ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ?
“ਜੇ ਕਿਸੇ ਚੀਜ਼ ਦੀ ਲੋੜ ਹੈ, ਤਾਂ ਮੈਨੂੰ ਦੱਸ ਦਿਓ।” ਸ਼ਾਇਦ ਅਸੀਂ ਸੋਗ ਮਨਾ ਰਹੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਇੱਦਾਂ ਕਿਹਾ ਹੋਵੇ। ਪਰ ਕੀ ਉਹ ਸਾਨੂੰ ਕਦੇ ਇੱਦਾਂ ਕਹੇਗਾ ਕਿ “ਹਾਂ, ਤੁਸੀਂ ਮੇਰੇ ਲਈ ਆਹ ਕੰਮ ਕਰ ਦਿਓ . . . ”? ਨਹੀਂ। ਭਾਵੇਂ ਅਸੀਂ ਸੱਚ-ਮੁੱਚ ਉਨ੍ਹਾਂ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦੇ ਹਾਂ, ਪਰ ਉਹ ਸ਼ਾਇਦ ਸਾਨੂੰ ਕੁਝ ਕਰਨ ਲਈ ਨਹੀਂ ਕਹੇਗਾ। ਤਾਂ ਫਿਰ, ਜੇ ਅਸੀਂ ਸੱਚ-ਮੁੱਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਆਪ ਕਦਮ ਚੁੱਕ ਕੇ ਕੁਝ ਕਰਨਾ ਚਾਹੀਦਾ ਹੈ।
ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਠੀਕ ਸਮੇਂ ਤੇ ਕਹੀ ਗਈ ਗੱਲ, ਚਾਂਦੀ ਦੀ ਥਾਲੀ ਵਿਚ ਰੱਖੇ ਸੋਨੇ ਦੇ ਸੇਬ ਦੇ ਬਰਾਬਰ ਹੈ।” (ਕਹਾਉਤਾਂ 15:23; 25:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਚਾਹੀਦਾ ਅਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਬਾਈਬਲ ਵਿੱਚੋਂ ਹੇਠਾਂ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਅਸੀਂ ਸੋਗ ਮਨਾਉਣ ਵਾਲੇ ਲੋਕਾਂ ਦੀ ਮਦਦ ਕਰ ਸਕਦੇ ਹਾਂ।
ਕੀ ਕਰਨਾ ਚਾਹੀਦਾ ਹੈ . . .
ਉਨ੍ਹਾਂ ਦੀ ਗੱਲ ਸੁਣੋ: ਯਾਕੂਬ 1:19 ਕਹਿੰਦਾ ਹੈ ਕਿ ਸਾਨੂੰ ‘ਸੁਣਨ ਵਿੱਚ ਕਾਹਲੇ’ ਹੋਣਾ ਚਾਹੀਦਾ ਹੈ। ਸੋਗ ਮਨਾਉਣ ਵਾਲਿਆਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਉਨ੍ਹਾਂ ਦੇ ਦਿਲ ਦੀ ਗੱਲ ਸੁਣਨੀ। ਉਹ ਸ਼ਾਇਦ ਆਪਣੇ ਅਜ਼ੀਜ਼ ਬਾਰੇ ਗੱਲ ਕਰਨੀ ਚਾਹੁੰਦੇ ਹੋਣ ਕਿ ਉਨ੍ਹਾਂ ਦੀ ਮੌਤ ਕਿੱਦਾਂ ਹੋਈ ਜਾਂ ਉਹ ਸ਼ਾਇਦ ਆਪਣੇ ਜਜ਼ਬਾਤਾਂ ਬਾਰੇ ਗੱਲ ਕਰਨੀ ਚਾਹੁੰਦੇ ਹੋਣ। ਪਰ ਜੇ ਸਾਨੂੰ ਲੱਗਦਾ ਹੈ ਕਿ ਉਹ ਗੱਲ ਕਰਨ ਤੋਂ ਜਕਦੇ ਹਨ, ਤਾਂ ਅਸੀਂ ਖ਼ੁਦ ਇਨ੍ਹਾਂ ਗੱਲਾਂ ਬਾਰੇ ਪੁੱਛ ਸਕਦੇ ਹਾਂ। ਜੇ ਉਹ ਚਾਹੁੰਦੇ ਹਨ, ਤਾਂ ਉਹ ਸਾਡੇ ਨਾਲ ਆਪਣਾ ਦੁੱਖ ਸਾਂਝਾ ਕਰ ਸਕਦੇ ਹਨ। ਇਕ ਨੌਜਵਾਨ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਸ ਦਾ ਪਿਤਾ ਪੂਰਾ ਹੋਇਆ। ਉਸ ਨੇ ਕਿਹਾ: “ਮੇਰੀ ਉਦੋਂ ਬਹੁਤ ਸਹਾਇਤਾ ਹੋਈ ਜਦੋਂ ਦੂਸਰਿਆਂ ਨੇ ਪੁੱਛਿਆ ਕਿ ਮੇਰੇ ਪਿਤਾ ਜੀ ਨੂੰ ਕੀ ਹੋਇਆ ਸੀ ਅਤੇ ਫਿਰ ਧਿਆਨ ਨਾਲ ਮੇਰੀ ਗੱਲ ਸੁਣੀ।” ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਸੋਗ ਮਨਾਉਣ ਵਾਲਿਆਂ ਦੇ ਸਵਾਲਾਂ ਦਾ ਜਵਾਬ ਦੇਣ ਜਾਂ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਲੋੜ ਹੈ। ਉਹ ਜੋ ਮਰਜ਼ੀ ਕਹਿਣਾ ਚਾਹੁੰਦੇ ਹਨ ਸਾਨੂੰ ਉਨ੍ਹਾਂ ਦੀ ਗੱਲ ਧੀਰਜ ਅਤੇ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ।
