ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • pe ਅਧਿ. 10 ਸਫ਼ੇ 90-98
  • ਦੁਸ਼ਟ ਆਤਮਾਵਾਂ ਸ਼ਕਤੀਸ਼ਾਲੀ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁਸ਼ਟ ਆਤਮਾਵਾਂ ਸ਼ਕਤੀਸ਼ਾਲੀ ਹਨ
  • ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਰੇ ਹੋਏ ਸਮੂਏਲ ਹੋਣ ਦਾ ਢੌਂਗ ਕਰਨਾ
  • ਦੂਤ ਜਿਹੜੇ ਦੁਸ਼ਟ ਆਤਮਾਵਾਂ ਬਣ ਗਏ
  • ਦੁਸ਼ਟ ਆਤਮਾਵਾਂ ਕਿਸ ਤਰ੍ਹਾਂ ਭਰਮਾਉਂਦੀਆਂ ਹਨ
  • ਦੁਸ਼ਟ ਆਤਮਾਵਾਂ ਦੇ ਹਮਲਿਆਂ ਦਾ ਸਾਮ੍ਹਣਾ ਕਰਨਾ
  • ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਕੀ ਦੂਤ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਜਾਦੂਗਰੀ ਵਿਚ ਕੀ ਖ਼ਰਾਬੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
pe ਅਧਿ. 10 ਸਫ਼ੇ 90-98

ਅਧਿਆਇ 10

ਦੁਸ਼ਟ ਆਤਮਾਵਾਂ ਸ਼ਕਤੀਸ਼ਾਲੀ ਹਨ

1. ਅਨੇਕ ਵਿਅਕਤੀ ਇਹ ਕਿਉਂ ਯਕੀਨ ਕਰਦੇ ਹਨ ਕਿ ਉਹ ਮਰੇ ਹੋਇਆਂ ਨਾਲ ਗੱਲਾਂ ਕਰ ਸਕਦੇ ਹਨ?

ਲੋਕ ਅਕਸਰ ਆਖਦੇ ਹਨ ਕਿ ਉਹ ਮਰੇ ਹੋਇਆਂ ਨਾਲ ਗੱਲਾਂ ਕਰ ਚੁੱਕੇ ਹਨ। ਸਾਬਕਾ ਜੇਮਜ਼ ਏ. ਪਾਈਕ, ਇਕ ਉਘੇ ਅਪਿਸਕੋਪੇਲੀਅਨ ਬਿਸ਼ਪ ਨੇ ਆਖਿਆ ਕਿ ਉਸ ਨੇ ਆਪਣੇ ਮਰੇ ਹੋਏ ਪੁੱਤਰ, ਜਿਮ ਦੇ ਨਾਲ ਗੱਲਾਂ ਕੀਤੀਆਂ ਹਨ। ਪਾਈਕ ਦੇ ਅਨੁਸਾਰ, ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ: “ਮੇਰੇ ਆਲੇ ਦੁਆਲੇ ਬਹੁਤ ਜ਼ਿਆਦਾ ਜਨਤਾ ਹੈ, ਅਤੇ ਇਸ ਤਰ੍ਹਾਂ ਜਿਵੇਂ ਕਿ ਮੈਨੂੰ ਹੱਥਾਂ ਨਾਲ ਉੱਤੇ ਚੁੱਕਿਆ ਹੋਇਆ ਹੈ . . . ਮੈਂ ਇੰਨਾ ਦੁੱਖੀ ਸੀ ਜਦ ਤਕ ਮੈਂ ਤੁਹਾਨੂੰ ਦੱਸ ਨਾ ਸਕਿਆ।”

2. (ੳ) ਕਿਉਂ ਕੋਈ ਜਣਾ ਮਰੇ ਹੋਇਆਂ ਦੇ ਨਾਲ ਗੱਲਾਂ ਨਹੀਂ ਕਰ ਸਕਦਾ ਹੈ? (ਅ) ਤਾਂ ਫਿਰ ਕਿਹੜੇ ਸਵਾਲ ਪੈਦਾ ਹੁੰਦੇ ਹਨ?

2 ਕਿਉਂਕਿ ਅਜਿਹੇ ਤਜਰਬੇ ਇੰਨੇ ਆਮ ਹਨ, ਇਹ ਜ਼ਾਹਰ ਹੈ ਕਿ ਅਨੇਕ ਲੋਕਾਂ ਨੇ ਆਤਮਿਕ ਦੁਨੀਆਂ ਵਿਚੋਂ ਕਿਸੇ ਨਾਲ ਗੱਲਾਂ ਕੀਤੀਆਂ ਹਨ। ਲੇਕਨ ਉਨ੍ਹਾਂ ਨੇ ਮਰੇ ਹੋਇਆਂ ਨਾਲ ਗੱਲਾਂ ਨਹੀਂ ਕੀਤੀਆਂ ਹਨ। ਬਾਈਬਲ ਬਹੁਤ ਸਪੱਸ਼ਟ ਹੈ ਜਦੋਂ ਇਹ ਆਖਦੀ ਹੈ: “ਪਰ ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5, ਟੇਢੇ ਟਾਈਪ ਸਾਡੇ) ਤਾਂ ਫਿਰ ਅਗਰ ਆਤਮਿਕ ਦੁਨੀਆਂ ਵਿਚੋਂ ਮਰੇ ਹੋਏ ਲੋਕ ਨਹੀਂ ਬੋਲਦੇ ਹਨ, ਤਾਂ ਕੌਣ ਬੋਲਦੇ ਹਨ? ਕੌਣ ਮਰੇ ਹੋਏ ਵਿਅਕਤੀ ਹੋਣ ਦਾ ਢੌਂਗ ਕਰ ਰਹੇ ਹਨ?

3. (ੳ) ਕੌਣ ਮਰੇ ਹੋਏ ਵਿਅਕਤੀ ਹੋਣ ਦਾ ਢੌਂਗ ਕਰਦੇ ਹਨ, ਅਤੇ ਕਿਉਂ? (ਅ) ਦੁਸ਼ਟ ਆਤਮਾਵਾਂ ਅਕਸਰ ਕਿਹ ਨੂੰ ਜਾਣਕਾਰੀ ਦਿੰਦੀਆਂ ਹਨ?

3 ਉਹ ਦੁਸ਼ਟ ਆਤਮਾਵਾਂ ਹਨ। ਇਹ ਆਤਮਾਵਾਂ, ਯਾ ਪਿਸ਼ਾਚ, ਉਹ ਦੂਤ ਹਨ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਬਗ਼ਾਵਤ ਵਿਚ ਸ਼ਤਾਨ ਨਾਲ ਮਿਲ ਗਏ ਸਨ। ਇਹ ਉਹ ਵਿਅਕਤੀ ਹੋਣ ਦਾ ਢੌਂਗ ਕਿਉਂ ਕਰਦੇ ਹਨ ਜਿਹੜੇ ਮਰ ਚੁੱਕੇ ਹਨ? ਇਹ ਉਸ ਵਿਚਾਰ ਨੂੰ ਵਧਾਉਣ ਲਈ ਹੈ ਕਿ ਮਰੇ ਹੋਏ ਹਾਲੇ ਵੀ ਜੀਉਂਦੇ ਹਨ। ਉਹ ਦੁਸ਼ਟ ਆਤਮਾਵਾਂ ਬਹੁਤਿਆਂ ਦਾ ਇਸ ਝੂਠ ਵਿਚ ਯਕੀਨ ਕਰਨ ਲਈ ਵੀ ਜ਼ਿੰਮੇਵਾਰ ਹਨ ਕਿ ਮੌਤ ਕਿਸੇ ਦੂਸਰੇ ਜੀਵਨ ਵਿਚ ਜਾਣ ਲਈ ਕੇਵਲ ਇਕ ਤਬਦੀਲੀ ਹੀ ਹੈ। ਇਸ ਝੂਠ ਨੂੰ ਫੈਲਾਉਣ ਲਈ, ਦੁਸ਼ਟ ਆਤਮਾਵਾਂ ਪ੍ਰੇਤ-ਮਾਧਿਅਮਾਂ, ਜੋਤਸ਼ੀਆਂ ਅਤੇ ਜਾਦੂਗਰਾਂ ਨੂੰ ਵਿਸ਼ੇਸ਼ ਗਿਆਨ ਦਿੰਦੀਆਂ ਹਨ ਜਿਹੜਾ ਉਨ੍ਹਾਂ ਵਿਅਕਤੀਆਂ ਤੋਂ ਕੇਵਲ ਆਉਂਦਾ ਜਾਪਦਾ ਹੈ ਜਿਹੜੇ ਮਰ ਚੁੱਕੇ ਹਨ।

