ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ypq ਸਵਾਲ 5 ਸਫ਼ੇ 15-17
  • ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?
  • 10 ਸਵਾਲ ਜੋ ਨੌਜਵਾਨ ਪੁੱਛਦੇ ਹਨ
  • ਮਿਲਦੀ-ਜੁਲਦੀ ਜਾਣਕਾਰੀ
  • ਜੇ ਮੈਨੂੰ ਤੰਗ ਕੀਤਾ ਜਾਂਦਾ ਹੈ?
    ਨੌਜਵਾਨਾਂ ਦੇ ਸਵਾਲ
  • ਉਦੋਂ ਕੀ ਜੇ ਮੇਰੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ?
    ਪਰਿਵਾਰ ਦੀ ਮਦਦ ਲਈ
  • ਜਦੋਂ ਕੋਈ ਤੰਗ ਕਰੇ, ਤਾਂ ਯਹੋਵਾਹ ʼਤੇ ਭਰੋਸਾ ਰੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
    ਸਾਡੀ ਰਾਜ ਸੇਵਕਾਈ—2003
10 ਸਵਾਲ ਜੋ ਨੌਜਵਾਨ ਪੁੱਛਦੇ ਹਨ
ypq ਸਵਾਲ 5 ਸਫ਼ੇ 15-17
ਇਕ ਮੁੰਡੇ ਨੂੰ ਉਸ ਦੇ ਸਕੂਲ ਦੇ ਬੱਚਿਆਂ ਸਾਮ੍ਹਣੇ ਤੰਗ ਕੀਤਾ ਜਾ ਰਿਹਾ ਹੈ

ਸਵਾਲ 5

ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਤੁਸੀਂ ਜੋ ਕਰੋਗੇ ਉਸ ਕਰਕੇ ਹਾਲਾਤ ਜਾਂ ਤਾਂ ਸੁਧਰਨਗੇ ਜਾਂ ਹੋਰ ਵੀ ਵਿਗੜਨਗੇ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਥੋਮਸ ਅੱਜ ਸਕੂਲ ਨਹੀਂ ਜਾਣਾ ਚਾਹੁੰਦਾ। ਅਸਲ ਵਿਚ ਉਹ ਸਕੂਲ ਛੱਡ ਦੇਣਾ ਚਾਹੁੰਦਾ ਹੈ। ਤਿੰਨ ਮਹੀਨੇ ਪਹਿਲਾਂ ਸਕੂਲ ਦੇ ਬੱਚਿਆਂ ਨੇ ਉਸ ਬਾਰੇ ਝੂਠੀਆਂ ਗੱਲਾਂ ਫੈਲਾਈਆਂ। ਫਿਰ ਉਨ੍ਹਾਂ ਨੇ ਉਸ ਦੇ ਪੁੱਠੇ-ਸਿੱਧੇ ਨਾਂ ਲੈਣੇ ਸ਼ੁਰੂ ਕਰ ਦਿੱਤੇ। ਕਈ ਵਾਰ ਬੱਚੇ ਟੱਕਰ ਮਾਰ ਕੇ ਉਸ ਦੇ ਹੱਥੋਂ ਕਿਤਾਬਾਂ ਸੁੱਟ ਦਿੰਦੇ ਸਨ ਅਤੇ ਕਹਿੰਦੇ, “ਸੌਰੀ, ਗ਼ਲਤੀ ਹੋ ਗਈ।” ਜਾਂ ਉਸ ਦੇ ਪਿੱਛਿਓਂ ਉਸ ਨੂੰ ਧੱਕਾ ਮਾਰਦੇ ਸਨ ਅਤੇ ਜਦੋਂ ਥੋਮਸ ਮੁੜ ਕੇ ਦੇਖਦਾ, ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿਸ ਨੇ ਉਸ ਨੂੰ ਧੱਕਾ ਮਾਰਿਆ। ਕੱਲ੍ਹ ਤਾਂ ਹੱਦ ਹੀ ਹੋ ਗਈ। ਉਸ ਦੀ ਕਲਾਸ ਦੇ ਕੁਝ ਮੁੰਡਿਆਂ ਨੇ ਉਸ ਨੂੰ ਇੰਟਰਨੈੱਟ ਰਾਹੀਂ ਧਮਕੀ ਭਰਿਆ ਮੈਸਿਜ ਭੇਜਿਆ ਕਿ ਜੇ ਉਹ ਕੱਲ੍ਹ ਸਕੂਲੇ ਆਇਆ, ਤਾਂ ਉਹ ਉਸ ਨੂੰ ਕੁੱਟਣਗੇ।

ਜੇ ਤੁਸੀਂ ਥੋਮਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕੁਝ ਕਰ ਨਹੀਂ ਸਕਦੇ। ਤੁਸੀਂ ਦਿਮਾਗ਼ ਲੜਾ ਕੇ ਤੰਗ ਕਰਨ ਵਾਲਿਆਂ ਨੂੰ ਭਜਾ ਸਕਦੇ ਹੋ। ਕਿਵੇਂ?