ਉਨ੍ਹਾਂ ਨੂੰ ਤਸੱਲੀ ਦਿਓ: ਅਸੀਂ ਸੋਗ ਮਨਾਉਣ ਵਾਲਿਆਂ ਨੂੰ ਇਹ ਕਹਿ ਕੇ ਤਸੱਲੀ ਦੇ ਸਕਦੇ ਹਾਂ ਕਿ ਉਨ੍ਹਾਂ ਨੇ ਆਪਣੇ ਅਜ਼ੀਜ਼ ਦੀ ਦੇਖ-ਭਾਲ ਵਿਚ ਕੋਈ ਕਮੀ ਨਹੀਂ ਛੱਡੀ। ਜੇ ਉਹ ਉਦਾਸੀ, ਗੁੱਸਾ, ਦੋਸ਼ੀ ਜਾਂ ਕਿਸੇ ਹੋਰ ਭਾਵਨਾ ਨਾਲ ਜੱਦੋ-ਜਹਿਦ ਕਰ ਰਹੇ ਹੋਣ, ਤਾਂ ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ। ਅਸੀਂ ਉਨ੍ਹਾਂ ਨੂੰ ਦੂਸਰਿਆਂ ਬਾਰੇ ਦੱਸ ਸਕਦੇ ਹਾਂ ਜਿਨ੍ਹਾਂ ਨੇ ਅਜਿਹਾ ਹੀ ਵਿਛੋੜਾ ਜਿਗਰਾ ਰੱਖ ਕੇ ਸਹਾਰਿਆ ਹੈ। ਕਹਾਉਤਾਂ 16:24 ਕਹਿੰਦਾ ਹੈ ਕਿ ਅਜਿਹੇ ‘ਸ਼ੁਭ ਬਚਨ ਹੱਡੀਆਂ ਨੂੰ ਸਿਹਤ ਦਿੰਦੇ ਹਨ।’—1 ਥੱਸਲੁਨੀਕੀਆਂ 5:11, 14.
ਉਨ੍ਹਾਂ ਨੂੰ ਸਹਾਰਾ ਦਿਓ: ਪਹਿਲੇ ਕੁਝ ਦਿਨਾਂ ਲਈ ਕਈ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਫਿਰ ਉਹ ਆਪਣੇ ਕੰਮਾਂ-ਕਾਰਾਂ ਵਿਚ ਲੱਗ ਜਾਂਦੇ ਹਨ। ਪਰ ਸੋਗ ਮਨਾ ਰਹੇ ਬੰਦੇ ਨੂੰ ਮਹੀਨਿਆਂ ਬਾਅਦ ਵੀ ਸਹਾਰੇ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਇਕ ‘ਸੱਚਾ ਸਾਥੀ’ ਬਣ ਕੇ “ਬਿਪਤਾ” ਦੇ ਦਿਨ ਉਸ ਨੂੰ ਸਹਾਰਾ ਦੇ ਸਕਦੇ ਹਾਂ। (ਕਹਾਉਤਾਂ 17:17) ਟਰੀਸੀਆ ਦਾ ਬੱਚਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ ਦੱਸਿਆ: “ਸ਼ਾਮ ਨੂੰ ਸੁੰਨੇ ਘਰ ਵਿਚ ਸਾਡਾ ਜੀ ਨਹੀਂ ਸੀ ਲੱਗਦਾ ਅਤੇ ਅਸੀਂ ਬਹੁਤ ਹੀ ਉਦਾਸ ਹੋ ਜਾਂਦੇ ਸਾਂ। ਇਸ ਲਈ ਸਾਡੇ ਮਿੱਤਰ ਸ਼ਾਮ ਵੇਲੇ ਸਾਡੇ ਘਰ ਆਉਂਦੇ ਹੁੰਦੇ ਸੀ। ਇਸ ਨਾਲ ਸਾਨੂੰ ਆਪਣੇ ਸੁੰਨੇਪਨ ਨੂੰ ਦੂਰ ਕਰਨ ਵਿਚ ਮਦਦ ਮਿਲੀ।” ਕਈ ਸਾਲਾਂ ਤਕ ਖ਼ਾਸ ਮੌਕਿਆਂ ਤੇ, ਜਿੱਦਾਂ ਕਿ ਸ਼ਾਦੀ ਦੀ ਸਾਲ-ਗਿਰ੍ਹਾ ਜਾਂ ਮੌਤ ਦੀ ਤਾਰੀਖ਼ ਤੇ, ਦਿਲ ਦਾ ਜ਼ਖ਼ਮ ਫਿਰ ਹਰਾ ਹੋ ਸਕਦਾ ਹੈ। ਕਿਉਂ ਨਾ ਅਸੀਂ ਅਜਿਹੀਆਂ ਤਾਰੀਖ਼ਾਂ ਨੂੰ ਆਪਣੇ ਕਲੰਡਰ ਤੇ ਲਿਖੀਏ ਤਾਂਕਿ ਅਸੀਂ ਉਨ੍ਹਾਂ ਸਮਿਆਂ ਤੇ ਸੋਗ ਮਨਾਉਣ ਵਾਲਿਆਂ ਨੂੰ ਹਮਦਰਦੀ ਨਾਲ ਹੌਸਲਾ ਦੇ ਸਕੀਏ।
ਜੇ ਸਾਨੂੰ ਲੱਗੇ ਕਿ ਕੋਈ ਕੰਮ ਕਰਨ ਵਾਲਾ ਹੈ, ਤਾਂ ਸਾਨੂੰ ਕਰ ਲੈਣਾ ਚਾਹੀਦਾ ਹੈ