ਮਰੇ ਹੋਏ ਸਮੂਏਲ ਹੋਣ ਦਾ ਢੌਂਗ ਕਰਨਾ

4. (ੳ) ਰਾਜਾ ਸ਼ਾਊਲ ਸਹਾਇਤਾ ਲਈ ਬੇਬਸ ਕਿਉਂ ਸੀ? (ਅ) ਪ੍ਰੇਤ-ਮਾਧਿਅਮਾਂ ਅਤੇ ਜੋਤਸ਼ੀਆਂ ਦੇ ਸੰਬੰਧ ਵਿਚ ਪਰਮੇਸ਼ੁਰ ਦਾ ਕੀ ਨਿਯਮ ਸੀ?

4 ਬਾਈਬਲ ਵਿਚ ਇਕ ਦੁਸ਼ਟ ਆਤਮਾ ਦਾ ਉਦਾਹਰਣ ਹੈ ਜਿਸ ਨੇ ਪਰਮੇਸ਼ੁਰ ਦੇ ਇਕ ਮਰੇ ਹੋਏ ਨਬੀ, ਸਮੂਏਲ ਹੋਣ ਦਾ ਢੌਂਗ ਕੀਤਾ ਸੀ। ਇਹ ਰਾਜਾ ਸ਼ਾਊਲ ਦੇ ਰਾਜ ਦੇ 40ਵੇਂ ਸਾਲ ਵਿਚ ਹੋਇਆ ਸੀ। ਫਲਿਸਤੀਆਂ ਦੀ ਇਕ ਸ਼ਕਤੀਸ਼ਾਲੀ ਸੈਨਾ ਸ਼ਾਊਲ ਦੀ ਇਸਰਾਏਲੀ ਸੈਨਾ ਦੇ ਵਿਰੁੱਧ ਆਈ ਸੀ, ਅਤੇ ਉਹ ਬਹੁਤ ਘਬਰਾ ਗਿਆ। ਸ਼ਾਊਲ ਪਰਮੇਸ਼ੁਰ ਦਾ ਨਿਯਮ ਜਾਣਦਾ ਸੀ: “ਤੁਸੀਂ ਉਨ੍ਹਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ।” (ਲੇਵੀਆਂ 19:31) ਪਰ, ਸਮਾਂ ਬੀਤਣ ਤੇ, ਸ਼ਾਊਲ ਯਹੋਵਾਹ ਤੋਂ ਪਰੇ ਹੋ ਗਿਆ। ਇਸ ਲਈ ਸਮੂਏਲ ਨੇ, ਜਿਹੜਾ ਉਸ ਸਮੇਂ ਹਾਲੇ ਜੀਉਂਦਾ ਸੀ, ਹੁਣ ਸ਼ਾਊਲ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। (1 ਸਮੂਏਲ 15:35) ਅਤੇ ਹੁਣ, ਇਸ ਕਸ਼ਟ ਦੇ ਸਮੇਂ ਵਿਚ, ਰਾਜਾ ਸ਼ਾਊਲ ਬਹੁਤ ਬੇਬਸ ਸੀ ਕਿਉਂਕਿ ਯਹੋਵਾਹ ਸਹਾਇਤਾ ਲਈ ਉਸ ਦੀਆਂ ਹਾਕਾਂ ਨੂੰ ਨਹੀਂ ਸੁਣ ਰਿਹਾ ਸੀ।

5. (ੳ) ਸ਼ਾਊਲ ਸਹਾਇਤਾ ਲਈ ਕਿੱਥੇ ਗਿਆ? (ਅ) ਪ੍ਰੇਤ-ਮਾਧਿਅਮ ਕੀ ਕਰਨ ਵਿਚ ਸਫ਼ਲ ਹੋਈ?

5 ਸ਼ਾਊਲ ਇਹ ਪਤਾ ਕਰਨ ਲਈ ਕਿ ਕੀ ਵਾਪਰਣ ਵਾਲਾ ਹੈ ਇੰਨਾ ਉਤਸੁਕ ਸੀ ਕਿ ਉਹ ਏਨਦੋਰ ਵਿਚ ਇਕ ਪ੍ਰੇਤ-ਮਾਧਿਅਮ ਕੋਲ ਗਿਆ। ਉਹ ਇਕ ਅਜਿਹੇ ਵਿਅਕਤੀ ਦੇ ਰੂਪ ਨੂੰ ਸਾਮ੍ਹਣੇ ਲਿਆ ਸਕੀ ਜਿਹੜਾ ਉਹ ਦੇਖ ਸਕਦੀ ਸੀ। ਉਹ ਦੇ ਉਸ ਰੂਪ ਬਾਰੇ ਵਰਣਨ ਤੋਂ, ਸ਼ਾਊਲ ਨੇ ਉਸ ਨੂੰ “ਸਮੂਏਲ” ਕਰ ਕੇ ਪਛਾਣਿਆ। ਉਦੋਂ ਉਹ ਆਤਮਿਕ ਵਿਅਕਤੀ, ਜਿਹੜਾ ਸਮੂਏਲ ਹੋਣ ਦਾ ਢੌਂਗ ਕਰਦਾ ਸੀ, ਬੋਲਿਆ: “ਤੂੰ ਮੇਰੇ ਸੁਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਬਹੁਤ ਦੁਖ ਵਿੱਚ ਪਿਆ ਹੋਇਆ ਹਾਂ ਕਿਉਂ ਜੋ ਫਲਿਸਤੀ ਮੇਰੇ ਨਾਲ ਲੜਦੇ ਹਨ।” ਆਤਮਿਕ ਵਿਅਕਤੀ ਨੇ ਜਵਾਬ ਦਿੱਤਾ: “ਜਦ ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ ਤਾਂ ਫੇਰ ਮੈਨੂੰ ਕਾਹਨੂੰ ਪੁੱਛਦਾ ਹੈਂ?” ਉਹ ਦੁਸ਼ਟ ਆਤਮਿਕ ਵਿਅਕਤੀ ਨੇ, ਜਿਹੜਾ ਮਰੇ ਹੋਏ ਸਮੂਏਲ ਹੋਣ ਦਾ ਢੌਂਗ ਕਰਦਾ ਸੀ, ਫਿਰ ਸ਼ਾਊਲ ਨੂੰ ਦੱਸਿਆ ਕਿ ਫਲਿਸਤੀਆਂ ਨਾਲ ਲੜਾਈ ਵਿਚ ਉਹ ਮਾਰਿਆ ਜਾਵੇਗਾ।—1 ਸਮੂਏਲ 28:3-19.