  • ਸ਼ਾਂਤ ਰਹੋ। ਬਾਈਬਲ ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” (ਕਹਾਉਤਾਂ 29:11) ਅੰਦਰੋਂ ਸ਼ਾਂਤ ਨਾ ਹੁੰਦੇ ਹੋਏ ਵੀ ਜੇ ਤੁਸੀਂ ਬਾਹਰੋਂ ਸ਼ਾਂਤ ਨਜ਼ਰ ਆਓਗੇ, ਤਾਂ ਤੰਗ ਕਰਨ ਵਾਲੇ ਸ਼ਾਇਦ ਤੁਹਾਡਾ ਪਿੱਛਾ ਛੱਡ ਦੇਣ।

  • ਬਦਲਾ ਨਾ ਲਓ। ਬਾਈਬਲ ਕਹਿੰਦੀ ਹੈ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।” (ਰੋਮੀਆਂ 12:17) ਜੇ ਤੁਸੀਂ ਬਦਲਾ ਲੈਣ ਦੀ ਕੋਸ਼ਿਸ਼ ਕਰੋਗੇ, ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ।

  • ਜਾਣ-ਬੁੱਝ ਕੇ ਮੁਸੀਬਤ ਮੁੱਲ ਨਾ ਲਓ। ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਜਿੰਨਾ ਹੋ ਸਕੇ, ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਨੂੰ ਤੰਗ ਕਰਦੇ ਹਨ। ਨਾਲੇ ਉਨ੍ਹਾਂ ਹਾਲਾਤਾਂ ਤੋਂ ਦੂਰ ਰਹੋ ਜਿੱਥੇ ਤੁਹਾਡੇ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

  • ਕੁਝ ਅਜਿਹਾ ਕਰੋ ਜੋ ਉਨ੍ਹਾਂ ਨੇ ਸੋਚਿਆ ਵੀ ਨਾ ਹੋਵੇ। ਬਾਈਬਲ ਕਹਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” (ਕਹਾਉਤਾਂ 15:1) ਤੁਸੀਂ ਗੱਲ ਨੂੰ ਮਜ਼ਾਕ ਵਿਚ ਲੈ ਸਕਦੇ ਹੋ। ਮਿਸਾਲ ਲਈ, ਜੇ ਤੁਹਾਨੂੰ ਮੋਟੇ ਹੋਣ ਕਰਕੇ ਕੋਈ ਤੰਗ ਕਰਦਾ ਹੈ, ਤਾਂ ਤੁਸੀਂ ਮਜ਼ਾਕ ਵਿਚ ਕਹਿ ਸਕਦੇ ਹੋ, “ਹਾਂ, ਮੈਨੂੰ ਵੀ ਲੱਗਦਾ ਕਿ ਇਕ-ਦੋ ਕਿਲੋ ਭਾਰ ਘਟਾਉਣਾ ਚਾਹੀਦਾ।”

  • ਉੱਥੋਂ ਚਲੇ ਜਾਓ। 19 ਸਾਲ ਦੀ ਨੋਰਾ ਕਹਿੰਦੀ ਹੈ: “ਜੇ ਤੁਸੀਂ ਚੁੱਪ ਰਹਿੰਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਮਝਦਾਰ ਹੋ ਅਤੇ ਤੰਗ ਕਰਨ ਵਾਲੇ ਨਾਲੋਂ ਜ਼ਿਆਦਾ ਹਿੰਮਤ ਵਾਲੇ ਹੋ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਆਪਣੇ ʼਤੇ ਕਾਬੂ ਰੱਖਣਾ ਆਉਂਦਾ ਹੈ, ਪਰ ਤੁਹਾਡੇ ਵਿਰੋਧੀ ਨੂੰ ਨਹੀਂ ਆਉਂਦਾ।”​—2 ਤਿਮੋਥਿਉਸ 2:24.

