਜੀਵਣ ਦਾ ਸਾਹ” ਇਕ ਪ੍ਰਾਣ ਹੈ। ਇਸ ਦੀ ਬਜਾਇ, ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਇਹ ਦੋ ਚੀਜ਼ਾਂ ਨੂੰ ਇਕੱਠੇ ਕਰਨ ਨਾਲ ਉਸ ਦਾ ਨਤੀਜਾ ‘ਆਦਮੀ ਦਾ ਇਕ ਜੀਉਂਦਾ ਪ੍ਰਾਣੀ ਬਣ ਜਾਣਾ’ ਸੀ।
11. ਮਾਨਵ ਪ੍ਰਾਣ ਬਾਰੇ ਬਾਈਬਲ ਦੀਆਂ ਕਿਹੜੀਆਂ ਹਕੀਕਤਾਂ ਦਿਖਾਉਂਦੀਆਂ ਹਨ ਕਿ ਇਹ ਇਕ ਛਾਇਆ-ਰੂਪ ਜਿਹੀ ਚੀਜ਼ ਨਹੀਂ ਹੋ ਸਕਦੀ ਹੈ ਜਿਹੜੀ ਇਕ ਵਿਅਕਤੀ ਤੋਂ ਅਲੱਗ ਜੀਉਂਦੀ ਰਹਿ ਸਕਦੀ ਹੈ?
11 ਕਿਉਂਕਿ ਮਾਨਵ ਪ੍ਰਾਣ ਖੁਦ ਮਨੁੱਖ ਆਪ ਹੀ ਹੈ, ਤਾਂ ਫਿਰ ਇਹ ਕੋਈ ਛਾਇਆ-ਰੂਪ ਜਿਹੀ ਚੀਜ਼ ਨਹੀਂ ਹੋ ਸਕਦੀ ਹੈ ਜਿਹੜੀ ਸਰੀਰ ਦੇ ਅੰਦਰ ਰਹਿੰਦੀ ਹੈ ਯਾ ਜਿਹੜੀ ਸਰੀਰ ਨੂੰ ਛੱਡ ਸਕਦੀ ਹੈ। ਸਾਧਾਰਣ ਰੂਪ ਵਿਚ ਕਹੀਏ ਤਾਂ, ਬਾਈਬਲ ਸਿੱਖਿਆ ਦਿੰਦੀ ਹੈ ਕਿ ਤੁਹਾਡਾ ਪ੍ਰਾਣ ਤੁਸੀਂ ਹੋ। ਉਦਾਹਰਣ ਦੇ ਤੌਰ ਤੇ, ਇਹ ਆਖਦੇ ਹੋਏ ਬਾਈਬਲ ਇਕ ਪ੍ਰਾਣੀ ਦੀ ਭੌਤਿਕ ਭੋਜਨ ਖਾਣ ਦੀ ਇੱਛਾ ਬਾਰੇ ਜ਼ਿਕਰ ਕਰਦੀ ਹੈ: “ਤੁਹਾਡਾ ਜੀਅ [“ਪ੍ਰਾਣ,” ਨਿਵ] ਮਾਸ ਖਾਣ ਨੂੰ ਲੋਚਦਾ ਹੈ।” (ਬਿਵਸਥਾ ਸਾਰ 12:20) ਉਹ ਇਹ ਵੀ ਆਖਦੀ ਹੈ ਕਿ ਪ੍ਰਾਣੀਆਂ ਦੀਆਂ ਨਾੜੀਆਂ ਵਿਚ ਲਹੂ ਵਹਿੰਦਾ ਹੈ, ਕਿਉਂਕਿ ਉਹ ‘ਬੇਦੋਸ਼ ਕੰਗਾਲਾਂ ਦੀਆਂ ਜਾਨਾਂ [“ਪ੍ਰਾਣਾਂ,” ਨਿਵ] ਦੇ ਲਹੂ’ ਬਾਰੇ ਜ਼ਿਕਰ ਕਰਦੀ ਹੈ।—ਯਿਰਮਿਯਾਹ 2:34.
