ਭਾਗ 26
ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ
ਮਸੀਹ ਦਾ ਰਾਜ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰੇਗਾ, ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰੇਗਾ ਅਤੇ ਧਰਤੀ ਤੋਂ ਸਾਰੀ ਬੁਰਾਈ ਖ਼ਤਮ ਕਰੇਗਾ
ਬਾਈਬਲ ਦੀ ਅਖ਼ੀਰਲੀ ਕਿਤਾਬ, ਪਰਕਾਸ਼ ਦੀ ਪੋਥੀ ਵਿਚ ਇਨਸਾਨਾਂ ਨੂੰ ਉਮੀਦ ਦਿੱਤੀ ਗਈ ਹੈ। ਇਹ ਕਿਤਾਬ ਯੂਹੰਨਾ ਰਸੂਲ ਨੇ ਲਿਖੀ ਸੀ। ਉਸ ਨੂੰ ਦਰਸ਼ਣਾਂ ਵਿਚ ਦਿਖਾਇਆ ਗਿਆ ਸੀ ਕਿ ਪਰਮੇਸ਼ੁਰ ਨੇ ਆਪਣਾ ਮਕਸਦ ਕਿਵੇਂ ਪੂਰਾ ਕਰਨਾ ਸੀ।
ਪਹਿਲੇ ਦਰਸ਼ਣ ਵਿਚ, ਯਿਸੂ ਨੇ ਕੁਝ ਕਲੀਸਿਯਾਵਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤਾੜਨਾ ਵੀ ਦਿੱਤੀ। ਅਗਲੇ ਦਰਸ਼ਣ ਵਿਚ ਪਰਮੇਸ਼ੁਰ ਦਾ ਸਿੰਘਾਸਣ ਦਿਖਾਇਆ ਗਿਆ ਹੈ ਜਿੱਥੇ ਦੂਤ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ।
ਅਗਲੇ ਦਰਸ਼ਣਾਂ ਵਿਚ ਪਰਮੇਸ਼ੁਰ ਦਾ ਮਕਸਦ ਪੂਰਾ ਹੋਣ ਸੰਬੰਧੀ ਕੁਝ ਗੱਲਾਂ ਦੱਸੀਆਂ ਗਈਆਂ ਹਨ। ਯਿਸੂ ਮਸੀਹ ਨੂੰ ਸੱਤ ਮੋਹਰਾਂ ਵਾਲੀ ਇਕ ਪੋਥੀ ਦਿੱਤੀ ਜਾਂਦੀ ਹੈ। ਪਹਿਲੀਆਂ ਚਾਰ ਮੋਹਰਾਂ ਖੋਲ੍ਹਣ ਤੇ ਚਾਰ ਘੋੜਸਵਾਰ ਧਰਤੀ ਵੱਲ ਵਧਦੇ ਹਨ। ਪਹਿਲਾ ਘੋੜਸਵਾਰ ਰਾਜਾ ਯਿਸੂ ਹੈ ਜੋ ਚਿੱਟੇ ਘੋੜੇ ʼਤੇ ਬੈਠਾ ਹੈ। ਬਾਕੀ ਘੋੜੇ ਵੱਖ-ਵੱਖ ਰੰਗਾਂ ਦੇ ਹਨ ਅਤੇ ਉਹ ਲੜਾਈ, ਕਾਲ ਅਤੇ ਬੀਮਾਰੀਆਂ ਨੂੰ ਦਰਸਾਉਂਦੇ ਹਨ। ਇਹ ਸਭ ਗੱਲਾਂ ਅੰਤ ਦੇ ਸਮੇਂ ਵਿਚ ਵਾਪਰਨਗੀਆਂ। ਸੱਤਵੀਂ ਮੋਹਰ ਖੋਲ੍ਹਣ ਤੇ ਸੱਤ ਤੁਰ੍ਹੀਆਂ ਵਜਾਈਆਂ ਜਾਂਦੀਆਂ ਹਨ ਜੋ ਪਰਮੇਸ਼ੁਰ ਦੇ ਨਿਆਂ ਦੇ ਐਲਾਨ ਨੂੰ ਦਰਸਾਉਂਦੀਆਂ ਹਨ। ਇਸ ਤੋਂ ਬਾਅਦ ਸੱਤ ਬਿਪਤਾਵਾਂ ਆਉਂਦੀਆਂ ਹਨ ਜੋ ਪਰਮੇਸ਼ੁਰ ਦੇ ਕ੍ਰੋਧ ਨੂੰ ਦਰਸਾਉਂਦੀਆਂ ਹਨ।
ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੀ ਸ਼ੁਰੂਆਤ ਨੂੰ ਇਕ ਮੁੰਡੇ ਦੇ ਜਨਮ ਨਾਲ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਲੜਾਈ ਹੁੰਦੀ ਹੈ ਅਤੇ ਸ਼ਤਾਨ ਤੇ ਦੁਸ਼ਟ ਦੂਤਾਂ ਨੂੰ ਧਰਤੀ ਉੱਤੇ ਸੁੱਟਿਆ ਜਾਂਦਾ ਹੈ। ਫਿਰ ਉੱਚੀ ਆਵਾਜ਼ ਵਿਚ ਕੋਈ ਕਹਿੰਦਾ ਹੈ: ‘ਧਰਤੀ ਨੂੰ ਹਾਇ ਹਾਇ।’ ਸ਼ਤਾਨ ਵੱਡੇ ਕ੍ਰੋਧ ਵਿਚ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ।—ਪਰਕਾਸ਼ ਦੀ ਪੋਥੀ 12:12.