  • ਆਪਣੀ ਹਿੰਮਤ ਵਧਾਓ। ਤੰਗ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿਨ੍ਹਾਂ ਵਿਚ ਹਿੰਮਤ ਨਹੀਂ ਹੈ ਅਤੇ ਕੌਣ ਉਨ੍ਹਾਂ ਤੋਂ ਡਰਦੇ ਹਨ। ਜੇ ਉਹ ਦੇਖਣਗੇ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਤੁਹਾਡੇ ʼਤੇ ਕੋਈ ਅਸਰ ਨਹੀਂ ਹੋ ਰਿਹਾ, ਤਾਂ ਉਹ ਪਿੱਛੇ ਹਟ ਜਾਣਗੇ।

  • ਕਿਸੇ ਨਾਲ ਗੱਲ ਕਰੋ। ਇਕ ਔਰਤ ਜੋ ਪਹਿਲਾਂ ਸਕੂਲ ਵਿਚ ਪੜ੍ਹਾਉਂਦੀ ਸੀ, ਕਹਿੰਦੀ ਹੈ: “ਜਿਹੜੇ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਹੈ, ਮੇਰੀ ਉਨ੍ਹਾਂ ਨੂੰ ਇਹੀ ਸਲਾਹ ਹੈ ਕਿ ਉਹ ਇਸ ਬਾਰੇ ਦੱਸਣ। ਇਸ ਤਰ੍ਹਾਂ ਕਰਨਾ ਸਹੀ ਹੈ ਅਤੇ ਇਸ ਨਾਲ ਦੂਜਿਆਂ ਦਾ ਵੀ ਬਚਾਅ ਹੋ ਸਕਦਾ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ।”

ਇਕ ਮੁੰਡਾ ਪੂਰੇ ਵਿਸ਼ਵਾਸ ਨਾਲ ਤੰਗ ਕਰਨ ਵਾਲੇ ਦਾ ਸਾਮ੍ਹਣਾ ਕਰਦਾ ਹੈ

ਤੰਗ ਕਰਨ ਵਾਲੇ ਅੰਦਰੋਂ ਕਮਜ਼ੋਰ ਹੁੰਦੇ ਹਨ, ਪਰ ਤੁਸੀਂ ਹਿੰਮਤ ਤੋਂ ਕੰਮ ਲੈ ਸਕਦੇ ਹੋ

ਕੀ ਤੁਹਾਨੂੰ ਪਤਾ?

ਤੰਗ ਕਰਨ ਵਾਲੇ ਸਿਰਫ਼ ਮਾਰ-ਕੁਟਾਈ ਹੀ ਨਹੀਂ ਕਰਦੇ, ਸਗੋਂ ਇੱਦਾਂ ਵੀ ਕਰਦੇ ਹਨ:

  • ਤੰਗ ਕਰਨ ਵਾਲਿਆਂ ਦੇ ਮੂੰਹੋਂ ਸ਼ਬਦ ਅੱਗ ਵਾਂਗ ਨਿਕਲਦੇ ਹਨ

    ਬੁਰਾ-ਭਲਾ ਕਹਿਣਾ। “ਮੈਂ ਕਦੇ ਨਹੀਂ ਭੁੱਲ ਸਕਦੀ ਕਿ ਉਹ ਮੈਨੂੰ ਕਿਹੜੇ ਪੁੱਠੇ-ਸਿੱਧੇ ਨਾਂ ਲੈ ਕੇ ਬੁਲਾਉਂਦੇ ਸਨ ਅਤੇ ਕਿਹੜੀਆਂ ਬੁਰੀਆਂ ਗੱਲਾਂ ਕਹਿੰਦੇ ਸਨ। ਉਹ ਮੈਨੂੰ ਅਹਿਸਾਸ ਕਰਾਉਂਦੇ ਸੀ ਕਿ ਮੈਂ ਕਿਸੇ ਕੰਮ ਦੀ ਨਹੀਂ, ਕੋਈ ਮੈਨੂੰ ਪਿਆਰ ਨਹੀਂ ਕਰਦਾ ਅਤੇ ਮੈਂ ਨਿਕੰਮੀ ਹਾਂ। ਬੁਰਾ-ਭਲਾ ਕਹਿਣ ਨਾਲੋਂ ਚੰਗਾ ਹੁੰਦਾ ਕਿ ਉਹ ਮੈਨੂੰ ਮਾਰਦੇ-ਕੁੱਟਦੇ।”​—ਸੇਲੀਨ, ਉਮਰ 20 ਸਾਲ।