ਪਰਮੇਸ਼ੁਰ ਨੇ ਮਨੁੱਖ ਨੂੰ ਇੱਥੇ ਕਿਉਂ ਰੱਖਿਆ
12. ਪਰਮੇਸ਼ੁਰ ਦਾ ਧਰਤੀ ਉੱਤੇ ਮਨੁੱਖਾਂ ਲਈ ਕੀ ਮਕਸਦ ਸੀ?
12 ਪਰਮੇਸ਼ੁਰ ਦਾ ਇਹ ਮਕਸਦ ਨਹੀਂ ਸੀ ਕਿ ਕੁਝ ਦੇਰ ਬਾਅਦ ਆਦਮ ਅਤੇ ਹੱਵਾਹ ਮਰ ਜਾਣ ਅਤੇ ਕਿਸੇ ਹੋਰ ਜਗ੍ਹਾ ਰਹਿਣ ਲੱਗ ਪੈਣ। ਉਨ੍ਹਾਂ ਨੇ ਇਸ ਧਰਤੀ ਦੀ ਅਤੇ ਉਸ ਦੀਆਂ ਸਾਰੀਆਂ ਜੀਉਂਦੀਆਂ ਚੀਜ਼ਾਂ ਦੀ ਦੇਖਭਾਲ ਕਰਨ ਲਈ ਇੱਥੇ ਰਹਿਣਾ ਸੀ। ਜਿਸ ਤਰ੍ਹਾਂ ਬਾਈਬਲ ਆਖਦੀ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28; 2:15, ਟੇਢੇ ਟਾਈਪ ਸਾਡੇ) ਆਦਮ ਅਤੇ ਹੱਵਾਹ, ਅਤੇ ਉਹ ਸਾਰੀ ਸੰਤਾਨ ਜਿਹੜੀ ਉਨ੍ਹਾਂ ਤੋਂ ਪੈਦਾ ਹੁੰਦੀ, ਉਹ ਕੰਮ ਕਰਦੇ ਹੋਏ ਜਿਹੜੇ ਪਰਮੇਸ਼ੁਰ ਉਨ੍ਹਾਂ ਤੋਂ ਚਾਹੁੰਦਾ ਸੀ, ਸਦਾ ਲਈ ਧਰਤੀ ਉੱਤੇ ਖੁਸ਼ੀ ਵਿਚ ਰਹਿ ਸਕਦੇ ਸਨ।
13. (ੳ)ਅਸੀਂ ਕਿਸ ਤਰ੍ਹਾਂ ਖੁਸ਼ ਰਹਿ ਸਕਦੇ ਹਾਂ? (ਅ) ਸਾਡੇ ਜੀਵਨ ਨੂੰ ਕਿਹੜੀ ਚੀਜ਼ ਵਾਸਤਵਿਕ ਅਰਥ ਦੇਵੇਗੀ?
13 ਧਿਆਨ ਦਿਓ ਕਿ “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ।” ਉਹ ਵਾਸਤਵ ਵਿਚ ਆਪਣੇ ਪਾਰਥਿਵ ਬੱਚਿਆਂ ਦੀ ਪਰਵਾਹ ਕਰਦਾ ਸੀ। ਇਸ ਲਈ ਇਕ ਪ੍ਰੇਮਪੂਰਣ ਪਿਤਾ ਦੀ ਹੈਸੀਅਤ ਵਿਚ ਉਸ ਨੇ ਉਨ੍ਹਾਂ ਦੇ ਆਪਣੇ ਭਲੇ ਲਈ ਹਿਦਾਇਤਾਂ ਦਿੱਤੀਆਂ ਸਨ। ਇਨ੍ਹਾਂ ਦੀ ਆਗਿਆਪਾਲਣਾ ਕਰਨ ਵਿਚ ਉਨ੍ਹਾਂ ਨੂੰ ਖੁਸ਼ੀ ਪ੍ਰਾਪਤ ਹੋਣੀ ਸੀ। ਯਿਸੂ ਨੂੰ ਇਹ ਪਤਾ ਸੀ ਅਤੇ ਇਸ ਕਰਕੇ ਉਸ ਨੇ ਬਾਅਦ ਵਿਚ ਇਹ ਆਖਿਆ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਯਿਸੂ ਨੇ ਪਰਮੇਸ਼ੁਰ ਦੇ ਸ਼ਬਦ ਦੀ ਆਗਿਆਪਾਲਣਾ ਕੀਤੀ। “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ,” ਉਸ ਨੇ ਆਖਿਆ। (ਯੂਹੰਨਾ 8:29) ਇਹੋ ਹੀ ਕੁੰਜੀ ਹੈ ਜਿਸ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਇੱਥੇ ਕਿਉਂ ਹਾਂ। ਅਸੀਂ ਇੱਥੇ ਇਸ ਲਈ ਹਾਂ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਰਹਿ ਕੇ ਪੂਰਣ, ਖੁਸ਼ੀ ਵਾਲਾ ਜੀਵਨ ਬਤੀਤ ਕਰੀਏ। ਯਹੋਵਾਹ ਦੀ ਸੇਵਾ ਕਰਨਾ ਸਾਡੇ ਜੀਵਨ ਨੂੰ ਵਾਸਤਵਿਕ ਅਰਥ ਦੇਵੇਗਾ। ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਧਰਤੀ ਉੱਤੇ ਪਰਾਦੀਸ ਵਿਚ ਸਦਾ ਲਈ ਰਹਿਣ ਦੇ ਲਾਇਕ ਬਣਾਵਾਂਗੇ।—ਜ਼ਬੂਰਾਂ ਦੀ ਪੋਥੀ 37:11, 29.
ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰ ਜਾਂਦੇ ਹਾਂ
14. ਪਰਮੇਸ਼ੁਰ ਦੇ ਹੁਕਮ ਦੀ ਅਣਆਗਿਆ ਕਰਕੇ, ਆਦਮ ਅਤੇ ਹੱਵਾਹ ਨੇ ਕੀ ਕੀਤਾ ਸੀ?
14 ਲੇਕਨ ਹੁਣ ਅਸੀਂ ਸਾਰੇ ਬੁੱਢੇ ਹੁੰਦੇ ਅਤੇ ਮਰ ਜਾਂਦੇ ਹਾਂ। ਕਿਉਂ? ਜਿਸ ਤਰ੍ਹਾਂ ਪਿਛਲੇ ਅਧਿਆਇ ਵਿਚ ਦੇਖਿਆ ਗਿਆ ਹੈ, ਇਹ ਆਦਮ ਅਤੇ ਹੱਵਾਹ ਦੀ ਬਗ਼ਾਵਤ ਕਰ ਕੇ ਹੈ। ਯਹੋਵਾਹ ਨੇ ਉਨ੍ਹਾਂ ਦੇ ਅੱਗੇ ਇਕ ਪਰੀਖਿਆ ਰੱਖੀ ਸੀ ਜਿਸ ਨੇ ਉਨ੍ਹਾਂ ਦੀ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰ ਰਹਿਣ ਦੀ ਜ਼ਰੂਰਤ ਨੂੰ ਪ੍ਰਦਰਸ਼ਿਤ ਕੀਤਾ। ਉਸ ਨੇ ਆਦਮ ਨੂੰ ਆਖਿਆ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਇਸ ਬਿਰਛ ਤੋਂ ਖਾ ਕੇ ਆਦਮ ਅਤੇ ਹੱਵਾਹ ਨੇ ਆਪਣੇ ਸਵਰਗੀ ਪਿਤਾ ਤੋਂ ਮੂੰਹ ਮੋੜ ਲਿਆ ਅਤੇ ਉਸ ਦੇ ਨਿਰਦੇਸ਼ਨ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਅਣਆਗਿਆ ਕੀਤੀ ਅਤੇ ਉਹ ਚੀਜ਼ ਲੈ ਲਈ ਜਿਹੜੀ ਉਨ੍ਹਾਂ ਦੀ ਨਹੀਂ ਸੀ। ਉਹ ਗ਼ਰੀਬੀ ਅਤੇ ਦੁੱਖਾਂ ਤੋਂ ਬਿਨਾਂ ਖੁਸ਼ੀ ਨਾਲ ਸਦਾ ਲਈ ਪਰਾਦੀਸ ਵਿਚ ਰਹਿ ਸਕਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਆਪ ਉੱਤੇ ਪਾਪ ਦੀ ਸਜ਼ਾ ਲਿਆਂਦੀ। ਇਹ ਸਜ਼ਾ ਅਪੂਰਣਤਾ ਅਤੇ ਮੌਤ ਹੈ।—ਰੋਮੀਆਂ 6:23.