ਯੂਹੰਨਾ ਸਵਰਗ ਵਿਚ ਇਕ ਲੇਲਾ ਦੇਖਦਾ ਹੈ ਜੋ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਅਤੇ ਉਸ ਨਾਲ ਉਸ ਦੇ 1,44,000 ਸਾਥੀ ਹਨ ਜਿਨ੍ਹਾਂ ਨੂੰ ਧਰਤੀ ਤੋਂ ਚੁਣਿਆ ਗਿਆ ਹੈ। ਉਹ ਯਿਸੂ ਨਾਲ “ਰਾਜ ਕਰਨਗੇ।” ਪਰਕਾਸ਼ ਦੀ ਪੋਥੀ ਵਿਚ ਦੱਸਿਆ ਗਿਆ ਹੈ ਕਿ ਇਹ 1,44,000 ਰਾਜੇ ਵਾਅਦਾ ਕੀਤੀ ਗਈ ਸੰਤਾਨ ਦਾ ਹਿੱਸਾ ਹਨ।—ਪਰਕਾਸ਼ ਦੀ ਪੋਥੀ 14:1; 20:6.
ਧਰਤੀ ਦੇ ਸਾਰੇ ਰਾਜੇ ਆਰਮਾਗੇਡਨ ਦੇ ਯੁੱਧ ਲਈ ਇਕੱਠੇ ਹੋਣਗੇ ਜੋ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ ਹੈ।’ ਉਹ ਸਵਰਗੀ ਸੈਨਾ ਦੇ ਮੁਖੀ ਯਿਸੂ ਮਸੀਹ ਨਾਲ ਲੜਾਈ ਕਰਦੇ ਹਨ। ਯਿਸੂ ਇਨ੍ਹਾਂ ਸਾਰੇ ਰਾਜਿਆਂ ਦਾ ਨਾਸ਼ ਕਰੇਗਾ। ਫਿਰ ਸ਼ਤਾਨ ਨੂੰ ਕੈਦ ਕੀਤਾ ਜਾਵੇਗਾ ਅਤੇ ਯਿਸੂ ਅਤੇ 1,44,000 ਰਾਜੇ ‘ਹਜ਼ਾਰ ਵਰ੍ਹਿਆਂ’ ਲਈ ਰਾਜ ਕਰਨਗੇ। ਹਜ਼ਾਰ ਸਾਲਾਂ ਦੇ ਅੰਤ ਵਿਚ ਸ਼ਤਾਨ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ।—ਪਰਕਾਸ਼ ਦੀ ਪੋਥੀ 16:14; 20:4.
ਯਿਸੂ ਅਤੇ ਉਸ ਦੇ ਸਾਥੀਆਂ ਦੇ ਰਾਜ ਵਿਚ ਵਫ਼ਾਦਾਰ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਯੂਹੰਨਾ ਨੇ ਲਿਖਿਆ: “[ਯਹੋਵਾਹ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਫਿਰ ਸਾਰੀ ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ!
ਬਾਈਬਲ ਦਾ ਸੰਦੇਸ਼ ਪਰਕਾਸ਼ ਦੀ ਪੋਥੀ ਨਾਲ ਖ਼ਤਮ ਹੁੰਦਾ ਹੈ। ਮਸੀਹ ਦੇ ਰਾਜ ਰਾਹੀਂ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਵੇਗਾ ਤੇ ਉਸ ਦੇ ਰਾਜ ਕਰਨ ਦੇ ਹੱਕ ਨੂੰ ਹਮੇਸ਼ਾ-ਹਮੇਸ਼ਾ ਲਈ ਸਹੀ ਸਾਬਤ ਕੀਤਾ ਜਾਵੇਗਾ।
—ਇਹ ਜਾਣਕਾਰੀ ਪਰਕਾਸ਼ ਦੀ ਪੋਥੀ ਵਿੱਚੋਂ ਲਈ ਗਈ ਹੈ।