ਪਾਠ 11
ਬਾਈਬਲ ਦੇ ਸਿਧਾਂਤਾਂ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
1. ਸਾਨੂੰ ਸੇਧ ਦੀ ਕਿਉਂ ਲੋੜ ਹੈ?
ਬਾਈਬਲ ਦੇ ਸਿਧਾਂਤਾਂ ʼਤੇ ਚੱਲ ਕੇ ਸਾਨੂੰ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ?—ਜ਼ਬੂਰਾਂ ਦੀ ਪੋਥੀ 36:9.
ਸਾਡਾ ਸਿਰਜਣਹਾਰ ਸਾਡੇ ਨਾਲੋਂ ਕਿਤੇ ਬੁੱਧੀਮਾਨ ਹੈ। ਉਹ ਸਾਡਾ ਪਿਆਰਾ ਪਿਤਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ। ਨਾਲੇ ਉਸ ਨੇ ਸਾਨੂੰ ਆਪਣੀ ਅਗਵਾਈ ਆਪ ਕਰਨ ਦੇ ਕਾਬਲ ਨਹੀਂ ਸੀ ਬਣਾਇਆ। (ਯਿਰਮਿਯਾਹ 10:23) ਇਸ ਲਈ, ਠੀਕ ਜਿਵੇਂ ਇਕ ਛੋਟੇ ਬੱਚੇ ਨੂੰ ਆਪਣੇ ਮਾਂ-ਬਾਪ ਦੀ ਸੇਧ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸਾਨੂੰ ਪਰਮੇਸ਼ੁਰ ਦੀ ਸੇਧ ਦੀ ਲੋੜ ਹੈ। (ਯਸਾਯਾਹ 48:17, 18) ਬਾਈਬਲ ਦੇ ਸਿਧਾਂਤਾਂ ਤੋਂ ਸਾਨੂੰ ਸੇਧ ਮਿਲਦੀ ਹੈ ਜੋ ਪਰਮੇਸ਼ੁਰ ਵੱਲੋਂ ਇਕ ਦਾਤ ਹੈ।—2 ਤਿਮੋਥਿਉਸ 3:16 ਪੜ੍ਹੋ।
ਯਹੋਵਾਹ ਦੇ ਕਾਨੂੰਨ ਅਤੇ ਸਿਧਾਂਤ ਸਾਨੂੰ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਉਂਦੇ ਹਨ ਅਤੇ ਦਿਖਾਉਂਦੇ ਹਨ ਕਿ ਭਵਿੱਖ ਵਿਚ ਹਮੇਸ਼ਾ ਲਈ ਬਰਕਤਾਂ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਪਰਮੇਸ਼ੁਰ ਸਾਡਾ ਸਿਰਜਣਹਾਰ ਹੈ, ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਦਰ ਕਰਦਿਆਂ ਉਸ ਦੀ ਸੇਧ ਮੁਤਾਬਕ ਚੱਲੀਏ।—ਜ਼ਬੂਰਾਂ ਦੀ ਪੋਥੀ 19:7, 11; ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।
2. ਬਾਈਬਲ ਦੇ ਸਿਧਾਂਤ ਕੀ ਹਨ?
ਬਾਈਬਲ ਦੇ ਸਿਧਾਂਤ ਬੁਨਿਆਦੀ ਸੱਚਾਈਆਂ ਹਨ। ਪਰ ਕਾਨੂੰਨ ਖ਼ਾਸ ਹਾਲਾਤਾਂ ਲਈ ਹੁੰਦੇ ਹਨ। (ਬਿਵਸਥਾ ਸਾਰ 22:8) ਸਾਨੂੰ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਕੋਈ ਸਿਧਾਂਤ ਕਿਸੇ ਖ਼ਾਸ ਸਥਿਤੀ ਵਿਚ ਕਿਵੇਂ ਲਾਗੂ ਹੁੰਦਾ ਹੈ। (ਕਹਾਉਤਾਂ 2:10-12) ਮਿਸਾਲ ਲਈ, ਬਾਈਬਲ ਸਿਖਾਉਂਦੀ ਹੈ ਕਿ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਦਾਤ ਹੈ। ਇਸ ਮੂਲ ਸਿਧਾਂਤ ਤੋਂ ਸਾਨੂੰ ਕੰਮ ʼਤੇ, ਘਰ ਵਿਚ ਤੇ ਸਫ਼ਰ ਕਰਦਿਆਂ ਸੇਧ ਮਿਲਦੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਾਂਗੇ।—ਰਸੂਲਾਂ ਦੇ ਕੰਮ 17:28 ਪੜ੍ਹੋ।
3. ਦੋ ਮੁੱਖ ਸਿਧਾਂਤ ਕਿਹੜੇ ਹਨ?
