ਪੰਜਵਾਂ ਅਧਿਆਇ
ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਨਿਹਚਾ ਕਾਇਮ ਰਹੀ
1. ਪਰਮੇਸ਼ੁਰ ਦੀ ਭਗਤੀ ਕਰਨ ਬਾਰੇ ਅਤੇ ਆਪਣੇ ਦੇਸ਼ ਦੀ ਭਗਤੀ ਕਰਨ ਬਾਰੇ ਕਈਆਂ ਦਾ ਕੀ ਵਿਚਾਰ ਹੈ?
ਕੀ ਤੁਹਾਨੂੰ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ ਜਾਂ ਆਪਣੇ ਦੇਸ਼ ਦੀ? ਕਈ ਵਿਅਕਤੀ ਕਹਿੰਦੇ ਹਨ ਕਿ ‘ਮੈਂ ਤਾਂ ਦੋਹਾਂ ਨੂੰ ਸ਼ਰਧਾ ਦਿੰਦਾ ਹਾਂ। ਮੈਂ ਆਪਣੇ ਧਰਮ ਅਨੁਸਾਰ ਪਰਮੇਸ਼ੁਰ ਦੀ ਭਗਤੀ ਕਰਦਾ ਹਾਂ; ਨਾਲੋ-ਨਾਲ ਮੈਂ ਦੇਸ਼-ਭਗਤੀ ਵੀ ਕਰਦਾ ਹਾਂ।’
2. ਬਾਬਲ ਦਾ ਬਾਦਸ਼ਾਹ ਇਕ ਧਾਰਮਿਕ ਅਤੇ ਸਿਆਸੀ ਹਸਤੀ ਕਿਵੇਂ ਸੀ?
2 ਅੱਜ ਪਰਮੇਸ਼ੁਰ ਦੀ ਭਗਤੀ ਅਤੇ ਦੇਸ਼-ਪ੍ਰੇਮ ਵਿਚਕਾਰ ਸ਼ਾਇਦ ਥੋੜ੍ਹਾ ਹੀ ਫ਼ਰਕ ਨਜ਼ਰ ਆਉਂਦਾ ਹੈ, ਪਰ ਪ੍ਰਾਚੀਨ ਬਾਬਲ ਵਿਚ ਇਨ੍ਹਾਂ ਦਰਮਿਆਨ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ ਸੀ। ਅਸਲ ਵਿਚ, ਸਿਆਸੀ ਅਤੇ ਧਾਰਮਿਕ ਮਾਮਲੇ ਆਪਸ ਵਿਚ ਇੰਨੇ ਰਲ-ਮਿਲ ਗਏ ਸਨ ਕਿ ਸਮੇਂ-ਸਮੇਂ ਤੇ ਉਹ ਇੱਕੋ ਹੀ ਜਾਪਦੇ ਸਨ। ਪ੍ਰੋਫ਼ੈਸਰ ਚਾਰਲਸ ਐੱਫ਼. ਫਾਈਫ਼ਰ ਲਿਖਦਾ ਹੈ ਕਿ “ਪ੍ਰਾਚੀਨ ਬੈਬੀਲੋਨ ਵਿਚ, ਬਾਦਸ਼ਾਹ ਦੋਵੇਂ ਅਹੁਦੇ ਸੰਭਾਲਦਾ ਹੁੰਦਾ ਸੀ, ਮਤਲਬ ਕਿ ਉਹੀ ਪ੍ਰਮੁੱਖ ਪੰਡਿਤ ਹੁੰਦਾ ਸੀ ਅਤੇ ਉਹੀ ਸ਼ਾਸਕ ਹੁੰਦਾ ਸੀ। ਉਹ ਚੜ੍ਹਾਵੇ ਚੜ੍ਹਾਉਂਦਾ ਸੀ ਅਤੇ ਆਪਣੀ ਪਰਜਾ ਦੇ ਧਾਰਮਿਕ ਰੀਤਾਂ-ਰਿਵਾਜਾਂ ਨੂੰ ਵੀ ਚਲਾਉਂਦਾ ਸੀ।”
3. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਨਬੂਕਦਨੱਸਰ ਇਕ ਬਹੁਤ ਹੀ ਧਾਰਮਿਕ ਬੰਦਾ ਸੀ?
3 ਰਾਜਾ ਨਬੂਕਦਨੱਸਰ ਉੱਤੇ ਵਿਚਾਰ ਕਰੋ। ਉਸ ਦੇ ਨਾਂ ਦਾ ਅਰਥ ਹੈ “ਹੇ ਨਬੋ, ਵਾਰਸ ਦੀ ਰਾਖੀ ਕਰ!” ਨਬੋ, ਬਾਬਲੀ ਲੋਕਾਂ ਦਾ ਬੁੱਧ ਅਤੇ ਖੇਤੀਬਾੜੀ ਦਾ ਦੇਵਤਾ ਸੀ। ਨਬੂਕਦਨੱਸਰ ਇਕ ਬਹੁਤ ਹੀ ਧਾਰਮਿਕ ਬੰਦਾ ਸੀ। ਜਿਵੇਂ ਪਹਿਲਾਂ ਚਰਚਾ ਕੀਤੀ ਗਈ ਸੀ, ਉਸ ਨੇ ਬਾਬਲੀ ਦੇਵਤਿਆਂ ਦੇ ਅਨੇਕ ਮੰਦਰ ਬਣਾਏ ਅਤੇ ਸਜਾਏ ਸਨ। ਉਹ ਖ਼ਾਸ ਤੌਰ ਤੇ ਮਾਰਦੁੱਕ ਦੀ ਭਗਤੀ ਕਰਦਾ ਸੀ। ਉਸ ਦੇ ਅਨੁਸਾਰ ਮਾਰਦੁੱਕ ਹੀ ਉਸ ਨੂੰ ਸੈਨਿਕ ਜਿੱਤਾਂ ਦਿਵਾਉਂਦਾ ਸੀ।a ਇਸ ਤਰ੍ਹਾਂ ਵੀ ਜਾਪਦਾ ਹੈ ਕਿ ਯੁੱਧ ਦੀਆਂ ਤਿਆਰੀਆਂ ਵਿਚ ਨਬੂਕਦਨੱਸਰ ਜਾਦੂ-ਟੂਣਾ ਕਰਨ ਵਾਲਿਆਂ ਤੋਂ ਕਾਫ਼ੀ ਪੁੱਛ-ਗਿੱਛ ਕਰਦਾ ਸੀ।—ਹਿਜ਼ਕੀਏਲ 21:18-23.
