ਪਾਠ 14
ਪਰਮੇਸ਼ੁਰ ਨੇ ਆਪਣਾ ਸੰਗਠਨ ਕਿਉਂ ਬਣਾਇਆ ਹੈ?
1. ਪਰਮੇਸ਼ੁਰ ਨੇ ਪ੍ਰਾਚੀਨ ਇਜ਼ਰਾਈਲ ਨੂੰ ਇਕੱਠਾ ਕਿਉਂ ਕੀਤਾ ਸੀ?
ਪਰਮੇਸ਼ੁਰ ਨੇ ਪੂਰਵਜ ਅਬਰਾਹਾਮ ਦੀ ਸੰਤਾਨ ਨੂੰ ਇਕ ਕੌਮ ਵਜੋਂ ਇਕੱਠਾ ਕੀਤਾ ਤੇ ਉਸ ਨੂੰ ਕਾਨੂੰਨ ਦਿੱਤੇ। ਉਸ ਕੌਮ ਨੂੰ ਉਸ ਨੇ “ਇਜ਼ਰਾਈਲ” ਕਿਹਾ ਅਤੇ ਉਸ ਨੂੰ ਸੱਚੀ ਭਗਤੀ ਅਤੇ ਆਪਣੇ ਬਚਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਦਿੱਤੀ। (ਜ਼ਬੂਰਾਂ ਦੀ ਪੋਥੀ 147:19, 20) ਇਸ ਤਰ੍ਹਾਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਇਜ਼ਰਾਈਲ ਕੌਮ ਤੋਂ ਫ਼ਾਇਦਾ ਹੋਣਾ ਸੀ।—ਉਤਪਤ 22:18 ਪੜ੍ਹੋ।
ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਆਪਣੇ ਗਵਾਹਾਂ ਵਜੋਂ ਚੁਣਿਆ। ਉਨ੍ਹਾਂ ਦੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਲੋਕਾਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ। (ਬਿਵਸਥਾ ਸਾਰ 4:6) ਇਸ ਤਰ੍ਹਾਂ ਇਜ਼ਰਾਈਲੀਆਂ ਦੇ ਜ਼ਰੀਏ ਦੂਸਰੇ ਲੋਕ ਸੱਚੇ ਪਰਮੇਸ਼ੁਰ ਬਾਰੇ ਜਾਣ ਸਕਦੇ ਸਨ।—ਯਸਾਯਾਹ 43:10, 12 ਪੜ੍ਹੋ।
2. ਸੱਚੇ ਮਸੀਹੀਆਂ ਨੂੰ ਕਿਉਂ ਚੁਣਿਆ ਗਿਆ ਹੈ?
ਸਮੇਂ ਦੇ ਬੀਤਣ ਨਾਲ ਇਜ਼ਰਾਈਲੀ ਪਰਮੇਸ਼ੁਰ ਦੀ ਮਿਹਰ ਗੁਆ ਬੈਠੇ ਅਤੇ ਯਹੋਵਾਹ ਨੇ ਉਸ ਕੌਮ ਦੀ ਜਗ੍ਹਾ ਮਸੀਹੀ ਮੰਡਲੀ ਨੂੰ ਚੁਣ ਲਿਆ। (ਮੱਤੀ 21:43; 23:37, 38) ਹੁਣ ਇਜ਼ਰਾਈਲੀਆਂ ਦੀ ਜਗ੍ਹਾ ਸੱਚੇ ਮਸੀਹੀ ਯਹੋਵਾਹ ਦੇ ਗਵਾਹਾਂ ਵਜੋਂ ਸੇਵਾ ਕਰਦੇ ਹਨ।—ਰਸੂਲਾਂ ਦੇ ਕੰਮ 15:14, 17 ਪੜ੍ਹੋ।
ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਲਈ ਚੁਣਿਆ ਤਾਂਕਿ ਉਹ ਪ੍ਰਚਾਰ ਕਰਨ ਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ। (ਮੱਤੀ 10:7, 11; 24:14; 28:19, 20) ਇਹ ਕੰਮ ਹੁਣ ਇਸ ਯੁਗ ਦੇ ਆਖ਼ਰੀ ਸਮੇਂ ਵਿਚ ਆਪਣੇ ਸਿਖਰ ʼਤੇ ਪਹੁੰਚ ਗਿਆ ਹੈ। ਇਤਿਹਾਸ ਵਿਚ ਪਹਿਲੀ ਵਾਰ ਯਹੋਵਾਹ ਨੇ ਸੱਚੀ ਭਗਤੀ ਕਰਨ ਲਈ ਸਾਰੀਆਂ ਕੌਮਾਂ ਦੇ ਲੱਖਾਂ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ। (ਪ੍ਰਕਾਸ਼ ਦੀ ਕਿਤਾਬ 7:9, 10) ਸੱਚੇ ਮਸੀਹੀ ਮਿਲ ਕੇ ਇਕ-ਦੂਜੇ ਨੂੰ ਹੌਸਲਾ ਦਿੰਦੇ ਹਨ ਤੇ ਇਕ-ਦੂਜੇ ਦੀ ਮਦਦ ਕਰਦੇ ਹਨ। ਦੁਨੀਆਂ ਭਰ ਵਿਚ ਉਹ ਆਪਣੀਆਂ ਮੀਟਿੰਗਾਂ ਵਿਚ ਬਾਈਬਲ ਤੋਂ ਇੱਕੋ ਜਿਹੀ ਸਿੱਖਿਆ ਲੈਂਦੇ ਹਨ।—ਇਬਰਾਨੀਆਂ 10:24, 25 ਪੜ੍ਹੋ।
3. ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੀ ਸ਼ੁਰੂਆਤ ਕਿਵੇਂ ਹੋਈ?
ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੀ ਸ਼ੁਰੂਆਤ 1870 ਦੇ ਦਹਾਕੇ ਵਿਚ ਹੋਈ ਸੀ। ਬਾਈਬਲ ਦੇ ਵਿਦਿਆਰਥੀਆਂ ਦੇ ਇਕ ਛੋਟੇ ਜਿਹੇ ਸਮੂਹ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਸਹੀ ਸਮਝ ਹਾਸਲ ਹੋਈ ਜਦੋਂ ਉਨ੍ਹਾਂ ਨੇ ਦੁਬਾਰਾ ਇਨ੍ਹਾਂ ਦੀ ਜਾਂਚ ਕੀਤੀ। ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਨੇ ਮਸੀਹੀ ਮੰਡਲੀ ਨੂੰ ਪ੍ਰਚਾਰ ਕਰਨ ਲਈ ਇਕੱਠਾ ਕੀਤਾ ਸੀ, ਇਸ ਲਈ ਉਹ ਵੀ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲੱਗ ਪਏ। ਉਨ੍ਹਾਂ ਨੇ 1931 ਵਿਚ ਆਪਣਾ ਨਾਂ ਯਹੋਵਾਹ ਦੇ ਗਵਾਹ ਰੱਖਿਆ।—ਰਸੂਲਾਂ ਦੇ ਕੰਮ 1:8; 2:1, 4; 5:42 ਪੜ੍ਹੋ।
4. ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਿਵੇਂ ਕੀਤੀ ਜਾਂਦੀ ਹੈ?