  • ਇਕ ਮੁੰਡੇ ਦੇ ਦੋਸਤਾਂ ਨੇ ਉਸ ਨੂੰ ਇਕੱਲਾ ਛੱਡ ਦਿੱਤਾ

    ਦੂਰ-ਦੂਰ ਰਹਿਣਾ। “ਸਕੂਲੇ ਬੱਚੇ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਏ। ਖਾਣਾ ਖਾਣ ਵੇਲੇ ਉਹ ਮੈਨੂੰ ਅਹਿਸਾਸ ਕਰਾਉਂਦੇ ਸੀ ਕਿ ਉਨ੍ਹਾਂ ਦੇ ਟੇਬਲ ʼਤੇ ਜਗ੍ਹਾ ਨਹੀਂ ਹੈ ਜਿਸ ਕਰਕੇ ਮੈਂ ਉਨ੍ਹਾਂ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦੀ ਸੀ। ਪੂਰਾ ਸਾਲ ਮੈਂ ਰੋਂਦੀ ਰਹੀ ਅਤੇ ਇਕੱਲੀ ਖਾਣਾ ਖਾਂਦੀ ਰਹੀ।”​—ਹੇਲੀ, ਉਮਰ 18 ਸਾਲ।

  • ਇੰਟਰਨੈੱਟ ਰਾਹੀਂ ਤੰਗ ਕੀਤੇ ਜਾਣ ’ਤੇ ਇਕ ਕੁੜੀ ਕੰਪਿਊਟਰ ਤੋਂ ਪਿੱਛੇ ਹਟਦੀ ਹੋਈ

    ਇੰਟਰਨੈੱਟ ਰਾਹੀਂ ਤੰਗ ਕਰਨਾ। “ਕੰਪਿਊਟਰ ਦੇ ਦੋ-ਚਾਰ ਬਟਨ ਦਬਾਉਣ ਨਾਲ ਤੁਸੀਂ ਕਿਸੇ ਇਨਸਾਨ ਨੂੰ ਬਦਨਾਮ ਕਰ ਸਕਦੇ ਹੋ। ਉਸ ਦੀ ਜ਼ਿੰਦਗੀ ਵੀ ਬਰਬਾਦ ਕਰ ਸਕਦੇ ਹੋ। ਮੈਂ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹਿ ਰਿਹਾ, ਇਸ ਤਰ੍ਹਾਂ ਸੱਚ-ਮੁੱਚ ਹੋ ਸਕਦਾ ਹੈ!”​—ਡੈਨਿਅਲ, ਉਮਰ 14 ਸਾਲ।

ਤੁਸੀਂ ਕੀ ਕਹੋਗੇ?

ਸਹੀ ਜਾਂ ਗ਼ਲਤ

ਜਵਾਬ

1 ਹਜ਼ਾਰਾਂ ਸਾਲਾਂ ਤੋਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ।

1 ਸਹੀ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਪੁਰਾਣੇ ਜ਼ਮਾਨੇ ਵਿਚ ਦੈਂਤ ਹੁੰਦੇ ਸਨ। ਉਨ੍ਹਾਂ ਨੂੰ ਨੈਫ਼ਲਿਮ ਕਿਹਾ ਜਾਂਦਾ ਸੀ ਜਿਸ ਦਾ ਮਤਲਬ ਹੈ “ਦੂਸਰਿਆਂ ਨੂੰ ਡੇਗਣ ਵਾਲੇ।”​—ਉਤਪਤ 6:4.

2 ਇਕ-ਦੂਜੇ ਨੂੰ ਥੋੜ੍ਹਾ-ਬਹੁਤ ਤੰਗ ਕਰਨ ਵਿਚ ਕੋਈ ਬੁਰਾਈ ਨਹੀਂ। ਥੋੜ੍ਹੀ-ਬਹੁਤ ਸ਼ਰਾਰਤ ਤਾਂ ਸਾਰੇ ਹੀ ਕਰਦੇ ਹਨ।