6. ਉਹ ਸਮੂਏਲ ਕਿਉਂ ਨਹੀਂ ਹੋ ਸਕਦਾ ਸੀ ਜਿਸ ਨੇ ਸ਼ਾਊਲ ਨਾਲ ਗੱਲ ਕੀਤੀ?

6 ਸਪੱਸ਼ਟ ਤੌਰ ਤੇ, ਉਹ ਵਾਸਤਵ ਵਿਚ ਸਮੂਏਲ ਨਹੀਂ ਸੀ ਜਿਸ ਨਾਲ ਪ੍ਰੇਤ-ਮਾਧਿਅਮ ਨੇ ਸੰਪਰਕ ਕੀਤਾ ਸੀ। ਸਮੂਏਲ ਮਰ ਚੁੱਕਾ ਸੀ, ਅਤੇ ਮੌਤ ਹੋਣ ਤੇ ਇਕ ਵਿਅਕਤੀ ‘ਮਿੱਟੀ ਵਿੱਚ ਮੁੜ ਜਾਂਦਾ ਹੈ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।’ (ਜ਼ਬੂਰਾਂ ਦੀ ਪੋਥੀ 146:4, ਟੇਢੇ ਟਾਈਪ ਸਾਡੇ) ਇਸ ਗੱਲ ਉੱਤੇ ਥੋੜ੍ਹਾ ਜਿਹਾ ਸੋਚ ਵਿਚਾਰ ਕਰਨ ਤੋਂ ਹੋਰ ਪ੍ਰਦਰਸ਼ਿਤ ਹੁੰਦਾ ਹੈ ਕਿ ਉਹ ਆਵਾਜ਼ ਵਾਸਤਵ ਵਿਚ ਮਰੇ ਹੋਏ ਸਮੂਏਲ ਦੀ ਨਹੀਂ ਸੀ। ਸਮੂਏਲ ਪਰਮੇਸ਼ੁਰ ਦਾ ਨਬੀ ਸੀ। ਇਸ ਲਈ ਉਸ ਨੇ ਪ੍ਰੇਤ-ਮਾਧਿਅਮਾਂ ਦਾ ਵਿਰੋਧ ਕੀਤਾ ਸੀ। ਅਤੇ, ਜਿਸ ਤਰ੍ਹਾਂ ਅਸੀਂ ਦੇਖ ਚੁੱਕੇ ਹਾਂ, ਜਦੋਂ ਉਹ ਹਾਲੇ ਜੀਉਂਦਾ ਸੀ ਉਸ ਨੇ ਅਣਆਗਿਆਕਾਰ ਸ਼ਾਊਲ ਨਾਲ ਹੋਰ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤਾਂ ਫਿਰ, ਅਗਰ ਸਮੂਏਲ ਹਾਲੇ ਜੀਉਂਦਾ ਹੁੰਦਾ, ਕੀ ਉਹ ਕਿਸੇ ਪ੍ਰੇਤ-ਮਾਧਿਅਮ ਨੂੰ ਉਸ ਦਾ ਸ਼ਾਊਲ ਨਾਲ ਮਿਲਣ ਦਾ ਇੰਤਜ਼ਾਮ ਕਰਨ ਦੀ ਇਜਾਜ਼ਤ ਦਿੰਦਾ? ਇਸ ਬਾਰੇ ਵੀ ਸੋਚੋ: ਯਹੋਵਾਹ ਨੇ ਸ਼ਾਊਲ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੀ ਕੋਈ ਪ੍ਰੇਤ-ਮਾਧਿਅਮ ਸ਼ਾਊਲ ਨੂੰ ਮਰੇ ਹੋਏ ਸਮੂਏਲ ਰਾਹੀਂ ਸੰਦੇਸ਼ ਦੇਣ ਲਈ ਯਹੋਵਾਹ ਨੂੰ ਮਜਬੂਰ ਕਰ ਸਕਦੀ ਸੀ? ਅਤੇ ਜੇ ਜੀਉਂਦੇ ਵਿਅਕਤੀ ਸੱਚ-ਮੁੱਚ ਮਰੇ ਹੋਏ ਮਿੱਤਰ-ਪਿਆਰਿਆਂ ਨਾਲ ਗੱਲਾਂ ਕਰ ਸਕਣ, ਨਿਸ਼ਚੇ ਹੀ ਇਕ ਪ੍ਰੇਮ ਦਾ ਪਰਮੇਸ਼ੁਰ ਇਹ ਨਾ ਆਖਦਾ ਕਿ ਉਹ ਪ੍ਰੇਤ-ਮਾਧਿਅਮ ਦੀ ਸਹਾਇਤਾ ਲੈਣ ਦੇ ਕਾਰਨ “ਭ੍ਰਿਸ਼ਟ” ਹੋ ਗਏ ਹਨ।

7. ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੁਸ਼ਟ ਆਤਮਾਵਾਂ ਤੋਂ ਬਚਾਉਣ ਲਈ ਕੀ ਚੇਤਾਵਨੀ ਦਿੱਤੀ ਸੀ?

7 ਹਕੀਕਤ ਇਹ ਹੈ ਕਿ ਦੁਸ਼ਟ ਆਤਮਾਵਾਂ ਮਨੁੱਖਾਂ ਉੱਤੇ ਨੁਕਸਾਨ ਲਿਆਉਣ ਲਈ ਦ੍ਰਿੜ੍ਹ ਹਨ, ਇਸ ਲਈ ਯਹੋਵਾਹ ਆਪਣੇ ਸੇਵਕਾਂ ਨੂੰ ਬਚਾਉਣ ਲਈ ਚੇਤਾਵਨੀਆਂ ਦਿੰਦਾ ਹੈ। ਇਸਰਾਏਲ ਕੌਮ ਨੂੰ ਅੱਗੇ ਦਿੱਤੀ ਹੋਈ ਚੇਤਾਵਨੀ ਨੂੰ ਪੜ੍ਹੋ। ਇਹ ਤੁਹਾਨੂੰ ਕੁਝ ਅੰਦਾਜ਼ਾ ਦਿੰਦੀ ਹੈ ਕਿ ਲੋਕਾਂ ਨੂੰ ਭਰਮਾਉਣ ਲਈ ਪਿਸ਼ਾਚ ਕਿਸ ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰਦੇ ਹਨ। ਬਾਈਬਲ ਆਖਦੀ ਹੈ: “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ . . . ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ [“ਮਰੇ ਹੋਇਆਂ ਬਾਰੇ ਪੁਛਣ ਵਾਲਾ ਹੋਵੇ,” “ਨਿਵ”]। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।” (ਬਿਵਸਥਾ ਸਾਰ 18:10-12, ਟੇਢੇ ਟਾਈਪ ਸਾਡੇ) ਸਾਨੂੰ ਪਤਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਇਹ ਦੁਸ਼ਟ ਆਤਮਾਵਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਅੱਜ ਕੀ ਕਰ ਰਹੀਆਂ ਹਨ ਅਤੇ ਅਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਪਰ ਇਸ ਬਾਰੇ ਸਿੱਖਣ ਤੋਂ ਪਹਿਲਾਂ, ਆਓ ਅਸੀਂ ਦੇਖੀਏ ਕਿ ਦੁਸ਼ਟ ਆਤਮਾਵਾਂ ਦਾ ਆਰੰਭ ਕਦੋਂ ਅਤੇ ਕਿਸ ਤਰ੍ਹਾਂ ਹੋਇਆ ਸੀ।

ਦੂਤ ਜਿਹੜੇ ਦੁਸ਼ਟ ਆਤਮਾਵਾਂ ਬਣ ਗਏ

8. (ੳ) ਸ਼ਤਾਨ ਨੇ ਹੋਰ ਕਿਸ ਤੋਂ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਵਾਈ ਸੀ? (ਅ) ਸਵਰਗ ਵਿਚ ਆਪਣਾ ਕੰਮ ਛੱਡ ਦੇਣ ਤੋਂ ਬਾਅਦ, ਉਹ ਕਿੱਥੇ ਗਏ?

8 ਅਦਨ ਦੇ ਬਾਗ਼ ਵਿਚ ਹੱਵਾਹ ਨਾਲ ਝੂਠ ਬੋਲ ਕੇ, ਇਕ ਖ਼ਾਸ ਦੂਤਮਈ ਜੀਵ ਨੇ ਆਪਣੇ ਆਪ ਨੂੰ ਦੁਸ਼ਟ ਆਤਮਾ ਸ਼ਤਾਨ ਅਰਥਾਤ ਇਬਲੀਸ ਬਣਾ ਲਿਆ। ਬਾਅਦ ਵਿਚ ਉਸ ਨੇ ਦੂਸਰਿਆਂ ਦੂਤਾਂ ਨੂੰ ਵੀ ਪਰਮੇਸ਼ੁਰ ਦੇ ਵਿਰੁੱਧ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਸਮਾਂ ਬੀਤਣ ਤੇ ਉਹ ਸਫ਼ਲ ਹੋ ਗਿਆ। ਕੁਝ ਦੂਤਾਂ ਨੇ ਉਹ ਕੰਮ ਤਿਆਗ ਦਿੱਤਾ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਵਿਚ ਕਰਨ ਲਈ ਦਿੱਤਾ ਸੀ, ਅਤੇ ਉਹ ਇਸ ਧਰਤੀ ਉੱਤੇ ਆ ਗਏ ਅਤੇ ਆਪਣੇ ਲਈ ਮਨੁੱਖਾਂ ਵਰਗੇ ਸਰੀਰਕ ਜਿਸਮ ਬਣਾ ਲਏ। ਮਸੀਹੀ ਚੇਲੇ ਯਹੂਦਾਹ ਨੇ ਇਨ੍ਹਾਂ ਬਾਰੇ ਲਿਖਿਆ ਜਦੋਂ ਉਸ ਨੇ ਜ਼ਿਕਰ ਕੀਤਾ ਕਿ “ਉਨ੍ਹਾਂ ਦੂਤਾਂ [ਨੇ] ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ।” (ਯਹੂਦਾਹ 6) ਉਹ ਧਰਤੀ ਉੱਤੇ ਕਿਉਂ ਆਏ ਸਨ? ਸ਼ਤਾਨ ਨੇ ਉਨ੍ਹਾਂ ਦੇ ਦਿਲਾਂ ਵਿਚ ਕਿਹੜੀ ਗ਼ਲਤ ਇੱਛਾ ਪਾਈ ਤਾਂਕਿ ਉਹ ਉਨ੍ਹਾਂ ਅੱਛੀਆਂ ਪਦਵੀਆਂ ਨੂੰ ਛੱਡ ਦੇਣ ਜਿਹੜੀਆਂ ਉਨ੍ਹਾਂ ਕੋਲ ਸਵਰਗ ਵਿਚ ਸਨ?

9. (ੳ) ਦੂਤ ਧਰਤੀ ਉੱਤੇ ਕਿਉਂ ਆਏ ਸਨ? (ਅ) ਬਾਈਬਲ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦੀ ਹੈ ਕਿ ਜੋ ਇਨ੍ਹਾਂ ਨੇ ਕੀਤਾ ਉਹ ਗ਼ਲਤ ਸੀ?

9 ਬਾਈਬਲ ਸਾਨੂੰ ਦੱਸਦੀ ਹੈ ਜਦੋਂ ਉਹ ਆਖਦੀ ਹੈ: “ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ।” (ਉਤਪਤ 6:2) ਹਾਂ, ਦੂਤਾਂ ਨੇ ਸਰੀਰਕ ਜਿਸਮ ਧਾਰ ਲਏ, ਅਤੇ ਸੋਹਣੀਆਂ ਤੀਵੀਆਂ ਨਾਲ ਸੰਭੋਗ ਕਰਨ ਲਈ ਇਸ ਧਰਤੀ ਉੱਤੇ ਆਏ। ਪਰ ਦੂਤਾਂ ਲਈ ਅਜਿਹੇ ਪ੍ਰੇਮ ਸੰਬੰਧ ਗ਼ਲਤ ਸਨ। ਇਹ ਅਣਆਗਿਆ ਦਾ ਇਕ ਕਦਮ ਸੀ। ਬਾਈਬਲ ਸੰਕੇਤ ਕਰਦੀ ਹੈ ਕਿ ਜੋ ਉਨ੍ਹਾਂ ਨੇ ਕੀਤਾ ਇਹ ਉੱਨਾ ਹੀ ਗ਼ਲਤ ਸੀ ਜਿੰਨਾ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੇ ਸਮਲਿੰਗਕਾਮੁਕਤਾ ਦੇ ਕੰਮ ਗ਼ਲਤ ਸਨ। (ਯਹੂਦਾਹ 6, 7) ਇਸ ਦਾ ਕੀ ਨਤੀਜਾ ਹੋਇਆ?

10, 11. (ੳ) ਦੂਤਾਂ ਨੂੰ ਕਿਸ ਪ੍ਰਕਾਰ ਦੇ ਬੱਚੇ ਪੈਦਾ ਹੋਏ? (ਅ) ਜਦੋਂ ਜਲ ਪਰਲੋ ਆਈ ਉਨ੍ਹਾਂ ਦੈਂਤਾਂ ਨੂੰ ਕੀ ਹੋਇਆ? (ੲ) ਜਲ ਪਰਲੋ ਦੇ ਸਮੇਂ ਤੇ ਉਨ੍ਹਾਂ ਦੂਤਾਂ ਨੂੰ ਕੀ ਹੋਇਆ?

10 ਖ਼ੈਰ, ਇਨ੍ਹਾਂ ਦੂਤਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਬੱਚੇ ਪੈਦਾ ਹੋਏ। ਪਰ ਇਹ ਬੱਚੇ ਅਨੋਖੇ ਸਨ। ਉਹ ਵੱਡੇ ਹੁੰਦੇ ਗਏ ਜਦ ਤਕ ਉਹ ਦੈਂਤ, ਹਾਂ, ਦੁਸ਼ਟ ਦੈਂਤ ਨਾ ਬਣ ਗਏ। ਬਾਈਬਲ ਆਖਦੀ ਹੈ ਕਿ ਉਹ “ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ।” ਇਨ੍ਹਾਂ ਦੈਂਤਾਂ ਨੇ ਹਰ ਇਕ ਨੂੰ ਆਪਣੇ ਵਰਗੇ ਬੁਰੇ ਬਣਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ, ਬਾਈਬਲ ਆਖਦੀ ਹੈ ਕਿ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ” ਸੀ। (ਉਤਪਤ 6:4, 5) ਇਸ ਲਈ ਯਹੋਵਾਹ ਨੇ ਜਲ ਪਰਲੋ ਲਿਆਂਦੀ। ਉਹ ਦੈਂਤ, ਯਾ “ਨੈਫ਼ਲਿਮ,” ਅਤੇ ਉਹ ਸਾਰੇ ਦੁਸ਼ਟ ਲੋਕ ਡੁੱਬ ਗਏ। ਪਰ ਉਨ੍ਹਾਂ ਦੂਤਾਂ ਨੂੰ ਕੀ ਹੋਇਆ ਜਿਹੜੇ ਇਸ ਧਰਤੀ ਉੱਤੇ ਆਏ ਸਨ?