ਉਨ੍ਹਾਂ ਦੀ ਮਦਦ ਕਰਨ ਵਿਚ ਪਹਿਲ ਕਰੋ: ਕੀ ਅਸੀਂ ਉਨ੍ਹਾਂ ਦੇ ਕਿਸੇ ਕੰਮ ਵਿਚ ਹੱਥ ਵਟਾ ਸਕਦੇ ਹਾਂ? ਕੀ ਅਸੀਂ ਉਨ੍ਹਾਂ ਦੇ ਬੱਚਿਆਂ ਦੀ ਦੇਖ-ਭਾਲ ਕਰ ਸਕਦੇ ਹਾਂ? ਕੀ ਦੂਰੋਂ ਆਏ ਹੋਏ ਦੋਸਤ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਅਸੀਂ ਆਪਣੇ ਘਰ ਰੱਖ ਸਕਦੇ ਹਾਂ? ਸਦਮਾ ਲੱਗਣ ਤੋਂ ਬਾਅਦ ਬੰਦੇ ਨੂੰ ਤਾਂ ਖ਼ੁਦ ਵੀ ਨਹੀਂ ਪਤਾ ਹੁੰਦਾ ਕਿ ਉਸ ਨੂੰ ਕੀ ਕਰਨ ਦੀ ਲੋੜ ਹੈ, ਇਸ ਲਈ ਉਹ ਦੂਸਰਿਆਂ ਦੀ ਮਦਦ ਕਿੱਦਾਂ ਮੰਗ ਸਕਦਾ ਹੈ? ਤਾਂ ਫਿਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ‘ਉਨ੍ਹਾਂ ਨੇ ਮੈਨੂੰ ਕੁਝ ਕਰਨ ਲਈ ਕਿਹਾ ਨਹੀਂ,’ ਸਗੋਂ ਜੇ ਸਾਨੂੰ ਲੱਗੇ ਕਿ ਕੋਈ ਕੰਮ ਕਰਨ ਵਾਲਾ ਹੈ, ਤਾਂ ਸਾਨੂੰ ਕਰ ਲੈਣਾ ਚਾਹੀਦਾ ਹੈ। (1 ਕੁਰਿੰਥੀਆਂ 10:24; 1 ਯੂਹੰਨਾ 3:17, 18 ਦੀ ਤੁਲਨਾ ਕਰੋ।) ਇਕ ਔਰਤ, ਜਿਸ ਦਾ ਪਤੀ ਪੂਰਾ ਹੋ ਗਿਆ ਸੀ, ਨੇ ਦੱਸਿਆ: “ਕਈਆਂ ਨੇ ਮੈਨੂੰ ਕਿਹਾ, ‘ਜੇ ਕੋਈ ਕੰਮ ਕਰਨ ਵਾਲਾ ਹੋਵੇ, ਤਾਂ ਜ਼ਰੂਰ ਮੈਨੂੰ ਦੱਸਣਾ।’ ਪਰ ਇਕ ਸਹੇਲੀ ਨੇ ਪੁੱਛੇ ਬਿਨਾਂ ਮੇਰੀ ਬਹੁਤ ਮਦਦ ਕੀਤੀ। ਉਸ ਨੇ ਬੈੱਡ ਤੋਂ ਉਨ੍ਹਾਂ ਚਾਦਰਾਂ ਨੂੰ ਲਾਹ ਕੇ ਧੋ ਦਿੱਤਾ ਜੋ ਮੇਰੇ ਪਤੀ ਦੀ ਮੌਤ ਵੇਲੇ ਮੈਲੀਆਂ ਹੋ ਗਈਆਂ ਸਨ। ਇਕ ਹੋਰ ਸਹੇਲੀ ਨੇ ਇਕ ਪਾਣੀ ਦੀ ਬਾਲਟੀ ਤੇ ਸਾਬਣ ਲੈ ਕੇ ਗ਼ਲੀਚਾ ਸਾਫ਼ ਕਰ ਦਿੱਤਾ ਜਿੱਥੇ ਮੇਰੇ ਪਤੀ ਨੇ ਉਲਟੀ ਕੀਤੀ ਸੀ। ਕੁਝ ਹਫ਼ਤਿਆਂ ਬਾਅਦ ਇਕ ਮਸੀਹੀ ਭਰਾ ਆਪਣੇ ਸੰਦਾਂ ਸਮੇਤ ਕੰਮ ਵਾਲੇ ਕੱਪੜੇ ਪਹਿਨ ਕੇ ਮੇਰੇ ਘਰ ਆਇਆ। ਉਸ ਨੇ ਕਿਹਾ: ‘ਕੋਈ-ਨ-ਕੋਈ ਕੰਮ ਤਾਂ ਜ਼ਰੂਰ ਕਰਨ ਵਾਲਾ ਹੋਵੇਗਾ, ਤੁਸੀਂ ਦੱਸੋ ਮੈਂ ਕੀ ਕਰਾਂ?’ ਉਸ ਪਿਆਰੇ ਭਰਾ ਨੇ ਨਾਲੇ ਤਾਂ ਮੇਰੇ ਘਰ ਦੇ ਇਕ ਦਰਵਾਜ਼ੇ ਦੇ ਕਬਜ਼ੇ ਜੋੜੇ ਅਤੇ ਨਾਲੇ ਬਿਜਲੀ ਦਾ ਕੁਝ ਕੰਮ ਕੀਤਾ।”—ਯਾਕੂਬ 1:27 ਦੀ ਤੁਲਨਾ ਕਰੋ।
ਉਨ੍ਹਾਂ ਨੂੰ ਆਪਣੇ ਘਰ ਬੁਲਾਓ: ਬਾਈਬਲ ਕਹਿੰਦੀ ਹੈ: “ਪਰਾਹੁਣਚਾਰੀ ਕਰਨੀ ਨਾ ਭੁੱਲਿਓ।” (ਇਬਰਾਨੀਆਂ 13:2) ਸੋਗ ਮਨਾਉਣ ਵਾਲਿਆਂ ਨੂੰ ਇਹ ਕਹਿਣ ਦੀ ਬਜਾਇ ਕਿ “ਤੁਸੀਂ ਜਦੋਂ ਮਰਜ਼ੀ ਆਜਿਓ,” ਇਹ ਚੰਗਾ ਹੋਵੇਗਾ ਜੇ ਅਸੀਂ ਕੋਈ ਪੱਕਾ ਪ੍ਰੋਗ੍ਰਾਮ ਬਣਾਈਏ। ਜੇ ਉਹ ਨਾਂਹ ਵੀ ਕਰ ਦੇਣ, ਤਾਂ ਅਸੀਂ ਉਨ੍ਹਾਂ ਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸ਼ਾਇਦ ਉਨ੍ਹਾਂ ਨੇ ਇਸ ਲਈ ਨਾਂਹ ਕੀਤੀ ਹੋਵੇ ਕਿਉਂਕਿ ਉਹ ਦੂਸਰਿਆਂ ਦੇ ਸਾਮ੍ਹਣੇ ਰੋਣ ਤੋਂ ਘਬਰਾਉਂਦੇ ਹੋਣ ਜਾਂ ਸ਼ਾਇਦ ਉਹ ਸੋਚਣ ਕਿ ਅਜਿਹੇ ਸੋਗ-ਭਰੇ ਮੌਕੇ ਤੇ ਦੋਸਤਾਂ ਨਾਲ ਬੈਠ ਕੇ ਰੋਟੀ-ਪਾਣੀ ਦਾ ਆਨੰਦ ਮਾਣਨਾ ਠੀਕ ਨਹੀਂ ਲੱਗਦਾ। ਸਾਨੂੰ ਬਾਈਬਲ ਵਿਚ ਦਰਜ ਲੁਦਿਯਾ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ ਜੋ ਖੁੱਲ੍ਹੇ ਦਿਲ ਵਾਲੀ ਸੀ। ਲੂਕਾ ਨੇ ਦੱਸਿਆ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਘਰ ‘ਮੱਲੋ ਮੱਲੀ ਲੈ ਗਈ।’—ਰਸੂਲਾਂ ਦੇ ਕਰਤੱਬ 16:15.
