ਭਾਗ 19
ਯਿਸੂ ਦੀ ਇਕ ਅਹਿਮ ਭਵਿੱਖਬਾਣੀ
ਯਿਸੂ ਨੇ ਸਵਰਗ ਵਿਚ ਆਪਣੇ ਰਾਜ ਦੀ ਸ਼ੁਰੂਆਤ ਅਤੇ ਦੁਨੀਆਂ ਦੇ ਅੰਤ ਦੇ ਦਿਨਾਂ ਦੀ ਨਿਸ਼ਾਨੀ ਦੱਸੀ
ਇਕ ਮੌਕੇ ʼਤੇ ਯਿਸੂ ਨੇ ਆਪਣੇ ਚੇਲਿਆਂ ਨਾਲ “ਜੁਗ ਦੇ ਅੰਤ ਦੇ ਸਮੇ” ਬਾਰੇ ਗੱਲ ਕੀਤੀ ਸੀ। (ਮੱਤੀ 13:40, 49) ਉਸ ਨੇ ਯਰੂਸ਼ਲਮ ਦੇ ਮੰਦਰ ਦੀ ਤਬਾਹੀ ਬਾਰੇ ਵੀ ਗੱਲ ਕੀਤੀ ਸੀ। ਕੁਝ ਚਿਰ ਪਿੱਛੋਂ ਯਿਸੂ ਅਤੇ ਉਸ ਦੇ ਚਾਰ ਚੇਲੇ ਜ਼ੈਤੂਨ ਦੇ ਪਹਾੜ ਉੱਤੇ ਗਏ ਜਿੱਥੋਂ ਯਰੂਸ਼ਲਮ ਅਤੇ ਮੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਸੀ। ਇਨ੍ਹਾਂ ਗੱਲਾਂ ਬਾਰੇ ਸੋਚਦੇ ਹੋਏ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3.
ਇਸ ਸਵਾਲ ਦਾ ਜਵਾਬ ਦਿੰਦਿਆਂ ਯਿਸੂ ਨੇ ਦੱਸਿਆ ਕਿ ਯਰੂਸ਼ਲਮ ਦੇ ਤਬਾਹ ਹੋਣ ਤੋਂ ਪਹਿਲਾਂ ਕੀ-ਕੀ ਹੋਣਾ ਸੀ। ਪਰ ਉਸ ਨੇ ਜੋ ਕਿਹਾ, ਉਹ ਯਰੂਸ਼ਲਮ ʼਤੇ ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ ʼਤੇ ਵੀ ਲਾਗੂ ਹੋਣਾ ਸੀ। ਇਸ ਭਵਿੱਖਬਾਣੀ ਵਿਚ ਦੱਸੀਆਂ ਘਟਨਾਵਾਂ ਅਤੇ ਹਾਲਾਤ ਪੂਰੀ ਦੁਨੀਆਂ ਵਿਚ ਦੇਖੇ ਜਾਣੇ ਸਨ। ਇਹ ਸਾਰੀਆਂ ਘਟਨਾਵਾਂ ਇਸ ਗੱਲ ਦੀ ਨਿਸ਼ਾਨੀ ਹੋਣੀਆਂ ਸਨ ਕਿ ਪਰਮੇਸ਼ੁਰ ਸਵਰਗ ਵਿਚ ਯਿਸੂ ਨੂੰ ਰਾਜਾ ਬਣਾ ਚੁੱਕਾ ਹੈ। ਇਹ ਇਸ ਗੱਲ ਦੀ ਵੀ ਨਿਸ਼ਾਨੀ ਹੋਣੀ ਸੀ ਕਿ ਪਰਮੇਸ਼ੁਰ ਦਾ ਰਾਜ ਜਲਦ ਹੀ ਦੁਨੀਆਂ ਵਿੱਚੋਂ ਬੁਰਾਈ ਮਿਟਾ ਕੇ ਸ਼ਾਂਤੀ ਕਾਇਮ ਕਰੇਗਾ। ਯਿਸੂ ਨੇ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ਦਾ ਮਤਲਬ ਸੀ ਕਿ ਅੱਜ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਕ ਪ੍ਰਬੰਧ ਖ਼ਤਮ ਕੀਤੇ ਜਾਣਗੇ ਅਤੇ ਇਕ ਨਵਾਂ ਪ੍ਰਬੰਧ ਕਾਇਮ ਕੀਤਾ ਜਾਵੇਗਾ।