11 ਉਹ ਨਹੀਂ ਡੁੱਬੇ। ਉਹ ਆਪਣੇ ਸਰੀਰਕ ਜਿਸਮ ਉਤਾਰ ਕੇ ਆਤਮਿਕ ਵਿਅਕਤੀਆਂ ਦੇ ਰੂਪ ਵਿਚ ਸਵਰਗ ਨੂੰ ਵਾਪਸ ਚਲੇ ਗਏ। ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਦੂਤਾਂ ਦੇ ਸੰਗਠਨ ਦਾ ਫਿਰ ਤੋਂ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਮਿਲੀ। ਇਸ ਦੀ ਬਜਾਇ, ਬਾਈਬਲ ਆਖਦੀ ਹੈ ਕਿ “ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਨ੍ਹਾਂ ਪਾਪ ਕੀਤਾ ਨਾ ਛੱਡਿਆ ਸਗੋਂ ਓਹਨਾਂ ਨੂੰ ਨਰਕ [“ਟਾਰਟਰਸ,” ਨਿਵ] ਵਿੱਚ ਸੁੱਟ ਕੇ ਅੰਧਕੂਪਾਂ ਵਿੱਚ ਪਾ ਦਿੱਤਾ ਭਈ ਨਿਆਉਂ ਦੇ ਲਈ ਕਾਬੂ ਰਹਿਣ।”—2 ਪਤਰਸ 2:4.

12. (ੳ) ਦੁਸ਼ਟ ਦੂਤਾਂ ਨੂੰ ਕੀ ਹੋਇਆ ਜਦੋਂ ਉਹ ਸਵਰਗ ਵਿਚ ਵਾਪਸ ਗਏ? (ਅ) ਉਹ ਮਾਨਵ ਸਰੀਰ ਫਿਰ ਕਿਉਂ ਨਹੀਂ ਧਾਰ ਸਕਦੇ ਹਨ? (ੲ) ਤਾਂ ਫਿਰ ਉਹ ਹੁਣ ਕੀ ਕਰ ਰਹੇ ਹਨ?

12 ਇਨ੍ਹਾਂ ਦੁਸ਼ਟ ਦੂਤਾਂ ਨੂੰ ਟਾਰਟਰਸ ਨਾਮਕ ਇਕ ਸ਼ਾਬਦਿਕ ਸਥਾਨ ਵਿਚ ਨਹੀਂ ਸੁੱਟਿਆ ਗਿਆ ਸੀ। ਇਸ ਦੀ ਬਜਾਇ, ਟਾਰਟਰਸ, ਜਿਸ ਦਾ ਕਈਆਂ ਬਾਈਬਲਾਂ ਵਿਚ ਗ਼ਲਤ ਤਰਜਮਾ “ਨਰਕ” ਕੀਤਾ ਗਿਆ ਹੈ, ਇਨ੍ਹਾਂ ਦੂਤਾਂ ਦੀ ਪਤਿਤ ਯਾ ਗਿਰੀ ਹੋਈ ਸਥਿਤੀ ਨੂੰ ਸੰਕੇਤ ਕਰਦਾ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ ਦੀ ਆਤਮਿਕ ਰੌਸ਼ਨੀ ਤੋਂ ਵੱਖ ਕੀਤਾ ਗਿਆ, ਅਤੇ ਉਨ੍ਹਾਂ ਲਈ ਕੇਵਲ ਸਦੀਪਕ ਵਿਨਾਸ਼ ਹੀ ਉਡੀਕ ਕਰ ਰਿਹਾ ਹੈ। (ਯਾਕੂਬ 2:19; ਯਹੂਦਾਹ 6) ਜਲ ਪਰਲੋ ਦੇ ਸਮੇਂ ਤੋਂ, ਪਰਮੇਸ਼ੁਰ ਨੇ ਇਨ੍ਹਾਂ ਪਿਸ਼ਾਚ ਦੂਤਾਂ ਨੂੰ ਸਰੀਰਕ ਜਿਸਮ ਧਾਰਣ ਦੀ ਇਜਾਜ਼ਤ ਨਹੀਂ ਦਿੱਤੀ ਹੈ, ਇਸ ਲਈ ਉਹ ਆਪਣੀਆਂ ਗੈਰ-ਕੁਦਰਤੀ ਲਿੰਗੀ ਇੱਛਾਵਾਂ ਨੂੰ ਸਿੱਧੇ ਰੂਪ ਵਿਚ ਪੂਰੀਆਂ ਨਹੀਂ ਕਰ ਸਕਦੇ ਹਨ। ਪਰ ਫਿਰ ਇਹ ਹਾਲੇ ਵੀ ਆਦਮੀਆਂ ਅਤੇ ਔਰਤਾਂ ਉੱਤੇ ਖ਼ਤਰਨਾਕ ਸ਼ਕਤੀ ਦਾ ਪ੍ਰਭਾਵ ਪਾ ਸਕਦੇ ਹਨ। ਅਸਲ ਵਿਚ, ਇਨ੍ਹਾਂ ਪਿਸ਼ਾਚਾਂ ਦੀ ਸਹਾਇਤਾ ਦੇ ਨਾਲ ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਅੱਜ ਲਿੰਗੀ ਅਪਰਾਧਾਂ, ਹਿੰਸਾ ਅਤੇ ਹੋਰ ਗ਼ਲਤ ਕੰਮਾਂ ਵਿਚ ਅਤਿ ਅਧਿਕ ਵਾਧਾ ਪ੍ਰਦਰਸ਼ਿਤ ਕਰਦਾ ਹੈ ਕਿ ਉਨ੍ਹਾਂ ਦੁਆਰਾ ਭਰਮਾਏ ਜਾਣ ਤੋਂ ਬਚਣ ਦੀ ਸਾਨੂੰ ਜ਼ਰੂਰਤ ਹੈ।

ਦੁਸ਼ਟ ਆਤਮਾਵਾਂ ਕਿਸ ਤਰ੍ਹਾਂ ਭਰਮਾਉਂਦੀਆਂ ਹਨ

13. (ੳ) ਦੁਸ਼ਟ ਆਤਮਾਵਾਂ ਕਿਸ ਤਰ੍ਹਾਂ ਭਰਮਾਉਂਦੀਆਂ ਹਨ? (ਅ) ਪ੍ਰੇਤਵਾਦ ਕੀ ਹੈ, ਅਤੇ ਬਾਈਬਲ ਇਸ ਬਾਰੇ ਕੀ ਆਖਦੀ ਹੈ?