4. ਬਾਬਲ ਵਿਚ ਧਾਰਮਿਕ ਮਾਹੌਲ ਦਾ ਵਰਣਨ ਕਰੋ।
4 ਦਰਅਸਲ, ਬਾਬਲ ਵਿਚ ਆਲੇ-ਦੁਆਲੇ ਦੇਖਣ ਤੋਂ ਪਤਾ ਚੱਲਦਾ ਸੀ ਕਿ ਉੱਥੇ ਦੇ ਲੋਕ ਬਹੁਤ ਧਾਰਮਿਕ ਸਨ। ਸ਼ਹਿਰ ਵਿਚ 50 ਤੋਂ ਜ਼ਿਆਦਾ ਮੰਦਰ ਸਨ ਜਿਨ੍ਹਾਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਇਨ੍ਹਾਂ ਵਿਚ ਅਨੂੰ (ਅਕਾਸ਼-ਦੇਵਤਾ), ਏਨਲਿਲ (ਜ਼ਮੀਨ, ਹਵਾ ਅਤੇ ਤੂਫ਼ਾਨ ਦਾ ਦੇਵਤਾ), ਅਤੇ ਈਆ (ਜਲ-ਦੇਵਤਾ) ਦੀ ਤ੍ਰਿਮੂਰਤੀ ਸ਼ਾਮਲ ਸੀ। ਇਕ ਹੋਰ ਤ੍ਰਿਮੂਰਤੀ ਵਿਚ ਸਿੰਨ (ਚੰਨ-ਦੇਵਤਾ), ਸ਼ਾਮਾਸ਼ (ਸੂਰਜ-ਦੇਵਤਾ), ਅਤੇ ਇਸ਼ਟਾਰ (ਉਪਜਾਊਪਣ ਦੀ ਦੇਵੀ) ਸਨ। ਬਾਬਲੀ ਉਪਾਸਨਾ ਵਿਚ ਜਾਦੂ-ਟੂਣਾ ਅਤੇ ਜੋਤਸ਼-ਵਿੱਦਿਆ ਵਰਤੇ ਜਾਂਦੇ ਸਨ।
5. ਬਾਬਲ ਦੇ ਧਾਰਮਿਕ ਮਾਹੌਲ ਨੇ ਯਹੂਦੀ ਜਲਾਵਤਨਾਂ ਦੇ ਲਈ ਕੀ ਔਖਿਆਈ ਪੇਸ਼ ਕੀਤੀ?
5 ਯਹੂਦੀ ਜਲਾਵਤਨਾਂ ਲਈ ਉਨ੍ਹਾਂ ਲੋਕਾਂ ਵਿਚਕਾਰ ਵਸਣਾ ਜੋ ਇੰਨੇ ਸਾਰੇ ਦੇਵਤਿਆਂ ਦੀ ਪੂਜਾ ਕਰਦੇ ਸਨ ਬਹੁਤ ਔਖਾ ਸੀ। ਸਦੀਆਂ ਪਹਿਲਾਂ, ਮੂਸਾ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਸਭ ਤੋਂ ਉੱਚੇ ਨਿਯਮਦਾਤਾ, ਅਰਥਾਤ ਯਹੋਵਾਹ ਦਾ ਵਿਰੋਧ ਕਰਨਗੇ, ਤਾਂ ਇਸ ਦਾ ਨਤੀਜਾ ਬਹੁਤ ਬੁਰਾ ਹੋਵੇਗਾ। ਮੂਸਾ ਨੇ ਉਨ੍ਹਾਂ ਨੂੰ ਦੱਸਿਆ: “ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਹ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ ਇੱਕ ਕੌਮ ਕੋਲ ਪੁਚਾਵੇਗਾ ਜਿਹ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ।”—ਬਿਵਸਥਾ ਸਾਰ 28:15, 36.
6. ਖ਼ਾਸ ਕਰ ਕੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦੇ ਲਈ ਬਾਬਲ ਵਿਚ ਵਸਣਾ ਇੰਨਾ ਔਖਾ ਕਿਉਂ ਸੀ?
6 ਹੁਣ ਯਹੂਦੀ ਲੋਕਾਂ ਦੇ ਸਾਮ੍ਹਣੇ ਵੀ ਇਹੀ ਔਕੜ ਖੜ੍ਹੀ ਸੀ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਹੋਵੇਗਾ, ਖ਼ਾਸ ਕਰਕੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਦੇ ਲਈ। ਇਨ੍ਹਾਂ ਚਾਰ ਇਬਰਾਨੀ ਨੌਜਵਾਨਾਂ ਨੂੰ ਸਰਕਾਰੀ ਸੇਵਾ ਕਰਨ ਲਈ ਸਿਖਲਾਈ ਪ੍ਰਾਪਤ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਸੀ। (ਦਾਨੀਏਲ 1:3-5) ਯਾਦ ਕਰੋ ਕਿ ਉਨ੍ਹਾਂ ਦੇ ਬਾਬਲੀ ਨਾਂ—ਬੇਲਟਸ਼ੱਸਰ, ਸ਼ਦਰਕ, ਮੇਸ਼ਕ ਅਤੇ ਅਬਦ-ਨਗੋ—ਇਸ ਉਮੀਦ ਨਾਲ ਰੱਖੇ ਗਏ ਸਨ ਕਿ ਉਹ ਸ਼ਾਇਦ ਆਪਣੇ ਨਵੇਂ ਮਾਹੌਲ ਤੋਂ ਪ੍ਰਭਾਵਿਤ ਹੋ ਜਾਣ।b ਇਨ੍ਹਾਂ ਮਨੁੱਖਾਂ ਦੀਆਂ ਪਦਵੀਆਂ ਇੰਨੀਆਂ ਉੱਚੀਆਂ ਸਨ ਕਿ ਜੇ ਉਹ ਦੇਸ਼ ਦੇ ਦੇਵਤਿਆਂ ਦੀ ਪੂਜਾ ਕਰਨ ਤੋਂ ਇਨਕਾਰ ਕਰਦੇ, ਤਾਂ ਇਸ ਬਾਰੇ ਸਾਰਿਆਂ ਨੂੰ ਪਤਾ ਚੱਲ ਜਾਂਦਾ—ਅਸਲ ਵਿਚ ਲੋਕ ਇਸ ਨੂੰ ਰਾਜ ਦੇ ਪ੍ਰਤੀ ਵਿਰੋਧਤਾ ਸਮਝਦੇ।
ਸੋਨੇ ਦੀ ਇਕ ਮੂਰਤ ਖ਼ਤਰਾ ਪੇਸ਼ ਕਰਦੀ ਹੈ
7. (ੳ) ਨਬੂਕਦਨੱਸਰ ਦੁਆਰਾ ਖੜ੍ਹੀ ਕੀਤੀ ਗਈ ਮੂਰਤ ਦਾ ਵਰਣਨ ਕਰੋ। (ਅ) ਮੂਰਤ ਕਿਉਂ ਖੜ੍ਹੀ ਕੀਤੀ ਗਈ ਸੀ?
7 ਇਵੇਂ ਲੱਗਦਾ ਹੈ ਕਿ ਨਬੂਕਦਨੱਸਰ ਨੇ ਆਪਣੇ ਸਾਮਰਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੂਰਾ ਦੇ ਮਦਾਨ ਵਿਚ ਸੋਨੇ ਦੀ ਇਕ ਮੂਰਤ ਖੜ੍ਹੀ ਕੀਤੀ। ਇਹ 60 ਹੱਥ (27 ਮੀਟਰ) ਉੱਚੀ ਅਤੇ 6 ਹੱਥ (2.7 ਮੀਟਰ) ਚੌੜੀ ਸੀ।c ਕਈਆਂ ਦਾ ਵਿਚਾਰ ਹੈ ਕਿ ਇਹ ਮੂਰਤ ਸਿਰਫ਼ ਇਕ ਥੰਮ੍ਹ, ਜਾਂ ਇਕ ਮੀਨਾਰ ਹੀ ਸੀ। ਹੋ ਸਕਦਾ ਹੈ ਕਿ ਇਸ ਦਾ ਥੜ੍ਹਾ ਬਹੁਤ ਹੀ ਉੱਚਾ ਸੀ ਜਿਸ ਉੱਤੇ ਮਨੁੱਖ ਵਰਗੀ ਇਕ ਵੱਡੀ ਮੂਰਤ ਖੜ੍ਹੀ ਕੀਤੀ ਗਈ ਸੀ। ਇਹ ਸ਼ਾਇਦ ਖ਼ੁਦ ਨਬੂਕਦਨੱਸਰ ਜਾਂ ਨਬੋ ਦੇਵਤੇ ਦੀ ਮੂਰਤ ਸੀ। ਜੋ ਵੀ ਸੀ, ਇਹ ਵੱਡੀ ਮੂਰਤ ਬਾਬਲੀ ਸਾਮਰਾਜ ਦਾ ਇਕ ਚਿੰਨ੍ਹ ਸੀ। ਇਹ ਮੂਰਤ ਇਸੇ ਮਕਸਦ ਨਾਲ ਖੜ੍ਹੀ ਕੀਤੀ ਗਈ ਸੀ ਕਿ ਇਹ ਦੇਖੀ ਅਤੇ ਪੂਜੀ ਜਾਵੇ।—ਦਾਨੀਏਲ 3:1.