ਧੀਰਜ ਰੱਖੋ ਅਤੇ ਸਮਝਦਾਰ ਹੋਵੋ: ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੋਗ ਮਨਾ ਰਹੇ ਲੋਕ ਸ਼ਾਇਦ ਗੁੱਸੇ ਵਿਚ ਹੋਣ ਜਾਂ ਦੋਸ਼ੀ ਮਹਿਸੂਸ ਕਰਦੇ ਹੋਣ। ਇਸ ਲਈ ਸਾਨੂੰ ਉਨ੍ਹਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਜੇ ਉਹ ਜਜ਼ਬਾਤੀ ਹੋ ਕੇ ਸਾਨੂੰ ਕੁਝ ਬੁਰਾ-ਭਲਾ ਕਹਿ ਦੇਣ, ਤਾਂ ਖਿਝਣ ਦੀ ਬਜਾਇ ਸਾਨੂੰ ਧੀਰਜ ਰੱਖਣ ਦੀ ਜ਼ਰੂਰਤ ਹੈ। ਬਾਈਬਲ ਇਹ ਸਲਾਹ ਦਿੰਦੀ ਹੈ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।”—ਕੁਲੁੱਸੀਆਂ 3:12, 13.
ਇਕ ਚਿੱਠੀ ਲਿਖੋ: ਅਕਸਰ ਲੋਕ ਸੋਗ-ਪੱਤਰ ਭੇਜਣ ਬਾਰੇ ਨਹੀਂ ਸੋਚਦੇ। ਚਿੱਠੀ ਲਿਖਣ ਦਾ ਕੀ ਫ਼ਾਇਦਾ ਹੋ ਸਕਦਾ ਹੈ? ਜਦੋਂ ਸਿੰਡੀ ਦੀ ਮਾਂ ਕੈਂਸਰ ਕਰਕੇ ਗੁਜ਼ਰ ਗਈ, ਤਾਂ ਉਸ ਨੇ ਦੱਸਿਆ: “ਇਕ ਸਹੇਲੀ ਨੇ ਮੈਨੂੰ ਇਕ ਬਹੁਤ ਸੋਹਣੀ ਚਿੱਠੀ ਲਿਖੀ। ਇਸ ਨੂੰ ਵਾਰ-ਵਾਰ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ।” ਭਾਵੇਂ ਅਸੀਂ ਅਜਿਹੀ ਚਿੱਠੀ ਜਾਂ ਕਾਰਡ ਵਿਚ “ਥੋੜ੍ਹੇ ਜਿਹੇ” ਸ਼ਬਦ ਲਿਖੀਏ, ਪਰ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਨੂੰ ਦਿਲੋਂ ਲਿਖੀਏ। (ਇਬਰਾਨੀਆਂ 13:22) ਤਾਂ ਫਿਰ, ਅਸੀਂ ਕੀ-ਕੀ ਲਿਖ ਸਕਦੇ ਹਾਂ? ਕਿ ਅਸੀਂ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਾਂ ਅਤੇ ਸਾਨੂੰ ਵੀ ਉਨ੍ਹਾਂ ਦੇ ਅਜ਼ੀਜ਼ ਦੀ ਯਾਦ ਆਉਂਦੀ ਹੈ ਜਿਸ ਦੇ ਨਾਲ ਅਸੀਂ ਵੀ ਖ਼ੁਸ਼ੀ ਦੇ ਪਲ ਬਿਤਾਏ ਸਨ।
ਉਨ੍ਹਾਂ ਨਾਲ ਪ੍ਰਾਰਥਨਾ ਕਰੋ: ਅਸੀਂ ਸੋਗ ਮਨਾਉਣ ਵਾਲਿਆਂ ਲਈ ਅਤੇ ਉਨ੍ਹਾਂ ਦੇ ਨਾਲ ਬੈਠ ਕੇ ਪ੍ਰਾਰਥਨਾ ਕਰ ਸਕਦੇ ਹਾਂ। ਸਾਨੂੰ ਪ੍ਰਾਰਥਨਾ ਦੀ ਤਾਕਤ ਨਹੀਂ ਭੁੱਲਣੀ ਚਾਹੀਦੀ। ਵੈਸੇ, ਬਾਈਬਲ ਕਹਿੰਦੀ ਹੈ: “ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।” (ਯਾਕੂਬ 5:16) ਮਿਸਾਲ ਲਈ, ਜਦੋਂ ਉਹ ਸਾਨੂੰ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਦੇ ਸੁਣਦੇ ਹਨ, ਤਾਂ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿਚ ਮਦਦ ਮਿਲ ਸਕਦੀ ਹੈ, ਜਿਵੇਂ ਕਿ ਗੁੱਸਾ ਜਾਂ ਦੋਸ਼ ਦੀਆਂ ਭਾਵਨਾਵਾਂ।—ਯਾਕੂਬ 5:13-15 ਦੀ ਤੁਲਨਾ ਕਰੋ।
ਕੀ ਨਹੀਂ ਕਰਨਾ ਚਾਹੀਦਾ . . .