13 ਅਸੀਂ ਇਹ ਪਹਿਲਾਂ ਸਿੱਖਿਆ ਕਿ ਸ਼ਤਾਨ, “ਇਸ ਜੁੱਗ ਦੇ ਈਸ਼ੁਰ” ਦੇ ਰੂਪ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੇ ਪ੍ਰਤੀ ਅੰਨ੍ਹੇ ਕਰਨ ਲਈ ਦੁਨਿਆਵੀ ਸਰਕਾਰਾਂ ਅਤੇ ਝੂਠੇ ਧਰਮਾਂ ਦਾ ਇਸਤੇਮਾਲ ਕਰਦਾ ਹੈ। (2 ਕੁਰਿੰਥੀਆਂ 4:4) ਪ੍ਰੇਤਵਾਦ ਇਕ ਹੋਰ ਮਹੱਤਵਪੂਰਣ ਤਰੀਕਾ ਹੈ ਜਿਸ ਦੁਆਰਾ ਦੁਸ਼ਟ ਆਤਮਾਵਾਂ ਆਦਮੀਆਂ ਅਤੇ ਔਰਤਾਂ ਨੂੰ ਭਰਮਾਉਂਦੀਆਂ ਹਨ। ਪ੍ਰੇਤਵਾਦ ਕੀ ਹੈ? ਇਹ ਦੁਸ਼ਟ ਆਤਮਾਵਾਂ ਨਾਲ, ਸਿੱਧੇ ਤੌਰ ਤੇ ਯਾ ਇਕ ਮਾਨਵ ਮਾਧਿਅਮ ਦੁਆਰਾ ਸੰਪਰਕ ਸਥਾਪਿਤ ਕਰਨਾ ਹੈ। ਪ੍ਰੇਤਵਾਦ ਇਕ ਵਿਅਕਤੀ ਨੂੰ ਪਿਸ਼ਾਚਾਂ ਦੇ ਪ੍ਰਭਾਵ ਦੇ ਥੱਲੇ ਲਿਆਉਂਦਾ ਹੈ। ਬਾਈਬਲ ਸਾਨੂੰ ਉਸ ਹਰ ਅਭਿਆਸ ਤੋਂ ਜਿਸ ਦਾ ਪ੍ਰੇਤਵਾਦ ਨਾਲ ਸੰਬੰਧ ਹੈ ਪਰੇ ਰਹਿਣ ਦੀ ਚੇਤਾਵਨੀ ਦਿੰਦੀ ਹੈ।—ਗਲਾਤੀਆਂ 5:19-21; ਪਰਕਾਸ਼ ਦੀ ਪੋਥੀ 21:8.

14. (ੳ) ਫਾਲ ਪਾਉਣਾ ਕੀ ਹੈ? (ਅ) ਬਾਈਬਲ ਇਸ ਬਾਰੇ ਕੀ ਆਖਦੀ ਹੈ?

14 ਫਾਲ ਪਾਉਣਾ ਪ੍ਰੇਤਵਾਦ ਦਾ ਇਕ ਬਹੁਤ ਸਾਧਾਰਣ ਰੂਪ ਹੈ। ਇਹ ਅਦ੍ਰਿਸ਼ਟ ਆਤਮਾਵਾਂ ਦੀ ਸਹਾਇਤਾ ਨਾਲ ਭਵਿੱਖ, ਯਾ ਕਿਸੇ ਅਣਜਾਣੀ ਚੀਜ਼ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਦਾ ਅਭਿਆਸ ਹੈ। ਇਹ ਉਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਜੋ ਮਸੀਹੀ ਚੇਲੇ ਲੂਕਾ ਨੇ ਲਿਖਿਆ ਸੀ: “ਇੱਕ ਗੋੱਲੀ ਸਾਨੂੰ ਮਿਲੀ ਜਿਹ ਦੇ ਵਿੱਚ ਭੇਤ ਬੁਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ।” ਰਸੂਲ ਪੌਲੁਸ ਉਸ ਲੜਕੀ ਨੂੰ ਇਸ ਦੁਸ਼ਟ ਆਤਮਾ ਦੀ ਸ਼ਕਤੀ ਤੋਂ ਛੁੱਡਾ ਸਕਿਆ, ਅਤੇ ਇਸ ਤੋਂ ਬਾਅਦ ਉਹ ਕਦੇ ਵੀ ਭਵਿੱਖਬਾਣੀ ਨਹੀਂ ਕਰ ਸਕੀ।—ਰਸੂਲਾਂ ਦੇ ਕਰਤੱਬ 16:16-19.

15. (ੳ) ਕਿਹੜੀਆਂ ਕੁਝ ਚੀਜ਼ਾਂ ਪ੍ਰੇਤਵਾਦ ਨਾਲ ਸੰਬੰਧ ਰੱਖਦੀਆਂ ਹਨ? (ਅ) ਅਜਿਹੀਆਂ ਚੀਜ਼ਾਂ ਵਿਚ ਹਿੱਸਾ ਲੈਣਾ ਖ਼ਤਰਨਾਕ ਕਿਉਂ ਹੈ?

15 ਅਨੇਕ ਵਿਅਕਤੀ ਪ੍ਰੇਤਵਾਦ ਵਿਚ ਦਿਲਚਸਪੀ ਰੱਖਦੇ ਹਨ ਕਿਉਂਕਿ ਇਹ ਰਹੱਸਮਈ ਅਤੇ ਅਜੀਬ ਹੈ। ਇਹ ਉਨ੍ਹਾਂ ਨੂੰ ਲੁਭਾਉਂਦਾ ਹੈ। ਇਸ ਲਈ ਉਹ ਟੂਣਾ, ਕਾਲਾ ਇਲਮ, ਸੰਮੋਹਨ, ਜਾਦੂਗਰੀ, ਜੋਤਸ਼-ਵਿਦਿਆ, ਵੀਜਾ ਬੋਰਡ ਯਾ ਪ੍ਰੇਤਵਾਦ ਦੇ ਨਾਲ ਸੰਬੰਧਿਤ ਕੁਝ ਹੋਰ ਚੀਜ਼ਾਂ ਦੇ ਲਪੇਟ ਵਿਚ ਆ ਜਾਂਦੇ ਹਨ। ਉਹ ਸ਼ਾਇਦ ਇਨ੍ਹਾਂ ਚੀਜ਼ਾਂ ਬਾਰੇ ਕਿਤਾਬਾਂ ਪੜ੍ਹਨ, ਯਾ ਉਨ੍ਹਾਂ ਬਾਰੇ ਫ਼ਿਲਮਾਂ ਯਾ ਟੈਲੀਵਿਯਨ ਪ੍ਰੋਗਰਾਮ ਦੇਖਣ। ਉਹ ਸ਼ਾਇਦ ਕਿਸੇ ਸਭਾ ਵਿਚ ਵੀ ਹਾਜ਼ਰ ਹੋਣ ਜਿੱਥੇ ਇਕ ਮਾਧਿਅਮ ਆਤਮਿਕ ਦੁਨੀਆਂ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਕ ਵਿਅਕਤੀ ਲਈ ਜੋ ਸੱਚੇ ਪਰਮੇਸ਼ੁਰ ਦੀ ਸੇਵਾ ਕਰਨਾ ਚਾਹੁੰਦਾ ਹੈ ਇਹ ਸਭ ਕੁਝ ਬੁੱਧੀਮਤਾ ਨਹੀਂ ਹੈ। ਇਹ ਖ਼ਤਰਨਾਕ ਵੀ ਹੈ। ਇਹ ਹੁਣ ਵਾਸਤਵ ਸੰਕਟ ਵਿਚ ਲੈ ਜਾ ਸਕਦਾ ਹੈ। ਇਸ ਦੇ ਨਾਲ ਹੀ, ਪਰਮੇਸ਼ੁਰ ਸਾਰੇ ਪ੍ਰੇਤਵਾਦ ਦੇ ਅਭਿਆਸ ਕਰਨ ਵਾਲਿਆਂ ਦਾ ਨਿਆਂ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਆਪ ਤੋਂ ਦੂਰ ਕਰੇਗਾ।—ਪਰਕਾਸ਼ ਦੀ ਪੋਥੀ 22:15.