8. (ੳ) ਮੂਰਤ ਦੇ ਉਦਘਾਟਨ ਤੇ ਕੌਣ-ਕੌਣ ਸੱਦੇ ਗਏ ਸਨ ਅਤੇ ਇਨ੍ਹਾਂ ਸਾਰਿਆਂ ਵਿਅਕਤੀਆਂ ਤੋਂ ਕੀ ਮੰਗ ਕੀਤੀ ਗਈ ਸੀ? (ਅ) ਮੂਰਤ ਮੋਹਰੇ ਡਿੱਗ ਕੇ ਮੱਥਾ ਟੇਕਣ ਤੋਂ ਇਨਕਾਰ ਕਰਨ ਦੀ ਕੀ ਸਜ਼ਾ ਸੀ?
8 ਇਸ ਲਈ ਨਬੂਕਦਨੱਸਰ ਨੇ ਇਕ ਉਦਘਾਟਨ ਦਾ ਪ੍ਰਬੰਧ ਕੀਤਾ। ਉਸ ਨੇ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕੀਤਾ। ਇਕ ਢੰਡੋਰੀਏ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਏਹ ਹੁਕਮ ਹੈ ਭਈ ਜਿਸ ਵੇਲੇ ਤੁਰ੍ਹੀ, ਬਾਂਸਰੀ, ਤਾਊਸ, ਸਾਰੰਗੀ, ਬਰਬਤ, ਬੀਨ ਤੇ ਹਰ ਤਰਾਂ ਦੇ ਵਾਜਿਆਂ ਦੀ ਅਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹ ਨੂੰ ਨਬੂਕਦਨੱਸਰ ਰਾਜਾ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ! ਅਤੇ ਜਿਹੜਾ ਕੋਈ ਡਿੱਗ ਕੇ ਮੱਥਾ ਨਾ ਟੇਕੇ ਉਸੀ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ।”—ਦਾਨੀਏਲ 3:2-6.
9. ਨਬੂਕਦਨੱਸਰ ਦੁਆਰਾ ਖੜ੍ਹੀ ਕੀਤੀ ਗਈ ਮੂਰਤ ਮੋਹਰੇ ਡਿੱਗ ਕੇ ਮੱਥਾ ਟੇਕਣ ਦਾ ਸ਼ਾਇਦ ਕੀ ਮਕਸਦ ਸੀ?
9 ਕਈਆਂ ਦਾ ਵਿਚਾਰ ਹੈ ਕਿ ਨਬੂਕਦਨੱਸਰ ਨੇ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਯਹੋਵਾਹ ਪ੍ਰਤੀ ਯਹੂਦੀਆਂ ਦੀ ਵਫ਼ਾਦਾਰੀ ਨੂੰ ਤੋੜਨਾ ਚਾਹੁੰਦਾ ਸੀ। ਸੰਭਵ ਹੈ ਕਿ ਇਹ ਗੱਲ ਨਹੀਂ ਸੀ, ਕਿਉਂਕਿ ਸਿਰਫ਼ ਸਰਕਾਰੀ ਕਰਮਚਾਰੀਆਂ ਨੂੰ ਹੀ ਇਸ ਮੌਕੇ ਤੇ ਬੁਲਾਇਆ ਗਿਆ ਸੀ। ਇਸ ਕਾਰਨ ਉੱਥੇ ਸਿਰਫ਼ ਉਹੀ ਯਹੂਦੀ ਹਾਜ਼ਰ ਸਨ ਜੋ ਕਿਸੇ-ਨ-ਕਿਸੇ ਸਰਕਾਰੀ ਨੌਕਰੀ ਉੱਤੇ ਲੱਗੇ ਹੋਏ ਸਨ। ਇਵੇਂ ਜਾਪਦਾ ਹੈ ਕਿ ਮੂਰਤ ਮੋਹਰੇ ਡਿੱਗ ਕੇ ਮੱਥਾ ਟੇਕਣ ਦਾ ਮਕਸਦ ਇਹੀ ਸੀ ਕਿ ਸ਼ਾਸਨ ਕਰਨ ਵਾਲਿਆਂ ਦੀ ਏਕਤਾ ਮਜ਼ਬੂਤ ਕੀਤੀ ਜਾਵੇ। ਵਿਦਵਾਨ ਜੌਨ ਐੱਫ਼. ਵਾਲਵੌਰਡ ਕਹਿੰਦਾ ਹੈ: “ਕਰਮਚਾਰੀਆਂ ਦੇ ਅਜਿਹੇ ਇਕੱਠ ਨੇ ਇਕ ਪਾਸੇ ਨਬੂਕਦਨੱਸਰ ਦੀ ਸ਼ਕਤੀ ਦਿਖਾਈ ਅਤੇ ਦੂਜੇ ਪਾਸੇ ਉਨ੍ਹਾਂ ਦੇਵੀ-ਦੇਵਤਿਆਂ ਨੂੰ ਮਹੱਤਤਾ ਦਿੱਤੀ ਜੋ ਬਾਬਲੀਆਂ ਦੇ ਅਨੁਸਾਰ ਉਨ੍ਹਾਂ ਨੂੰ ਹਰ ਫ਼ਤਿਹ ਦਿਵਾਉਂਦੇ ਸਨ।”
ਯਹੋਵਾਹ ਦੇ ਸੇਵਕ ਆਪਣੀ ਨਿਹਚਾ ਤੋੜਨ ਤੋਂ ਇਨਕਾਰ ਕਰਦੇ ਹਨ
10. ਗ਼ੈਰ-ਯਹੂਦੀ ਲੋਕਾਂ ਨੂੰ ਨਬੂਕਦਨੱਸਰ ਦੇ ਹੁਕਮ ਦੀ ਪਾਲਣਾ ਕਰਨ ਤੇ ਕੋਈ ਇਤਰਾਜ਼ ਕਿਉਂ ਨਹੀਂ ਸੀ?
10 ਭਾਵੇਂ ਕਿ ਇਨ੍ਹਾਂ ਲੋਕਾਂ ਦੇ ਆਪੋ-ਆਪਣੇ ਭਾਂਤ-ਭਾਂਤ ਦੇ ਮਨਭਾਉਂਦੇ ਦੇਵੀ-ਦੇਵਤੇ ਹੁੰਦੇ ਸਨ, ਨਬੂਕਦਨੱਸਰ ਦੀ ਮੂਰਤ ਸਾਮ੍ਹਣੇ ਇਕੱਠੇ ਹੋਣ ਵਾਲਿਆਂ ਵਿੱਚੋਂ ਬਹੁਤਿਆਂ ਲੋਕਾਂ ਨੂੰ ਇਸ ਦੀ ਪੂਜਾ ਕਰਨ ਤੇ ਕੋਈ ਇਤਰਾਜ਼ ਨਹੀਂ ਸੀ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਉਹ ਸਾਰੇ ਮੂਰਤੀ-ਪੂਜਕ ਸਨ, ਅਤੇ ਇਕ ਦੂਜੇ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਰਾਜ਼ੀ ਸਨ।” ਉਸ ਨੇ ਅੱਗੇ ਕਿਹਾ ਕਿ ‘ਇਹ ਬਿਲਕੁਲ ਮੂਰਤੀ-ਪੂਜਕਾਂ ਦੇ ਪ੍ਰਚਲਿਤ ਵਿਚਾਰਾਂ ਅਨੁਸਾਰ ਸੀ ਕਿ ਅਨੇਕ ਦੇਵੀ-ਦੇਵਤੇ ਹਨ ਅਤੇ ਦੂਜੇ ਲੋਕਾਂ ਜਾਂ ਕੌਮਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਗ਼ਲਤ ਨਹੀਂ ਹੈ।’
11. ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਮੂਰਤ ਮੋਹਰੇ ਡਿੱਗ ਕੇ ਮੱਥਾ ਟੇਕਣ ਤੋਂ ਕਿਉਂ ਇਨਕਾਰ ਕੀਤਾ?