15. ਅਸੀਂ ਆਦਮ ਤੋਂ ਆਪਣਾ ਪਾਪ ਕਿਸ ਤਰ੍ਹਾਂ ਪ੍ਰਾਪਤ ਕੀਤਾ?
15 ਕੀ ਤੁਸੀਂ ਜਾਣਦੇ ਹੋ ਕਿ ਅਸੀਂ ਆਦਮ ਤੋਂ ਆਪਣਾ ਪਾਪ ਕਿਸ ਤਰ੍ਹਾਂ ਪ੍ਰਾਪਤ ਕੀਤਾ ਹੈ? ਆਦਮ ਦੇ ਅਪੂਰਣ ਬਣਨ ਤੋਂ ਬਾਅਦ, ਉਸ ਨੇ ਆਪਣੀ ਸੰਤਾਨ ਨੂੰ ਉਹੋ ਹੀ ਅਪੂਰਣਤਾ ਅਤੇ ਮੌਤ ਦਿੱਤੀ। (ਅੱਯੂਬ 14:4; ਰੋਮੀਆਂ 5:12) ਇਸ ਸਥਿਤੀ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ, ਉਸ ਗੱਲ ਉੱਤੇ ਵਿਚਾਰ ਕਰੋ ਕਿ ਉਦੋਂ ਕੀ ਹੁੰਦਾ ਹੈ ਜਦੋਂ ਇਕ ਡਬਲਰੋਟੀ ਪਕਾਉਣ ਵਾਲਾ ਵਿਅਕਤੀ ਉਸ ਪਾਤਰ ਵਿਚ ਡਬਲਰੋਟੀ ਪਕਾਉਂਦਾ ਹੈ ਜਿਸ ਵਿਚ ਇਕ ਚਿੱਬ ਹੋਵੇ। ਸਾਰੀਆਂ ਡਬਲਰੋਟੀਆਂ ਜਿਹੜੀਆਂ ਉਸ ਪਾਤਰ ਵਿਚ ਪਕਾਈਆਂ ਜਾਂਦੀਆਂ ਹਨ ਉਨ੍ਹਾਂ ਉੱਤੇ ਇਕ ਨਿਸ਼ਾਨ ਹੋਵੇਗਾ। ਆਦਮ ਉਸ ਪਾਤਰ ਦੇ ਸਮਾਨ ਬਣ ਗਿਆ, ਅਤੇ ਅਸੀਂ ਉਸ ਡਬਲਰੋਟੀ ਵਰਗੇ ਹਾਂ। ਉਹ ਅਪੂਰਣ ਬਣ ਗਿਆ ਜਦੋਂ ਉਸ ਨੇ ਪਰਮੇਸ਼ੁਰ ਦਾ ਨਿਯਮ ਤੋੜਿਆ। ਇਹ ਉਸ ਤਰ੍ਹਾਂ ਸੀ ਜਿਵੇਂ ਉਸ ਉੱਤੇ ਇਕ ਚਿੱਬ ਯਾ ਇਕ ਬੁਰਾ ਨਿਸ਼ਾਨ ਪੈ ਗਿਆ ਹੋਵੇ। ਸੋ ਜਦੋਂ ਉਸ ਦੀ ਸੰਤਾਨ ਪੈਦਾ ਹੋਈ ਉਨ੍ਹਾਂ ਸਾਰਿਆਂ ਨੇ ਪਾਪ ਯਾ ਅਪੂਰਣਤਾ ਦਾ ਉਹੀ ਨਿਸ਼ਾਨ ਪ੍ਰਾਪਤ ਕੀਤਾ।
16, 17. ਯਿਸੂ ਦਾ ਇਕ ਚਮਤਕਾਰ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ ਕਿ ਪਾਪ ਦੇ ਕਾਰਨ ਮਾਨਵ ਪਰਿਵਾਰ ਉੱਤੇ ਬੀਮਾਰੀ ਆਈ ਹੈ?