16. ਬਾਈਬਲ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦੀ ਹੈ ਕਿ ਮਸੀਹੀਆਂ ਦੇ ਸਾਮ੍ਹਣੇ ਦੁਸ਼ਟ ਆਤਮਾਵਾਂ ਦੇ ਵਿਰੁੱਧ ਲੜਾਈ ਹੈ?

16 ਭਾਵੇਂ ਇਕ ਵਿਅਕਤੀ ਪ੍ਰੇਤਵਾਦ ਤੋਂ ਬਚੇ ਰਹਿਣ ਲਈ ਜੋ ਕੁਝ ਕਰ ਸਕਦਾ ਹੈ, ਉਹ ਕਰਦਾ ਵੀ ਹੋਵੇ ਫਿਰ ਵੀ ਉਹ ਦੁਸ਼ਟ ਆਤਮਾਵਾਂ ਦੇ ਹਮਲੇ ਦੇ ਅਧੀਨ ਆ ਸਕਦਾ ਹੈ। ਯਾਦ ਕਰੋ ਕਿ ਯਿਸੂ ਮਸੀਹ ਨੂੰ ਪਰਮੇਸ਼ੁਰ ਦਾ ਕਾਨੂੰਨ ਤੋੜਨ ਲਈ ਪਰਤਾਉਂਦੇ ਹੋਏ, ਇਬਲੀਸ ਦੀ ਆਪਣੀ ਆਵਾਜ਼ ਸੁਣਾਈ ਦਿੱਤੀ ਸੀ। (ਮੱਤੀ 4:8, 9) ਪਰਮੇਸ਼ੁਰ ਦੇ ਹੋਰ ਸੇਵਕਾਂ ਉੱਤੇ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਰਸੂਲ ਪੌਲੁਸ ਨੇ ਆਖਿਆ: “ਸਾਡੀ ਲੜਾਈ . . . ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਇਸ ਦਾ ਅਰਥ ਹੈ ਕਿ ਪਰਮੇਸ਼ੁਰ ਦੇ ਹਰ ਸੇਵਕ ਨੂੰ ਚਾਹੀਦਾ ਹੈ ਕਿ ਉਹ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰ ਲੈਣ ਭਈ [ਉਹ] ਬੁਰੇ ਦਿਨ ਵਿੱਚ ਸਾਹਮਣਾ ਕਰ ਸਕੇ।’—ਅਫ਼ਸੀਆਂ 6:11-13.

ਦੁਸ਼ਟ ਆਤਮਾਵਾਂ ਦੇ ਹਮਲਿਆਂ ਦਾ ਸਾਮ੍ਹਣਾ ਕਰਨਾ

17. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਗਰ ਆਤਮਿਕ ਦੁਨੀਆਂ ਵਿਚੋਂ ਇਕ “ਆਵਾਜ਼” ਤੁਹਾਡੇ ਨਾਲ ਬੋਲੇ?

17 ਅਗਰ ਆਤਮਿਕ ਦੁਨੀਆਂ ਤੋਂ ਇਕ “ਆਵਾਜ਼” ਤੁਹਾਡੇ ਨਾਲ ਗੱਲ ਕਰੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਗਰ ਉਹ “ਆਵਾਜ਼” ਇਕ ਮਰੇ ਹੋਏ ਰਿਸ਼ਤੇਦਾਰ ਯਾ ਇਕ ਅੱਛੀ ਆਤਮਾ ਹੋਣ ਦਾ ਢੌਂਗ ਕਰੇ ਤਾਂ ਕੀ? ਭਲਾ, ਯਿਸੂ ਨੇ ਕੀ ਕੀਤਾ ਸੀ ਜਦੋਂ “ਭੂਤਾਂ ਦੇ ਸਰਦਾਰ” ਨੇ ਉਸ ਨਾਲ ਗੱਲ ਕੀਤੀ ਸੀ? (ਮੱਤੀ 9:34) ਉਸ ਨੇ ਆਖਿਆ: “ਹੇ ਸ਼ਤਾਨ ਚੱਲਿਆ ਜਾਹ!” (ਮੱਤੀ 4:10) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਨਾਲੇ, ਤੁਸੀਂ ਯਹੋਵਾਹ ਨੂੰ ਸਹਾਇਤਾ ਲਈ ਪੁਕਾਰ ਸਕਦੇ ਹੋ। ਉੱਚੀ ਆਵਾਜ਼ ਨਾਲ ਪ੍ਰਾਰਥਨਾ ਕਰੋ ਅਤੇ ਪਰਮੇਸ਼ੁਰ ਦੇ ਨਾਂ ਦਾ ਇਸਤੇਮਾਲ ਕਰੋ। ਯਾਦ ਰੱਖੋ ਕਿ ਉਹ ਦੁਸ਼ਟ ਆਤਮਾਵਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਬੁੱਧੀਮਤਾ ਦੇ ਰਾਹ ਉੱਤੇ ਚਲੋ। ਆਤਮਿਕ ਦੁਨੀਆਂ ਵਿਚੋਂ ਅਜਿਹੀਆਂ ਆਵਾਜ਼ਾਂ ਨੂੰ ਨਾ ਸੁਣੋ। (ਕਹਾਉਤਾਂ 18:10; ਯਾਕੂਬ 4:7) ਇਸ ਦਾ ਅਰਥ ਇਹ ਨਹੀਂ ਹੈ ਕਿ ਹਰ ਇਕ ਜਿਹੜਾ “ਆਵਾਜ਼ਾਂ” ਸੁਣਦਾ ਹੈ ਉਸ ਨਾਲ ਪਿਸ਼ਾਚ ਗੱਲ ਕਰ ਰਹੇ ਹਨ। ਕਈ ਵਾਰ ਆਵਾਜ਼ਾਂ ਦਾ ਸੁਣਨਾ ਕਿਸੇ ਖ਼ਾਸ ਸਰੀਰਕ ਯਾ ਮਾਨਸਿਕ ਬੀਮਾਰੀਆਂ ਦੇ ਕਾਰਨ ਹੁੰਦਾ ਹੈ।

18. ਅਨੁਕਰਣ ਕਰਨ ਲਈ ਅਫ਼ਸੁਸ ਵਿਚ ਪਹਿਲੇ ਮਸੀਹੀਆਂ ਦੀ ਕਿਹੜੀ ਅੱਛੀ ਮਿਸਾਲ ਹੈ ਅਗਰ ਇਕ ਵਿਅਕਤੀ ਪ੍ਰੇਤਵਾਦ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ?