ਹਸਪਤਾਲ ਵਿਚ ਜਾ ਕੇ ਅਸੀਂ ਸੋਗ ਮਨਾਉਣ ਵਾਲਿਆਂ ਨੂੰ ਹੌਸਲਾ ਦੇ ਸਕਦੇ ਹਾਂ
ਸੋਗ ਮਨਾ ਰਹੇ ਲੋਕਾਂ ਤੋਂ ਇਸ ਕਰਕੇ ਦੂਰ ਨਾ ਰਹੋ ਕਿਉਂਕਿ ਸਾਨੂੰ ਪਤਾ ਨਹੀਂ ਕਿ ਸਾਨੂੰ ਕੀ ਕਹਿਣਾ ਜਾਂ ਕਰਨਾ ਚਾਹੀਦਾ ਹੈ: ਅਸੀਂ ਸ਼ਾਇਦ ਆਪਣੇ ਚਿੱਤ ਵਿਚ ਕਹੀਏ ਕਿ ‘ਉਨ੍ਹਾਂ ਨੂੰ ਇਕੱਲੇ ਛੱਡਣਾ ਬਿਹਤਰ ਹੋਵੇਗਾ।’ ਪਰ ਸੱਚ ਸ਼ਾਇਦ ਇਹ ਹੈ ਕਿ ਅਸੀਂ ਕੁਝ ਗ਼ਲਤ ਕਹਿਣ ਜਾਂ ਕਰਨ ਤੋਂ ਘਬਰਾਉਂਦੇ ਹਾਂ। ਹੋ ਸਕਦਾ ਹੈ ਕਿ ਜੇ ਮਿੱਤਰ, ਰਿਸ਼ਤੇਦਾਰ ਜਾਂ ਮਸੀਹੀ ਭੈਣ-ਭਰਾ ਸੋਗ ਮਨਾ ਰਹੇ ਬੰਦੇ ਤੋਂ ਦੂਰ ਰਹਿਣ, ਤਾਂ ਸ਼ਾਇਦ ਉਹ ਹੋਰ ਵੀ ਉਦਾਸ ਤੇ ਦੁਖੀ ਹੋ ਜਾਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਆਰ ਦੇ ਦੋ ਸ਼ਬਦ ਕਹਿਣ ਨਾਲ ਜਾਂ ਕੋਈ ਕੰਮ ਕਰਨ ਨਾਲ ਬਹੁਤ ਫ਼ਰਕ ਪੈ ਸਕਦਾ ਹੈ। (ਅਫ਼ਸੀਆਂ 4:32) ਸਿਰਫ਼ ਤੁਹਾਨੂੰ ਦੇਖ ਕੇ ਹੀ ਉਨ੍ਹਾਂ ਨੂੰ ਬੜਾ ਹੌਸਲਾ ਮਿਲ ਸਕਦਾ ਹੈ। (ਰਸੂਲਾਂ ਦੇ ਕਰਤੱਬ 28:15 ਦੀ ਤੁਲਨਾ ਕਰੋ।) ਟਰੀਸੀਆ ਨੇ ਆਪਣੀ ਲੜਕੀ ਦੀ ਮੌਤ ਬਾਰੇ ਚੇਤੇ ਕਰਦਿਆਂ ਦੱਸਿਆ: “ਇਕ ਘੰਟੇ ਦੇ ਅੰਦਰ-ਅੰਦਰ ਹੀ ਹਸਪਤਾਲ ਦਾ ਕਮਰਾ ਸਾਡੇ ਦੋਸਤ-ਮਿੱਤਰਾਂ ਨਾਲ ਭਰ ਗਿਆ। ਕਲੀਸਿਯਾ ਦੇ ਸਾਰੇ ਬਜ਼ੁਰਗ ਅਤੇ ਉਨ੍ਹਾਂ ਦੀਆਂ ਪਤਨੀਆਂ ਆਈਆਂ ਹੋਈਆਂ ਸਨ। ਉਹ ਸਾਰੇ ਆਪਣੇ ਕੰਮ ਵਿਚ ਹੀ ਛੱਡ ਕੇ ਝਟਪਟ ਆ ਗਏ। ਉਨ੍ਹਾਂ ਨੇ ਕੱਪੜੇ ਬਦਲਣ ਜਾਂ ਵਾਲਾਂ ਵਿਚ ਕੰਘੀ ਫੇਰਨ ਬਾਰੇ ਵੀ ਨਹੀਂ ਸੋਚਿਆ। ਉਨ੍ਹਾਂ ਵਿੱਚੋਂ ਕਈਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਿਨ੍ਹਾਂ ਲਫ਼ਜ਼ਾਂ ਨਾਲ ਅਫ਼ਸੋਸ ਕਰਨ, ਪਰ ਸਾਡੇ ਲਈ ਇੰਨਾ ਹੀ ਕਾਫ਼ੀ ਸੀ ਕਿ ਉਨ੍ਹਾਂ ਨੇ ਉਸ ਵੇਲੇ ਆ ਕੇ ਸਾਨੂੰ ਹੌਸਲਾ ਦਿੱਤਾ।”