16 ਅਸੀਂ ਹੁਣ ਉਸ ਪਾਪ ਕਰਕੇ ਬੀਮਾਰ ਹੁੰਦੇ ਹਾਂ ਅਤੇ ਮਰ ਜਾਂਦੇ ਹਾਂ ਜਿਹੜਾ ਅਸੀਂ ਸਾਰਿਆਂ ਨੇ ਆਦਮ ਤੋਂ ਪ੍ਰਾਪਤ ਕੀਤਾ ਹੈ। ਇਕ ਚਮਤਕਾਰ ਜਿਹੜਾ ਯਿਸੂ ਨੇ ਕੀਤਾ ਸੀ ਇਹ ਦਿਖਾਉਂਦਾ ਹੈ। ਜਦੋਂ ਯਿਸੂ ਉਸ ਘਰ ਵਿਚ ਜਿੱਥੇ ਉਹ ਰਹਿ ਰਿਹਾ ਸੀ, ਸਿੱਖਿਆ ਦੇ ਰਿਹਾ ਸੀ, ਤਾਂ ਇਕ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਹੋਰ ਕੋਈ ਵੀ ਜਣਾ ਕਮਰੇ ਵਿਚ ਨਹੀਂ ਘੁਸੜ ਸਕਦਾ ਸੀ। ਜਦੋਂ ਚਾਰ ਮਨੁੱਖ ਇਕ ਮੰਜੀ ਉੱਤੇ ਪਏ ਹੋਏ ਇਕ ਅਧਰੰਗੀ ਮਨੁੱਖ ਨੂੰ ਲਿਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਅੰਦਰ ਨਹੀਂ ਜਾ ਸਕਦੇ ਸਨ। ਤਾਂ ਫਿਰ ਉਨ੍ਹਾਂ ਨੇ ਛੱਤ ਉੱਤੇ ਚੜ ਕੇ ਇਕ ਮੋਘ ਬਣਾਇਆ, ਅਤੇ ਉਸ ਅਧਰੰਗੀ ਮਨੁੱਖ ਨੂੰ ਯਿਸੂ ਦੇ ਕੋਲ ਥੱਲੇ ਉਤਾਰ ਦਿੱਤਾ।
17 ਜਦੋਂ ਯਿਸੂ ਨੇ ਦੇਖਿਆ ਕਿ ਉਨ੍ਹਾਂ ਦਾ ਕਿੰਨਾ ਨਿਹਚਾ ਹੈ, ਉਸ ਨੇ ਉਸ ਅਧਰੰਗੀ ਮਨੁੱਖ ਨੂੰ ਆਖਿਆ: “ਤੇਰੇ ਪਾਪ ਮਾਫ਼ ਹੋਏ।” ਪਰ ਕੁਝ ਲੋਕ ਜਿਹੜੇ ਉਥੇ ਮੌਜੂਦ ਸਨ ਇਹ ਵਿਚਾਰ ਨਹੀਂ ਕਰਦੇ ਸਨ ਕਿ ਯਿਸੂ ਪਾਪ ਮਾਫ਼ ਕਰ ਸਕਦਾ ਸੀ। ਇਸ ਲਈ ਯਿਸੂ ਨੇ ਆਖਿਆ: “ਇਸ ਲਈ ਜੋ ਤੁਸੀਂ ਜਾਣੋ ਭਈ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਹ ਨੇ ਅਧਰੰਗੀ ਨੂੰ ਆਖਿਆ, ਮੈਂ ਤੈਨੂੰ ਆਖਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ। ਤਾਂ ਉਹ ਉੱਠਿਆ ਅਰ ਝੱਟ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ!”—ਮਰਕੁਸ 2:1-12.