18 ਹੋ ਸਕਦਾ ਹੈ ਕਿ ਕਿਸੇ ਸਮੇਂ ਤੁਸੀਂ ਪ੍ਰੇਤਵਾਦ ਦੇ ਕਿਸੇ ਅਭਿਆਸ ਵਿਚ ਹਿੱਸਾ ਲਿਆ ਹੋਵੇ ਅਤੇ ਹੁਣ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਤੁਸੀਂ ਕੀ ਕਰ ਸਕਦੇ ਹੋ? ਖੈਰ, ਅਫ਼ਸੁਸ ਦੇ ਪਹਿਲੇ ਮਸੀਹੀਆਂ ਦੀ ਮਿਸਾਲ ਉੱਤੇ ਵਿਚਾਰ ਕਰੋ। ਉਨ੍ਹਾਂ ਵੱਲੋਂ “ਯਹੋਵਾਹ ਦਾ ਬਚਨ” ਸਵੀਕਾਰ ਕਰਨ ਤੋਂ ਬਾਅਦ, ਜਿਸ ਦਾ ਰਸੂਲ ਪੌਲੁਸ ਨੇ ਪ੍ਰਚਾਰ ਕੀਤਾ ਸੀ, ਬਾਈਬਲ ਆਖਦੀ ਹੈ: “ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ।” ਅਤੇ ਇਨ੍ਹਾਂ ਪੋਥੀਆਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸੀ! (ਰਸੂਲਾਂ ਦੇ ਕਰਤੱਬ 19:19, 20) ਇਨ੍ਹਾਂ ਲੋਕਾਂ ਦਾ ਅਨੁਕਰਣ ਕਰਦੇ ਹੋਏ ਜਿਹੜੇ ਅਫ਼ਸੁਸ ਵਿਚ ਮਸੀਹ ਦੇ ਚੇਲੇ ਬਣੇ ਸਨ, ਅਗਰ ਤੁਹਾਡੇ ਪਾਸ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸਿੱਧੇ ਤੌਰ ਤੇ ਪ੍ਰੇਤਵਾਦ ਨਾਲ ਸੰਬੰਧ ਰੱਖਦੀਆਂ ਹਨ ਤਾਂ ਬੁੱਧੀਮਤਾ ਦਾ ਰਾਹ ਇਹ ਹੈ ਕਿ ਉਨ੍ਹਾਂ ਨੂੰ ਨਸ਼ਟ ਕਰ ਦਿਓ ਭਾਵੇਂ ਉਹ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਣ।

19. (ੳ) ਜ਼ਿਆਦਾ ਵਿਅਕਤੀ ਜੋ ਪ੍ਰੇਤਵਾਦ ਵਿਚ ਹਿੱਸਾ ਲੈਂਦੇ ਹਨ ਕੀ ਨਹੀਂ ਜਾਣਦੇ ਹਨ? (ਅ) ਅਗਰ ਅਸੀਂ ਸਦਾ ਲਈ ਧਰਤੀ ਉੱਤੇ ਖੁਸ਼ੀ ਵਿਚ ਰਹਿਣਾ ਚਾਹੁੰਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ?

19 ਕਿਉਂਕਿ ਅੱਜ ਅਨੋਖੀਆਂ ਅਤੇ ਰਹੱਸਮਈ ਚੀਜ਼ਾਂ ਵਿਚ ਇੰਨੀ ਦਿਲਚਸਪੀ ਪਾਈ ਜਾਂਦੀ ਹੈ, ਵੱਧ ਤੋਂ ਵੱਧ ਲੋਕ ਪ੍ਰੇਤਵਾਦ ਦੇ ਲਪੇਟ ਵਿਚ ਆ ਰਹੇ ਹਨ। ਪਰ, ਇਨ੍ਹਾਂ ਵਿਚੋਂ ਜ਼ਿਆਦਾ ਵਿਅਕਤੀ ਇਹ ਨਹੀਂ ਜਾਣਦੇ ਹਨ ਕਿ ਉਹ ਅਸਲ ਵਿਚ ਦੁਸ਼ਟ ਆਤਮਾਵਾਂ ਦੇ ਲਪੇਟ ਵਿਚ ਆ ਰਹੇ ਹਨ। ਇਹ ਕੋਈ ਭੋਲੀ-ਭਾਲੀ ਖੇਡ ਨਹੀਂ ਹੈ। ਦੁਸ਼ਟ ਆਤਮਾਵਾਂ ਕੋਲ ਦੁੱਖ ਅਤੇ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਹੈ। ਉਹ ਦੂਸ਼ਿਤ ਹਨ। ਅਤੇ, ਇਸ ਤੋਂ ਪਹਿਲਾਂ ਕਿ ਮਸੀਹ ਉਨ੍ਹਾਂ ਨੂੰ ਸਦਾ ਲਈ ਵਿਨਾਸ਼ ਵਿਚ ਕੈਦ ਕਰ ਦੇਵੇ, ਮਨੁੱਖਾਂ ਨੂੰ ਆਪਣੀ ਦੁਸ਼ਟ ਸ਼ਕਤੀ ਦੇ ਅਧੀਨ ਲਿਆਉਣ ਲਈ ਉਨ੍ਹਾਂ ਕੋਲੋਂ ਜੋ ਕੁਝ ਵੀ ਹੋ ਸਕਦਾ ਹੈ ਉਹ ਕਰ ਰਹੀਆਂ ਹਨ। (ਮੱਤੀ 8:28, 29) ਇਸ ਲਈ ਅਗਰ ਤੁਸੀਂ ਸਾਰੀ ਦੁਸ਼ਟਤਾ ਦੇ ਖ਼ਤਮ ਹੋਣ ਤੋਂ ਬਾਅਦ ਧਰਤੀ ਉੱਤੇ ਸਦਾ ਲਈ ਖੁਸ਼ੀ ਵਿਚ ਰਹਿਣਾ ਚਾਹੁੰਦੇ ਹੋ, ਤੁਹਾਨੂੰ ਹਰ ਪ੍ਰਕਾਰ ਦੇ ਪ੍ਰੇਤਵਾਦ ਤੋਂ ਪਰੇ ਰਹਿ ਕੇ ਪਿਸ਼ਾਚਾਂ ਦੀ ਸ਼ਕਤੀ ਤੋਂ ਬਚੇ ਰਹਿਣ ਦੀ ਜ਼ਰੂਰਤ ਹੈ।

[ਸਫ਼ੇ 91 ਉੱਤੇ ਤਸਵੀਰ]

ਏਨਦੋਰ ਦੀ ਪ੍ਰੇਤ-ਮਾਧਿਅਮ ਨੇ ਕਿਸ ਨਾਲ ਸੰਪਰਕ ਸਥਾਪਿਤ ਕੀਤਾ ਸੀ?

[ਸਫ਼ੇ 92, 93 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਦੂਤਮਈ ਪੁੱਤਰਾਂ ਨੇ ਆਦਮੀਆਂ ਦੀਆਂ ਧੀਆਂ ਨੂੰ ਵੇਖਿਆ

[ਸਫ਼ੇ 94 ਉੱਤੇ ਤਸਵੀਰ]

ਜਿਨ੍ਹਾਂ ਦੂਤਾਂ ਨੇ ਭੌਤਿਕ ਸਰੀਰ ਧਾਰੇ ਹੋਏ ਸਨ ਉਹ ਨਹੀਂ ਡੁੱਬੇ। ਉਹ ਆਪਣੇ ਸਰੀਰਕ ਜਿਸਮ ਉਤਾਰ ਕੇ ਸਵਰਗ ਨੂੰ ਵਾਪਸ ਚਲੇ ਗਏ

[ਸਫ਼ੇ 97 ਉੱਤੇ ਤਸਵੀਰ]

ਬਾਈਬਲ ਚੇਤਾਵਨੀ ਦਿੰਦੀ ਹੈ: ‘ਪ੍ਰੇਤਵਾਦ ਦੇ ਹਰ ਰੂਪ ਤੋਂ ਪਰੇ ਰਹੋ’

[ਸਫ਼ੇ 98 ਉੱਤੇ ਤਸਵੀਰ]

ਅਫ਼ਸੁਸ ਵਿਚ ਜਿਹੜੇ ਮਸੀਹੀ ਬਣੇ ਸਨ ਉਨ੍ਹਾਂ ਨੇ ਪ੍ਰੇਤਵਾਦ ਬਾਰੇ ਆਪਣੀਆਂ ਪੋਥੀਆਂ ਜਲਾ ਦਿੱਤੀਆਂ — ਸਾਡੇ ਲਈ ਅੱਜ ਇਕ ਅੱਛੀ ਮਿਸਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