ਉਨ੍ਹਾਂ ਨੂੰ ਰੋਣ ਤੋਂ ਨਾ ਰੋਕੋ: ਅਸੀਂ ਸ਼ਾਇਦ ਕਹਿਣਾ ਚਾਹੀਏ ਕਿ ‘ਬੱਸ, ਬੱਸ, ਰੋ ਨਾ, ਰੋਣ ਨਾਲ ਕੁਝ ਨਹੀਂ ਬਣਦਾ।’ ਪਰ ਰੋਣ ਨਾਲ ਦਿਲ ਹੌਲਾ ਹੁੰਦਾ ਹੈ। ਕੈਥਰੀਨ ਆਪਣੇ ਪਤੀ ਦੀ ਮੌਤ ਬਾਰੇ ਯਾਦ ਕਰਦੀ ਹੋਈ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਸਾਨੂੰ ਸੋਗ ਮਨਾਉਣ ਵਾਲਿਆਂ ਨੂੰ ਹੰਝੂ ਵਹਾਉਣ ਤੋਂ ਰੋਕਣ ਦੀ ਬਜਾਇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਰੋ ਲੈਣ ਦੇਣਾ ਚਾਹੀਦਾ ਹੈ।” ਸਾਨੂੰ ਉਨ੍ਹਾਂ ਨੂੰ ਇਹ ਸਲਾਹ ਨਹੀਂ ਦੇਣੀ ਚਾਹੀਦੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ। ਨਾ ਹੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਸਾਮ੍ਹਣੇ ਸਾਨੂੰ ਰੋਣਾ ਨਹੀਂ ਚਾਹੀਦਾ। ਬਾਈਬਲ ਸਲਾਹ ਦਿੰਦੀ ਹੈ ਕਿ “ਰੋਣ ਵਾਲਿਆਂ ਨਾਲ ਰੋਵੋ।”—ਰੋਮੀਆਂ 12:15.
ਸਾਨੂੰ ਸੋਗ ਮਨਾਉਣ ਵਾਲਿਆਂ ਨੂੰ ਇਹ ਸਲਾਹ ਦੇਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ ਕਿ ਉਹ ਆਪਣੇ ਅਜ਼ੀਜ਼ ਦੀਆਂ ਚੀਜ਼ਾਂ ਸੁੱਟ ਦੇਣ: ਅਸੀਂ ਸ਼ਾਇਦ ਸੋਚੀਏ ਕਿ ਮਰੇ ਹੋਏ ਅਜ਼ੀਜ਼ ਦੀਆਂ ਨਿਸ਼ਾਨੀਆਂ ਦੇਖ-ਦੇਖ ਕੇ ਬੰਦਾ ਹੋਰ ਵੀ ਉਦਾਸ ਹੋ ਜਾਵੇਗਾ। ਸ਼ਾਇਦ ਸਾਡੇ ਖ਼ਿਆਲ ਵਿਚ ਇਹ ਚੀਜ਼ਾਂ ਸੁੱਟ ਦੇਣੀਆਂ ਚਾਹੀਦੀਆਂ ਹਨ। ਪਰ ਇੱਦਾਂ ਕਰਨ ਨਾਲ ਸੋਗ ਕਰ ਰਿਹਾ ਬੰਦਾ ਆਪਣੇ ਅਜ਼ੀਜ਼ ਨੂੰ ਭੁੱਲਦਾ ਨਹੀਂ। ਉਸ ਨੂੰ ਸ਼ਾਇਦ ਹੌਲੀ-ਹੌਲੀ ਇਸ ਵਿਛੋੜੇ ਨੂੰ ਭੁਲਾਉਣ ਦੀ ਲੋੜ ਹੈ। ਮਿਸਾਲ ਲਈ ਆਓ ਆਪਾਂ ਬਾਈਬਲ ਵਿਚ ਯਾਕੂਬ ਦੇ ਬਿਰਤਾਂਤ ਵੱਲ ਧਿਆਨ ਦੇਈਏ। ਉਸ ਨੂੰ ਦੱਸਿਆ ਗਿਆ ਸੀ ਕਿ ਇਕ ਜੰਗਲੀ ਜਾਨਵਰ ਨੇ ਉਸ ਦੇ ਜਵਾਨ ਪੁੱਤਰ ਯੂਸੁਫ਼ ਨੂੰ ਮਾਰ ਦਿੱਤਾ ਸੀ। ਜਦ ਯਾਕੂਬ ਨੇ ਯੂਸੁਫ਼ ਦੇ ਲਹੂ-ਲੁਹਾਨ ਕੱਪੜੇ ਦੇਖੇ, ਤਾਂ ਉਹ “ਬਹੁਤ ਦਿਨਾਂ ਤੀਕਰ ਆਪਣੇ ਪੁੱਤ੍ਰ ਦਾ ਸੋਗ ਕਰਦਾ ਰਿਹਾ। ਅਤੇ ਉਹ ਦੇ ਸਾਰੇ ਪੁੱਤ੍ਰ ਧੀਆਂ ਉਹ ਦੇ ਸ਼ਾਂਤ ਕਰਨ ਲਈ ਉੱਠੇ ਪਰ ਉਹ ਨੇ ਸ਼ਾਂਤ ਹੋਣਾ ਨਾ ਚਾਹਿਆ।”—ਉਤਪਤ 37:31-35.
ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ‘ਚਲੋ, ਤੁਹਾਡੇ ਘਰ ਹੋਰ ਬੱਚਾ ਆ ਜਾਵੇਗਾ’: ਇਕ ਮਾਂ ਨੇ ਆਪਣੇ ਬੱਚੇ ਦੇ ਗੁਜ਼ਰਨ ਪਿੱਛੋ ਕਿਹਾ: “ਮੈਨੂੰ ਬਹੁਤ ਬੁਰਾ ਲੱਗਾ ਜਦੋਂ ਦੂਸਰੇ ਮੈਨੂੰ ਕਹਿੰਦੇ ਸਨ ਕਿ ਮੇਰੀ ਗੋਦ ਫਿਰ ਹਰੀ ਹੋ ਜਾਵੇਗੀ।” ਭਾਵੇਂ ਇਸ ਤਰ੍ਹਾਂ ਕਹਿਣ ਵਿਚ ਉਨ੍ਹਾਂ ਦੇ ਇਰਾਦੇ ਨੇਕ ਸਨ, ਪਰ ਅਜਿਹੇ ਸ਼ਬਦ ਮਾਪਿਆਂ ਦੇ ਦਿਲਾਂ ਨੂੰ ‘ਤਲਵਾਰ ਵਾਂਙੁ ਵਿੰਨ੍ਹ ਦਿੰਦੇ’ ਹਨ। (ਕਹਾਉਤਾਂ 12:18) ਇਕ ਬੱਚਾ ਦੂਸਰੇ ਬੱਚੇ ਦੀ ਜਗ੍ਹਾ ਨਹੀਂ ਲੈ ਸਕਦਾ ਕਿਉਂਕਿ ਹਰੇਕ ਬੱਚਾ ਮਾਪਿਆਂ ਨੂੰ ਪਿਆਰਾ ਹੁੰਦਾ ਹੈ।
ਮਰ ਚੁੱਕੇ ਅਜ਼ੀਜ਼ ਬਾਰੇ ਗੱਲ ਕਰਨ ਤੋਂ ਝਿਜਕੋ ਨਾ: ਇਕ ਮਾਂ ਚੇਤੇ ਕਰਦੀ ਹੈ: “ਕਈਆਂ ਨੇ ਮੇਰੇ ਪੁੱਤਰ ਜਿਮੀ ਦਾ ਨਾਂ ਤਕ ਨਹੀਂ ਲਿਆ ਅਤੇ ਨਾ ਹੀ ਉਸ ਬਾਰੇ ਕੋਈ ਗੱਲ ਕੀਤੀ। ਇਸ ਤੋਂ ਮੈਨੂੰ ਬਹੁਤ ਦੁੱਖ ਲੱਗਾ।” ਇਸ ਲਈ ਜਦੋਂ ਵਿਛੜ ਚੁੱਕੇ ਅਜ਼ੀਜ਼ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਕੋਈ ਹੋਰ ਗੱਲ ਛੇੜਨੀ ਚਾਹੀਦੀ ਹੈ। ਸਾਨੂੰ ਦੇਖਣਾ ਚਾਹੀਦਾ ਹੈ ਕਿ ਸੋਗ ਮਨਾਉਣ ਵਾਲਾ ਆਪਣੇ ਅਜ਼ੀਜ਼ ਬਾਰੇ ਗੱਲਾਂ ਕਰਨੀਆਂ ਚਾਹੁੰਦਾ ਹੈ ਜਾਂ ਨਹੀਂ। (ਅੱਯੂਬ 1:18, 19 ਅਤੇ 10:1 ਦੀ ਤੁਲਨਾ ਕਰੋ।) ਦੂਸਰਿਆਂ ਦੇ ਮੂੰਹੋਂ ਵਿਛੜ ਚੁੱਕੇ ਅਜ਼ੀਜ਼ ਬਾਰੇ ਚੰਗੀਆਂ ਗੱਲਾਂ ਸੁਣ ਕੇ ਕਈ ਲੋਕਾਂ ਨੂੰ ਬਹੁਤ ਸਕੂਨ ਮਿਲਿਆ ਹੈ।—ਰਸੂਲਾਂ ਦੇ ਕਰਤੱਬ 9:36-39 ਦੀ ਤੁਲਨਾ ਕਰੋ।
ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ‘ਚਲੋ, ਉਹ ਬਹੁਤ ਹੀ ਬੀਮਾਰ ਰਹਿੰਦਾ ਸੀ’: ਅਸੀਂ ਸ਼ਾਇਦ ਸੋਗਵਾਨਾਂ ਦੇ ਅਜ਼ੀਜ਼ ਦੀ ਮੌਤ ਬਾਰੇ ਕੋਈ ਚੰਗੀ ਗੱਲ ਕਹਿਣ ਦੀ ਕੋਸ਼ਿਸ਼ ਕਰੀਏ, ਪਰ ਇਸ ਤਰ੍ਹਾਂ ਕਰਨ ਨਾਲ ਅਕਸਰ ਉਨ੍ਹਾਂ ਨੂੰ ਹੌਸਲਾ ਨਹੀਂ ਮਿਲਦਾ। (1 ਥੱਸਲੁਨੀਕੀਆਂ 5:14) ਇਕ ਜਵਾਨ ਔਰਤ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਸ ਦੀ ਮਾਂ ਗੁਜ਼ਰ ਗਈ ਸੀ। ਉਸ ਨੇ ਕਿਹਾ: “ਕਈਆਂ ਨੇ ਮੈਨੂੰ ਕਿਹਾ, ‘ਉਹ ਨੂੰ ਹੁਣ ਦੁੱਖਾਂ ਤੋਂ ਛੁਟਕਾਰਾ ਮਿਲ ਗਿਆ।’ ਪਰ ਮੈਂ ਇਹ ਨਹੀਂ ਸੁਣਨਾ ਚਾਹੁੰਦੀ ਸੀ।” ਅਜਿਹੀਆਂ ਗੱਲਾਂ ਸੁਣ ਕੇ ਟੁੱਟੇ ਦਿਲ ਵਾਲਾ ਬੰਦਾ ਸੋਚ ਸਕਦਾ ਹੈ ਕਿ ਉਸ ਨੂੰ ਉਦਾਸ ਨਹੀਂ ਹੋਣਾ ਚਾਹੀਦਾ, ਕਿ ਆਪਣੇ ਅਜ਼ੀਜ਼ ਦੀ ਕਮੀ ਮਹਿਸੂਸ ਨਹੀਂ ਕਰਨੀ ਚਾਹੀਦੀ ਜਾਂ ਕਿ ਉਸ ਦਾ ਅਜ਼ੀਜ਼ ਮਾਮੂਲੀ ਜਿਹਾ ਇਨਸਾਨ ਸੀ।