ਯਿਸੂ ਨੇ ਦੱਸਿਆ ਕਿ ਜਦ ਉਹ ਸਵਰਗ ਵਿਚ ਰਾਜ ਕਰ ਰਿਹਾ ਹੋਵੇਗਾ, ਉਦੋਂ ਧਰਤੀ ਉੱਤੇ ਲੜਾਈਆਂ ਹੋਣਗੀਆਂ, ਕਾਲ ਪੈਣਗੇ, ਵੱਡੇ-ਵੱਡੇ ਭੁਚਾਲ ਆਉਣਗੇ ਅਤੇ ਬੀਮਾਰੀਆਂ ਫੈਲਣਗੀਆਂ। ਬੁਰਾਈ ਦਾ ਬੋਲਬਾਲਾ ਹੋਵੇਗਾ। ਯਿਸੂ ਦੇ ਸੱਚੇ ਸੇਵਕ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਗੇ। ਫਿਰ ਦੁਨੀਆਂ ਉੱਤੇ ਅਜਿਹਾ “ਵੱਡਾ ਕਸ਼ਟ” ਆਵੇਗਾ ਜੋ ਪਹਿਲਾਂ ਕਦੇ ਨਹੀਂ ਆਇਆ।—ਮੱਤੀ 24:21.
ਯਿਸੂ ਦੇ ਚੇਲਿਆਂ ਨੂੰ ਕਿਵੇਂ ਪਤਾ ਲੱਗਣਾ ਸੀ ਕਿ ਇਹ ਵੱਡਾ ਕਸ਼ਟ ਆਉਣ ਵਾਲਾ ਹੈ? ਯਿਸੂ ਨੇ ਕਿਹਾ ਸੀ: “ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ।” (ਮੱਤੀ 24:32) ਜਦੋਂ ਹੰਜੀਰ ਦੇ ਦਰਖ਼ਤ ਦੀਆਂ ਟਾਹਣੀਆਂ ਉੱਤੇ ਪੱਤੇ ਨਿਕਲਦੇ ਹਨ, ਤਾਂ ਇਹ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ। ਇਸੇ ਤਰ੍ਹਾਂ, ਜਦੋਂ ਯਿਸੂ ਦੁਆਰਾ ਦੱਸੀਆਂ ਘਟਨਾਵਾਂ ਇੱਕੋ ਸਮੇਂ ਦੌਰਾਨ ਵਾਪਰਨਗੀਆਂ, ਤਾਂ ਇਹ ਗੱਲ ਸਾਫ਼ ਹੋ ਜਾਵੇਗੀ ਕਿ ਅੰਤ ਨੇੜੇ ਹੈ। ਯਹੋਵਾਹ ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ ਨੂੰ ਪਤਾ ਨਹੀਂ ਹੋਣਾ ਸੀ ਕਿ ਵੱਡਾ ਕਸ਼ਟ ਕਿਹੜੇ ਦਿਨ ਅਤੇ ਕਿਸ ਸਮੇਂ ਤੇ ਸ਼ੁਰੂ ਹੋਵੇਗਾ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ: “ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ।”—ਮਰਕੁਸ 13:33.
—ਇਹ ਜਾਣਕਾਰੀ ਮੱਤੀ ਅਧਿਆਇ 24-25; ਮਰਕੁਸ ਅਧਿਆਇ 13 ਅਤੇ ਲੂਕਾ ਅਧਿਆਇ 21 ਵਿੱਚੋਂ ਲਈ ਗਈ ਹੈ।
a ਯਿਸੂ ਦੀ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਨੌਵਾਂ ਅਧਿਆਇ ਪੜ੍ਹੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।