11 ਪਰ, ਯਹੂਦੀ ਲੋਕਾਂ ਲਈ ਮਾਮਲਾ ਬਿਲਕੁਲ ਉਲਟ ਸੀ। ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ।” (ਕੂਚ 20:4, 5) ਇਸ ਲਈ ਜਿਉਂ ਹੀ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੂਰਤ ਮੋਹਰੇ ਇਕੱਠੇ ਹੋਏ ਲੋਕਾਂ ਨੇ ਡਿੱਗ ਕੇ ਮੱਥਾ ਟੇਕਿਆ, ਉਹ ਤਿੰਨ ਇਬਰਾਨੀ ਨੌਜਵਾਨ—ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ—ਖੜ੍ਹੇ ਰਹੇ।—ਦਾਨੀਏਲ 3:7.
12. ਕੁਝ ਕਸਦੀਆਂ ਨੇ ਤਿੰਨਾਂ ਇਬਰਾਨੀਆਂ ਉੱਤੇ ਕੀ ਦੋਸ਼ ਲਾਇਆ ਅਤੇ ਕਿਉਂ?
12 ਜਦੋਂ ਉਨ੍ਹਾਂ ਤਿੰਨਾਂ ਇਬਰਾਨੀ ਕਰਮਚਾਰੀਆਂ ਨੇ ਮੂਰਤ ਨੂੰ ਪੂਜਣ ਤੋਂ ਇਨਕਾਰ ਕੀਤਾ, ਤਾਂ ਕੁਝ ਕਸਦੀਆਂ ਦਾ ਕ੍ਰੋਧ ਭੜਕ ਉੱਠਿਆ। ਫ਼ੌਰਨ ਉਨ੍ਹਾਂ ਨੇ ਰਾਜੇ ਮੋਹਰੇ “ਯਹੂਦੀਆਂ ਉੱਤੇ ਦੋਸ਼ ਲਾਇਆ।”d ਕਸਦੀ ਲੋਕ ਕੋਈ ਵੀ ਬਹਾਨਾ ਨਹੀਂ ਸੁਣਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਇਨ੍ਹਾਂ ਇਬਰਾਨੀਆਂ ਨੂੰ ਅਜਿਹੀ ਰਾਜ-ਵਿਰੋਧਤਾ ਲਈ ਸਜ਼ਾ ਦਿੱਤੀ ਜਾਵੇ, ਇਸ ਲਈ ਦੋਸ਼ ਲਾਉਣ ਵਾਲਿਆਂ ਨੇ ਕਿਹਾ: “ਹੁਣ ਕਈ ਯਹੂਦੀ ਹਨ ਜਿਨ੍ਹਾਂ ਨੂੰ ਤੁਸਾਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦ-ਨਗੋ,—ਇਨ੍ਹਾਂ ਮਨੁੱਖਾਂ ਨੇ, ਹੇ ਮਹਾਰਾਜ, ਤੁਹਾਡਾ ਆਦਰ ਨਹੀਂ ਕੀਤਾ। ਨਾ ਤਾਂ ਓਹ ਤੁਹਾਡੇ ਦੇਓਤਿਆਂ ਦੀ ਸੇਵਾ ਕਰਦੇ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਮੱਥਾ ਟੇਕਦੇ ਹਨ।”—ਦਾਨੀਏਲ 3:8-12.
13, 14. ਜਦੋਂ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਨਬੂਕਦਨੱਸਰ ਦਾ ਹੁਕਮ ਨਹੀਂ ਮੰਨਿਆ, ਤਾਂ ਨਬੂਕਦਨੱਸਰ ਉੱਤੇ ਇਸ ਦਾ ਕੀ ਅਸਰ ਪਿਆ?
13 ਇਹ ਪਤਾ ਲੱਗਣ ਤੇ ਕਿ ਇਨ੍ਹਾਂ ਤਿੰਨਾਂ ਇਬਰਾਨੀਆਂ ਨੇ ਉਸ ਦਾ ਹੁਕਮ ਨਹੀਂ ਮੰਨਿਆ ਸੀ, ਨਬੂਕਦਨੱਸਰ ਨੂੰ ਕਿੰਨਾ ਗੁੱਸਾ ਆਇਆ ਹੋਣਾ! ਇਹ ਸਪੱਸ਼ਟ ਹੋ ਗਿਆ ਸੀ ਕਿ ਉਹ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੂੰ ਬਾਬਲ ਦੇਸ਼ ਦੇ ਪ੍ਰੇਮੀ ਬਣਾਉਣ ਵਿਚ ਸਫ਼ਲ ਨਹੀਂ ਸੀ ਹੋਇਆ। ਕੀ ਉਸ ਨੇ ਉਨ੍ਹਾਂ ਨੂੰ ਕਸਦੀਆਂ ਦੀ ਬੁੱਧ ਨਹੀਂ ਸੀ ਸਿਖਾਈ? ਉਹ ਤਾਂ ਉਨ੍ਹਾਂ ਦੇ ਨਾਂ ਵੀ ਬਦਲ ਚੁੱਕਾ ਸੀ! ਪਰ ਜੇ ਨਬੂਕਦਨੱਸਰ ਨੇ ਸੋਚਿਆ ਸੀ ਕਿ ਸਭ ਤੋਂ ਉੱਤਮ ਵਿੱਦਿਆ ਉਨ੍ਹਾਂ ਨੂੰ ਇਕ ਨਵੇਂ ਪ੍ਰਕਾਰ ਦੀ ਉਪਾਸਨਾ ਸਿਖਾ ਦੇਵੇਗੀ ਜਾਂ ਉਨ੍ਹਾਂ ਦੇ ਨਾਂ ਬਦਲਣ ਨਾਲ ਉਨ੍ਹਾਂ ਦੇ ਦਿਲ ਬਦਲ ਜਾਣਗੇ, ਤਾਂ ਉਹ ਬਹੁਤ ਵੱਡਾ ਭੁਲੇਖਾ ਖਾ ਰਿਹਾ ਸੀ। ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਯਹੋਵਾਹ ਦੇ ਵਫ਼ਾਦਾਰ ਸੇਵਕ ਰਹੇ।
14 ਰਾਜੇ ਨਬੂਕਦਨੱਸਰ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਫ਼ੌਰਨ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਬੁਲਾਇਆ। ਉਸ ਨੇ ਪੁੱਛਿਆ: “ਹੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ, ਕੀ ਏਹ ਸੱਚ ਹੈ ਕਿ ਤੁਸੀਂ ਮੇਰੇ ਦਿਓਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ?” ਸਾਨੂੰ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਨਬੂਕਦਨੱਸਰ ਨੂੰ ਤਾਂ ਯਕੀਨ ਨਹੀਂ ਆਇਆ ਹੋਣਾ ਕਿ ਉਨ੍ਹਾਂ ਨੇ ਉਸ ਦਾ ਕਹਿਣਾ ਨਹੀਂ ਮੰਨਿਆ। ਉਸ ਨੇ ਸੋਚਿਆ ਹੋਣਾ ਕਿ ਆਖ਼ਰਕਾਰ ‘ਅਜਿਹੇ ਸਾਫ਼-ਸਾਫ਼ ਹੁਕਮ ਦੀ ਉਲੰਘਣਾ ਕਰਨ ਦੀ ਇਨ੍ਹਾਂ ਤਿੰਨਾਂ ਮਨੁੱਖਾਂ ਨੇ ਹਿੰਮਤ ਕਿਵੇਂ ਕੀਤੀ? ਕੀ ਉਨ੍ਹਾਂ ਦੇ ਦਿਮਾਗ਼ ਤਾਂ ਠੀਕ ਹਨ? ਇਸ ਤੋਂ ਇਲਾਵਾ, ਹੁਕਮ ਨਾ ਮੰਨਣ ਦੀ ਸਜ਼ਾ ਇੰਨੀ ਡਾਢੀ ਸੀ!’—ਦਾਨੀਏਲ 3:13, 14.