2 ਗ਼ਲਤ। ਬਹੁਤ ਸਾਰੇ ਨੌਜਵਾਨ ਦੂਸਰਿਆਂ ਦੁਆਰਾ ਤੰਗ ਕਰਨ ਕਰਕੇ ਖ਼ੁਦਕੁਸ਼ੀ ਕਰਦੇ ਹਨ।

3 ਤੰਗ ਕਰਨ ਵਾਲੇ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਨਾਲ ਲੜੋ।

3 ਗ਼ਲਤ। ਤੰਗ ਕਰਨ ਵਾਲੇ ਆਮ ਕਰਕੇ ਉਨ੍ਹਾਂ ਨਾਲੋਂ ਜ਼ਿਆਦਾ ਤਕੜੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਤੰਗ ਕਰਦੇ ਹਨ। ਇਸ ਲਈ ਉਨ੍ਹਾਂ ਨਾਲ ਲੜਨ ਦਾ ਕੋਈ ਫ਼ਾਇਦਾ ਨਹੀਂ।

4 ਜੇ ਤੁਸੀਂ ਦੇਖਦੇ ਹੋ ਕਿ ਕਿਸੇ ਨੂੰ ਤੰਗ ਕੀਤਾ ਜਾ ਰਿਹਾ ਹੈ, ਤਾਂ ਚੁੱਪ ਰਹੋ।

4 ਗ਼ਲਤ। ਖੜ੍ਹੇ ਹੋ ਕੇ ਸਿਰਫ਼ ਤਮਾਸ਼ਾ ਨਾ ਦੇਖੋ। ਜੇ ਕਿਸੇ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਚੁੱਪ ਰਹਿੰਦੇ ਹੋ, ਤਾਂ ਬਦਮਾਸ਼ ਦੀ ਹਿੰਮਤ ਵਧੇਗੀ ਅਤੇ ਉਹ ਇਸ ਤਰ੍ਹਾਂ ਕਰਦਾ ਰਹੇਗਾ।

5 ਤੰਗ ਕਰਨ ਵਾਲੇ ਦੂਜਿਆਂ ਦੇ ਸਾਮ੍ਹਣੇ ਤਾਂ ਸ਼ੇਰ ਬਣਦੇ ਹਨ, ਪਰ ਅਸਲ ਵਿਚ ਉਨ੍ਹਾਂ ਵਿਚ ਦਮ ਨਹੀਂ ਹੁੰਦਾ।

5 ਸਹੀ। ਤੰਗ ਕਰਨ ਵਾਲੇ ਕੁਝ ਲੋਕਾਂ ਨੂੰ ਆਪਣੇ ʼਤੇ ਬੜਾ ਘਮੰਡ ਹੁੰਦਾ ਹੈ, ਪਰ ਕਈ ਆਪਣੇ ਆਪ ਨੂੰ ਘਟੀਆ ਸਮਝਦੇ ਹਨ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਸਾਬਤ ਕਰਨ ਲਈ ਉਨ੍ਹਾਂ ਨੂੰ ਤੰਗ ਕਰਦੇ ਹਨ।

6 ਤੰਗ ਕਰਨ ਵਾਲੇ ਸੁਧਰ ਸਕਦੇ ਹਨ।

6 ਸਹੀ। ਜੇ ਤੰਗ ਕਰਨ ਵਾਲਿਆਂ ਦੀ ਮਦਦ ਕੀਤੀ ਜਾਵੇ, ਤਾਂ ਉਹ ਆਪਣੀ ਸੋਚ ਅਤੇ ਕੰਮਾਂ ਨੂੰ ਬਦਲ ਸਕਦੇ ਹਨ।

ਮੈਂ ਇਸ ਤਰ੍ਹਾਂ ਕਰਨਾ

  • ਜੇ ਕੋਈ ਮੈਨੂੰ ਤੰਗ ਕਰਦਾ ਹੈ, ਮੈਂ ਇਹ ਕਹਾਂਗਾ ਜਾਂ ਕਰਾਂਗਾ:

ਹੋਰ ਜਾਣੋ!

ਦਿਮਾਗ਼ ਲੜਾਓ, ਬਦਮਾਸ਼ ਭਜਾਓ

www.jw.org ʼਤੇ ਦਿਮਾਗ਼ ਲੜਾਓ, ਬਦਮਾਸ਼ ਭਜਾਓ ਨਾਂ ਦਾ ਵੀਡੀਓ ਦੇਖੋ। (BIBLE TEACHINGS > TEENAGERS ਹੇਠਾਂ ਦੇਖੋ ਅਤੇ ਵੀਡੀਓ ਦੀ ਭਾਸ਼ਾ ਪੰਜਾਬੀ ਚੁਣੋ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