ਭਾਗ 9
ਪਰਿਵਾਰੋ, ਮਿਲ ਕੇ ਯਹੋਵਾਹ ਦੀ ਭਗਤੀ ਕਰੋ
“ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਸੋਮਿਆਂ ਨੂੰ ਬਣਾਇਆ ਹੈ।”—ਪ੍ਰਕਾਸ਼ ਦੀ ਕਿਤਾਬ 14:7
ਤੁਸੀਂ ਇਸ ਬਰੋਸ਼ਰ ਵਿਚ ਸਿੱਖਿਆ ਹੈ ਕਿ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰਨ ਲਈ ਬਾਈਬਲ ਵਿਚ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ। ਯਹੋਵਾਹ ਚਾਹੁੰਦਾ ਹੈ ਕਿ ਤੁਹਾਡਾ ਪਰਿਵਾਰ ਸੁਖੀ ਹੋਵੇ। ਉਹ ਵਾਅਦਾ ਕਰਦਾ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲੀ ਥਾਂ ਦਿਓਗੇ, ਤਾਂ ਬਾਕੀ “ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” (ਮੱਤੀ 6:33) ਯਹੋਵਾਹ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ। ਇਸ ਦੋਸਤੀ ਨੂੰ ਪੱਕਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਾ ਗੁਆਓ। ਤੁਹਾਡੇ ਲਈ ਇਸ ਤੋਂ ਵੱਡਾ ਕੋਈ ਹੋਰ ਸਨਮਾਨ ਨਹੀਂ ਹੋ ਸਕਦਾ।—ਮੱਤੀ 22:37, 38.
1 ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰੋ
ਬਾਈਬਲ ਕੀ ਕਹਿੰਦੀ ਹੈ: “‘ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਧੀਆਂ-ਪੁੱਤਰ ਹੋਵੋਗੇ,’ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।” (2 ਕੁਰਿੰਥੀਆਂ 6:18) ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਪੱਕੇ ਦੋਸਤ ਬਣੋ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਤੁਸੀਂ ਉਸ ਨਾਲ ਪ੍ਰਾਰਥਨਾ ਰਾਹੀਂ ਗੱਲ ਕਰੋ। ਯਹੋਵਾਹ ਸਾਨੂੰ ਕਹਿੰਦਾ ਹੈ ਕਿ “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸਲੁਨੀਕੀਆਂ 5:17) ਉਹ ਤੁਹਾਡੇ ਖ਼ਿਆਲਾਂ ਅਤੇ ਚਿੰਤਾਵਾਂ ਨੂੰ ਸੁਣਨ ਲਈ ਉਤਾਵਲਾ ਹੈ। (ਫ਼ਿਲਿੱਪੀਆਂ 4:6) ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਹੋ, ਤਾਂ ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਪਰਮੇਸ਼ੁਰ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਹੈ।
ਪਰਮੇਸ਼ੁਰ ਨਾਲ ਗੱਲ ਕਰਨ ਤੋਂ ਇਲਾਵਾ ਤੁਹਾਨੂੰ ਉਸ ਦੀ ਗੱਲ ਸੁਣਨ ਦੀ ਵੀ ਲੋੜ ਹੈ। ਕਿਵੇਂ? ਉਸ ਦਾ ਬਚਨ ਪੜ੍ਹੋ ਅਤੇ ਉਹ ਪ੍ਰਕਾਸ਼ਨ ਪੜ੍ਹੋ ਜਿਸ ਵਿਚ ਬਾਈਬਲ ਦੀਆਂ ਗੱਲਾਂ ਸਮਝਾਈਆਂ ਗਈਆਂ ਹਨ। (ਜ਼ਬੂਰਾਂ ਦੀ ਪੋਥੀ 1:1, 2) ਸਿੱਖੀਆਂ ਗੱਲਾਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰੋ। (ਜ਼ਬੂਰਾਂ ਦੀ ਪੋਥੀ 77:11, 12) ਪਰਮੇਸ਼ੁਰ ਦੀ ਗੱਲ ਸੁਣਨ ਲਈ ਤੁਹਾਨੂੰ ਲਗਾਤਾਰ ਮੀਟਿੰਗਾਂ ਵਿਚ ਵੀ ਜਾਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 122:1-4.
ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦਾ ਇਕ ਹੋਰ ਤਰੀਕਾ ਹੈ ਕਿ ਤੁਸੀਂ ਦੂਜਿਆਂ ਨੂੰ ਉਸ ਬਾਰੇ ਦੱਸੋ। ਜਿੰਨਾ ਜ਼ਿਆਦਾ ਤੁਸੀਂ ਇੱਦਾਂ ਕਰੋਗੇ, ਉੱਨਾ ਹੀ ਜ਼ਿਆਦਾ ਤੁਸੀਂ ਉਸ ਦੇ ਨੇੜੇ ਜਾਓਗੇ।—ਮੱਤੀ 28:19, 20.
ਤੁਸੀਂ ਕੀ ਕਰ ਸਕਦੇ ਹੋ:
ਬਾਈਬਲ ਪੜ੍ਹਨ ਅਤੇ ਪ੍ਰਾਰਥਨਾ ਕਰਨ ਲਈ ਹਰ ਰੋਜ਼ ਸਮਾਂ ਕੱਢੋ
ਮਨੋਰੰਜਨ ਦੀ ਬਜਾਇ ਪੂਰਾ ਪਰਿਵਾਰ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਵੇ
2 ਪਰਿਵਾਰਕ ਸਟੱਡੀ ਦਾ ਮਜ਼ਾ ਲਓ
ਬਾਈਬਲ ਕੀ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਪਰਿਵਾਰਕ ਸਟੱਡੀ ਨੂੰ ਤੈਅ ਕੀਤੇ ਗਏ ਸਮੇਂ ʼਤੇ ਕਰੋ। (ਉਤਪਤ 18:19) ਪਰ ਇੰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਰੋਜ਼ ਪਰਮੇਸ਼ੁਰ ਦੀ ਭਗਤੀ ਕਰਨ ਦੀ ਆਦਤ ਪਾਓ। ਜੇ ਅਸੀਂ “ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ” ਉਸ ਬਾਰੇ ਗੱਲਾਂ ਕਰਾਂਗੇ, ਤਾਂ ਸਾਡੇ ਪਰਿਵਾਰ ਦਾ ਰਿਸ਼ਤਾ ਪਰਮੇਸ਼ੁਰ ਨਾਲ ਦਿਨ-ਬਦਿਨ ਮਜ਼ਬੂਤ ਹੁੰਦਾ ਜਾਵੇਗਾ। (ਬਿਵਸਥਾ ਸਾਰ 6:6, 7) ਯਹੋਸ਼ੁਆ ਵਰਗਾ ਟੀਚਾ ਰੱਖੋ ਜਿਸ ਨੇ ਕਿਹਾ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋਸ਼ੁਆ 24:15.
ਤੁਸੀਂ ਕੀ ਕਰ ਸਕਦੇ ਹੋ:
ਪਰਿਵਾਰਕ ਸਟੱਡੀ ਕਰਨ ਦਾ ਪ੍ਰੋਗ੍ਰਾਮ ਇੱਦਾਂ ਬਣਾਓ ਕਿ ਪਰਿਵਾਰ ਦੇ ਹਰ ਮੈਂਬਰ ਦੀ ਲੋੜ ਪੂਰੀ ਹੋਵੇ