ਪਾਠ 5
ਨੂਹ ਦੀ ਕਿਸ਼ਤੀ
ਸਮੇਂ ਦੇ ਬੀਤਣ ਨਾਲ ਧਰਤੀ ʼਤੇ ਬਹੁਤ ਸਾਰੇ ਲੋਕ ਹੋ ਗਏ। ਜ਼ਿਆਦਾਤਰ ਲੋਕ ਬੁਰੇ ਸਨ। ਇੱਥੋਂ ਤਕ ਕਿ ਸਵਰਗ ਵਿਚ ਵੀ ਕੁਝ ਦੂਤ ਬੁਰੇ ਬਣ ਗਏ। ਉਹ ਸਵਰਗ ਛੱਡ ਕੇ ਧਰਤੀ ʼਤੇ ਆ ਗਏ। ਕੀ ਤੁਹਾਨੂੰ ਪਤਾ ਕਿ ਉਹ ਧਰਤੀ ʼਤੇ ਕਿਉਂ ਆਏ? ਉਹ ਇਸ ਲਈ ਆਏ ਤਾਂਕਿ ਉਹ ਇਨਸਾਨਾਂ ਦੇ ਸਰੀਰ ਧਾਰ ਸਕਣ ਤੇ ਔਰਤਾਂ ਨਾਲ ਵਿਆਹ ਕਰਾ ਸਕਣ।
ਵਿਆਹ ਤੋਂ ਬਾਅਦ ਉਨ੍ਹਾਂ ਦੇ ਮੁੰਡੇ ਹੋਏ। ਵੱਡੇ ਹੋ ਕੇ ਇਹ ਗੁੰਡੇ ਬਣ ਗਏ ਜੋ ਬਹੁਤ ਤਾਕਤਵਰ ਸਨ। ਉਹ ਲੋਕਾਂ ਨੂੰ ਮਾਰਦੇ-ਕੁੱਟਦੇ ਸਨ। ਯਹੋਵਾਹ ਨੇ ਇਹ ਜ਼ਿਆਦਾ ਦੇਰ ਤਕ ਨਹੀਂ ਹੋਣ ਦੇਣਾ ਸੀ। ਇਸ ਲਈ ਉਸ ਨੇ ਜਲ-ਪਰਲੋ ਲਿਆ ਕੇ ਬੁਰੇ ਲੋਕਾਂ ਦਾ ਨਾਸ਼ ਕਰਨ ਦਾ ਫ਼ੈਸਲਾ ਕੀਤਾ।
ਪਰ ਇਕ ਆਦਮੀ ਇਨ੍ਹਾਂ ਨਾਲੋਂ ਬਿਲਕੁਲ ਅਲੱਗ ਸੀ। ਉਹ ਯਹੋਵਾਹ ਨੂੰ ਪਿਆਰ ਕਰਦਾ ਸੀ। ਉਸ ਦਾ ਨਾਂ ਨੂਹ ਸੀ। ਉਸ ਦੀ ਇਕ ਪਤਨੀ ਤੇ ਤਿੰਨ ਮੁੰਡੇ ਸਨ। ਉਨ੍ਹਾਂ ਦੇ ਨਾਂ ਸਨ, ਸ਼ੇਮ, ਹਾਮ ਤੇ ਯਾਫਥ ਅਤੇ ਤਿੰਨੇ ਵਿਆਹੇ ਸਨ। ਯਹੋਵਾਹ ਨੇ ਨੂਹ ਨੂੰ ਵੱਡੀ ਸਾਰੀ ਕਿਸ਼ਤੀ ਬਣਾਉਣ ਲਈ ਕਿਹਾ ਤਾਂਕਿ ਉਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਸਕਣ। ਕਿਸ਼ਤੀ ਇਕ ਵੱਡੇ ਬਕਸੇ ਵਾਂਗ ਸੀ ਜੋ ਪਾਣੀ ʼਤੇ ਤੈਰ ਸਕਦੀ ਸੀ। ਯਹੋਵਾਹ ਨੇ ਨੂਹ ਨੂੰ ਕਿਹਾ ਕਿ ਉਹ ਬਹੁਤ ਸਾਰੇ ਜਾਨਵਰਾਂ ਨੂੰ ਕਿਸ਼ਤੀ ਅੰਦਰ ਲੈ ਕੇ ਜਾਵੇ ਤਾਂਕਿ ਉਹ ਵੀ ਬਚ ਸਕਣ।
ਨੂਹ ਨੇ ਜਲਦੀ ਹੀ ਕਿਸ਼ਤੀ ਬਣਾਉਣੀ ਸ਼ੁਰੂ ਕਰ ਦਿੱਤੀ। ਨੂਹ ਤੇ ਉਸ ਦੇ ਪਰਿਵਾਰ ਨੂੰ ਕਿਸ਼ਤੀ ਬਣਾਉਣ ਲਈ ਲਗਭਗ 50 ਸਾਲ ਲੱਗ ਗਏ। ਉਨ੍ਹਾਂ ਨੇ ਬਿਲਕੁਲ ਯਹੋਵਾਹ ਦੇ ਕਹੇ ਅਨੁਸਾਰ ਕਿਸ਼ਤੀ ਬਣਾਈ। ਨਾਲੇ ਨੂਹ ਨੇ ਲੋਕਾਂ ਨੂੰ ਜਲ-ਪਰਲੋ ਦੇ ਆਉਣ ਬਾਰੇ ਚੇਤਾਵਨੀ ਵੀ ਦਿੱਤੀ। ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।
ਹੁਣ ਕਿਸ਼ਤੀ ਵਿਚ ਜਾਣ ਦਾ ਸਮਾਂ ਆ ਗਿਆ ਸੀ। ਆਓ ਦੇਖੀਏ ਕਿ ਅੱਗੇ ਕੀ ਹੋਇਆ।
“ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਹੋਵੇਗਾ।”—ਮੱਤੀ 24:37