ਭਾਗ 6
ਬੱਚੇ ਹੋਣ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿਚ ਬਦਲਾਅ
“ਬੱਚੇ ਯਹੋਵਾਹ ਵੱਲੋਂ ਮਿਰਾਸ ਹਨ।”—ਜ਼ਬੂਰਾਂ ਦੀ ਪੋਥੀ 127:3
ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਤਾਂ ਮਾਪਿਆਂ ਨੂੰ ਬੇਹੱਦ ਖ਼ੁਸ਼ੀ ਹੋਣ ਦੇ ਨਾਲ-ਨਾਲ ਸ਼ਾਇਦ ਪਰੇਸ਼ਾਨੀ ਵੀ ਹੋ ਸਕਦੀ ਹੈ। ਪਹਿਲੀ ਵਾਰ ਮਾਂ-ਬਾਪ ਬਣਨ ਕਾਰਨ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਤੁਹਾਡਾ ਜ਼ਿਆਦਾਤਰ ਸਮਾਂ ਤੇ ਤਾਕਤ ਬੱਚੇ ਦੀ ਦੇਖ-ਭਾਲ ਕਰਨ ਵਿਚ ਚਲੀ ਜਾਂਦੀ ਹੈ। ਬੇਆਰਾਮੀ ਅਤੇ ਜਜ਼ਬਾਤਾਂ ਵਿਚ ਆਉਂਦੇ ਬਦਲਾਅ ਕਰਕੇ ਪਤੀ-ਪਤਨੀ ਵਿਚ ਤਣਾਅ ਪੈਦਾ ਹੋ ਸਕਦਾ ਹੈ। ਬੱਚੇ ਨੂੰ ਸੰਭਾਲਣ ਅਤੇ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਰੱਖਣ ਲਈ ਤੁਹਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਪਵੇਗੀ। ਇਸ ਨਾਜ਼ੁਕ ਸਮੇਂ ਦੌਰਾਨ ਬਾਈਬਲ ਦੀ ਸਲਾਹ ਤੁਹਾਡੀ ਕਿੱਦਾਂ ਮਦਦ ਕਰ ਸਕਦੀ ਹੈ?
1 ਬੱਚੇ ਦੇ ਪੈਦਾ ਹੋਣ ਤੋਂ ਬਾਅਦ ਇਕ-ਦੂਜੇ ਨੂੰ ਸਮਝੋ
ਬਾਈਬਲ ਕੀ ਕਹਿੰਦੀ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।” ਨਾਲੇ ਪਿਆਰ ‘ਆਪਣੇ ਬਾਰੇ ਹੀ ਨਹੀਂ ਸੋਚਦਾ, ਤੇ ਨਾ ਹੀ ਖਿਝਦਾ ਹੈ।’ (1 ਕੁਰਿੰਥੀਆਂ 13:4, 5) ਨਵੀਂ-ਨਵੀਂ ਮਾਂ ਬਣਨ ਕਰਕੇ ਤੁਹਾਨੂੰ ਆਪਣਾ ਸਾਰਾ ਧਿਆਨ ਬੱਚੇ ਵੱਲ ਲਾਉਣਾ ਪੈਂਦਾ ਹੈ ਜਿਸ ਕਰਕੇ ਤੁਹਾਡੇ ਪਤੀ ਨੂੰ ਲੱਗ ਸਕਦਾ ਹੈ ਕਿ ਹੁਣ ਤੁਸੀਂ ਉਸ ਨੂੰ ਭੁੱਲ ਗਏ ਹੋ। ਪਰ ਯਾਦ ਰੱਖੋ ਕਿ ਤੁਹਾਡੇ ਪਤੀ ਨੂੰ ਵੀ ਤੁਹਾਡੀ ਲੋੜ ਹੈ। ਆਪਣੇ ਪਤੀ ਨੂੰ ਪਿਆਰ ਤੇ ਧੀਰਜ ਨਾਲ ਸਮਝਾਓ ਕਿ ਉਹ ਬੱਚੇ ਦੀ ਦੇਖ-ਭਾਲ ਕਰਨ ਵਿਚ ਤੁਹਾਡਾ ਹੱਥ ਕਿਵੇਂ ਵਟਾ ਸਕਦਾ ਹੈ। ਇੱਦਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਅਜੇ ਵੀ ਉਸ ਨੂੰ ਪਿਆਰ ਕਰਦੇ ਹੋ।
“ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ।” (1 ਪਤਰਸ 3:7) ਆਪਣੀ ਪਤਨੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਲਈ ਬੱਚੇ ਦੀ ਦੇਖ-ਭਾਲ ਕਰਨੀ ਸੌਖੀ ਨਹੀਂ ਹੈ। ਯਾਦ ਰੱਖੋ ਕਿ ਨਵੀਆਂ ਜ਼ਿੰਮੇਵਾਰੀਆਂ ਕਰਕੇ ਉਹ ਤਣਾਅ ਵਿਚ ਆ ਸਕਦੀ ਹੈ, ਥੱਕ ਸਕਦੀ ਹੈ ਜਾਂ ਕਦੇ-ਕਦੇ ਨਿਰਾਸ਼ ਵੀ ਹੋ ਸਕਦੀ ਹੈ। ਸਮੇਂ-ਸਮੇਂ ਤੇ ਉਹ ਸ਼ਾਇਦ ਤੁਹਾਡੇ ਉੱਤੇ ਗੁੱਸਾ ਕੱਢੇ, ਪਰ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ‘ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ ਚੰਗਾ ਹੈ।’ (ਕਹਾਉਤਾਂ 16:32) ਸਮਝਦਾਰੀ ਤੋਂ ਕੰਮ ਲੈਂਦਿਆਂ ਉਸ ਦਾ ਪੂਰਾ-ਪੂਰਾ ਸਾਥ ਦਿਓ।—ਕਹਾਉਤਾਂ 14:29.
ਤੁਸੀਂ ਕੀ ਕਰ ਸਕਦੇ ਹੋ:
ਪਿਤਾ ਲਈ ਸਲਾਹ: ਬੱਚੇ ਦੀ ਦੇਖ-ਭਾਲ ਕਰਨ ਵਿਚ ਆਪਣੀ ਪਤਨੀ ਦੀ ਮਦਦ ਕਰੋ, ਚਾਹੇ ਅੱਧੀ ਰਾਤ ਹੀ ਕਿਉਂ ਨਾ ਹੋਵੇ। ਹੋਰ ਕੰਮਾਂ ਵਿਚ ਘੱਟ ਸਮਾਂ ਲਗਾਓ ਤਾਂਕਿ ਤੁਹਾਡੇ ਕੋਲ ਆਪਣੀ ਪਤਨੀ ਅਤੇ ਆਪਣੇ ਬੱਚੇ ਲਈ ਜ਼ਿਆਦਾ ਸਮਾਂ ਹੋਵੇ
ਮਾਂ ਲਈ ਸਲਾਹ: ਜੇ ਤੁਹਾਡਾ ਪਤੀ ਬੱਚੇ ਨੂੰ ਸੰਭਾਲਣ ਵਿਚ ਹੱਥ ਵਟਾਉਣਾ ਚਾਹੇ, ਤਾਂ ਉਸ ਨੂੰ ਇੱਦਾਂ ਕਰਨ ਦਿਓ। ਜੇ ਉਹ ਕੋਈ ਕੰਮ ਸਹੀ ਨਹੀਂ ਵੀ ਕਰਦਾ, ਤਾਂ ਵੀ ਨੁਕਸ ਨਾ ਕੱਢੋ, ਸਗੋਂ ਪਿਆਰ ਨਾਲ ਉਸ ਨੂੰ ਉਹ ਕੰਮ ਕਰਨਾ ਸਿਖਾਓ
2 ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ
ਬਾਈਬਲ ਕੀ ਕਹਿੰਦੀ ਹੈ: “ਓਹ ਇੱਕ ਸਰੀਰ ਹੋਣਗੇ।” (ਉਤਪਤ 2:24) ਭਾਵੇਂ ਤੁਹਾਡੇ ਪਰਿਵਾਰ ਵਿਚ ਇਕ ਨਵਾਂ ਜੀਅ ਆ ਗਿਆ ਹੈ, ਫਿਰ ਵੀ ਯਾਦ ਰੱਖੋ ਕਿ ਤੁਸੀਂ ਪਤੀ-ਪਤਨੀ ਵਜੋਂ ਹਾਲੇ ਵੀ “ਇੱਕ ਸਰੀਰ” ਹੋ। ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਵਿਚ ਕੋਈ ਕਸਰ ਨਾ ਛੱਡੋ।
ਪਤਨੀਓ, ਆਪਣੇ ਪਤੀ ਦੀ ਮਦਦ ਲਈ ਸ਼ੁਕਰਗੁਜ਼ਾਰੀ ਦਿਖਾਓ। ਇੱਦਾਂ ਕਰਨ ਨਾਲ ਉਸ ਨੂੰ “ਚੰਗਾ” ਲੱਗੇਗਾ। (ਕਹਾਉਤਾਂ 12:18) ਪਤੀਓ, ਆਪਣੀ ਪਤਨੀ ਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ। ਉਸ ਦੀ ਸਿਫ਼ਤ ਕਰੋ ਕਿ ਉਹ ਪਰਿਵਾਰ ਦੀ ਦੇਖ-ਭਾਲ ਕਰਨ ਲਈ ਕਿੰਨੀ ਮਿਹਨਤ ਕਰਦੀ ਹੈ।—ਕਹਾਉਤਾਂ 31:10, 28.
“ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।” (1 ਕੁਰਿੰਥੀਆਂ 10:24) ਹਮੇਸ਼ਾ ਉਹ ਕੰਮ ਕਰੋ ਜਿਸ ਵਿਚ ਤੁਹਾਡੇ ਸਾਥੀ ਦੀ ਭਲਾਈ ਹੋਵੇ। ਇਕ-ਦੂਜੇ ਨਾਲ ਗੱਲ ਕਰਨ ਅਤੇ ਸੁਣਨ ਲਈ ਸਮਾਂ ਕੱਢੋ ਅਤੇ ਇਕ-ਦੂਜੇ ਦੀ ਤਾਰੀਫ਼ ਵੀ ਕਰੋ। ਜਿਨਸੀ ਮਾਮਲਿਆਂ ਵਿਚ ਸਿਰਫ਼ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਆਪਣੇ ਸਾਥੀ ਦੀਆਂ ਲੋੜਾਂ ਬਾਰੇ ਵੀ ਸੋਚੋ। ਬਾਈਬਲ ਪਤੀ-ਪਤਨੀ ਨੂੰ ਕਹਿੰਦੀ ਹੈ ਕਿ ਉਹ ‘ਇਕ-ਦੂਜੇ ਨੂੰ ਇਸ ਹੱਕ ਤੋਂ ਵਾਂਝਾ ਨਾ ਰੱਖਣ, ਪਰ ਜੇ ਤੁਸੀਂ ਇਸ ਤਰ੍ਹਾਂ ਕਰਦੇ ਵੀ ਹੋ, ਤਾਂ ਇਹ ਤੁਹਾਡੀ ਦੋਵਾਂ ਦੀ ਰਜ਼ਾਮੰਦੀ ਨਾਲ’ ਹੋਵੇ। (1 ਕੁਰਿੰਥੀਆਂ 7:3-5) ਇਸ ਵਿਸ਼ੇ ਬਾਰੇ ਦਿਲ ਖੋਲ੍ਹ ਕੇ ਗੱਲ ਕਰੋ। ਇਕ-ਦੂਜੇ ਨੂੰ ਸਮਝਣ ਅਤੇ ਧੀਰਜ ਦਿਖਾਉਣ ਨਾਲ ਤੁਸੀਂ ਆਪਣਾ ਰਿਸ਼ਤਾ ਮਜ਼ਬੂਤ ਕਰ ਸਕੋਗੇ।
ਤੁਸੀਂ ਕੀ ਕਰ ਸਕਦੇ ਹੋ:
ਇਕ-ਦੂਜੇ ਲਈ ਸਮਾਂ ਕੱਢਣਾ ਨਾ ਭੁੱਲੋ
ਛੋਟੀਆਂ-ਛੋਟੀਆਂ ਗੱਲਾਂ ਵਿਚ ਇਕ-ਦੂਜੇ ਲਈ ਪਿਆਰ ਦਿਖਾਓ, ਜਿਵੇਂ ਛੋਟਾ ਜਿਹਾ ਖ਼ਤ ਲਿਖਣਾ ਜਾਂ ਕੋਈ ਤੋਹਫ਼ਾ ਦੇਣਾ
3 ਆਪਣੇ ਨੰਨ੍ਹੇ ਬੱਚੇ ਨੂੰ ਸਿਖਲਾਈ ਦੇਣੀ
ਬਾਈਬਲ ਕੀ ਕਹਿੰਦੀ ਹੈ: “ਤੂੰ ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ। ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ।” (2 ਤਿਮੋਥਿਉਸ 3:15) ਪਹਿਲਾਂ ਤੋਂ ਹੀ ਸੋਚ ਕੇ ਰੱਖੋ ਕਿ ਤੁਸੀਂ ਆਪਣੇ ਬੱਚੇ ਨੂੰ ਕੀ-ਕੀ ਸਿਖਾਓਗੇ। ਕੀ ਤੁਹਾਨੂੰ ਪਤਾ ਹੈ ਕਿ ਜਦੋਂ ਬੱਚਾ ਕੁੱਖ ਵਿਚ ਹੀ ਹੁੰਦਾ ਹੈ, ਉਦੋਂ ਵੀ ਉਹ ਬਹੁਤ ਕੁਝ ਸਿੱਖ ਸਕਦਾ ਹੈ? ਉਹ ਤੁਹਾਡੀ ਆਵਾਜ਼ ਪਛਾਣ ਸਕਦਾ ਹੈ ਅਤੇ ਤੁਹਾਡੀ ਖ਼ੁਸ਼ੀ-ਗਮੀ ਨੂੰ ਮਹਿਸੂਸ ਕਰ ਸਕਦਾ ਹੈ। ਜਦੋਂ ਬੱਚਾ ਹਾਲੇ ਛੋਟਾ ਹੀ ਹੈ, ਤਾਂ ਉਸ ਨਾਲ ਕੁਝ-ਨਾ-ਕੁਝ ਪੜ੍ਹੋ। ਸ਼ਾਇਦ ਉਸ ਨੂੰ ਪੜ੍ਹੀਆਂ ਗੱਲਾਂ ਸਮਝ ਨਾ ਆਉਣ, ਪਰ ਇੱਦਾਂ ਉਸ ਵਿਚ ਪੜ੍ਹਨ ਦਾ ਸ਼ੌਕ ਪੈਦਾ ਹੋ ਸਕਦਾ ਹੈ।
ਇਹ ਨਾ ਸੋਚੋ ਕਿ ਤੁਹਾਡਾ ਬੱਚਾ ਅਜੇ ਬਹੁਤ ਛੋਟਾ ਹੈ ਤੇ ਉਸ ਨਾਲ ਪਰਮੇਸ਼ੁਰ ਬਾਰੇ ਗੱਲਾਂ ਕਰਨ ਦਾ ਕੋਈ ਫ਼ਾਇਦਾ ਨਹੀਂ। ਉਸ ਦੇ ਨਾਲ ਮਿਲ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਬਿਵਸਥਾ ਸਾਰ 11:19) ਜਦੋਂ ਤੁਸੀਂ ਇਕੱਠੇ ਖੇਡਦੇ ਹੋ, ਤਾਂ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਬਾਰੇ ਗੱਲ ਕਰੋ। (ਜ਼ਬੂਰਾਂ ਦੀ ਪੋਥੀ 78:3, 4) ਜਿੱਦਾਂ-ਜਿੱਦਾਂ ਤੁਹਾਡਾ ਬੱਚਾ ਵੱਡਾ ਹੁੰਦਾ ਜਾਂਦਾ ਹੈ, ਇਨ੍ਹਾਂ ਗੱਲਾਂ ਤੋਂ ਉਸ ਨੂੰ ਸਾਫ਼ ਜ਼ਾਹਰ ਹੋਵੇਗਾ ਕਿ ਤੁਹਾਡਾ ਯਹੋਵਾਹ ਨਾਲ ਕਿੰਨਾ ਲਗਾਅ ਹੈ ਅਤੇ ਉਹ ਵੀ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖੇਗਾ।
ਤੁਸੀਂ ਕੀ ਕਰ ਸਕਦੇ ਹੋ:
ਪਰਮੇਸ਼ੁਰ ਨੂੰ ਬੁੱਧ ਲਈ ਪ੍ਰਾਰਥਨਾ ਕਰੋ ਜੋ ਬੱਚੇ ਨੂੰ ਸਿਖਲਾਈ ਦੇਣ ਲਈ ਜ਼ਰੂਰੀ ਹੈ
ਜ਼ਰੂਰੀ ਗੱਲਾਂ ਨੂੰ ਦੁਹਰਾਓ ਤਾਂਕਿ ਤੁਹਾਡਾ ਬੱਚਾ ਛੋਟੀ ਉਮਰ ਤੋਂ ਹੀ ਸਿੱਖੇ