ਪਾਠ 3
ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?
1870 ਦੇ ਦਹਾਕੇ ਵਿਚ ਬਾਈਬਲ ਸਟੂਡੈਂਟਸ
1879 ਵਿਚ ਪਹਿਰਾਬੁਰਜ ਦਾ ਪਹਿਲਾ ਅੰਕ
ਅੱਜ ਪਹਿਰਾਬੁਰਜ
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹ ਦੀ ਮੌਤ ਤੋਂ ਬਾਅਦ ਪਹਿਲੀ ਸਦੀ ਦੇ ਮਸੀਹੀਆਂ ਵਿੱਚੋਂ ਝੂਠੇ ਸਿੱਖਿਅਕ ਉੱਠ ਖੜ੍ਹੇ ਹੋਣਗੇ ਅਤੇ ਬਾਈਬਲ ਦੀਆਂ ਸੱਚਾਈਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ। (ਰਸੂਲਾਂ ਦੇ ਕੰਮ 20:29, 30) ਸਮੇਂ ਦੇ ਬੀਤਣ ਨਾਲ ਇੱਦਾਂ ਹੀ ਹੋਇਆ। ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਹੋਰਨਾਂ ਧਰਮਾਂ ਦੀਆਂ ਸਿੱਖਿਆਵਾਂ ਨਾਲ ਰਲ਼ਾ-ਮਿਲਾ ਦਿੱਤਾ ਅਤੇ ਇਸ ਤਰ੍ਹਾਂ ਝੂਠੇ ਮਸੀਹੀ ਉੱਠ ਖੜ੍ਹੇ ਹੋਏ। (2 ਤਿਮੋਥਿਉਸ 4:3, 4) ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਾਡੇ ਕੋਲ ਬਾਈਬਲ ਦੀ ਸਹੀ ਸਮਝ ਹੈ?
ਯਹੋਵਾਹ ਨੇ ਸਮੇਂ ਸਿਰ ਸੱਚਾਈ ਉੱਤੇ ਰੌਸ਼ਨੀ ਪਾਈ। ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ‘ਅੰਤ ਕਾਲ ਵਿਚ ਸੱਚਾ ਗਿਆਨ ਵਧੇ ਫ਼ੁੱਲੇਗਾ।’ (ਦਾਨੀਏਲ 12:4, ERV) 1870 ਵਿਚ ਸੱਚਾਈ ਦੀ ਤਲਾਸ਼ ਕਰ ਰਹੇ ਇਕ ਛੋਟੇ ਗਰੁੱਪ ਨੇ ਦੇਖਿਆ ਕਿ ਚਰਚ ਦੀਆਂ ਕਾਫ਼ੀ ਸਿੱਖਿਆਵਾਂ ਬਾਈਬਲ ਦੇ ਖ਼ਿਲਾਫ਼ ਸਨ। ਇਸ ਲਈ ਉਹ ਬਾਈਬਲ ਦੀਆਂ ਸਿੱਖਿਆਵਾਂ ਦੀ ਸਹੀ ਸਮਝ ਹਾਸਲ ਕਰਨ ਲਈ ਖੋਜਬੀਨ ਕਰਨ ਲੱਗੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਸਮਝ ਬਖ਼ਸ਼ੀ।
ਨੇਕ ਇਰਾਦੇ ਵਾਲੇ ਆਦਮੀਆਂ ਨੇ ਧਿਆਨ ਨਾਲ ਬਾਈਬਲ ਦੀ ਸਟੱਡੀ ਕੀਤੀ। ਉਨ੍ਹਾਂ ਬਾਈਬਲ ਸਟੂਡੈਂਟਸ ਨੇ ਸਟੱਡੀ ਕਰਨ ਲਈ ਅਜਿਹਾ ਤਰੀਕਾ ਵਰਤਿਆ ਜੋ ਹਾਲੇ ਵੀ ਅਸੀਂ ਵਰਤਦੇ ਹਾਂ। ਉਹ ਇਕ-ਇਕ ਵਿਸ਼ੇ ਦੀ ਸਟੱਡੀ ਕਰਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਦਾ ਕੋਈ ਹਿੱਸਾ ਸਮਝਣਾ ਔਖਾ ਲੱਗਦਾ ਸੀ, ਤਾਂ ਉਹ ਉਸ ਨੂੰ ਸਮਝਣ ਲਈ ਬਾਈਬਲ ਦੀਆਂ ਹੋਰ ਆਇਤਾਂ ਦੇਖਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਸਹੀ ਜਵਾਬ ਮਿਲ ਜਾਂਦਾ ਸੀ, ਤਾਂ ਉਹ ਇਸ ਨੂੰ ਲਿਖ ਲੈਂਦੇ ਸਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੀ ਰੱਬ ਦੇ ਨਾਂ, ਉਸ ਦੇ ਰਾਜ, ਇਨਸਾਨਾਂ ਅਤੇ ਧਰਤੀ ਲਈ ਉਸ ਦੇ ਮਕਸਦ, ਮਰੇ ਹੋਏ ਲੋਕਾਂ ਦੀ ਹਾਲਤ ਅਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਉਮੀਦ ਬਾਰੇ ਸੱਚਾਈ ਪਤਾ ਲੱਗੀ। ਉਹ ਬਾਈਬਲ ਸਟੂਡੈਂਟਸ ਡੂੰਘੀ ਸਟੱਡੀ ਕਰ ਕੇ ਝੂਠੀਆਂ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਤੋਂ ਆਜ਼ਾਦ ਹੋ ਗਏ।—ਯੂਹੰਨਾ 8:31, 32.
1879 ਵਿਚ ਬਾਈਬਲ ਸਟੂਡੈਂਟਸ ਨੂੰ ਅਹਿਸਾਸ ਹੋਇਆ ਕਿ ਹੁਣ ਸਮਾਂ ਆ ਗਿਆ ਸੀ ਕਿ ਉਹ ਦੂਸਰਿਆਂ ਨੂੰ ਵੀ ਸੱਚਾਈ ਬਾਰੇ ਦੱਸਣ। ਇਸ ਲਈ ਉਸ ਸਾਲ ਉਹ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਰਸਾਲਾ ਛਾਪਣ ਲੱਗੇ ਜੋ ਅਸੀਂ ਅਜੇ ਵੀ ਛਾਪਦੇ ਹਾਂ। ਅਸੀਂ ਹੁਣ 240 ਦੇਸ਼ਾਂ ਅਤੇ ਤਕਰੀਬਨ 750 ਭਾਸ਼ਾਵਾਂ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸ ਰਹੇ ਹਾਂ। ਜੀ ਹਾਂ, ਲੋਕਾਂ ਨੂੰ ਸੱਚਾ ਗਿਆਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਿਲ ਰਿਹਾ ਹੈ!
ਮਸੀਹ ਦੀ ਮੌਤ ਤੋਂ ਬਾਅਦ ਕੁਝ ਲੋਕ ਬਾਈਬਲ ਦੀ ਸੱਚਾਈ ਨੂੰ ਕਿਵੇਂ ਪੇਸ਼ ਕਰਨ ਲੱਗ ਪਏ?
ਬਾਈਬਲ ਦੀ ਮਦਦ ਨਾਲ ਸੱਚਾਈ ਉੱਤੇ ਦੁਬਾਰਾ ਰੌਸ਼ਨੀ ਕਿਵੇਂ ਪਾਈ ਗਈ?