15, 16. ਨਬੂਕਦਨੱਸਰ ਨੇ ਉਨ੍ਹਾਂ ਤਿੰਨਾਂ ਇਬਰਾਨੀਆਂ ਨੂੰ ਕਿਹੜਾ ਮੌਕਾ ਦਿੱਤਾ?
15 ਨਬੂਕਦਨੱਸਰ ਇਨ੍ਹਾਂ ਤਿੰਨਾਂ ਇਬਰਾਨੀਆਂ ਨੂੰ ਇਕ ਹੋਰ ਮੌਕਾ ਦੇਣ ਲਈ ਤਿਆਰ ਸੀ। ਉਸ ਨੇ ਕਿਹਾ: “ਹੁਣ ਜੇ ਤੁਸੀਂ ਤਿਆਰ ਹੋ ਭਈ ਜਿਸ ਵੇਲੇ ਤੁਸੀਂ ਤੁਰ੍ਹੀ, ਬਾਂਸਰੀ, ਤਾਊਸ, ਸਰੰਗੀ, ਬਰਬਤ, ਬੀਨ ਤੇ ਹਰ ਪਰਕਾਰ ਦੇ ਵਾਜਿਆਂ ਦੀ ਅਵਾਜ਼ ਸੁਣੋ ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇ ਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦਿਓਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?”—ਦਾਨੀਏਲ 3:15.
16 ਇਸ ਤਰ੍ਹਾਂ ਲੱਗਦਾ ਹੈ ਕਿ ਨਬੂਕਦਨੱਸਰ ਉੱਤੇ ਉਸ ਸਬਕ ਦਾ ਕੋਈ ਡੂੰਘਾ ਪ੍ਰਭਾਵ ਨਹੀਂ ਪਿਆ ਜੋ (ਦਾਨੀਏਲ ਦੇ ਦੂਜੇ ਅਧਿਆਇ ਵਿਚ ਦਰਜ) ਸੁਪਨੇ ਵਿਚਲੀ ਮੂਰਤ ਦੁਆਰਾ ਉਸ ਨੂੰ ਸਿਖਾਇਆ ਗਿਆ ਸੀ। ਸ਼ਾਇਦ ਉਹ ਹੁਣ ਤਕ ਦਾਨੀਏਲ ਨੂੰ ਕਹੇ ਆਪਣੇ ਸ਼ਬਦ ਭੁੱਲ ਚੁੱਕਾ ਸੀ ਕਿ ‘ਨਿਸੰਗ ਤੇਰਾ ਪਰਮੇਸ਼ੁਰ ਦਿਓਤਿਆਂ ਦਾ ਦਿਓਤਾ ਅਤੇ ਰਾਜਿਆਂ ਦਾ ਪ੍ਰਭੁ ਹੈ।’ (ਦਾਨੀਏਲ 2:47) ਹੁਣ ਇਵੇਂ ਲੱਗਦਾ ਸੀ ਕਿ ਇਹ ਕਹਿ ਕੇ ਨਬੂਕਦਨੱਸਰ ਯਹੋਵਾਹ ਨੂੰ ਲਲਕਾਰ ਰਿਹਾ ਸੀ ਕਿ ਯਹੋਵਾਹ ਵੀ ਹੁਣ ਇਨ੍ਹਾਂ ਇਬਰਾਨੀਆਂ ਨੂੰ ਸਜ਼ਾ ਤੋਂ ਨਹੀਂ ਛੁਡਾ ਸਕਦਾ।
17. ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਰਾਜੇ ਨੂੰ ਕੀ ਜਵਾਬ ਦਿੱਤਾ?
17 ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੂੰ ਦੁਬਾਰਾ ਸੋਚਣ ਦੀ ਕੋਈ ਜ਼ਰੂਰਤ ਨਹੀਂ ਸੀ। ਉਨ੍ਹਾਂ ਨੇ ਫ਼ੌਰਨ ਕਿਹਾ ਕਿ “ਹੇ ਨਬੂਕਦਨੱਸਰ, ਅਸੀਂ ਏਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜਰੂਰੀ ਨਹੀਂ ਸਮਝਦੇ ਹਾਂ। ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।”—ਦਾਨੀਏਲ 3:16-18.
ਅੱਗ ਦੀ ਭੱਠੀ ਵਿਚ ਸੁੱਟੇ ਜਾਣਾ!
18, 19. ਅੱਗ ਦੀ ਬਲਦੀ ਭੱਠੀ ਵਿਚ ਸੁੱਟੇ ਜਾਣ ਤੋਂ ਬਾਅਦ ਤਿੰਨਾਂ ਇਬਰਾਨੀਆਂ ਨੂੰ ਕੀ ਹੋਇਆ?
18 ਨਬੂਕਦਨੱਸਰ ਹੁਣ ਗੁੱਸੇ ਵਿਚ ਲਾਲ-ਪੀਲਾ ਹੋ ਗਿਆ। ਉਸ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਜ਼ਿਆਦਾ ਗਰਮ ਕਰਨ। ਫਿਰ ਉਸ ਨੇ ਆਪਣੀ “ਫੌਜ ਵਿੱਚੋਂ ਤਕੜੇ ਪਹਿਲਵਾਨਾਂ” ਨੂੰ ਹੁਕਮ ਦਿੱਤਾ ਕਿ ਉਹ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਬੰਨ੍ਹ ਕੇ “ਅੱਗ ਦੀ ਬਲਦੀ ਹੋਈ ਭੱਠੀ” ਵਿੱਚ ਸੁੱਟ ਦੇਣ। ਉਨ੍ਹਾਂ ਨੇ ਰਾਜੇ ਦਾ ਹੁਕਮ ਮੰਨਿਆ ਅਤੇ ਇਨ੍ਹਾਂ ਤਿੰਨਾਂ ਇਬਰਾਨੀਆਂ ਨੂੰ ਕੱਪੜਿਆਂ ਸਣੇ ਬੰਨ੍ਹ ਕੇ—ਸ਼ਾਇਦ ਇਸ ਕਰਕੇ ਕਿ ਉਹ ਹੋਰ ਵੀ ਜਲਦੀ ਭਸਮ ਹੋ ਜਾਣ—ਅੱਗ ਵਿਚ ਸੁੱਟ ਦਿੱਤਾ। ਪਰੰਤੂ, ਲਾਟਾਂ ਨੇ ਨਬੂਕਦਨੱਸਰ ਦੇ ਸੇਵਕਾਂ ਨੂੰ ਭਸਮ ਕਰ ਦਿੱਤਾ ਅਤੇ ਉਹ ਮਰ ਗਏ।—ਦਾਨੀਏਲ 3:19-22.