ਚੰਗਾ ਹੋਵੇਗਾ ਜੇ ਅਸੀਂ ਇਸ ਤਰ੍ਹਾਂ ਨਾ ਕਹੀਏ ਕਿ ‘ਮੈਨੂੰ ਪਤਾ ਹੈ ਕਿ ਤੁਸੀਂ ਕਿੰਨੇ ਦੁਖੀ ਹੋ’: ਕੀ ਸਾਨੂੰ ਸੱਚ-ਮੁੱਚ ਪਤਾ ਹੈ? ਮਿਸਾਲ ਲਈ, ਕੀ ਅਸੀਂ ਸੱਚ-ਮੁੱਚ ਜਾਣ ਸਕਦੇ ਹਾਂ ਕਿ ਮਾਪਿਆਂ ਉੱਤੇ ਕੀ ਬੀਤਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਮਰ ਜਾਂਦਾ ਹੈ ਜੇ ਅਸੀਂ ਖ਼ੁਦ ਅਜਿਹਾ ਵਿਛੋੜਾ ਨਾ ਸਹਿਆ ਹੋਵੇ? ਜੇ ਅਸੀਂ ਅਜਿਹਾ ਵਿਛੋੜਾ ਖ਼ੁਦ ਸਹਿਆ ਵੀ ਹੋਵੇ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਜਜ਼ਬਾਤ ਸਾਡਿਆਂ ਜਜ਼ਬਾਤਾਂ ਤੋਂ ਵੱਖਰੇ ਹੋ ਸਕਦੇ ਹਨ। (ਵਿਰਲਾਪ 1:12 ਦੀ ਤੁਲਨਾ ਕਰੋ।) ਦੂਸਰੇ ਪਾਸੇ, ਜੇ ਸਾਨੂੰ ਮੌਕਾ ਠੀਕ ਲੱਗੇ, ਤਾਂ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਆਪਣੇ ਵਿਛੋੜੇ ਨੂੰ ਸਹਿਣ ਵਿਚ ਸਾਡੀ ਕਿੱਦਾਂ ਮਦਦ ਹੋਈ। ਜਦੋਂ ਇਕ ਔਰਤ ਦੀ ਕੁੜੀ ਮਾਰ ਦਿੱਤੀ ਗਈ ਸੀ, ਤਾਂ ਉਸ ਨੂੰ ਇਕ ਹੋਰ ਮਾਂ ਤੋਂ ਬਹੁਤ ਤਸੱਲੀ ਮਿਲੀ ਜਿਸ ਦੀ ਆਪਣੀ ਕੁੜੀ ਮਰ ਚੁੱਕੀ ਸੀ। ਉਸ ਮਾਂ ਨੇ ਸਮਝਾਇਆ ਕਿ ਉਸ ਨੇ ਆਪਣਾ ਗਮ ਕਿੱਦਾਂ ਸਹਾਰਿਆ। ਉਸ ਔਰਤ ਨੇ ਦੱਸਿਆ ਕਿ “ਉਸ ਭੈਣ ਨੇ ਮੈਨੂੰ ਇਹ ਨਹੀਂ ਕਿਹਾ ਕਿ ‘ਮੈਂ ਤੇਰਾ ਦੁੱਖ ਜਾਣਦੀ ਹਾਂ।’ ਸਗੋਂ ਉਸ ਨੇ ਸਿਰਫ਼ ਮੈਨੂੰ ਇਹੀ ਦੱਸਿਆ ਕਿ ਉਹ ਦੇ ਉੱਤੇ ਕੀ-ਕੀ ਬੀਤੀ ਸੀ। ਉਸ ਦੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਬਹੁਤ ਦਿਲਾਸਾ ਮਿਲਿਆ।”
ਸਾਨੂੰ ਦਇਆ, ਸਮਝਦਾਰੀ ਅਤੇ ਪਿਆਰ ਨਾਲ ਸੋਗ ਮਨਾਉਣ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਮਦਦ ਕਰਨ ਵਿਚ ਸਾਨੂੰ ਪਹਿਲ ਕਰਨ ਦੀ ਲੋੜ ਹੈ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ “ਜੇ ਕੋਈ ਕੰਮ ਕਰਨ ਵਾਲਾ ਹੋਵੇ ਤਾਂ ਮੈਨੂੰ ਜ਼ਰੂਰ ਦੱਸ ਦੇਣਾ।” ਸਾਨੂੰ ਆਪ ਦੇਖ ਕੇ ਜਿਹੜਾ ਕੰਮ ਕਰਨ ਵਾਲਾ ਹੈ ਕਰ ਲੈਣਾ ਚਾਹੀਦਾ ਹੈ।
ਕੁਝ ਹੋਰ ਜ਼ਰੂਰੀ ਸਵਾਲ ਵੀ ਹਨ: ਬਾਈਬਲ ਵਿਚ ਮਰੇ ਹੋਏ ਲੋਕਾਂ ਲਈ ਕੀ ਉਮੀਦ ਦਿੱਤੀ ਗਈ ਹੈ? ਇਹ ਉਮੀਦ ਸਾਡੇ ਲਈ ਅਤੇ ਸਾਡੇ ਮਰੇ ਹੋਏ ਪਿਆਰਿਆਂ ਲਈ ਕੀ ਮਾਅਨੇ ਰੱਖਦੀ ਹੈ? ਕੀ ਅਸੀਂ ਇਸ ਉੱਤੇ ਸੱਚੀਂ ਯਕੀਨ ਕਰ ਸਕਦੇ ਹਾਂ?