ਪਹਿਲੀ ਸਦੀ ਵਿਚ ਕਈ ਦੇਸ਼ਾਂ ਵਿਚ ਮਸੀਹੀ ਮੰਡਲੀਆਂ ਨੂੰ ਇੱਕੋ ਪ੍ਰਬੰਧਕ ਸਭਾ ਤੋਂ ਅਗਵਾਈ ਮਿਲਦੀ ਸੀ ਜੋ ਯਿਸੂ ਨੂੰ ਮੰਡਲੀ ਦਾ ਮੁਖੀ ਮੰਨਦੀ ਸੀ। (ਰਸੂਲਾਂ ਦੇ ਕੰਮ 16:4, 5) ਇਸੇ ਤਰ੍ਹਾਂ ਅੱਜ ਵੀ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਤਜਰਬੇਕਾਰ ਬਜ਼ੁਰਗਾਂ ਦੀ ਬਣੀ ਪ੍ਰਬੰਧਕ ਸਭਾ ਤੋਂ ਅਗਵਾਈ ਮਿਲਦੀ ਹੈ। ਪ੍ਰਬੰਧਕ ਸਭਾ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਦੀ ਨਿਗਰਾਨੀ ਕਰਦੀ ਹੈ ਜੋ 600 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰ ਕੇ ਛਾਪਦੇ ਅਤੇ ਵੰਡਦੇ ਹਨ। ਇਸ ਤਰ੍ਹਾਂ ਪ੍ਰਬੰਧਕ ਸਭਾ ਦੁਨੀਆਂ ਭਰ ਵਿਚ ਇਕ ਲੱਖ ਤੋਂ ਜ਼ਿਆਦਾ ਮੰਡਲੀਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਅਤੇ ਸੇਧ ਦਿੰਦੀ ਹੈ। ਹਰ ਮੰਡਲੀ ਵਿਚ ਕਾਬਲ ਭਰਾ ਬਜ਼ੁਰਗਾਂ ਜਾਂ ਨਿਗਾਹਬਾਨਾਂ ਵਜੋਂ ਸੇਵਾ ਕਰਦੇ ਹਨ। ਇਹ ਭਰਾ ਪਿਆਰ ਨਾਲ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਦੇ ਹਨ।—1 ਪਤਰਸ 5:2, 3 ਪੜ੍ਹੋ।
ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦਾ ਕੰਮ ਕਰਨ ਲਈ ਸੰਗਠਿਤ ਕੀਤਾ ਗਿਆ ਹੈ। ਰਸੂਲਾਂ ਵਾਂਗ ਅਸੀਂ ਵੀ ਘਰ-ਘਰ ਪ੍ਰਚਾਰ ਕਰਦੇ ਹਾਂ। (ਰਸੂਲਾਂ ਦੇ ਕੰਮ 20:20) ਨਾਲੇ ਅਸੀਂ ਸੱਚਾਈ ਦੀ ਭਾਲ ਕਰ ਰਹੇ ਨੇਕਦਿਲ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਦਾ ਸੱਦਾ ਦਿੰਦੇ ਹਾਂ। ਪਰ ਯਹੋਵਾਹ ਦੇ ਗਵਾਹ ਸਿਰਫ਼ ਇਕ ਸੰਗਠਨ ਹੀ ਨਹੀਂ, ਸਗੋਂ ਅਸੀਂ ਇਕ ਪਰਿਵਾਰ ਹਾਂ ਤੇ ਸਾਡਾ ਇਕ ਪਿਆਰਾ ਪਿਤਾ ਹੈ। ਅਸੀਂ ਸਾਰੇ ਭੈਣ-ਭਰਾ ਹਾਂ ਜੋ ਇਕ-ਦੂਜੇ ਦੀ ਪਰਵਾਹ ਕਰਦੇ ਹਾਂ। (2 ਥੱਸਲੁਨੀਕੀਆਂ 1:3) ਯਹੋਵਾਹ ਦੇ ਲੋਕਾਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਤੇ ਦੂਜਿਆਂ ਦੀ ਮਦਦ ਕਰਨ ਲਈ ਇਕੱਠਾ ਕੀਤਾ ਗਿਆ ਹੈ, ਇਸ ਲਈ ਧਰਤੀ ʼਤੇ ਉਨ੍ਹਾਂ ਦਾ ਪਰਿਵਾਰ ਸਭ ਤੋਂ ਖ਼ੁਸ਼ ਹੈ।—ਜ਼ਬੂਰਾਂ ਦੀ ਪੋਥੀ 33:12; ਰਸੂਲਾਂ ਦੇ ਕੰਮ 20:35 ਪੜ੍ਹੋ।