19 ਪਰ ਕੁਝ ਅਜੀਬ ਗੱਲ ਹੋ ਰਹੀ ਸੀ। ਭਾਵੇਂ ਕਿ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਅੱਗ ਦੀ ਬਲਦੀ ਭੱਠੀ ਵਿਚ ਸਨ ਪਰ ਲਾਟਾਂ ਉਨ੍ਹਾਂ ਨੂੰ ਭਸਮ ਨਹੀਂ ਕਰ ਰਹੀਆਂ ਸਨ। ਨਬੂਕਦਨੱਸਰ ਦੀ ਹੈਰਾਨੀ ਦੀ ਕਲਪਨਾ ਕਰੋ! ਉਨ੍ਹਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਅੱਗ ਦੀ ਬਲਦੀ ਭੱਠੀ ਵਿਚ ਸੁੱਟਿਆ ਗਿਆ ਸੀ, ਪਰ ਉਹ ਹਾਲੇ ਵੀ ਜੀਉਂਦੇ ਜਾਗਦੇ ਸਨ। ਵੇਖੋ, ਉਹ ਅੱਗ ਵਿੱਚ ਖੁੱਲ੍ਹੇ ਤੁਰ-ਫਿਰ ਰਹੇ ਸਨ! ਪਰ ਨਬੂਕਦਨੱਸਰ ਦੇ ਧਿਆਨ ਵਿਚ ਇਕ ਹੋਰ ਚੀਜ਼ ਆਈ। “ਕੀ ਅਸਾਂ ਤਿੰਨ ਬੰਦਿਆਂ ਨੂੰ ਬੰਨ੍ਹਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆ?” ਉਸ ਨੇ ਆਪਣੇ ਵੱਡੇ ਸ਼ਾਹੀ ਕਰਮਚਾਰੀਆਂ ਨੂੰ ਪੁੱਛਿਆ। ਉਨ੍ਹਾਂ ਨੇ ਉੱਤਰ ਦਿੱਤਾ ਕਿ “ਹੇ ਰਾਜਨ, ਸੱਚ ਹੈ।” ਤਾਂ ਨਬੂਕਦਨੱਸਰ ਨੇ ਆਖਿਆ, “ਵੇਖੋ, ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਹਾਂ ਅਤੇ ਉਨ੍ਹਾਂ ਨੂੰ ਕੁਝ ਦੁਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਦਿਓਤਿਆਂ ਦੇ ਪੁੱਤ੍ਰ ਦਾ ਹੈ!”—ਦਾਨੀਏਲ 3:23-25.
20, 21. (ੳ) ਜਦੋਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਭੱਠੀ ਵਿੱਚੋਂ ਬਾਹਰ ਨਿਕਲ ਆਏ, ਤਾਂ ਨਬੂਕਦਨੱਸਰ ਨੇ ਕੀ ਦੇਖਿਆ? (ਅ) ਨਬੂਕਦਨੱਸਰ ਨੂੰ ਕੀ ਸਵੀਕਾਰ ਕਰਨਾ ਪਿਆ?
20 ਫੇਰ ਨਬੂਕਦਨੱਸਰ ਅੱਗ ਦੀ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ: “ਹੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ, ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ!” ਤਾਂ ਉਹ ਤਿੰਨ ਇਬਰਾਨੀ ਅੱਗ ਵਿੱਚੋਂ ਨਿਕਲ ਆਏ। ਕੋਈ ਸ਼ੱਕ ਨਹੀਂ ਕਿ ਇਸ ਚਮਤਕਾਰ ਦੇ ਸਾਰੇ ਚਸ਼ਮਦੀਦ ਗਵਾਹ ਬਿਲਕੁਲ ਹੱਕੇ-ਬੱਕੇ ਰਹਿ ਗਏ ਹੋਣੇ। ਇਨ੍ਹਾਂ ਵਿਚ ਸ਼ਹਿਜ਼ਾਦੇ, ਦੀਵਾਨ, ਸਰਦਾਰ ਤੇ ਰਾਜੇ ਦੇ ਸਲਾਹਕਾਰ ਸ਼ਾਮਲ ਸਨ। ਦੇਖੋ, ਉਨ੍ਹਾਂ ਦੇ ਸਰੀਰਾਂ ਉੱਤੇ ਅੱਗ ਦਾ ਕੋਈ ਵੀ ਅਸਰ ਨਹੀਂ ਸੀ ਪਿਆ। ਨਾ ਉਨ੍ਹਾਂ ਦੇ ਸਿਰ ਦੇ ਵਾਲ ਝੁਲਸੇ, ਅਤੇ ਨਾ ਉਨ੍ਹਾਂ ਤੋਂ ਜਲਣ ਦੀ ਬੋ ਆਉਂਦੀ ਸੀ।—ਦਾਨੀਏਲ 3:26, 27.
21 ਹੁਣ ਨਬੂਕਦਨੱਸਰ ਨੂੰ ਇਹ ਸਵੀਕਾਰ ਕਰਨਾ ਪਿਆ ਕਿ ਯਹੋਵਾਹ ਹੀ ਅੱਤ ਮਹਾਨ ਪਰਮੇਸ਼ੁਰ ਹੈ। ਨਬੂਕਦਨੱਸਰ ਨੇ ਐਲਾਨ ਕੀਤਾ ਕਿ “ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਨ੍ਹਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨਾ ਹੋਰ ਕਿਸੇ ਦਿਓਤੇ ਦੀ ਸੇਵਾ ਯਾ ਬੰਦਗੀ ਨਾ ਕਰਨ।” ਫਿਰ ਰਾਜੇ ਨੇ ਇਹ ਸਖ਼ਤ ਚੇਤਾਵਨੀ ਦਿੱਤੀ: “ਮੈਂ ਏਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਯਾ ਕੌਮਾਂ ਯਾ ਭਾਖਿਆਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਨ੍ਹਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦਿਓਤਾ ਨਹੀਂ ਜਿਹੜਾ ਏਸ ਪਰਕਾਰ ਬਚਾ ਸੱਕੇ!” ਇਸ ਤੋਂ ਬਾਅਦ, ਰਾਜਾ ਉਨ੍ਹਾਂ ਤਿੰਨਾਂ ਇਬਰਾਨੀਆਂ ਉੱਤੇ ਦੁਬਾਰਾ ਮਿਹਰਬਾਨ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ “ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ।”—ਦਾਨੀਏਲ 3:28-30.
ਅੱਜ ਦੇ ਸਮਿਆਂ ਵਿਚ ਨਿਹਚਾ ਅਤੇ ਸਖ਼ਤ ਅਜ਼ਮਾਇਸ਼ਾਂ
22. ਅੱਜ ਯਹੋਵਾਹ ਦੇ ਗਵਾਹ, ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਵਾਂਗ ਔਖੀਆਂ ਹਾਲਤਾਂ ਦਾ ਕਿਵੇਂ ਸਾਮ੍ਹਣਾ ਕਰਦੇ ਹਨ?