18. ਪਰਮੇਸ਼ੁਰ ਦੇ ਸੇਵਕ ਕਿਸ ਤਰ੍ਹਾਂ ਦੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ?
18 ਜ਼ਰਾ ਸੋਚੋ ਕਿ ਯਿਸੂ ਦੀ ਇਹ ਸ਼ਕਤੀ ਸਾਡੇ ਲਈ ਕੀ ਕਰ ਸਕਦੀ ਹੈ! ਪਰਮੇਸ਼ੁਰ ਦੇ ਰਾਜ ਦੇ ਅਧੀਨ, ਮਸੀਹ ਉਨ੍ਹਾਂ ਸਾਰਿਆਂ ਵਿਅਕਤੀਆਂ ਦੇ ਪਾਪਾਂ ਨੂੰ ਮਾਫ਼ ਕਰ ਸਕੇਗਾ ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਅਤੇ ਉਸ ਦੀ ਸੇਵਾ ਕਰਦੇ ਹਨ। ਇਸ ਦਾ ਅਰਥ ਇਹ ਹੈ ਕਿ ਸਾਰੇ ਦੁੱਖ ਅਤੇ ਪੀੜਾਂ ਅਤੇ ਬੀਮਾਰੀਆਂ ਦੂਰ ਕੀਤੀਆਂ ਜਾਣਗੀਆਂ। ਕਿਸੇ ਨੂੰ ਫਿਰ ਕਦੇ ਵੀ ਬੁੱਢੇ ਹੋ ਕੇ ਮਰਨਾ ਨਹੀਂ ਪਵੇਗਾ! ਇਹ ਭਵਿੱਖ ਲਈ ਕਿੰਨੀ ਅਦਭੁਤ ਉਮੀਦ ਹੈ! ਹਾਂ, ਅਸੀਂ ਪੈਦਾ ਹੋਣ, ਥੋੜ੍ਹੇ ਚਿਰ ਜੀਉਣ ਅਤੇ ਫਿਰ ਮਰਨ ਨਾਲੋਂ ਸੱਚ-ਮੁੱਚ ਹੀ ਕੁਝ ਜ਼ਿਆਦਾ ਦੀ ਉਮੀਦ ਰੱਖ ਸਕਦੇ ਹਾਂ। ਪਰਮੇਸ਼ੁਰ ਬਾਰੇ ਸਿੱਖਦੇ ਰਹਿਣ ਅਤੇ ਉਸ ਦੀ ਸੇਵਾ ਕਰਦੇ ਰਹਿਣ ਨਾਲ, ਅਸੀਂ ਸੱਚ-ਮੁੱਚ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਰਹਿ ਸਕਦੇ ਹਾਂ।
[ਸਫ਼ੇ 69 ਉੱਤੇ ਤਸਵੀਰ]
ਅਨੇਕ ਜਣੇ ਜੀਵਨ ਦੇ ਅਰਥ ਬਾਰੇ ਵਿਚਾਰ ਕਰਦੇ ਹਨ
[ਸਫ਼ੇ 70 ਉੱਤੇ ਤਸਵੀਰ]
ਕੀ ਇਹ ਚੀਜ਼ਾਂ ਆਪਣੇ ਆਪ ਵਿਕਸਿਤ ਹੋਈਆਂ ਸਨ, ਯਾ ਇਨ੍ਹਾਂ ਨੂੰ ਬਣਾਇਆ ਗਿਆ ਸੀ?
[ਸਫ਼ੇ 75 ਉੱਤੇ ਤਸਵੀਰ]
ਬਾਈਬਲ ਵਿਚ ਯਿਸੂ ਦਾ ਅਧਰੰਗੀ ਨੂੰ ਚੰਗਾ ਕਰਨ ਵਾਲਾ ਬਿਰਤਾਂਤ ਦਿਖਾਉਂਦਾ ਹੈ ਕਿ ਲੋਕ ਆਦਮ ਦੇ ਪਾਪ ਕਰਕੇ ਬੀਮਾਰ ਹੁੰਦੇ ਹਨ