ਯਿਸੂ ਨੇ ਦੋ ਸਭ ਤੋਂ ਜ਼ਰੂਰੀ ਸਿਧਾਂਤਾਂ ਦੀ ਗੱਲ ਕੀਤੀ ਸੀ। ਪਹਿਲੇ ਸਿਧਾਂਤ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਦੇ ਜੀਵਨ ਦਾ ਮਕਸਦ ਕੀ ਹੈ। ਹਾਂ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਜਾਣਨ, ਉਸ ਨਾਲ ਪਿਆਰ ਕਰਨ ਅਤੇ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਦੀ ਲੋੜ ਹੈ। ਸਾਨੂੰ ਹਰ ਫ਼ੈਸਲਾ ਕਰਦਿਆਂ ਇਸ ਸਿਧਾਂਤ ਉੱਤੇ ਗੌਰ ਕਰਨ ਦੀ ਲੋੜ ਹੈ। (ਕਹਾਉਤਾਂ 3:6) ਜਿਹੜੇ ਇਸ ਸਿਧਾਂਤ ਮੁਤਾਬਕ ਜੀਉਂਦੇ ਹਨ, ਉਹ ਪਰਮੇਸ਼ੁਰ ਦੇ ਦੋਸਤ ਬਣਨਗੇ ਅਤੇ ਸੱਚੀ ਖ਼ੁਸ਼ੀ ਤੇ ਸਦਾ ਦੀ ਜ਼ਿੰਦਗੀ ਪਾਉਣਗੇ।—ਮੱਤੀ 22:36-38 ਪੜ੍ਹੋ।
ਦੂਜਾ ਸਿਧਾਂਤ ਸਾਡੀ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰ ਸਕਦਾ ਹੈ। (1 ਕੁਰਿੰਥੀਆਂ 13:4-7) ਇਸ ਸਿਧਾਂਤ ʼਤੇ ਚੱਲਣ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਨਾਲ ਉਸ ਤਰ੍ਹਾਂ ਸਲੂਕ ਕਰੀਏ ਜਿਸ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਦੇ ਨਾਲ ਸਲੂਕ ਕਰਦਾ ਹੈ।—ਮੱਤੀ 7:12; 22:39, 40 ਪੜ੍ਹੋ।
4. ਬਾਈਬਲ ਦੇ ਸਿਧਾਂਤਾਂ ਮੁਤਾਬਕ ਚੱਲਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਬਾਈਬਲ ਦੇ ਸਿਧਾਂਤ ਪਰਿਵਾਰਾਂ ਨੂੰ ਸਿਖਾਉਂਦੇ ਹਨ ਕਿ ਉਹ ਪਿਆਰ ਦੇ ਬੰਧਨ ਵਿਚ ਕਿਵੇਂ ਬੱਝ ਸਕਦੇ ਹਨ। (ਕੁਲੁੱਸੀਆਂ 3:12-14) ਪਰਮੇਸ਼ੁਰ ਦਾ ਬਚਨ ਪਰਿਵਾਰਾਂ ਨੂੰ ਇਕ ਹੋਰ ਸਿਧਾਂਤ ਸਿਖਾ ਕੇ ਵੀ ਮਦਦ ਕਰਦਾ ਹੈ। ਉਹ ਇਹ ਹੈ ਕਿ ਵਿਆਹ ਦਾ ਬੰਧਨ ਹਮੇਸ਼ਾ ਲਈ ਹੁੰਦਾ ਹੈ।—ਉਤਪਤ 2:24 ਪੜ੍ਹੋ।