22 ਅੱਜ ਯਹੋਵਾਹ ਦੇ ਗਵਾਹ ਅਜਿਹੀਆਂ ਹਾਲਤਾਂ ਦਾ ਸਾਮ੍ਹਣਾ ਕਰਦੇ ਹਨ ਜਿਵੇਂ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਕੀਤੀਆਂ ਸਨ। ਇਹ ਸੱਚ ਹੈ ਕਿ ਸ਼ਾਇਦ ਪਰਮੇਸ਼ੁਰ ਦੇ ਲੋਕ ਸੱਚੀਂ-ਮੁੱਚੀਂ ਜਲਾਵਤਨ ਨਹੀਂ ਹਨ। ਪਰ, ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਇਸ “ਜਗਤ ਦੇ ਨਹੀਂ” ਹੋਣਗੇ। (ਯੂਹੰਨਾ 17:14) ਉਹ ਇਸ ਭਾਵ ਵਿਚ “ਵਿਦੇਸ਼ੀ” ਹਨ ਕਿ ਉਹ ਆਪਣੇ ਆਸ-ਪਾਸ ਦੇ ਲੋਕਾਂ ਦੇ ਬਾਈਬਲ ਵਿਰੋਧੀ ਰੀਤਾਂ-ਰਿਵਾਜਾਂ, ਰਸਮਾਂ ਅਤੇ ਰਵੱਈਏ ਨਹੀਂ ਅਪਣਾਉਂਦੇ। ਜਿਵੇਂ ਪੌਲੁਸ ਰਸੂਲ ਨੇ ਲਿਖਿਆ, ਮਸੀਹੀਆਂ ਨੂੰ ‘ਇਸ ਜੁੱਗ ਦੇ ਰੂਪ ਜੇਹੇ ਨਹੀਂ ਬਣਨਾ’ ਚਾਹੀਦਾ ਹੈ।—ਰੋਮੀਆਂ 12:2.
23. ਤਿੰਨਾਂ ਇਬਰਾਨੀਆਂ ਨੇ ਦ੍ਰਿੜ੍ਹਤਾ ਕਿਵੇਂ ਦਿਖਾਈ, ਅਤੇ ਅੱਜ ਮਸੀਹੀ ਉਨ੍ਹਾਂ ਦੀ ਨਕਲ ਕਿਵੇਂ ਕਰ ਸਕਦੇ ਹਨ?
23 ਉਨ੍ਹਾਂ ਤਿੰਨਾਂ ਇਬਰਾਨੀਆਂ ਨੇ ਬਾਬਲੀ ਜਗਤ ਵਰਗੇ ਬਣਨ ਤੋਂ ਇਨਕਾਰ ਕੀਤਾ ਸੀ। ਕਸਦੀ ਬੁੱਧ ਵਿਚ ਪੂਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਮਨ ਨਹੀਂ ਬਦਲੇ। ਉਹ ਯਹੋਵਾਹ ਦੇ ਪ੍ਰਤੀ ਵਫ਼ਾਦਾਰ ਸਨ ਅਤੇ ਉਪਾਸਨਾ ਦੇ ਮਾਮਲੇ ਵਿਚ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ ਸਨ। ਅੱਜ ਮਸੀਹੀਆਂ ਨੂੰ ਵੀ ਆਪਣੀ ਨਿਹਚਾ ਵਿਚ ਇੰਨੇ ਹੀ ਦ੍ਰਿੜ੍ਹ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਸੰਸਾਰ ਤੋਂ ਭਿੰਨ ਹੋਣ ਕਰਕੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। ਅਸਲ ਵਿਚ, “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।” (1 ਯੂਹੰਨਾ 2:17) ਇਸ ਕਾਰਨ ਇਸ ਖ਼ਤਮ ਹੋ ਰਹੇ ਸੰਸਾਰ ਵਰਗੇ ਬਣਨਾ ਮੂਰਖਤਾ ਅਤੇ ਫਜ਼ੂਲ ਹੈ।
24. ਸੱਚੇ ਮਸੀਹੀਆਂ ਦੀ ਦ੍ਰਿੜ੍ਹਤਾ ਦੀ ਤੁਲਨਾ ਉਨ੍ਹਾਂ ਤਿੰਨਾਂ ਇਬਰਾਨੀਆਂ ਦੀ ਦ੍ਰਿੜ੍ਹਤਾ ਨਾਲ ਕਿਵੇਂ ਕੀਤੀ ਜਾ ਸਕਦੀ ਹੈ?
24 ਮਸੀਹੀਆਂ ਨੂੰ ਹਰ ਪ੍ਰਕਾਰ ਦੀ ਮੂਰਤੀ-ਪੂਜਾ ਤੋਂ ਬਚਣਾ ਚਾਹੀਦਾ ਹੈ, ਖ਼ਾਸ ਕਰਕੇ ਜਿਹੜੀ ਇੰਨੀ ਸਪੱਸ਼ਟ ਨਾ ਹੋਵੇ।e (1 ਯੂਹੰਨਾ 5:21) ਸ਼ਦਰਕ, ਮੇਸ਼ਕ ਤੇ ਅਬਦ-ਨਗੋ ਆਗਿਆਕਾਰੀ ਨਾਲ ਅਤੇ ਸਤਿਕਾਰ ਨਾਲ ਸੋਨੇ ਦੀ ਮੂਰਤ ਦੇ ਸਾਮ੍ਹਣੇ ਖੜ੍ਹੇ ਹੋਏ, ਪਰ ਉਨ੍ਹਾਂ ਨੂੰ ਪਤਾ ਸੀ ਕਿ ਉਸ ਦੇ ਸਾਮ੍ਹਣੇ ਡਿੱਗ ਕੇ ਮੱਥਾ ਟੇਕਣਾ ਆਦਰ ਦਿਖਾਉਣ ਨਾਲੋਂ ਜ਼ਿਆਦਾ ਸੀ। ਇਹ ਉਪਾਸਨਾ ਕਰਨ ਦੇ ਬਰਾਬਰ ਸੀ ਅਤੇ ਮੱਥਾ ਟੇਕਣ ਨਾਲ ਯਹੋਵਾਹ ਨਾਰਾਜ਼ ਹੋਵੇਗਾ। (ਬਿਵਸਥਾ ਸਾਰ 5:8-10) ਜੌਨ ਐੱਫ਼. ਵਾਲਵੌਰਡ ਲਿਖਦਾ ਹੈ ਕਿ “ਇਹ ਅਸਲ ਵਿਚ ਝੰਡੇ ਨੂੰ ਸਲੂਟ ਮਾਰਨ ਦੇ ਬਰਾਬਰ ਸੀ, ਪਰ ਧਰਮ ਅਤੇ ਦੇਸ਼-ਭਗਤੀ ਵਿਚਕਾਰ ਆਪਸੀ ਰਿਸ਼ਤੇ ਦੇ ਕਾਰਨ, ਇਸ ਵਿਚ ਪਜੂਾ ਕਰਨ ਦਾ ਭਾਵ ਵੀ ਹੋ ਸਕਦਾ ਸੀ।” ਅੱਜ, ਸੱਚੇ ਮਸੀਹੀ ਮੂਰਤੀ-ਪੂਜਾ ਦੇ ਵਿਰੁੱਧ ਉੱਨੇ ਹੀ ਪੱਕੇ ਹਨ।
25. ਤੁਸੀਂ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਦੀ ਸੱਚੀ ਕਹਾਣੀ ਤੋਂ ਕੀ ਸਬਕ ਸਿੱਖਿਆ ਹੈ?