ਬਾਈਬਲ ਦੀਆਂ ਸਿੱਖਿਆਵਾਂ ʼਤੇ ਚੱਲਣ ਨਾਲ ਅਸੀਂ ਆਪਣੀ ਰੋਜ਼ੀ-ਰੋਟੀ ਦੇ ਸਾਧਨ ਨੂੰ ਬਚਾਈ ਰੱਖਾਂਗੇ ਤੇ ਦੁਖੀ ਹੋਣ ਤੋਂ ਬਚਾਂਗੇ। ਮਿਸਾਲ ਲਈ, ਮਾਲਕ ਅਕਸਰ ਉਨ੍ਹਾਂ ਕਾਮਿਆਂ ਨੂੰ ਪਸੰਦ ਕਰਦੇ ਹਨ ਜੋ ਬਾਈਬਲ ਦੇ ਸਿਧਾਂਤਾਂ ʼਤੇ ਚੱਲਣ ਕਰਕੇ ਈਮਾਨਦਾਰ ਤੇ ਮਿਹਨਤੀ ਹੁੰਦੇ ਹਨ। (ਕਹਾਉਤਾਂ 10:4, 26; ਇਬਰਾਨੀਆਂ 13:18) ਪਰਮੇਸ਼ੁਰ ਦਾ ਬਚਨ ਸਾਨੂੰ ਇਹ ਵੀ ਤਾਕੀਦ ਕਰਦਾ ਹੈ ਕਿ ਜੇ ਸਾਡੇ ਕੋਲ ਜ਼ਰੂਰੀ ਚੀਜ਼ਾਂ ਹਨ, ਤਾਂ ਸਾਨੂੰ ਇਨ੍ਹਾਂ ਵਿਚ ਸੰਤੋਖ ਰੱਖਣਾ ਚਾਹੀਦਾ ਹੈ ਤੇ ਪਰਮੇਸ਼ੁਰ ਦੀ ਦੋਸਤੀ ਨੂੰ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਅਨਮੋਲ ਸਮਝਣਾ ਚਾਹੀਦਾ ਹੈ।—ਮੱਤੀ 6:24, 25, 33; 1 ਤਿਮੋਥਿਉਸ 6:8-10 ਪੜ੍ਹੋ।
ਬਾਈਬਲ ਦੇ ਸਿਧਾਂਤਾਂ ਮੁਤਾਬਕ ਚੱਲਣ ਨਾਲ ਸਾਡੀ ਸਿਹਤ ʼਤੇ ਵਧੀਆ ਅਸਰ ਪੈ ਸਕਦਾ ਹੈ। (ਕਹਾਉਤਾਂ 14:30; 22:24, 25) ਮਿਸਾਲ ਲਈ, ਜ਼ਿਆਦਾ ਸ਼ਰਾਬ ਨਾ ਪੀਣ ਬਾਰੇ ਦਿੱਤੇ ਪਰਮੇਸ਼ੁਰ ਦੇ ਹੁਕਮ ਨੂੰ ਮੰਨ ਕੇ ਅਸੀਂ ਜਾਨਲੇਵਾ ਬੀਮਾਰੀਆਂ ਅਤੇ ਹਾਦਸਿਆਂ ਤੋਂ ਆਪਣਾ ਬਚਾਅ ਕਰਦੇ ਹਾਂ। (ਕਹਾਉਤਾਂ 23:20) ਯਹੋਵਾਹ ਸ਼ਰਾਬ ਪੀਣ ਤੋਂ ਸਾਨੂੰ ਮਨ੍ਹਾ ਨਹੀਂ ਕਰਦਾ, ਪਰ ਸਾਨੂੰ ਹਿਸਾਬ ਨਾਲ ਪੀਣੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 104:15; 1 ਕੁਰਿੰਥੀਆਂ 6:10) ਪਰਮੇਸ਼ੁਰ ਦੇ ਸਿਧਾਂਤ ਸਾਨੂੰ ਸਹੀ ਕੰਮ ਕਰਨ ਦੇ ਨਾਲ-ਨਾਲ ਆਪਣੀ ਸੋਚਣੀ ਦੀ ਰੱਖਿਆ ਕਰਨ ਦੀ ਵੀ ਸਿੱਖਿਆ ਦਿੰਦੇ ਹਨ। (ਜ਼ਬੂਰਾਂ ਦੀ ਪੋਥੀ 119:97-100) ਜੀ ਹਾਂ, ਸੱਚੇ ਮਸੀਹੀ ਪਰਮੇਸ਼ੁਰ ਦੇ ਸਿਧਾਂਤਾਂ ʼਤੇ ਸਿਰਫ਼ ਆਪਣੇ ਹੀ ਭਲੇ ਲਈ ਨਹੀਂ ਚੱਲਦੇ, ਸਗੋਂ ਉਹ ਇਸ ਤਰ੍ਹਾਂ ਕਰ ਕੇ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਨ।—ਮੱਤੀ 5:14-16 ਪੜ੍ਹੋ।