25 ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਬਾਰੇ ਬਾਈਬਲ ਦਾ ਬਿਰਤਾਂਤ ਉਨ੍ਹਾਂ ਸਾਰਿਆਂ ਲਈ ਇਕ ਵਧੀਆ ਸਬਕ ਹੈ ਜੋ ਸਿਰਫ਼ ਯਹੋਵਾਹ ਦੀ ਭਗਤੀ ਕਰਨਾ ਚਾਹੁੰਦੇ ਹਨ। ਇਵੇਂ ਲੱਗਦਾ ਹੈ ਕਿ ਜਦੋਂ ਪੌਲੁਸ ਰਸੂਲ ਨਿਹਚਾ ਦਿਖਾਉਣ ਵਾਲੇ ਅਨੇਕ ਵਿਅਕਤੀਆਂ ਬਾਰੇ ਜ਼ਿਕਰ ਕਰ ਰਿਹਾ ਸੀ, ਤਾਂ ਉਸ ਦੇ ਮਨ ਵਿਚ ਇਹ ਤਿੰਨ ਇਬਰਾਨੀ ਸਨ ਜਿਨ੍ਹਾਂ ਨੇ “ਅੱਗ ਦੇ ਤਾਉ ਨੂੰ ਠੰਡਿਆਂ ਕੀਤਾ।” (ਇਬਰਾਨੀਆਂ 11:33, 34) ਯਹੋਵਾਹ ਉਨ੍ਹਾਂ ਸਾਰਿਆਂ ਨੂੰ ਫਲ ਦੇਵੇਗਾ ਜੋ ਅਜਿਹੀ ਨਿਹਚਾ ਨਾਲ ਚੱਲਦੇ ਹਨ। ਇਹ ਤਿੰਨ ਇਬਰਾਨੀ ਅੱਗ ਦੀ ਭੱਠੀ ਵਿੱਚੋਂ ਬਚਾਏ ਗਏ ਸਨ, ਪਰ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਸਾਰੇ ਵਫ਼ਾਦਾਰ ਵਿਅਕਤੀਆਂ ਨੂੰ ਜੀ ਉਠਾਵੇਗਾ ਜੋ ਖਰਿਆਈ ਕਾਇਮ ਰੱਖਣ ਕਰਕੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੀ ਬਰਕਤ ਦੇਵੇਗਾ। ਕੁਝ ਵੀ ਹੋਵੇ, ਯਹੋਵਾਹ “ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।”—ਜ਼ਬੂਰ 97:10.
[ਫੁਟਨੋਟ]
a ਕੁਝ ਲੋਕ ਇਹ ਮੰਨਦੇ ਹਨ ਕਿ ਮਾਰਦੁੱਕ, ਜਿਸ ਨੂੰ ਬਾਬਲੀ ਸਾਮਰਾਜ ਦਾ ਮੋਢੀ ਸਮਝਿਆ ਜਾਂਦਾ ਹੈ, ਨਿਮਰੋਦ ਨੂੰ ਦਰਸਾਉਂਦਾ ਹੈ। ਨਿਮਰੋਦ ਨੂੰ ਦੇਵਤਾ ਮੰਨਿਆ ਜਾਂਦਾ ਸੀ। ਪਰ, ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ।
b “ਬੇਲਟਸ਼ੱਸਰ” ਦਾ ਅਰਥ ਹੈ “ਰਾਜੇ ਦੀ ਜਾਨ ਦੀ ਰਾਖੀ ਕਰ।” “ਸ਼ਦਰਕ” ਦਾ ਅਰਥ “ਅਕੂ [ਸੁਮੇਰੀ ਚੰਨ-ਦੇਵਤਾ] ਦਾ ਹੁਕਮ,” ਹੋ ਸਕਦਾ ਹੈ। ਸੰਭਵ ਹੈ ਕਿ “ਮੇਸ਼ਕ” ਕਿਸੇ ਸੁਮੇਰੀ ਦੇਵਤੇ ਨੂੰ ਸੰਕੇਤ ਕਰਦਾ ਹੈ, ਅਤੇ “ਅਬਦ-ਨਗੋ” ਦਾ ਅਰਥ ਹੈ “ਨਗੋ [ਜਾਂ ਨਬੋ] ਦਾ ਸੇਵਕ।”
c ਮੂਰਤ ਦੇ ਇੰਨੇ ਵੱਡੇ ਆਕਾਰ ਨੂੰ ਧਿਆਨ ਵਿਚ ਰੱਖਦਿਆਂ, ਬਾਈਬਲ ਦੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੱਕੜ ਦੀ ਬਣੀ ਹੋਈ ਸੀ ਅਤੇ ਇਸ ਉੱਤੇ ਸੋਨਾ ਮੜ੍ਹਿਆ ਹੋਇਆ ਸੀ।
d ਅਰਾਮੀ ਭਾਸ਼ਾ ਦੇ ਸ਼ਬਦ ਜਿਨ੍ਹਾਂ ਨੂੰ “ਦੋਸ਼ ਲਾਇਆ” ਤਰਜਮਾ ਕੀਤਾ ਗਿਆ ਹੈ, ਦਾ ਅਰਥ ਹੈ ਕਿਸੇ ਨੂੰ ‘ਪਾੜ ਖਾਣਾ,’ ਕੱਚਾ ਖਾ ਜਾਣਾ, ਜਿਵੇਂ ਕਿ ਕਿਸੇ ਨੂੰ ਬਦਨਾਮ ਕਰਨਾ।
e ਮਿਸਾਲ ਲਈ ਬਾਈਬਲ ਪੇਟੂਪੁਣੇ ਅਤੇ ਲੋਭ ਨੂੰ ਮੂਰਤੀ-ਪੂਜਾ ਸੱਦਦੀ ਹੈ।—ਫ਼ਿਲਿੱਪੀਆਂ 3:18, 19; ਕੁਲੁੱਸੀਆਂ 3:5.
ਅਸੀਂ ਕੀ ਸਿੱਖਿਆ?
• ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਨਬੂਕਦਨੱਸਰ ਦੁਆਰਾ ਖੜ੍ਹੀ ਕੀਤੀ ਗਈ ਮੂਰਤ ਮੋਹਰੇ ਮੱਥਾ ਟੇਕਣ ਤੋਂ ਕਿਉਂ ਇਨਕਾਰ ਕੀਤਾ?
• ਤਿੰਨਾਂ ਇਬਰਾਨੀਆਂ ਦੀ ਦ੍ਰਿੜ੍ਹਤਾ ਦੇ ਕਾਰਨ ਨਬੂਕਦਨੱਸਰ ਨੇ ਕੀ ਕੀਤਾ?
• ਯਹੋਵਾਹ ਨੇ ਤਿੰਨਾਂ ਇਬਰਾਨੀਆਂ ਨੂੰ ਉਨ੍ਹਾਂ ਦੀ ਨਿਹਚਾ ਦਾ ਕੀ ਫਲ ਦਿੱਤਾ?
• ਤੁਸੀਂ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਦੀ ਸੱਚੀ ਕਹਾਣੀ ਉੱਤੇ ਗੌਰ ਕਰਨ ਤੋਂ ਕੀ ਸਿੱਖਿਆ ਹੈ?
[ਪੂਰੇ ਸਫ਼ੇ 68 ਉੱਤੇ ਤਸਵੀਰ]
[ਸਫ਼ਾ 70 ਉੱਤੇ ਤਸਵੀਰਾਂ]
1. ਬਾਬਲ ਵਿਚ ਮੰਦਰ ਦਾ ਮੀਨਾਰ (ਮੁਨਾਰਾ)
2. ਮਾਰਦੁੱਕ ਦਾ ਮੰਦਰ
3. ਕਾਂਸੀ ਦੀ ਤਖ਼ਤੀ ਉੱਤੇ ਦੇਵਤੇ ਅਜਗਰਾਂ ਉੱਤੇ ਖੜ੍ਹੇ ਦਿਖਾਏ ਗਏ ਹਨ—ਮਾਰਦੁੱਕ (ਖੱਬੇ) ਅਤੇ ਨਬੋ (ਸੱਜੇ)
4. ਆਪਣੇ ਉਸਾਰੀ ਦੇ ਪ੍ਰਾਜੈਕਟਾਂ ਲਈ ਮਸ਼ਹੂਰ, ਨਬੂਕਦਨੱਸਰ ਦਾ ਉਭਰਵਾਂ ਮੈਡਲ
[ਪੂਰੇ ਸਫ਼ੇ 76 ਉੱਤੇ ਤਸਵੀਰ]
[ਪੂਰੇ ਸਫ਼ੇ 78 ਉੱਤੇ ਤਸਵੀਰ]